ਮੈਨੂੰ ਰੋਂਦਾ ਛੱਡ ਕੇ ਪੈ ਗਈ, ਕਿਹੜੇ ਰਾਹ ਅੰਮੀਏ?
ਹੈ ਰੋਂਦਾ ਤੇਰਾ ਲਾਲ ਤੂੰ ਚੁੱਪ ਕਰਾ ਅੰਮੀਏ।
ਆ ਮੁੜ ਆ ਅੰਮੀਏ, ਤੂੰ ਮੁੜ ਆ ਅੰਮੀਏ।
ਕੰਧ ਉੱਤੇ ਜੋ ਲੱਗੀ ਹੋਈ, ਤਸਵੀਰ ਤੱਕਾਂ ਜਦ ਤੇਰੀ,
ਸੰਹੁ ਲੱਗੇ ਮਾਂ ਓਸੇ ਵੇਲੇ, ਹਾਏ ਧਾਹ ਨਿੱਕਲਜੇ ਮੇਰੀ।
ਹਾਸੇ ਖੁਸ਼ੀਆਂ ਲੈਗਿਆ ਕੋਈ ਚੁਰਾ ਅੰਮੀਏ।
ਹੈ ਰੋਂਦਾ ਤੇਰਾ ਲਾਲ ਤੂੰ ਚੁੱਪ ਕਰਾ ਅੰਮੀਏ।
ਤੇਰੇ ਬਿਨ ਹੁਣ ਪੁੱਤ ਤੇਰੇ ਨੂੰ, ਕੋਈ ਨਹੀਂ ਕਰਦਾ ਛਾਂਵਾਂ,
ਲੱਖ ਨੇ ਭਾਵੇਂ ਚਾਚੀਆਂ ਤਾਈਆਂ, ਨਹੀਂ ਬਣਦੀਆਂ ਮਾਂਵਾਂ।
ਕੋਈ ਨਹੀਂ ਗਲ ਲਾਉਂਦਾ ਦੇਣ ਰੁਵਾ ਅੰਮੀਏ।
ਹੈ ਰੋਂਦਾ ਤੇਰਾ ਲਾਲ ਤੂੰ ਚੁੱਪ ਕਰਾ ਅੰਮੀਏ।
ਤੇਰੀ ਬੁੱਕਲ ਵਰਗਾ ਮਾਂ ਮੈਨੂੰ, ਨਿੱਘ ਕਿਤੇ ਨਹੀਂ ਮਿਲਦਾ,
ਇਹ ਮਤਲਬ ਖੋਰ ਜਮਾਨਾ ਸਾਰਾ, ਦੁੱਖ ਸੁਣੇ ਨਾ ਦਿਲਦਾ।
ਆਪਣੇ ਹੋਏ ਪਰਾਏ ਕਹਿਣ ਬੁਰਾ ਅੰਮੀਏ।
ਹੈ ਰੋਂਦਾ ਤੇਰਾ ਲਾਲ ਤੂੰ ਚੁੱਪ ਕਰਾ ਅੰਮੀਏ।
ਰੋਂਦਾ ਕੁਰਲਾਉਂਦਾ ਛੱਡਕੇ ਮੈਨੂੰ, ਕਰ ਲਿਆ ਕਿੱਥੇ ਟਿਕਾਣਾ?
ਮਾਂ ਸੁੰਨਾਂ ਸੁੰਨਾਂ ਬਿਨ ਤੇਰੇ ਪਿੰਡ, ਹੁਣ ਲੱਗਦਾ ਰਾਮੇਆਣਾ।
ਆ ਪੂੰਝ ਅੱਖਾਂ ‘ਚੋ ਅੱਥਰੂ, ਨਾ ਤਰਸਾ ਅੰਮੀਏ।
ਹੈ ਰੋਂਦਾ ਤੇਰਾ ਲਾਲ ਤੂੰ ਚੁੱਪ ਕਰਾ ਅੰਮੀਏ,
ਆ ਮੁੜ ਆ ਅੰਮੀਏ, ਆ ਮੁੜ ਆ ਅੰਮੀਏ ।
ਤਰਸੇਮ ਰਾਮੇਆਣਾ