ਵੱਖ-ਵੱਖ ਧਰਮਾਂ ਦੇ ਪ੍ਰਚਾਰਕਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਂਟ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਿਸ਼ ਪੰਜਾਬੀ ਭਾਈਚਾਰੇ ਦੇ ਦੁੱਖਾਂ ਦਰਦਾਂ, ਖੁਸ਼ੀਆਂ ਵਿੱਚ ਪਿਛਲੀ ਅੱਧੀ ਸਦੀ ਤੋਂ ਸ਼ਰੀਕ ਹੁੰਦੇ ਆਏ ਸਰਦਾਰ ਹਰਦਿਆਲ ਸਿੰਘ ਬਾਹਰੀ ਦੀ ਧਰਮ ਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਬਾਹਰੀ ਨਮਿੱਤ ਅੰਤਿਮ ਅਰਦਾਸ ਸਮਾਗਮ ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਵਿਖੇ ਹੋਇਆ। ਮੈਰੀ ਹਿਲ ਸ਼ਮਸ਼ਾਨ ਘਾਟ ਵਿਖੇ ਉਹਨਾਂ ਦੇ ਅੰਤਿਮ ਸਸਕਾਰ ਮੌਕੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਸੀ ਕਿ ਬਾਹਰੀ ਪਰਿਵਾਰ ਆਪਣੇ ਲੋਕਾਂ ਵਿੱਚ ਕਿੰਨਾ ਹਰਮਨ ਪਿਆਰਾ ਹੈ। ਇਸ ਸਮੇਂ ਸ਼ਰਧਾ ਦੇ ਫੁੱਲ ਭੇਂਟ ਕਰਨ ਸਮੇਂ ਗੁਰੂ ਘਰ ਦੇ ਵਜ਼ੀਰ ਗਿਆਨੀ ਗੁਰਪ੍ਰੀਤ ਸਿੰਘ ਰਾਮਪੁਰ ਦੋਰਾਹਾ, ਮਨਦੀਪ ਖੁਰਮੀ ਹਿੰਮਤਪੁਰਾ, ਜਸਜੀਤ ਸਿੰਘ ਵਿਲੀ ਬਾਹਰੀ, ਨਿੰਦੀ ਬਾਹਰੀ, ਮੈਂਡੀ ਬਾਹਰੀ, ਲੋਗਨ, ਜੀਆ ਵੱਲੋਂ ਆਪਣੇ ਮਨੋਭਾਵ ਹਾਜ਼ਰੀਨ ਨਾਲ ਸਾਂਝੇ ਕੀਤੇ ਗਏ। ਇਸ ਸਮੇਂ ਸਰਦਾਰ ਹਰਦਿਆਲ ਸਿੰਘ ਬਾਹਰੀ ਵੱਲੋਂ ਆਪਣੀ ਜੀਵਨ ਸਾਥਣ ਦੇ ਵਿਛੋੜੇ ਮੌਕੇ ਕੀਤੀ ਤਕਰੀਰ ਸਭ ਨੂੰ ਰੁਆ ਦੇਣ ਵਾਲੀ ਸੀ। ਇਸ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਚਰਚ ਆਫ ਸਕਾਟਲੈਂਡ ਵੱਲੋਂ ਰੈਵਰਐਂਡ ਸੁਮਿਤ ਹੈਰੀਸਨ, ਹਿੰਦੂ ਮੰਦਰ ਗਲਾਸਗੋ ਵੱਲੋਂ ਅਚਾਰੀਆ ਮੇਧਨੀਪਤਿ ਮਿਸ਼ਰ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸ਼੍ਰੀਮਤੀ ਸੁਰਿੰਦਰ ਕੌਰ ਬਾਹਰੀ ਦੀ ਸ਼ਖਸ਼ੀਅਤ ‘ਤੇ ਚਾਨਣਾ ਪਾਉਂਦਿਆਂ ਉਹਨਾਂ ਦੇ ਸਿਰਜੇ ਮੁਕਾਮ ‘ਤੇ ਪਹੁੰਚਣ ਲਈ ਤੁਰਦੇ ਰਹਿਣ ਦੀ ਤਾਕੀਦ ਕੀਤੀ। ਅਖੀਰ ਵਿੱਚ ਸਰਦਾਰ ਹਰਦਿਆਲ ਸਿੰਘ ਬਾਹਰੀ ਨੇ ਦੂਰੋਂ ਨੇੜਿਓ ਆਏ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦਾ ਹਾਰਦਿਕ ਧੰਨਵਾਦ ਕੀਤਾ। ਮੰਚ ਸੰਚਾਲਕ ਦੇ ਫਰਜ਼ ਮਨਦੀਪ ਖੁਰਮੀ ਹਿੰਮਤਪੁਰਾ ਨੇ ਅਦਾ ਕੀਤੇ।










































