ਨਵੀਂ ਦਿੱਲੀ-2025-26 ਦੇ ਹਾੜ੍ਹੀ ਦੇ ਮੰਡੀਕਰਨ ਸੀਜ਼ਨ ਲਈ ਕੇਂਦਰ ਸਰਕਾਰ ਨੇ 3 ਕਰੋੜ ਟਨ ਕਣਕ ਦੀ ਖ਼ਰੀਦ ਦਾ ਟੀਚਾ ਰਖਿਆ ਹੈ। ਜਾਣਕਾਰੀ ਮੁਤਾਬਕ ਖੇਤੀਬਾੜੀ ਮੰਤਰਾਲੇ ਨੇ 2024-25 ਦੇ ਹਾੜੀ ਸੀਜ਼ਨ ’ਚ 11.5 ਕਰੋੜ ਟਨ ਕਣਕ ਦਾ ਰੀਕਾਰਡ ਉਤਪਾਦਨ ਹੋਣ ਦਾ ਅਨੁਮਾਨ ਲਗਾਇਆ ਹੈ। ਸਰਕਾਰ ਦੇ ਇਸ ਅਨੁਮਾਨ ਨਾਲ ਕਣਕ ਦੀ ਖਰੀਦ ਦਾ ਟੀਚਾ ਬਹੁਤ ਘੱਟ ਹੋ ਸਕਦਾ ਹੈ ਕਿਉਂਕਿ ਕਈ ਸੂਬਿਆਂ ’ਚ ਕਣਕ ਦੀ ਬਿਜਾਈ ਲਗਭਗ ਮੁਕੰਮਲ ਹੋ ਚੁਕੀ ਹੈ, ਜਿਸ ਦਾ ਅਨੁਮਾਨ 31.9 ਮਿਲੀਅਨ ਹੈਕਟੇਅਰ ਹੈ। ਕਣਕ ਦੀ ਮੌਜੂਦਾ ਫ਼ਸਲ ਅਨੁਕੂਲ ਸਥਿਤੀ ’ਚ ਦੱਸੀ ਜਾ ਰਹੀ ਹੈ। ਸੂਤਰਾਂ ਨੇ ਦਸਿਆ ਕਿ ਸੂਬਿਆਂ ਦੇ ਖ਼ੁਰਾਕ ਸਕੱਤਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਟੀਚਾ ਨਿਰਧਾਰਤ ਕੀਤਾ ਗਿਆ ਹੈ। ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਹਾੜ੍ਹੀ ਦੇ ਮੰਡੀਕਰਨ ਸੀਜ਼ਨ 2025-26 ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 2,425 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਭਾਰਤੀ ਖ਼ੁਰਾਕ ਨਿਗਮ (ਐਫ਼.ਸੀ.ਆਈ.) ਅਤੇ ਸਰਕਾਰੀ ਏਜੰਸੀਆਂ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਅਤੇ ਭਲਾਈ ਸਕੀਮਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਣਕ ਦੀ ਖ਼ਰੀਦ ਕਰਦੀਆਂ ਹਨ।