ਬਠਿੰਡਾ (ਬਹਾਦਰ ਸਿੰਘ ਸੋਨੀ /ਪੰਜ ਦਰਿਆ ਯੂਕੇ) ਦੇਰ ਸ਼ਾਮ ਸਥਾਨਕ ਸ਼ਹਿਰ ਦੇ ਮਹਿਣਾ ਚੌਕ ਵਿਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਇੱਕ ਸਕੂਟੀ ਸਵਾਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਨਿਰਮਲ ਸਿੰਘ ਉਰਫ਼ ਬਿੱਟੂ ਦੇ ਵਜੋਂ ਹੋਈ ਹੈ, ਜੋਕਿ ਬਿਜਲੀ ਮੈਕੇਨਿਕ ਦੇ ਤੌਰ ‘ਤੇ ਕਿਸੇ ਦੁਕਾਨ ਉਪਰ ਕੰਮ ਕਰਦਾ ਸੀ। ਲੋਕਾਂ ਦੇ ਦੱਸਣ ਮੁਤਾਬਕ ਘਟਨਾ ਸਮੇਂ ਮ੍ਰਿਤਕ ਨੌਜਵਾਨ ਆਪਣੇ ਇੱਕ ਸਾਥੀ ਨਾਲ ਸਕੂਟੀ ‘ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਇਸ ਦੌਰਾਨ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦੋ ਨੌਜਵਾਨ ਆਏ, ਜਿੰਨ੍ਹਾਂ ਪਹਿਲਾਂ ਉਸਦੀ ਸਕੂਟੀ ਨੂੰ ਲੱਤ ਮਾਰ ਕੇ ਸੁੱਟ ਦਿੱਤਾ। ਇਸਤੋਂ ਬਾਅਦ ਬਿੱਟੂ ਉਪਰ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਸਿੱਧੀ ਮੱਥੇ ‘ਤੇ ਮਾਰੀ, ਜਿਸ ਕਾਰਨ ਕੁੱਝ ਹੀ ਮਿੰਟਾਂ ਵਿਚ ਉਹ ਮੌਕੇ ‘ਤੇ ਹੀ ਖ਼ਤਮ ਹੋ ਗਿਆ। ਘਟਨਾ ਦਾ ਪਤਾ ਲੱਗਦੇ ਹੀ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ। ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।