ਅਸ਼ੋਕ ਵਰਮਾ
ਮਾਨਸਾ, 17 ਜੂਨ।

ਫਰਜ਼ੀ ਅੰਗਹੀਣ ਸਰਟੀਫਿਕੇਟ ਜਾਰੀ ਕਰਵਾਉਣ, ਝੂਠੀਆਂ ਡੋਪ ਟੈਸਟ ਰਿਪੋਰਟਾਂ ਜਾਰੀ ਕਰਨ ਅਤੇ ਐਮ.ਐਲ. ਆਰਜ ਵਿੱਚ ਹੇਰਾਫੇਰੀ ਕਰਕੇ ਸੱਟਾਂ ਦੀ ਕਿਸਮ ਵਿੱਚ ਬਦਲਾਅ ਕਰਕੇ ਰਿਸ਼ਵਤ ਵਜੋਂ ਮੋਟੀ ਰਕਮ ਵਸੂਲਣ ਦੇ ਮਾਮਲੇ ’ਚ ਵਿਜੀਲੈਂਸ ਦੀ ਟੀਮ ਵੱਲੋਂ ਗਿ੍ਰਫਤਾਰ ਲੈਬ ਟੈਕਨੀਸ਼ੀਅਨ ਵਿਜੇ ਕੁਮਾਰ, ਫਾਰਮਾਸਿਸਟ ਦਰਸ਼ਨ ਸਿੰਘ ਅਤੇ ਐਫ.ਐਲ.ਓ. ਤੇਜਿੰਦਰਪਾਲ ਸ਼ਰਮਾ ਅਦਾਲਤ ’ਚ ਪੇਸ਼ ਕਰਕੇ ਉਨਾਂ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਨਾਂ ਤਿੰਨਾਂ ਵਿਰੁੱਧ ਭਿ੍ਰਸ਼ਟਾਚਾਰ ਵਿਰੋਧੀ ਐਕਟ ਤਹਿਤ ਮੁੱਕਦਮਾ ਦਰਜ ਕੀਤਾ ਗਿਆ ਹੈ। ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਬਠਿੰਡਾ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਇੰਨਾਂ ਕੋਲੋਂ ਪੁੱਛ ਪੜਤਾਲ ਦੌਰਾਨ ਕਈ ਸਨਸਨੀਖੇਜ ਖੁਲਾਸਿਆਂ ਦੀ ਸੰਭਾਵਨਾ ਹੈ। ਉਨਾਂ ਦੱਸਿਆ ਕਿ ਵਿਜੀਲੈਂਸ ਹੁਣ ਇਹ ਪਤਾ ਲਾਉਣ ’ਚ ਜੁਟ ਗਈ ਹੈ ਕਿ ਇਸ ਗਿਰੋਹ ’ਚ ਕੌਣ ਕੌਣ ਸ਼ਾਮਲ ਹੈ। ਪਤਾ ਲੱਗਿਆ ਹੈ ਕਿ ਸਿਹਤ ਵਿਭਾਗ ਦੇ ਇੱਕ ਦੋ ਡਾਕਟਰਾਂ ਸਮੇਤ ਕਈ ਮੁਲਾਜਮ ਵਿਜੀਲੈਂਸ ਦੇ ਰੇਡਾਰ ਤੇ ਹਨ। ਮੁਢਲੇ ਤੌਰ ਤੇ ਸਾਹਮਣੇ ਆਇਆ ਹੈ ਕਿ ਇਨਾਂ ਕਰਮਚਾਰੀਆਂ ਨੇ ਕੁਝ ਪ੍ਰਾਈਵੇਟ ਹਸਪਤਾਲਾਂ ਦੇ ਮਾਲਕਾਂ, ਡਾਕਟਰਾਂ ਅਤੇ ਸਰਕਾਰੀ ਡਾਕਟਰਾਂ ਨਾਲ ਤਾਲਮੇਲ ਬਣਾਇਆ ਹੋਇਆ ਸੀ।
ਉਨਾਂ ਦੱਸਿਆ ਕਿ ਜੋ ਮਰੀਜ਼ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ ਲਈ ਆਉਂਦੇ ਸਨ, ਉਨਾਂ ਵਿੱਚੋਂ ਕੁਝ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਲਈ ਰੈਫਰ ਕਰਵਾ ਦਿੰਦੇ ਸਨ ਜਿਸ ਦੇ ਬਦਲੇ ’ਚ ਉਨਾਂ ਨੂੰ ਹਿੱਸਾ ਪੱਤੀ ਮਿਲਦਾ ਸੀ। ਸ਼੍ਰੀ ਵਿਰਕ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਜਨ ਸਵਾਸਥ ਯੋਜਨਾ ਤਹਿਤ ਮਰੀਜਾਂ ਦੇ ਸਿਵਲ ਹਸਪਤਾਲ ਮਾਨਸਾ ਵਿੱਚੋਂ ਪ੍ਰਾਈਵੇਟ ਹਸਪਤਾਲਾਂ ਨੂੰ ਇਲਾਜ਼ ਲਈ ਰੈਫਰ ਕੀਤੇ ਜਾਂਦੇ ਕੇਸਾਂ ਵਿੱਚੋ ਵੀ ਵੱਡੇ ਪੱਧਰ ’ਤੇ ਪੈਸਾ ਲੈਣ ਦੇਣ ਦੇ ਤੱਥ ਸਾ;ਹਮਣੇ ਆਏ ਹਨ। ਉਨਾਂ ਦੱਸਿਆ ਕਿ ਸਿਵਲ ਹਸਪਤਾਲ ਮਾਨਸਾ ਵਿੱਚ ਡੋਪ ਟੈਸਟ ਕਰਵਾਉਣ ਲਈ ਆਏ ਵਿਅਕਤੀਆਂ ਤੋਂ 10 ਹਜਾਰ ਰੁਪਏ ਲੈਕੇ ਨਤੀਜਾ ਉਨਾਂ ਦੇ ਹੱਥ ’ਚ ਕਰ ਦਿੱਤਾ ਜਾਂਦਾ ਸੀ।ਉਨਾਂ ਦੱਸਿਆ ਕਿ ਕਈ ਨਸ਼ੇੜੀ ਵਿਅਕਤੀ ਵੱਲੋਂ ਅਸਲਾ ਲਾਇਸੰਸ ਬਣਵਾਉਣ ਅਤੇ ਰੀਨਿਊ ਕਰਵਾਉਣ ਦਾ ਮਾਮਲਾ ਵੀ ਉੱਭਰਿਆ ਹੈ। ਇਸ ਤੋਂ ਇਲਾਵਾ ਇਨਾਂ ਵੱਲੋਂ ਲੜਾਈ-ਝਗੜੇ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਲੋਕਾਂ ਪਾਸੋਂ ਡਾਕਟਰਾਂ ਦੀ ਮਿਲੀਭੁਗਤ ਨਾਲ ਰਿਸ਼ਵਤ ਹਾਸਲ ਕਰਕੇ ਸੱਟ ਦੀ ਕਿਸਮ ਵੀ ਬਦਲ ਦਿੱਤੀ ਜਾਂਦੀ ਸੀ।