ਪੁਰਾਣੇ ਸਮਿਆਂ ਵਿਚ ਜਦ ਮੁਗ਼ਲ ਅਫ਼ਗਾਨ ਅਹਿਮਦਸ਼ਾਹ ਅਬਦਾਲੀ ਵਰਗੇ ਲੁਟੇਰੇ ਭਾਰਤ ਨੂੰ ਲੁਟ ਕੇ ਲਿਜਾਂਦੇ ਸਨ ਤਾਂ ਉਹ ਜਾਂਦੇ ਜਾਂਦੇ ਭਾਰਤ ਦੀਆਂ ਸੋਹਣੀਆਂ ਬਹੂ ਬੇਟੀਆਂ ਨੂੰ ਫੜ ਬੰਧਕ ਬਣਾ ਕੇ ਨਾਲ ਲੈ ਜਾਂਦੇ ਸਨ। ਉਦੋਂ ਭਾਰਤ ਗ਼ੁਲਾਮੀ ਦਾ ਝੰਬਿਆ ਹੋਇਆ ਸੀ ਤੇ ਲੋਕਾਂ ਦੀਆਂ ਸੁਨੱਖੀਆਂ ਧੀਆਂ ਭੈਣਾਂ ਮੁਗ਼ਲਾਂ ਤੋਂ ਡਰਦਿਆਂ ਸਿਰ ਦੀ ਚੁੰਨੀ ਆਦਿ ਨਾਲ ਮੂੰਹ ਢੱਕ ਕੇ ਲੁਕਾਉਣ ਲਈ ਪੜਦਾ ਕਰ ਲੈਂਦੀਆਂ ਸਨ ਤਾਕਿ ਉਨ੍ਹਾਂ ’ਤੇ ਲੁਟੇਰਿਆਂ ਦੀ ਨਜ਼ਰ ਨਾ ਪਵੇ। ਉਸ ਵੇਲੇ ਤੋਂ ਲੜਕੀਆਂ ਖ਼ਾਸ ਕਰ ਕੇ ਸਜ ਵਿਆਹੀਆਂ ਮੂੰਹ ’ਤੇ ਪਰਦਾ ਪਾਉਣ ਲੱਗ ਪਈਆਂ ਤੇ ਇਸੇ ਪਿਰਤ ਨੂੰ ਜਾਰੀ ਰੱਖ ਕੇ ਅਪਣੇ ਸਹੁਰੇ ਜੇਠ ਆਦਿ ਤੋਂ ਵੀ ਪਰਦਾ ਕਰਨ ਲੱਗ ਪਈਆਂ ਜਿਸ ਨੂੰ ਘੁੰਡ ਜਾਂ ਘੁੰਗਟ ਕਹਿਣ ਲੱਗ ਪਏ। ਬਾਅਦ ਵਿਚ ਕੁੜੀਆਂ ਕਤਰੀਆਂ ਤੇ ਆਮ ਔਰਤਾਂ ਸਿਰ ਨੂੰ ਸਭਿਅਕ ਦ੍ਰਿਸ਼ਟੀ ਤੋਂ ਅਪਣਾ ਸਿਰ ਢਕ ਕੇ ਰਖਦੀਆਂ ਤੇ ਚੁੰਨੀ (ਦੁਪੱਟਾ) ਨਹੀਂ ਲਾਹੁੰਦੀਆਂ ਸਨ। ਵਿਆਹ ਦੇ ਸਮੇਂ ਦੁਲਹਨ ਨੂੰ ਕੀਮਤੀ ਕਪੜੇ ਅਤੇ ਗਹਿਣੇ ਪਾ ਕੇ ਸਿਰ ਦੇ ਉਪਰ ਦੋਸੜਾ ਦਿਤਾ ਜਾਂਦਾ। ਸਹੇਲੀਆਂ, ਰਿਸ਼ਤੇਦਾਰ, ਭਰਜਾਈਆਂ ਡੋਲੀ ਵਿਚ ਬਿਠਾਉਂਦੀਆਂ ਸੀ।
ਫਿਰ ਸਹੁਰੇ ਘਰ ਆ ਕੇ ਕਿੰਨੇ ਚਾਵਾਂ ਦੇ ਨਾਲ ਵਿਆਹੁਲੀ ਨੂੰ ਗੱਡੀ ਵਿਚੋਂ ਉਸ ਦੀ ਜਠਾਣੀ ਉਤਾਰਦੀ ਹੁੰਦੀ ਸੀ। ਔਰਤਾਂ ਨੇ ਗੀਤ ਗਾਉਣੇ ਸਿੱਠਣੀਆਂ ਦੇਣੀਆਂ। ਹਫ਼ਤੇ ਬਾਅਦ ਮਿੱਠੀਆਂ ਰੋਟੀਆਂ ਲਹਾਈਆਂ ਜਾਂਦੀਆਂ ਅਤੇ ਸਾਰੇ ਹੀ ਸ਼ਗਨ ਬੜੇ ਚਾਵਾਂ ਨਾਲ ਕੀਤੇ ਜਾਂਦੇ ਸਨ। ਜੋ ਵੀ ਥਾਂ ਸਿਰ ਲਗਦਾ ਉਸ ਤੋਂ ਨਵੀਂ ਵਹੁਟੀ ਘੁੰਡ ਕੱਢ ਕੇ ਰਖਦੀ ਸੀ। ਖ਼ਾਸ ਕਰ ਕੇ ਜੇਠ ਤੋਂ, ਪਰ ਜੇਠ ਨੂੰ ਤਾਂ ਘਰ ਖੰਗੂਰਾ ਮਾਰ ਕੇ ਹੀ ਆਉਣਾ ਪੈਂਦਾ ਸੀ। ਘੁੰਡ ਨਾਲ ਕਈ ਲੋਕ ਬੋਲੀਆਂ ਵੀ ਜੁੜੀਆਂ ਹੋਈਆਂ ਹਨ ਜਿਵੇਂ
ਘੁੰਡ ਕੱਢ ਲੈ ਪਤਲੀਏ ਨਾਰੇ, ਨੀ ਸਹੁਰਿਆਂ ਦਾ ਪਿੰਡ ਆ ਗਿਆ
ਭੁੱਲਗੀ ਮੈਂ ਘੁੰਡ ਕਢਣਾ ਜੇਠਾ ਵੇ ਮੁਆਫ਼ ਕਰੀਂ
ਸਮੇਂ ਨੇ ਅਜਿਹੀ ਕਰਵਟ ਲਈ ਹੈ ਕਿ ਅੱਜ ਕਲ ਤਾਂ ਵਿਆਹ ਤੋਂ ਪਹਿਲਾਂ ਕੁੜੀ ਮੁੰਡੇ ਦੀ ਫ਼ੋਟੋ ਮੋਬਾਈਲ ਉਤੇ ਵਟਸਐਪ ਕਰ ਦਿਤੀ ਜਾਂਦੀ ਹੈ, ਫਿਰ ਪ੍ਰੀਵੈਡਿੰਗ ਤੇ ਕਿੰਨਾ ਖ਼ਰਚ ਕੀਤਾ ਜਾਂਦਾ ਹੈ। ਕਪੜੇ ਵੀ ਅੱਧੇ ਹੀ ਰਹਿ ਗਏ ਹਨ, ਘੁੰਡ ਕੱਢਣ ਦਾ ਰਿਵਾਜ ਤਾਂ ਅਲੋਪ ਹੀ ਹੋ ਗਿਆ ਹੈ।
-ਸੂਬੇਦਾਰ ਜਸਵਿੰਦਰ ਸਿੰਘ