ਗ਼ਜ਼ਲ-01
ਗ਼ਜ਼ਾ ਕਰਨੇ ਤੋਂ ਪਹਿਲਾਂ ਹੀ ਇਹ ਸੋਚੇ, ਕਿ ਅੱਗੇ ਮੋਤੀਆਂ ਦਾ ਥਾਲ਼ ਹੋਵੇ।
ਬੇਸ਼ੱਕ ਇਕ ਦਾਣਿਆਂ ਦੀ ਮੁੱਠ ਵੀ ਨਾ, ਕਮੰਡਲ ਤੋਂ ਸਹੀ ਸੰਭਾਲ਼ ਹੋਵੇ।
ਮੇਰੀ ਕਿਸ ਬੇਵਸੀ ਦਾ ਇਹ ਪੜਾਅ ਹੈ, ਮੈਂ ਠੰਡੀ ਧੁੱਪ ਨੂੰ ਤਾਂ ਦੋਸ਼ ਦੇਵਾਂ,
ਕਿ ਠਰ ਕੇ ਬਰਫ਼ ਬਣ ਗਏ ਜਿਸਮ ਲਈ ਪਰ, ਮੇਰੇ ਕੋਲੋਂ ਵੀ ਅੱਗ ਨਾ ਬਾਲ਼ ਹੋਵੇ।
ਸਫ਼ਰ ਸੂਰਜ ਦਾ ਸੀ ਅਗਲੇ ਪੜਾਅ ਦਾ, ਥਕਾਵਟ ਉੱਤਰੀ ਸੀ ਮੇਰੇ ਵੀ ਪੈਰੀਂ,
ਨਹੀਂ ਤਾਂ ਦੋਹਾਂ ਨੂੰ ਮਨਜ਼ੂਰ ਨਾ ਸੀ, ਕੀਤੇ ਆਰਾਮ ਜਾਂ ਤਿਰਕਾਲ਼ ਹੋਵੇ।
ਤੇਰੇ ਦਰਦਾਂ ਨੂੰ ਸੀਨੇ ਲਾ ਲਿਆ ਹੈ, ਸਜਾਏ ਪਲਕਾਂ ਵਿਚ ਮੈਂ ਤੇਰੇ ਹੰਝੂ,
ਵਿਦਾਈ ਵਕਤ ਤੂੰ ਹੀ ਤਾਂ ਕਿਹਾ ਸੀ, ਮੇਰੀ ਹਰ ਚੀਜ਼ ਦੀ ਸੰਭਾਲ਼ ਹੋਵੇ।
ਇਦ੍ਹੇ ਵਿਚ ਈਰਖਾ ਦੀ ਕਾਈ ਜੰਮੀ , ਤੇ ਹਉਮੇ ਨਾਲ ਪਾਣੀ ਹਮਕ ਮਾਰੇ,
ਬੜੀ ਹੀ ਦੇਰ ਤੋਂ ਮੈਂ ਯਤਨ ਵਿਚ ਹਾਂ, ਨਾ ਮਨ ਦੀ ਝੀਲ ਪਰ ਹੰਘਾਲ਼ ਹੋਵੇ।
ਨਹੀਂ ਸੂਰਜ ਤਾਂ ਇਕ ਦੀਵੇ ਦੀ ਲੋਅ ਨੂੰ, ਸਫ਼ਰ ਵਿਚ ਸਾਥ ਲੈ ਕੇ ਚੱਲਣਾ ਸੀ,
ਹਨੇ੍ਹਰੀ ਰਾਤ ਹੈ,ਹੁਣ ਸੋਚੀ ਜਾਵਾਂ , ਹਯਾਤੀ ਰੁਕ ਕੇ ਵੀ ਨਾ ਗਾਲ਼ ਹੋਵੇ।
ਬਰੇਤੀ ਉੱਭਰ ਆਈ ਝੀਲ ਅੰਦਰ, ਨਦੀ ਵੀ ਰਾਹ ‘ਚ ਕਿਧਰੇ ਲੁਪਤ ਹੋ ਗਈ,
ਨਾ ਸੁੱਕੇ ਦਰਿਅਾਵਾਂ ਨੂੰ ਦੇਖ ਕੇ ਵੀ, ਹੈ ਕੈਸੀ ਪਿਆਸ ਜੋ ਨਾ ਟਾਲ਼ ਹੋਵੇ।
ਜਦੋਂ ਛਣਕੀ ਮੇਰੇ ਪੈਰਾਂ ‘ਚ ਬੇੜੀ, ਜਿਵੇਂ ਜ਼ਖਮਾਂ ‘ਚੋਂ ਇਹ ਆਵਾਜ਼ ਆਈ,
ਕੀ ਤੈਨੂੰ ਇਹ ਨਹੀਂ ਲੱਗਦਾ ਕਦੇ ਵੀ, ਕਿ ਇਸ ਛਣ-ਛਣ ਦੀ ਕੋਈ ਤਾਲ ਹੋਵੇ।
ਪਿਆਸੇ ਰਿਸ਼ਤਿਆਂ ਦੀ ਪਿਆਸ ਬਣਦਾ, ਬਰੇਤੀ ਤੀਕ ਪੁੱਜਾ ਦਰਿਆ ਹਾਂ ਮੈਂ,
ਮੈਂ ਫਿਰ ਵੀ ਵਗਣ ਬਾਰੇ ਸੋਚਾਂ ਪਰ ਉਹ, ਨਹੀਂ ਚਾਹੁੰਦੇ ਕਿ ਇੰਝ ਫ਼ਿਲਹਾਲ ਹੋਵੇ।
ਨਾ ਕੋਈ ਭੂਮਿਕਾ, ਨਾ ਅੰਤਿਕਾ ਹੈ, ਕਿਹਾ ਕੁਝ ਵੀ ਨਹੀਂ ਨਾ ਅਣਕਿਹਾ ਹੈ,
ਮਗਰ ਚਾਹਤ ‘ਚ ਫਿਰ ਵੀ ਦਰਜ ਤਾਂ ਹੈ, ਮੇਰੀ ਧਰਤੀ, ਗਗਨ, ਪਾਤਾਲ਼ ਹੋਵੇ।
*
ਗ਼ਜ਼ਲ-02
ਆ ਹਵਾ ਵਿਚ ਹਰਫ਼ ਲਿਖੀਏ ਆਪਣੇ ਇਕਰਾਰ ਦੇ।
ਪਾਣੀਆਂ ਵਿਚ ਤਾਂ ਇਹ ਲੋਕੀ ਰਹਿਣ ਪੱਥਰ ਮਾਰਦੇ।
ਸਫ਼ਰ ਵੀ ਕੈਸਾ ਹੈ ਜੋ ਮੁੱਕਣ ਦਾ ਨਾਂ ਲੈਂਦਾ ਨਹੀਂ,
ਇਹ ਮੁਸਾਫ਼ਰ ਵੀ ਨੇ ਕੈਸੇ ਥੱਕਦੇ ਨਾ ਹਾਰਦੇ।
ਫਿਰ ਕਿਸੇ ਦੇ ਵੱਲ ਕੰਕਰ ਵੀ ਉਛਾਲੇ ਨਾ ਗਏ,
ਸਾਂਭਣੇ ਟੁਕੜੇ ਪਏ ਜਦ ਆਪਣੇ ਕਿਰਦਾਰ ਦੇ।
ਰਾਤ ਭਰ ਖੁੱਲ੍ਹੀ ਰਹੀ ਖਿੜਕੀ ਕਿਸੇ ਦੀ ਯਾਦ ਦੀ,
ਰਾਤ ਭਰ ਹੰਝੂ ਰਹੇ ਚਿਹਰੇ ‘ਤੇ ਲਿਸ਼ਕਾਂ ਮਾਰਦੇ।
ਇਹ ਸਫ਼ਰ ਦੇ ਦਿੱਤੇ ਹੋਏ ਅੱਟਣਾ ਦਾ ਸੀ ਕਮਾਲ,
ਕੱਚ ਦੇ ਟੁਕੜੇ ਵੀ ਪੱਤੇ ਬਣ ਗਏ ਕਚਨਾਰ ਦੇ।
ਪਿੰਜਰੇ ਦੀ ਕੈਦ ‘ਚੋਂ ਆਖਰ ਰਿਹਾਈ ਮਿਲ ਗਈ,
ਹੁਣ ਮੈਂ ਪਿੱਛੇ ਆ ਗਿਆ ਹਾਂ ਮਹਿਜ਼ ਇਕ ਦੀਵਾਰ ਦੇ।
ਦੱਸ ਮੈਂ ਤੇਰੇ ਸ਼ੀਸ਼ਿਆਂ ‘ਤੇ ਕਰ ਲਵਾਂ ਕਿੱਦਾਂ ਯਕੀਨ,
ਵੇਖ ਕੇ ਚਿਹਰਾ ਕੁ ਚਿਹਰਾ ਅਕਸ ਨੇ ਇਹ ਧਾਰਦੇ।
*

ਗ਼ਜ਼ਲ -03
ਬਹੁਤ ਕੁਝ ਭਰਤੀ ਜਿਹਾ ਹੈ ਕੁਝ ਨਾ ਕੁਝ ਮਨਫ਼ੀ ਵੀ ਹੈ।
ਜ਼ਿੰਦਗੀ ਤੇ ਸ਼ਾਇਰੀ ਦੀ ਕੁੰਡਲੀ ਮਿਲਦੀ ਵੀ ਹੈ।
ਮੈਂ ਹੀ ਪਿਛਲੇ ਮੋੜ ‘ਤੇ ਬਚਪਨ ਗੁਆ ਆਇਆਂ ਕਿਤੇ,
ਹੁਣ ਵੀ ਹੈ ਆਡਾਂ ‘ਚ ਪਾਣੀ ਕਾਗ਼ਜ਼ੀ ਕਿਸ਼ਤੀ ਵੀ ਹੈ।
ਚੁੱਪ ‘ਚੋਂ ਪਹਿਚਾਣ ਲੈਂਦਾ ਹਾਂ ਤੁਫ਼ਾਨਾਂ ਨੂੰ ਕਦੇ,
ਪਰ ਕਦੇ ਰੁੱਖਾਂ ਨੂੰ ਪੁੱਛਾਂ ਕੀ ਹਵਾ ਵਗਦੀ ਵੀ ਹੈ ?
ਉਸ ਨੂੰ ਕਿੱਦਾਂ ਦਾ ਬੇਦਾਵਾ ਦੇ ਕੇ ਘਰ ਮੁੜਿਆ ਹਾਂ ਮੈਂ,
ਮੈਨੂੰ ਹੁਣ ਲਗਦੈ ਉਦ੍ਹਾ ਮਜ਼ਮੂਨ ਤਾਂ ਅਰਜ਼ੀ ਵੀ ਹੈ।
ਖਿੜਕੀ ਵਿੱਚੋਂ ਵੀ ਜੇ ਅੰਬਰ ਦਿਸਦੈ ਫਿਰ ਵੀ ਕਰ ਸ਼ੁਕਰ,
ਇਹ ਵੀ ਤਾਂ ਤੂੰ ਵੇਖ ਪੈਰਾਂ ਹੇਠ ਇਕ ਧਰਤੀ ਵੀ ਹੈ।
ਜਾਣ-ਬੁਝ ਕੇ ਮਰਮਰੀ ਸੜਕਾਂ ਦਾ ਚੁਣਿਆ ਹੈ ਸਫ਼ਰ,
ਦਿਸਣ ਨੂੰ ਦਿਸਦੀ ਤਾਂ ਮੈਨੂੰ ਪਿੰਡ ਦੀ ਫਿਰਨੀ ਵੀ ਹੈ।