ਜੀ. ਐੱਸ. ਗੁਰਦਿੱਤ
ਵੈਂਟੀਲੇਟਰ ਨੂੰ ਅਸੀਂ ਮਸ਼ੀਨੀ ਫੇਫੜੇ ਵੀ ਕਹਿ ਸਕਦੇ ਹਾਂ. ਇਸ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਆਪਣੇ ਫੇਫੜਿਆਂ ਨੂੰ ਸਮਝਣ ਦੀ ਲੋੜ ਹੈ. ਸਾਡੇ ਦੋਵੇਂ ਫੇਫੜੇ ਸਾਹ ਨਾਲ਼ੀ ਰਾਹੀਂ ਸਾਡੇ ਨੱਕ ਅਤੇ ਮੂੰਹ ਨਾਲ ਜੁੜੇ ਹੁੰਦੇ ਹਨ. ਜਿਹੜੀ ਹਵਾ ਨੱਕ ਜਾਂ ਮੂੰਹ ਰਾਹੀਂ ਸਾਡੇ ਅੰਦਰ ਜਾਂਦੀ ਹੈ, ਉਸ ਹਵਾ ਵਿਚਲੀਆਂ ਸਾਰੀਆਂ ਗੈਸਾਂ ਦੀ ਸਾਡੇ ਸਰੀਰ ਨੂੰ ਲੋੜ ਨਹੀਂ ਹੁੰਦੀ। ਇੱਥੇ ਹੀ ਫੇਫੜਿਆਂ ਦਾ ਕੰਮ ਸ਼ੁਰੂ ਹੁੰਦਾ ਹੈ. ਇਹ ਉਸ ਹਵਾ ਵਿਚਲੀ ਆਕਸੀਜਨ ਗੈਸ ਨੂੰ ਖ਼ੂਨ ਦੇ ਰਾਹੀਂ ਸਾਡੇ ਦਿਲ ਵਿੱਚ ਭੇਜ ਦਿੰਦੇ ਹਨ ਅਤੇ ਬਾਕੀ ਗੈਸਾਂ ਨੂੰ ਨੱਕ ਜਾਂ ਮੂੰਹ ਦੇ ਹੀ ਰਸਤੇ ਬਾਹਰ ਮੋੜ ਦਿੰਦੇ ਹਨ. ਫਿਰ, ਦਿਲ ਉਸ ਆਕਸੀਜਨ ਵਾਲੇ ਸਾਫ਼ ਖ਼ੂਨ ਨੂੰ ਸਾਰੇ ਸਰੀਰ ਵਿੱਚ ਭੇਜਦਾ ਹੈ.
ਸਰੀਰ ਵਿੱਚ ਹਰ ਵੇਲੇ ਅੱਗ ਬਲਣ ਵਰਗੀਆਂ ਕਿਰਿਆਵਾਂ (Metabolism) ਚੱਲਦੀਆਂ ਰਹਿੰਦੀਆਂ ਹਨ ਅਤੇ ਉਹਨਾਂ ਕਿਰਿਆਵਾਂ ਕਾਰਨ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ ਜਿਹੜੀ ਖ਼ੂਨ ਵਿੱਚ ਮਿਲਦੀ ਰਹਿੰਦੀ ਹੈ. ਇਸ ਗੈਸ ਦੇ ਮਿਲ ਜਾਣ ਕਾਰਨ ਉਹ ਖ਼ੂਨ ਪਹਿਲਾਂ ਵਰਗਾ ਸਾਫ਼ ਨਹੀਂ ਰਹਿੰਦਾ. ਇਹ ਖ਼ੂਨ ਦੁਬਾਰਾ ਫਿਰ ਦਿਲ ਦੇ ਦੂਜੇ ਰਸਤੇ ਰਾਹੀਂ ਹੁੰਦਾ ਹੋਇਆ ਫੇਫੜਿਆਂ ਵਿੱਚ ਪਹੁੰਚਦਾ ਹੈ. ਫੇਫੜੇ ਫਿਰ ਤੋਂ ਉਹੀ ਕਿਰਿਆ ਦੁਹਰਾਉਂਦੇ ਹਨ ਅਤੇ ਉਸ ਖ਼ੂਨ ਵਿੱਚ ਆਕਸੀਜਨ ਮਿਲਾ ਕੇ ਉਸ ਨੂੰ ਸਾਫ਼ ਕਰ ਦਿੰਦੇ ਹਨ ਅਤੇ ਅਣਲੋੜੀਂਦੀਆਂ ਗੈਸਾਂ ਨੂੰ ਨੱਕ ਜਾਂ ਮੂੰਹ ਦੇ ਰਸਤੇ ਬਾਹਰ ਮੋੜ ਦਿੰਦੇ ਹਨ.
ਇੱਥੋਂ ਅਸੀਂ ਸਮਝ ਸਕਦੇ ਹਾਂ ਕਿ ਫੇਫੜਿਆਂ ਤੋਂ ਬਿਨਾ ਆਕਸੀਜਨ ਖੂਨ ਨੂੰ ਨਹੀਂ ਮਿਲ ਸਕਦੀ ਅਤੇ ਆਕਸੀਜਨ ਤੋਂ ਬਿਨਾ ਜੀਵ ਬਚ ਨਹੀਂ ਸਕਦਾ।
ਪਰ ਜਦੋਂ ਕ੍ਰੋਨਾ ਵਾਇਰਸ ਹੁੰਦਾ ਹੈ ਤਾਂ ਇਹ ਫੇਫੜਿਆਂ ਵਿੱਚ ਮੋਰੀਆਂ ਕਰ ਦਿੰਦਾ ਹੈ. ਉਹਨਾਂ ਮੋਰੀਆਂ ਵਿੱਚ ਪਾਣੀ ਭਰ ਜਾਂਦਾ ਹੈ. ਇਸ ਤਰ੍ਹਾਂ ਫੇਫੜੇ ਆਪਣਾ ਹਵਾ ਸਾਫ਼ ਕਰਨ ਵਾਲਾ ਕੰਮ ਨਹੀਂ ਕਰ ਸਕਦੇ। ਜੇਕਰ ਫੇਫੜੇ ਬਹੁਤ ਬੁਰੀ ਤਰ੍ਹਾਂ ਖ਼ਰਾਬ ਹੋ ਜਾਣ ਤਾਂ ਮਰੀਜ਼ ਨੂੰ ਆਕਸੀਜਨ ਨਹੀਂ ਮਿਲਦੀ ਅਤੇ ਉਸ ਦੀ ਮੌਤ ਹੋ ਜਾਂਦੀ ਹੈ.
ਜਦੋਂ ਫੇਫੜੇ ਖ਼ਰਾਬ ਹੋ ਜਾਣ ਤਾਂ ਵੈਂਟੀਲੇਟਰ ਉਹ ਕੰਮ ਕਰਦਾ ਹੈ ਜਿਹੜਾ ਕਿ ਫੇਫੜਿਆਂ ਦੇ ਕਰਨ ਵਾਲਾ ਹੁੰਦਾ ਹੈ. ਇਹ ਸਾਡੇ ਸਰੀਰ ਨੂੰ ਆਕਸੀਜਨ ਸਪਲਾਈ ਕਰਦਾ ਹੈ. ਨਾਲ-ਨਾਲ ਡਾਕਟਰ ਫੇਫੜਿਆਂ ਦਾ ਇਲਾਜ ਕਰਦੇ ਰਹਿੰਦੇ ਹਨ. ਜਦੋਂ ਫੇਫੜੇ ਠੀਕ ਹੋ ਜਾਣ ਤਾਂ ਉਹ ਆਪਣਾ ਕੰਮ ਸੰਭਾਲ ਲੈਂਦੇ ਹਨ ਅਤੇ ਵੈਂਟੀਲੇਟਰ ਨੂੰ ਹਟਾ ਦਿੱਤਾ ਜਾਂਦਾ ਹੈ.
ਇੱਥੋਂ ਅਸੀਂ ਸਮਝ ਸਕਦੇ ਹਾਂ ਕਿ ਵੈਂਟੀਲੇਟਰ ਜ਼ਿੰਦਗੀ ਦਾਨ ਕਰਨ ਵਾਲੀ ਕੋਈ ਮਸ਼ੀਨ ਹੈ. ਪਰ ਇਸ ਮਸ਼ੀਨ ਨੂੰ ਚਲਾਉਣਾ ਹਰ ਕਿਸੇ ਦੇ ਵੱਸ ਵਿੱਚ ਨਹੀਂ ਅਤੇ ਇਸ ਦੇ ਵਾਸਤੇ ਸਪੈਸ਼ਲ ਟ੍ਰੇਨਿੰਗ ਦੀ ਲੋੜ ਹੁੰਦੀ ਹੈ. ਭਾਰਤ ਵਰਗੇ ਦੇਸ਼ਾਂ ਵਿੱਚ ਵੈਂਟੀਲੇਟਰਾਂ ਦੀ ਘਾਟ ਤਾਂ ਹੈ ਹੀ ਪਰ ਉਹਨਾਂ ਨੂੰ ਚਲਾਉਣ ਵਾਲੇ ਮਾਹਰਾਂ ਦੀ ਹੋਰ ਵੀ ਘਾਟ ਹੈ. ਇਸੇ ਕਰਕੇ ਕਈ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਵੈਂਟੀਲੇਟਰ ਪਏ-ਪਏ ਹੀ ਕਬਾੜ ਬਣ ਰਹੇ ਹਨ।