ਅਸੀਂ ਓਸ ਨਾਨਕ ਦੇ ਵਾਰਸ! ਨਾ ਨਾ ਨਾ
ਅਸੀਂ ਓਸ ਨਾਨਕ ਦੇ ਵਾਰਸ! ਨਾ ਨਾ ਨਾ
ਓਸ, ਸੱਚ ਦਾ ਪਾਠ ਪੜ੍ਹਾਇਆ
ਅਸੀਂ ਝੂਠ ਬੋਲ ‘ਮੁਰਦਾਰ’ ਖਾਇਆ।
ਓਸ, ਤੇਰਾ ਤੇਰਾ ਤੋਲਿਆ
ਅਸੀਂ ਮੇਰਾ ਮੇਰਾ ਬੋਲਿਆ।
ਓਸ, ‘ਕਿਰਤ’ ਨੂੰ ‘ਧਰਮ’ ਬਣਾਇਆ
ਅਸੀਂ ‘ਧਰਮ’ ਨੂੰ ‘ਕਿਰਤ’ ਬਣਾਇਆ।
ਓਸ, ‘ਭਾਗੋਆਂ’ ਦੇ ਅਡੰਬਰ ਨਕਾਰੇ
ਅਸੀਂ ‘ਲਾਲੋਆਂ’ ਦੇ ਵੀ ਹੱਕ ਮਾਰੇ।
ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ
ਅਸੀਂ ਵੱਢੀ ਲੈ ਘਰ ਬਾਹਰ ਚਲਾਇ।
ਓਸ, ‘ਜਾਬਰ’ ਆਖ ‘ਬਾਬਰ’ ਵੰਗਾਰੇ
ਅਸੀਂ ‘ਜ਼ਮੀਰਾਂ’ ਵੇਚ ਕਾਜ ਸੰਵਾਰੇ।
ਓਸ, ਕਿਹਾ ਰੱਖਣਾ ਉੱਚਾ ਸੁੱਚਾ ਆਚਾਰ
ਅਸੀਂ ਨੀਵਾਂ ਜੂਠਾ ਕਰ ਲਿਆ ਕਿਰਦਾਰ।
ਓਸ, ‘ਸਾਂਝੀਵਾਲਤਾ’ ਨੂੰ ਕਮਾਇਆ
ਅਸੀਂ ਜਾਤ ਪਾਤ ਨੂੰ ਗਲ਼ ਲਾਇਆ।
ਓਸ, ਤਰਕ ਨਾਲ ਭਰਮ ਭੁਲੇਖੇ ਤੋੜੇ
ਅਸੀਂ ਉਨ੍ਹਾਂ ਸੰਗ ਹੀ ਮਨ ਜੋੜੇ।
ਓਸ, ਆਖਿਆ ਚੁਫੇਰੇ ਐ ਰੱਬ
ਅਸੀਂ ਵਲਗਣਾਂ ’ਚ ਵਲ਼ ਦਿੱਤਾ ਰੱਬ।
ਓਸ, ਰਚੀ ਧੁਰ ਕੀ ਬਾਣੀ ਵਿੱਚ ਸਰੂਰ
ਅਸੀਂ ਪੜ੍ਹਦੇ ਸੁਣਦੇ ਵਿੱਚ ਗਰੂਰ।
ਮੱਥੇ ਟੇਕ ਟੇਕ ਲਏ ‘ਨੱਕ’ ਘਸਾ
‘ਕਰਮ ਧਰਮ’ ਮਾਰੇ ਪਰਾਂ ਵਗਾਹ।
ਓਹ, ਕਥਨੀ ਕਰਨੀ ਵਿੱਚ ਭਰਪੂਰ
ਅਸੀਂ ਹੋ ਗਏ ‘ਸ਼ੁਭ ਅਮਲਾਂ’ ਤੋਂ ਦੂਰ।
ਓਸ, ਵਿਖਾਇਆ ਸਿੱਧਾ ਰਾਹ
ਅਸੀਂ ਤੁਰ ਪਏ ਪੁੱਠੇ ਰਾਹ।
ਓਸ, ਵਜ਼ਨਦਾਰ ਗੱਲ ਕੀਤੀ
ਅਸੀਂ ਹਰ ਗੱਲ ਕੱਖੋਂ ਹੌਲੀ ਕੀਤੀ।
ਓਸ, ਕੀਤਾ ਕੁਦਰਤ ਦਾ ਆਦਰ
ਅਸੀਂ ਕੀਤਾ ਕੁਦਰਤ ਦਾ ਨਿਰਾਦਰ।
ਓਸ, ਪਵਣ ਪਾਣੀ ਧਰਤਿ ਅਕਾਸ਼ ਨਮਸਕਾਰੇ
ਅਸੀਂ ਟਿੱਚ ਜਾਣ ਕਿ ਇਹ ਸਭ ਖ਼ਰਾਬ ਕਰ ਮਾਰੇ।
ਓਸ, ਚਾਨਣ ਵੰਡਣ ਪੈਰੀਂ ਦੁਨੀਆ ਗਾਹਤੀ
ਅਸੀਂ ‘ਕਰਾਮਤੀ’ ਬਣਾ, ਓਸ ਹੱਥ ਮਾਲਾ ਫੜਾਤੀ।
ਭਲਾਂ ਦਸੋ!
ਅਸੀਂ ਓਸ ਨਾਨਕ ਦੇ ਕਿਵੇਂ ਵਾਰਸ ਹੋਏ?
ਅਸੀਂ ਓਸ ਨਾਨਕ ਦੇ ਕਿਵੇਂ ਵਾਰਸ ਹੋਏ?
ਲਖਵਿੰਦਰ ਸਿੰਘ ਰਈਆ