
ਅਸ਼ੋਕ ਵਰਮਾ
ਬਠਿੰਡਾ,9ਦਸੰਬਰ2020: ਜਮਹੂਰੀ ਅਧਿਕਾਰ ਸਭਾ ਨੇ 10 ਦਸੰਬਰ ਦੇ ਮਨੁੱਖੀ ਅਧਿਕਾਰ ਦਿਵਸ ਨੂੰ ਫਾਸ਼ੀਵਾਦ ਦੇ ਵਿਰੋਧ ’ਚ ਮਨਾਉਣ ਦਾ ਸੱਦਾ ਦਿੱਤਾ ਹੈ। ਸਭਾ ਦੇ ਜਿਲਾ ਪ੍ਰਧਾਨ ਬੱਗਾ ਸਿੰਘ ਅਤੇ ਪ੍ਰੈਸ ਸਕੱਤਰ ਡਾ ਅਜੀਪਾਲ ਸਿੰਘ ਨੇ ਆਖਿਆ ਕਿ ਮੁਲਕ ਵਿਚ ਇਸ ਵਕਤ ਸੱਤਾ ਚਲਾ ਰਹੀਆਂ ਹਿੰਦੂਤਵ ਤਾਕਤਾਂ ਦੇ ਇਸ਼ਾਰੇ ਤੇ ਸਿਲਸਿਲੇਵਾਰ ਤਰੀਕੇ ਨਾਲ ਆਪਣੇ ਪੈਰ ਪਸਾਰ ਰਿਹਾ ਹੈ ਅਤੇ ਮਨੁੱਖੀ ਤੇ ਜਮਹੂਰੀ ਹੱਕ ਬੇਕਿਰਕੀ ਨਾਲ ਦਰੜੇ ਜਾ ਰਹੇ ਹਨ। ਉਹਨਾਂ ਕਿਹਾ ਕਿ ਦੁਨੀਆ ਭਰ ਵਿਚ ਫਾਸ਼ੀਵਾਦੀ ਤਾਕਤਾਂ ਮਨੁੱਖੀ ਅਧਿਕਾਰਾਂ ਨੂੰ ਪੁੱਠਾ ਗੇੜਾ ਦੇਣ ਲਈ ਯਤਨਸ਼ੀਲ ਹਨ। ਖਾਸ ਤੌਰ ਤੇ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਦ ਮਨੁੱਖੀ ਹੱਕਾਂ ਤੇ ਹਮਲਿਆਂ ਵਿਚ ਤੇਜ਼ੀ ਆਈ ਹੈ। ਉਹਨਾਂ ਕਿਹਾ ਕਿ ਭਾਰਤ ’ਚ ਤਾਂ ਦੋ ਦਰਿਜਨ ਦੇ ਕਰੀਬ ਮਨੱਖੀ ਅਧਿਕਾਰਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਬੁੱਧੀਜੀਵੀਆਂ ਨੂੰ ਜੇਹਲਾਂ ’ਚ ਡੱਕਿਆ ਹੋਇਆ ਹੈ ਜਿਸ ਕਰਕੇ ਮਨੁੱਖੀ ਅਧਿਕਾਰ ਦਿਵਸ ਦੀ ਖ਼ਾਸ ਮਹੱਤਤਾ ਹੈ।ਉਹਨਾਂ ਕਿਹਾ ਕਿ ਮਨੁੱਖੀ ਹੱਕਾਂ ਲਈ ਜੱਦੋਜਹਿਦ ਨੂੰ ਹੋਰ ਸੰਜੀਦਗੀ ਨਾਲ ਅੱਗੇ ਵਧਾਉਣ ਦੀ ਲੋੜ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਆਗੂਆਂ ਨੇ ਸਮੂਹ ਇਨਸਾਫ਼ਪਸੰਦ ਜਮਹੂਰੀ ਤਾਕਤਾਂ ਨੂੰ ਪੰਜਾਬ ਵਿਚ ਚੱਲ ਰਹੇ ਪੱਕੇ ਮੋਰਚਿਆਂ ’ਚ ਮਨੁੱਖੀ ਅਧਿਕਾਰ ਦਿਵਸ ਮਨਾਉਣ ਅਤੇ ਜਮਹੂਰੀ ਹੱਕਾਂ ਦੇ ਘੁਲਾਟੀਏ ਬੁੱਧੀਜੀਵੀਆਂ ਨੂੰ ਰਿਹਾ ਕਰਨ ਦੀ ਮੰਗ ਉਠਾਉਣ ਦੀ ਪੁਰਜ਼ੋਰ ਅਪੀਲ ਕੀਤੀ ਹੈ।