ਬਠਿੰਡਾ-ਅਸ਼ੋਕ ਵਰਮਾ-ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਭੋਡੀਪੁਰਾ ’ਚ ਉਸ ਵਕਤ ਅਜੀਬੋਗਰੀਬ ਸਥਿਤੀ ਬਣ ਗਈ ਜਦੋਂ ਪੁਲਿਸ ਕੁੱਝ ਦਿਨ ਪਹਿਲਾਂ ਹੋਈਆਂ ਪੰਚਾਇਤ ਚੋਣਾਂ ਮੌਕੇ ਦਰਜ ਹੋਏ ਇੱਕ ਮਾਮਲੇ ਵਿੱਚ ਪਿੰਡ ਦੇ ਸਾਬਕਾ ਸਰਪੰਚ ਰਾਮ ਸਿੰਘ ਬਾਦਲ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਸ ਦਾ ਸਾਥੀ ਜਗਦੀਪ ਸਿੰਘ ਵੀ ਆਪਣੇ ਦੋਸਤ ਦੀ ਹਮਾਇਤ ’ਚ ਗ੍ਰਿਫਤਾਰੀ ਦੇਣ ਲਈ ਅੜ ਗਿਆ। ਕਾਫੀ ਜੱਦੋਜਹਿਦ ਉਪਰੰਤ ਪੁਲਿਸ ਨੂੰ ਜਗਦੀਪ ਸਿੰਘ ਨੂੰ ਵੀ ਗ੍ਰਿਫਤਾਰ ਕਰਨਾ ਪਿਆ। ਇਸ ਮੌਕੇ ਪੁਲਿਸ ਦੋਵਾਂ ਆਗੂਆਂ ਨੂੰ ਹੱਥਕੜੀ ਲਾਕੇ ਆਪਣੇ ਨਾਲ ਲੈ ਗਈ । ਆਮ ਤੌਰ ਤੇ ਲੋਕ ਪੁਲਿਸ ਦੇ ਹੱਥ ਚੜ੍ਹਨ ਤੋਂ ਭੱਜਦੇ ਹਨ ਪਰ ਇਸ ਤਰਾਂ ਦੋਸਤੀ ਖਾਤਰ ਧੱਕੇ ਨਾਲ ਖੁਦ ਨੂੰ ਪੁਲਿਸ ਹਵਾਲੇ ਕਰਨ ਦਾ ਇਹ ਪਹਿਲਾ ਮਾਮਲਾ ਹੋਣ ਕਰਕੇ ਇਹ ਲੋਕਾਂ ਵਿੱਚ ਵੱਡੀ ਪੱਧਰ ਤੇ ਚੁੰਝ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਸ ਮਾਮਲੇ ’ਚ ਜੋ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ ਸਾਬਕਾ ਸਰਪੰਚ ਰਾਮ ਸਿੰਘ ਬਾਦਲ ਦੀ ਮਾਤਾ ਤੇ ਸਾਬਕਾ ਸਰਪੰਚ ਗਿਆਨ ਕੌਰ ਦਾ ਕੱੁਝ ਦਿਨ ਪਹਿਲਾ ਦਿਹਾਂਤ ਹੋ ਗਿਆ ਸੀ ਜਿੰਨ੍ਹਾਂ ਦੀ ਅੰਤਿਮ ਅਰਦਾਸ 14 ਨਵੰਬਰ ਨੂੰ ਹੋਈ ਸੀ। ਹਾਲੇ ਮਾਤਾ ਗਿਆਨ ਕੌਰ ਦੀਆਂ ਅਸਥੀਆਂ ਵੀ ਜਲ ਪ੍ਰਵਾਹ ਕਰਨੀਆਂ ਬਾਕੀ ਸਨ ਜਿਸ ਬਾਰੇ ਪ੍ਰੀਵਾਰ ਵਿਚਾਰ ਹੀ ਕਰ ਰਿਹਾ ਸੀ ਕਿ ਪੁਲਿਸ ਰਾਮ ਸਿੰਘ ਨੂੰ ਗ੍ਰਿਫਤਾਰ ਕਰਨ ਪੁੱਜ ਗਈ। ਪੁਲਿਸ ਦੀ ਇਸ ਕਾਰਵਾਈ ਦਾ ਪਿੰਡ ਵਾਸੀਆਂ ਨੇ ਕਾਫੀ ਬੁਰਾ ਮਨਾਇਆ ਹੈ। ਪਿੰਡ ਵਾਸੀ ਆਖਦੇ ਹਨ ਕਿ ਇਸ ਤਰਾਂ ਇੱਕ ਸਾਬਕਾ ਸਰਪੰਚ ਨੂੰ ਉਹ ਵੀ ਅਜਿਹੇ ਮੌਕੇ ਗ੍ਰਿਫਤਾਰ ਕਰਨ ਲਈ ਆਉਣਾ ਕਿੱਥੋਂ ਦੀ ਇਨਸਾਨੀਅਤ ਹੈ। ਉਨ੍ਹਾਂ ਕਿਹਾ ਕਿ ਰਾਮ ਸਿੰਘ ਕੋਈ ਵੱਡਾ ਅਪਰਾਧੀ ਨਹੀਂ ਸੀ ਕਿ ਪੁਲਿਸ ਨੂੰ ਏਦਾਂ ਦੀ ਕਾਰਵਾਈ ਕਰਨੀ ਪਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਦਿਆਲਪੁਰਾ ਭਾਈ ਪੁਲਿਸ ਨੇ 16 ਅਕਤੂਬਰ ਨੂੰ ਪੰਚਾਇਤੀ ਚੋਣਾਂ ਦੌਰਾਨ ਪਿੰਡ ਭੋਡੀਪੁਰਾ ਤੋਂ ਆਮ ਆਦਮੀ ਪਾਰਟੀ ਤੋਂ ਬਾਗੀ ਹੋਕੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਜਗਦੀਪ ਸਿੰਘ ਪੁੱਤਰ ਗੁਰਚਰਨ ਸਿੰਘ, ਸਾਬਕਾ ਸਰਪੰਚ ਰਾਮ ਸਿੰਘ ਬਾਦਲ ਪੁੱਤਰ ਜਰਨੈਲ ਸਿੰਘ, ਵੀਰ ਸਿੰਘ ਪੁੱਤਰ ਨਾਜ਼ਰ ਸਿੰਘ, ਭੂਰਾ ਸਿੰਘ ਪੁੱਤਰ ਮੁਨਸ਼ੀ ਸਿੰਘ, ਬਲਜੀਤ ਸਿੰਘ ਪੁੱਤਰ ਭੋਲਾ ਸਿੰਘ, ਲਖਵੀਰ ਸਿੰਘ ਪੁੱਤਰ ਮੇਘਾ ਸਿੰਘ ਅਤੇ ਮੈਂਗਲ ਸਿੰਘ ਪੁੱਤਰ ਨਾਜ਼ਰ ਸਿੰਘ ਸਮੇਤ 70-80 ਵਿਅਕਤੀਆਂ ਖਿਲਾਫ ਪੁਲਿਸ ਪਾਰਟੀ ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ। ਇਸ ਮੁਕੱਦਮੇ ਵਿਚ ਸ਼ਾਮਲ ਰਾਮ ਸਿੰਘ ਬਾਦਲ ਨੂੰ 18 ਦਸਬੰਰ ਸ਼ਾਮ ਨੂੰ ਥਾਣਾ ਦਿਆਲਪੁਰਾ ਭਾਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਸ ਬਾਬਤ ਜਾਣਕਾਰੀ ਮਿਲਣ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਭਗਤਾ ਭਾਈ ਸਥਿੱਤ ਥਾਣੇ ਅੱਗੇ ਇਕੱਤਰ ਹੋ ਗਏ।
ਇਸੇ ਦੌਰਾਨ ਆਪ ਦੇ ਬਾਗੂ ਆਗੂ ਤੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਜਗਦੀਪ ਸਿੰਘ ਨੇ ਐਲਾਨ ਕਰ ਦਿੱਤਾ ਉਹ ਵੀ ਰਾਮ ਸਿੰਘ ਬਾਦਲ ਦੇ ਨਾਲ ਹੀ ਗ੍ਰਿਫਤਾਰੀ ਦੇਣਗੇ। ਇਸ ਮੌਕੇ ਪੁਲਿਸ ਜਗਦੀਪ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਟਾਲ ਮਟੋਲ ਕਰ ਰਹੀ ਸੀ ਪਰ ਜਗਦੀਪ ਸਿੰਘ ਲੰਮੀ ਜੱਦੋ ਜਹਿਦ ਤੋਂ ਬਾਅਦ ਗ੍ਰਿਫਤਾਰੀ ਦੇਣ ਵਿਚ ਸਫਲ ਹੋ ਗਿਆ। ਦੋਵਾਂ ਆਗੂਆਂ ਦੇ ਹੱਕ ’ਚ ਜਿੱਥੇ ਵੱਡੀ ਗਿਣਤੀ ਪਿੰਡ ਵਾਸੀ ਥਾਣੇ ਪੁੱਜੇ ਉੱਥੇ ਹੀ ਹਾਕਮ ਧਿਰ ਦੇ ਆਗੂਆਂ ਨੇ ਇਕੱਠ ’ਚ ਸ਼ਮੂਲੀਅਤ ਕਰਕੇ ਗ੍ਰਿਫਤਾਰੀਆਂ ਖਿਲਾਫ ਆਪਣਾ ਵਿਰੋਧ ਦਰਜ ਕਰਵਾਇਆ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਮਹਿਰਾਜ ਦਾ ਕਹਿਣਾ ਸੀ ਕਿ ਪੁਲਿਸ ਨੇ ਸਿਆਸੀ ਇਸ਼ਾਰੇ ਤਹਿਤ ਇਹ ਪੁਲਿਸ ਕੇਸ ਦਰਜ ਕੀਤਾ ਹੈ ਜੋਕਿ ਪੂਰੀ ਤਰਾਂ ਝੂਠਾ ਹੈ। ਉਨ੍ਹਾਂ ਕਿਹਾ ਜਦ ਪਿੰਡ ਭੋਡੀਪੁਰਾ ਵਿਖੇ ਪੁਲਿਸ ਦੀ ਝੜਪ ਹੋਈ ਸੀ ਤਾਂ ਉਸ ਵਕਤ ਰਾਮ ਸਿੰਘ ਬਾਦਲ ਅਤੇ ਜਗਦੀਪ ਸਿੰਘ ਸਾਥੀਆਂ ਸਮੇਤ ਵੋਟਾਂ ਦੀ ਗਿਣਤੀ ਲਈ ਗਿਣਤੀ ਕੇਂਦਰ ਦੇ ਅੰਦਰ ਸਨ।
ਉਨ੍ਹਾਂ ਦੱਸਿਆ ਕਿ ਮਾਤਾ ਦੀ ਮੌਤ ਕਾਰਨ ਹਾਲੇ ਤੱਕ ਤਾਂ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆ ਰਹੇ ਸਨ ਪਰ ਇਸ ਤਰਾਂ ਹੋਈ ਰਾਮ ਸਿੰਘ ਦੀ ਗ੍ਰਿਫਤਾਰੀ ਨੇ ਨਕਲੀ ਬਦਲਾਅ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪਿੰਡ ਵਾਸੀਆਂ ਨੂੰ ਇਸ ਮੁਕੱਦਮੇ ਵਿਚ ਸ਼ਾਮਲ ਕਰਨ ਦੇ ਡਰਾਵੇ ਦੇ ਰਹੀ ਹੈ। ਅਕਾਲੀ ਆਗੂ ਨੇ ਐਲਾਨ ਕੀਤਾ ਕਿ ਉਹ ਆਮ ਲੋਕਾਂ ਦੇ ਸਹਿਯੋਗ ਨਾਲ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਦੇਣਗੇ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਸਰਪੰਚੀ ਲਈ ਦੋਵੇਂ ਉਮੀਦਵਾਰ ਸੱਤਾਧਾਰੀ ਧਿਰ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਨੂੰ ਚਾਹੀਦਾ ਸੀ ਕਿ ਉਹ ਦੋਵੇਂ ਆਗੂਆਂ ਦਾ ਆਪਸੀ ਸਮਝੌਤਾ ਕਰਵਾ ਕੇ ਪਿੰਡ ਵਿਚ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦਾ ਯਤਨ ਕਰਦੇ ਪ੍ਰੰਤੂ ਇੱਥੇ ਤਾਂ ਕਿੜ੍ਹ ਕੱਢਣ ਦਾ ਵਤੀਰਾ ਅਪਣਾਇਆ ਜਾ ਰਿਹਾ ਹੈ ਜੋਕਿ ਨਿੰਦਣਯੋਗ ਹੈ।