ਚੰਡੀਗੜ੍ਹ-ਅਕਾਲੀ ਦਲ ਪਾਰਟੀ ਲਈ ਮੁੜ ਉਭਰਨਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਇਸ ਸਮੇਂ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਧੜੇ ਅਤੇ ਇਸਦੇ ਆਗੂਆਂ ਦੀ ਭਰੋਸੇਯੋਗਤਾ ਪੰਥਕ ਵੋਟ ਬੈਂਕ ਵਿਚ ਡਿੱਗ ਚੁੱਕੀ ਹੈ। ਜਾਣਕਾਰੀ ਮੁਤਾਬਕ ਜਥੇਦਾਰ ਸਾਹਿਬਾਨ ਨੇ ਦੋ ਦਸੰਬਰ ਨੂੰ ਸੁਣਾਈ ਧਾਰਮਿਕ ਸਜ਼ਾ ਮੌਕੇ ਇਹ ਗੱਲ ਉਚੇਚੇ ਤੌਰ ’ਤੇ ਕਹੀ ਸੀ ਕਿ ਮੌਜੂਦਾ ਲੀਡਰਸ਼ਿਪ ਭਰੋਸੇਯੋਗਤਾ ਗੁਆ ਚੁੱਕੀ ਹੈ। ਜਿਸ ਦੇ ਨਾਲ ਹੀ ਪੰਥਕ ਹਲਕਿਆਂ ਵਿਚ ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਟਕਰਾਅ ਦੌਰਾਨ ਸ਼੍ਰੋਮਣੀ ਅਕਾਲੀ ਆਪਣਾ ਗੁਆਚਿਆ ਆਧਾਰ ਮੁੜ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਸਕੇਗਾ। ਜਥੇਦਾਰ ਹਰਪ੍ਰੀਤ ਸਿੰਘ ਅੱਜਕੱਲ੍ਹ ਮੁਅਤਲ ਚੱਲ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰਨ, ਬਾਗੀ ਅਕਾਲੀ ਆਗੂਆਂ ਨੂੰ ਆਪਣਾ ਵੱਖਰਾ ਚੁੱਲ੍ਹਾ (ਵੱਖਰਾ ਅਕਾਲੀ ਦਲ) ਬੰਦ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਇਕਜੁੱਟ ਹੋਣ ਦਾ ਹੁਕਮ ਦਿੱਤਾ ਸੀ। ਜਥੇਦਾਰ ਸਾਹਿਬ ਨੇ ਅਕਾਲੀ ਦਲ ਮਂੈਬਰਸ਼ਿਪ ਕਰਨ ਲਈ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਸੀ। ਇਸ ਕਮੇਟੀ ਦੀ ਨਿਗਰਾਨੀ ਹੇਠ ਭਰਤੀ ਮੁਹਿੰਮ ਸ਼ੁਰੂ ਕਰਨ ਅਤੇ ਨਵੇਂ ਡੈਲੀਗੇਟ ਬਣਾਉਣ ਦਾ ਕੰਮ ਕੀਤਾ ਜਾਣਾ ਸੀ। ਜਥੇਦਾਰ ਸਾਹਿਬ ਨੇ ਇਸ ਕਮੇਟੀ ਵਿੱਚ ਸੁਖਬੀਰ ਬਾਦਲ ਧੜੇ ਤੋਂ ਨਾਖੁਸ਼ ਆਗੂਆਂ, ਜਿਨ੍ਹਾਂ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਸ਼ਾਮਲ ਸਨ, ਨੂੰ ਸ਼ਾਮਲ ਕੀਤਾ ਸੀ। ਪਰ ਪਾਰਟੀ ਨੇ ਅੱਜ ਭਰਤੀ ਮੁਹਿੰਮ ਲਈ ਜਿਨ੍ਹਾਂ ਆਗੂਆਂ ਨੂੰ ਇੰਚਾਰਜ਼ ਨਿਯੁਕਤ ਕੀਤਾ ਹੈ, ਉਨ੍ਹਾਂ ਵਿਚ ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਸਤਵੰਤ ਕੌਰ ਦਾ ਨਾਮ ਸ਼ਾਮਲ ਨਹੀ ਹੈ। ਹਾਲਾਂਕਿ ਡਾ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਜਿਹੜੇ ਆਗੂਆਂ ਨੂੰ ਕੱਢਿਆ ਗਿਆ ਹੈ ਜੇਕਰ ਉਹ ਅਨੁਸ਼ਾਸ਼ਨੀ ਕਮੇਟੀ ਕੋਲ੍ਹ ਪੇਸ਼ ਹੁੰਦੇ ਹਨ ਤਾਂ ਉਨ੍ਹਾਂ ਦਾ ਨਾਮ ਵਿਚਾਰ ਲਿਆ ਜਾਵੇਗਾ ਪਰ ਪਾਰਟੀ ਦੇ ਅੱਜ ਲਏ ਗਏ ਫੈਸਲਿਆਂ ਤੋ ਲੱਗਦਾ ਹੈ ਕਿ ਫਿਲਹਾਲ ਪਾਰਟੀ ਛੱਡਣ ਵਾਲਿਆਂ ਜਾਂ ਕੱਢੇ ਆਗੂਆਂ ਨੂੰ ਪਾਰਟੀ ਵਿਚ ਵਾਪਸ ਲੈਣ ਦਾ ਕੋਈ ਵਿਚਾਰ ਨਹੀਂ ਹੈ। ਜੇਕਰ ਬਾਗੀ ਆਗੂਆਂ ਨੂੰ ਅਕਾਲੀ ਦਲ ਵਿਚ ਮੁੜ ਸ਼ਾਮਲ ਨਹੀਂ ਕੀਤਾ ਜਾਂਦਾ, ਜਿਥੇ ਇਹ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਉਲੰਘਣਾ ਹੋਵੇਗੀ, ਉਥੇ ਇਹਨਾਂ ਆਗੂਆਂ ਕੋਲ੍ਹ ਆਪਣਾ ਵੱਖਰੀ ਪਾਰਟੀ ਬਣਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ। ਦੂਜੇ ਪਾਸੇ ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਜੇਕਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਸਿਆਸੀ ਖੇਤਰ ਵਿਚ ਕੁੱਦ ਸਕਦੇ ਹਨ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦੇ ਧੜੇ ਦੀ ਅਗਵਾਈ ਵੀ ਕਰ ਸਕਦੇ ਹਨ। ਦੱਸ ਦਈਏ ਕਿ ਸੁਖਬੀਰ ਦੇ ਅਸਤੀਫ਼ੇ ਤੋਂ ਬਾਅਦ ਸੂਬੇ ਦੀ ਸਿਆਸਤ ਵਿਚ ਉਨ੍ਹਾਂ ਦਾ ਰਸਤਾ ਹੋਰ ਵੀ ਮੁਸ਼ਕਲ ਹੋਣ ਵਾਲਾ ਹੈ ਕਿਉਂਕਿ ਹੁਣ ਉਨ੍ਹਾਂ ਦੀ ਆਪਣੀ ਪਾਰਟੀ ਦਾ ਇੱਕ ਸਮਾਨਾਂਤਰ ਧੜਾ ਉਨ੍ਹਾਂ ਨੂੰ ਚੁਣੌਤੀ ਦੇ ਰਿਹਾ ਹੈ।