ਵਿੱਤ ਵਿਭਾਗ ਦੀ ਪ੍ਰਵਾਨਗੀ ਦੇ ਬਾਵਜੂਦ ਵੀ ਨਹੀਂ ਕੀਤਾ ਜਾ ਰਿਹਾ ਰੈਗੂਲਰ

ਅਸ਼ੋਕ ਵਰਮਾ
ਮਾਨਸਾ,9ਦਸੰਬਰ2020:ਸਰਵ ਸਿੱਖਿਆ ਅਭਿਆਨ ਤੇ ਮਿਡ ਡੇ ਮੀਲ ਦਫਤਰੀ ਕਰਮਚਾਰੀਆਂ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਲੰਬੇ ਸਮੇਂ ਤੋਂ ਕੀਤੇ ਵਾਅਦਿਆਂ ਦੇ ਪੂਰੇ ਨਾ ਹੋਣ ਤੋਂ ਖਫਾ ਹੋ ਕੇ ਐਲਾਨ ਕੀਤਾ ਹੈ ਕਿ 12 ਦਸੰਬਰ ਨੂੰ ਸੂਬਾ ਪੱਧਰੀ ਇਕੱਠ ਕਰਕੇ ਸਿੱਖਿਆ ਮੰਤਰੀ ਦੇ ਵਾਅਦਿਆਂ ਦੇ ਲਾਲੀਪੌਪ ਵਾਪਿਸ ਮੋੜਨ ਉਨਾਂ ਦੇ ਘਰ ਸੰਗਰੂਰ ਜਾਣਗੇ। ਸਿੱਖਿਆ ਵਿਭਾਗ ਵੱਲੋਂ ਸਮੇਂ ਸਮੇਂ ’ਤੇ ਵਿਭਾਗ ਵਿਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਤਾਂ ਪੱਕੇ ਕਰ ਦਿੱਤਾ ਹੈ ਪਰ ਹਰ ਵਾਰ ਦਫਤਰੀ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸਾਲ 2018 ਦੋਰਾਨ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ 1 ਅਪ੍ਰੈਲ 2018 ਤੋਂ ਵਿਭਾਗ ਵਿਚ ਪੱਕੇ ਕਰ ਦਿੱਤਾ ਗਿਆ ਪਰ ਇਸ ਵਾਰ ਵੀ ਦਫਤਰੀ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਗਿਆ ਜਿਸ ਤੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਸਿਰਫ ਅਧਿਆਪਕਾਂ ਦਾ ਹੀ ਵਿਭਾਗ ਹੈ ਅਤੇ ਇਸ ਵਿਚ ਸਿਰਫ ਤੇ ਸਿਰਫ ਅਧਿਆਪਕਾਂ ਦੀ ਹੀ ਸੁਣਵਾਈ ਹੁੰਦੀ ਹੈ। ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾ, ਜਿਲ੍ਹਾ ਪ੍ਰਧਾਨ ਮਨਦੀਪ ਕੁਮਾਰ ਅਤੇ ਮਿਡ ਡੇ ਮੀਲ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਮਨੋਜ ਜੋਗਾ ਨੇ ਪ੍ਰੈਸ ਬਿਆਨ ਜਾਰੀ ਕਰਿਦਿਆਂ ਕਿਹਾ ਕਿ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਬਾਅਦ ਵੀ ਤਕਰੀਬਨ ਢਾਈ ਸਾਲਾਂ ਦੋਰਾਨ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਅਣਗਿਣਤ ਮੀਟਿੰਗ ਹੋਈਆਂ ਹਨ ਜਿਸ ਵਿਚ ਹਰ ਵਾਰ ਉਨਾਂ ਵੱਲੋਂ ਕਿਹਾ ਗਿਆ ਕਿ ਅਸੀ ਤੁਹਾਨੁੰ ਪੱਕਾ ਕਰਨ ਲਈ ਕਾਰਵਾਈ ਕਰ ਰਹੇ ਹਾਂ ਅਤੇ ਅਗਲ਼ੀ ਕੈਬਿਨਟ ਮੀਟਿੰਗ ਵਿਚ ਤੁਹਾਨੂੰ ਪੱਕਾ ਕਰਨ ਦਿੱਤਾ ਜਾਵੇਗਾ। ਪਰ ਸਿੱਖਿਆ ਮੰਤਰੀ ਦੇ ਇਹ ਲਾਰੇ ਸੁਣਦੇ ਸੁਣਦੇ ਢਾਈ ਸਾਲ ਬੀਤ ਗਏ ਹਨ ਅਤੇ ਮੁਲਾਜ਼ਮਾਂ ਦੇ ਸਬਰ ਦਾ ਬੰਨ ਟੁੱਟ ਗਿਆ ਹੈ। ਆਗੂਆਂ ਨੇ ਦੱਸਿਆ ਕਿ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਵਿੱਤ ਵਿਭਾਗ ਵੱਲੋਂ ਦਸੰਬਰ 2019 ਵਿਚ ਪ੍ਰਵਾਨਗੀ ਮਿਲ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਇਕ ਸਾਲ ਬੀਤਣ ਨੂੰ ਆਇਆ ਹੈ ਪਰ ਕਰਮਚਾਰੀਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਕਰਮਚਾਰੀਆ ਨੂੰ ਰੈਗੂਲਰ ਨਾ ਕਰਕੇ ਉਲਟਾ ਕਰਮਚਾਰੀਆ ਦੀ ਤਨਖਾਹ ਵਿਚ ਕਟੌਤੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਨਿੱਤ ਦਿਨ ਨਵੇਂ ਫਰਮਾਨ ਜ਼ਾਰੀ ਕੀਤੇ ਜਾ ਰਹੇ ਹਨ ਜਿਸ ਤੋਂ ਸਮੂਹ ਮੁਲਾਜ਼ਮਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਆਗੂਆ ਨੇ ਕਿਹਾ ਕਿ 12 ਦਸੰਬਰ ਨੂੰ ਸੂਬੇ ਭਰ ਦੇ ਮੁਲਾਜ਼ਮ ਸੰਗਰੂਰ ਵਿਖੇ ਇਕੱਠੇ ਹੋ ਕੇ ਸਿੱਖਿਆ ਮੰਤਰੀ ਦੇ ਘਰ ਵੱਲ ਰੋਸ ਮਾਰਚ ਕਰਨਗੇ।