

ਅਸ਼ੋਕ ਵਰਮਾ
ਬਠਿੰਡਾ,9ਦਸੰਬਰ2020:“ਜੀਵਨ ਵਿੱਚ ਸਥਿਰਤਾ, ਸਹਿਜਤਾ ਅਤੇ ਸਰਲਤਾ ਲਈ ਪ੍ਰਭੂ ਪਰਮਾਤਮਾ ਨਾਲ ਨਾਤਾ ਜੋੜੋ “ ਇਹ ਵਿਚਾਰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ 73ਵੇਂ ਵਰਚੁਅਲ ਨਿਰੰਕਾਰੀ ਸੰਤ ਸਮਾਗਮ ਦੇ ਆਖਰੀ ਦਿਨ ਕਰਵਾਏ ਸਮਾਗਮ ਦੌਰਾਨ ਕਹੇ। ਇਸ ਸਮਾਗਮ ਦਾ ਸੰਤ ਨਿਰੰਕਾਰੀ ਮਿਸ਼ਨ ਦੀ ਵੈਬਸਾਈਟ ਅਤੇ ਸੰਸਕਾਰ ਟੀ.ਵੀ. ਚੈਨਲ ਤੇ ਪ੍ਰਸਾਰਣ ਕੀਤਾ ਗਿਆ, ਜਿਸ ਦਾ ਆਨੰਦ ਦੇਸ਼ ਵਿਦੇਸ਼ ਦੇ ਲੱਖਾਂ ਸ਼ਰਧਾਲੂਆਂ ਨੇ ਲਿਆ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਕਿਹਾ ਕਿ ਜੀਵਨ ਦੇ ਹਰ ਪਹਿਲੂ ਵਿੱਚ ਸਥਿਰਤਾ ਦੀ ਲੋੜ ਹੈ। ਪਰਮਾਤਮਾ ਸਥਿਰ, ਸ਼ਾਸ਼ਵਤ ਅਤੇ ਇੱਕ ਰਸ ਹੈ। ਜਦੋਂ ਅਸੀਂ ਆਪਣਾ ਮਨ ਇਸ ਇੱਕ ਨਾਲ ਜੋੜ ਲੈਂਦੇ ਹਾਂ ਤਾਂ ਮਨ ਵਿੱਚ ਠਹਿਰਾਅ ਆ ਜਾਂਦਾ ਹੈ। ਇਸ ਨਾਲ ਵਿਵੇਕਸ਼ੀਲ ਤਰੀਕੇ ਨਾਲ ਫੈਸਲੇ ਲੈਣ ਦੀ ਸਮਰੱਥਾ ਵਧ ਜਾਂਦੀ ਹੈ ਅਤੇ ਜੀਵਨ ਦੇ ਹਰ ਉਤਾਰ ਚੜਾਅ ਦਾ ਸਹੀ ਤਰੀਕੇ ਨਾਲ ਸਾਹਮਣਾ ਕਰ ਪਾਉਂਦਾ ਹੈ।
ਇਸ ਗੱਲ ਨੂੰ ਸਪਸ਼ਟ ਕਰਦੇ ਹੋਏ ਸਤਿਗੁਰੂ ਮਾਤਾ ਨੇ ਕਿਹਾ ਕਿ ਜਿਸ ਤਰਾਂ ਇੱਕ ਰੁੱਖ ਤੇ ਫਲ ਲੱਗਣ ਤੋਂ ਪਹਿਲਾਂ ਫੁੱਲ ਆਉਂਦੇ ਹਨ ਅਤੇ ਫਲ ਉਤਾਰਨ ਦਾ ਸਮਾਂ ਵੀ ਆ ਜਾਂਦਾ ਹੈ। ਉਸਦੇ ਬਾਅਦ ਪਤਝੜ ਦਾ ਮੌਸਮ ਆਉਂਦਾ ਹੈ, ਜਿਸ ਵਿੱਚ ਪੱਤੇ ਤੱਕ ਨਿਕਲ ਜਾਂਦੇ ਹਨ ਤੇ ਇੱਕ ਹਰਿਆ ਭਰਿਆ ਰੁੱਖ ਜਿਸਦੀਆਂ ਹਰੀਆਂ ਭਰੀਆਂ ਟਹਿਣੀਆਂ ਲਹਿਰਾਉਂਦੀਆਂ ਸਨ, ਹੁਣ ਉਹ ਸੁੱਕੀ ਲੱਕੜੀ ਵਾਂਗੂ ਨਜ਼ਰ ਆਉਣ ਲੱਗਦਾ ਹੈ। ਅਸਥਿਰਤਾ ਅਤੇ ਮੌਸਮ ਦੇ ਬਦਲਾਅ ਦੇ ਬਾਵਜੂਦ ਵੀ ਉਹ ਦਰਖਤ ਆਪਣੀ ਜਗਾ ਤੇ ਖੜਾ ਰਹਿੰਦਾ ਹੈ ਕਿਉਂਕਿ ਉਹ ਮਜਬੂਤੀ ਨਾਲ ਆਪਣੀਆਂ ਜੜਾਂ ਨਾਲ ਜੁੜਿਆ ਹੋਇਆ ਹੈ। ਇਸ ਤਰਾਂ ਸਾਡੀਆਂ ਜੜਾਂ , ਸਾਡਾ ਆਧਾਰ , ਸਾਡੀ ਨੀਂਹ ਇਸ ਪਰਮਾਤਮਾ ਨਾਲ ਜੁੜੀ ਰਹੇ ਅਤੇ ਇਸ ਨਾਲ ਇੱਕਮਿਕ ਹੋ ਜਾਈਏ, ਤਾਂ ਹੀ ਕਿਸੇ ਵੀ ਪਰਿਸਥਿਤੀ ਵਿਚ ਵਿਚਲਿਤ ਨਹੀਂ ਹੋਵਾਂਗੇ।
ਦੂਜੇ ਦਿਨ ਦੇ ਸਤਸੰਗ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਤਿਗੁਰੁ ਮਾਤਾ ਜੀ ਨੇ ਕਿਹਾ ਕਿ ਜਦੋਂ ਸਾਡਾ ਮਨ ਪ੍ਰਮਾਤਮਾ ਦੀ ਪਹਿਚਾਣ ਕਰਕੇ ਇਸਦਾ ਆਧਾਰ ਲੈਂਦਾ ਹੈ, ਤਦ ਅਸੀਂ ਪ੍ਰਮਾਤਮਾ ਦੇ ਹੀ ਅੰਸ਼ ਬਣ ਜਾਂਦੇ ਹਾਂ ਅਤੇ ਜੀਵਨ ਵਿੱਚ ਸਥਿਰਤਾ ਆ ਜਾਂਦੀ ਹੈ । ਸਤਿਗੁਰੁ ਮਾਤਾ ਜੀ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਇੱਕ ਸਾਗਰ ਦਾ ਸਵਰੂਪ ਐਨਾਂ ਗਹਿਰਾ, ਵੱਡਾ ਅਤੇ ਵਿਸ਼ਾਲ ਹੋਣ ਦੇ ਬਾਵਜੂਦ ਵੀ ਉਸਦੀ ਗਹਿਰਾਈ ਵਿੱਚ ਕੋਈ ਹਲਚਲ ਮਹਿਸੂਸ ਨਹੀਂ ਹੁੰਦੀ ।
ਜਦੋਂ ਅਸੀਂ ਉਸਦੇ ਕੰਢੇ ਦੇ ਵੱਲ ਆਉਂਦੇ ਹਾਂ ਤਾਂ ਉਸਦੀ ਗਹਿਰਾਈ ਘੱਟ ਹੋ ਰਹੀ ਹੁੰਦੀ ਹੈ। ਉਸ ਵਿੱਚ ਲਹਿਰਾਂ ਵੀ ਆਉਂਦੀਆਂ ਹਨ, ਉਛਾਲ ਵੀ ਆਉਂਦੇ ਹਨ ਅਤੇ ਸ਼ੋਰ ਵੀ ਸੁਣਾਈ ਦੇਣ ਲਗਦਾ ਹੈ । ਇਸ ਤਰਾਂ ਮਨੁੱਖ ਜੋ ਸਹਿਣਸ਼ੀਲ ਹੁੰਦਾ ਹੈ ,ਔਖੀ ਪਰਿਸਥਿਤੀ ਵਿੱਚ ਵੀ ਪ੍ਰਭੂ, ਨਿਰੰਕਾਰ ਦੇ ਨਾਲ ਜੁੜਕੇ ਉਸਦੀ ਸਥਿਰਤਾ ਕਾਇਮ ਰਹਿੰਦੀ ਹੈ । ਇਸਦੇ ਉਲਟ ਜੋ ਇਨਸਾਨ ਛੋਟੀਆਂ-ਛੋਟੀਆਂ ਗੱਲਾਂ ਦਾ ਅਸਰ ਗ੍ਰਹਿਣ ਕਰਦਾ ਹੈ ਉਸਦੇ ਸੁਭਾਅ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਉਹ ਸਥਿਰ ਨਹੀਂ ਹੈ ।
ਦੱਸਣਯੋਗ ਹੈ ਕਿ ਸਮਾਗਮ ਦੇ ਪਹਿਲੇ ਦਿਨ ਸਤਿਗੁਰੂ ਮਾਤਾ ਜੀ ਨੇ ‘ਮਾਨਵਤਾ ਦੇ ਨਾਂ ਸੰਦੇਸ਼‘ ਦੇ ਕੇ ਸਮਾਗਮ ਦਾ ਵਿਧੀਵਤ ਰੂਪ ਵਿੱਚ ਉਦਘਾਟਨ ਕੀਤਾ। ਸਮਾਗਮ ਦੇ ਦੂਸਰੇ ਦਿਨ ਦੀ ਸ਼ੁਰੂਆਤ ਰੰਗਾਰੰਗ ਸੇਵਾਦਲ ਰੈਲੀ ਨਾਲ ਹੋਈ ਜਿਸ ਵਿੱਚ ਦੇਸ਼ ਵਿਦੇਸ਼ ਦੇ ਸੇਵਾਦਲ ਦੇ ਭਰਾਵਾਂ ਤੇ ਭੈਣਾਂ ਨੇ ਪ੍ਰਾਰਥਨਾ, ਸਰੀਰਕ ਕਸਰਤ , ਖੇਡਾਂ ਅਤੇ ਵੱਖ ਵੱਖ ਭਾਸ਼ਾਵਾਂ ਰਾਹੀਂ ਮਿਸ਼ਨ ਦੀਆਂ ਮੁਢਲੀਆਂ ਸਿੱਖਿਆਵਾਂ ਨੂੰ ਵਿਖਾਇਆ । ਇਸ ਮੌਕੇ ਆਪਣਾ ਆਸ਼ੀਰਵਾਦ ਦਿੰਦਿਆਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਕਿਹਾ ਕਿ ਕਰੋਨਾ ਕਰਕੇ ਜੀਵਨ ਵਿੱਚ ਕਾਫੀ ਪਰੇਸ਼ਾਨੀਆਂ ਅਤੇ ਸਮੱਸਿਆਵਾਂ ਦੇ ਬਾਵਜੂਦ ਵੀ ਜਿਹਨਾਂ ਨੇ ਸੇਵਾਭਾਵ ਨੂੰ ਆਪਣੇ ਮਨ ਨਾਲ ਜੋੜੀ ਬੱਖਿਆ, ਉਹਨਾਂ ਦੇ ਜੀਵਨ ’ਚ ਸਹਿਜਤਾ ਅਤੇ ਸਥਿਰਤਾ ਕਾਇਮ ਰਹੀ।
ਇਸ ਸਾਲ ਵਿਪਰੀਤ ਪਰਿਸਥਿਤੀਆਂ ਨੇ ਲੋਕਾਂ ਦੀ ਰੋਜ਼ਮਰਾ ਦੀ ਜਿੰਦਗੀ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ ਪਰ ਸੇਵਾਦਾਰਾਂ ਨੇ ਸੇਵਾ ਦੇ ਜਜ਼ਬੇ ਨੂੰ ਕਾਇਮ ਰੱਖਿਆ। ਇਸੇ ਸੇਵਾਭਾਵ ਨੂੰ ਅੱਗੇ ਵਧਾਉਂਦੇ ਹੋਏ ਕੋਵਿਡ-19 ਦੇ ਦੌਰਾਨ ਸਰਕਾਰ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਨੂੰ ਅਪਣਾਉਂਦਿਆਂ ਮਾਨਵਤਾ ਦੇ ਕਲਿਆਣ ਲਈ ਮਿਸ਼ਨ ਨੇ ਆਪਣਾ ਭਰਪੂਰ ਯੋਗਦਾਨ ਦਿੱਤਾ।ਸਮਾਗਮ ਦੇ ਤੀਜੇ ਦਿਨ ਇੱਥ ਬਹੁ-ਭਾਸ਼ੀ ਕਵੀ ਸਮੇਲਨ ਕਰਵਾਇਆ ਗਿਆ । ਜਿਸ ਵਿੱਚ ਦੁਨੀਆਂ ਭਰ ਦੇ 21 ਕਵੀਆਂ ਨੇ ’‘ਸਥਿਰ ਨਾਲ ਨਾਤਾ ਜੋੜ ਕੇ ਮਨ ਦਾ, ਜੀਵਨ ਨੂੰ ਅਸੀਂ ਸਹਿਜ ਬਣਾਈਏ ’’ ਸਿਰਲੇਖ ਤੇ ਕਵਿਤਾਵਾਂ ਪੇਸ਼ ਕੀਤੀਆਂ।