ਪੰਜਾਬ ਵਿੱਚ ਅੱਜ ਵੀ ਜੇ ਕੋਈ ਆਪਣੀ ਤਾਕਤ ਬਾਰੇ ਘੁਮੰਡ ਕਰੇ ਤਾਂ ਉਸ ਨੂੰ ਔਕਾਤ ਵਿਖਾਉਣ ਲਈ ਕਿਹਾ ਜਾਂਦਾ ਹੈ ਕਿ “ਤੂੰ ਕਿਹੜਾ ਗਾਮਾ ਭਲਵਾਨ ਹੈਂ?”
ਗੁਲਾਮ ਮੁਹੰਮਦ ਉਰਫ਼ ਗਾਮੇ ਪਹਿਲਵਾਨ ਦਾ ਜਨਮ 22 ਮਈ 1878 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ। ਉਸ ਦਾ ਪਿਤਾ ਅਜ਼ੀਜ਼ ਬਖ਼ਸ਼, ਕਸ਼ਮੀਰੀ ਮੂਲ ਦਾ ਸੀ ਤੇ ਰਿਆਸਤ ਦਤੀਆ ਦਾ ਦਰਬਾਰੀ ਪਹਿਲਵਾਨ ਸੀ। ਪ੍ਰਸਿੱਧ ਪਹਿਲਵਾਨ ਇਮਾਮ ਬਖ਼ਸ਼ ਗਾਮੇ ਦਾ ਛੋਟਾ ਭਰਾ ਸੀ। ਉਹ ਫਰੀ ਸਟਾਈਲ ਕੁਸ਼ਤੀ ਕਰਦਾ ਸੀ। ਭਾਰਤ ਦਾ ਇਹ ਸਭ ਤੋਂ ਮਹਾਨ ਪਹਿਲਵਾਨ ਆਪਣੇ ਜੀਵਨ ਵਿੱਚ 50 ਸਾਲ ਕੁਸ਼ਤੀਆਂ ਵਿੱਚ ਲਗਾਤਾਰ ਜੇਤੂ ਰਿਹਾ। ਉਸ ਨੂੰ ਰਿਆਸਤ ਦਤੀਆ, ਰੀਵਾ, ਇੰਦੌਰ, ਜੋਧਪੁਰ ਅਤੇ ਪਟਿਆਲਾ ਦੀ ਸਰਪ੍ਰਸਤੀ ਹਾਸਲ ਸੀ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਉਸ ਦਾ ਇੰਨਾ ਪ੍ਰਸ਼ੰਸਕ ਸੀ ਕਿ ਉਸ ਨੇ ਗਾਮੇ ਅਤੇ ਉਸ ਦੇ ਭਰਾ ਇਮਾਮ ਬਖ਼ਸ਼ ਨੂੰ ਜਾਇਦਾਦਾਂ ਬਖ਼ਸ਼ ਕੇ ਪੱਕੇ ਤੌਰ ’ਤੇ ਪਟਿਆਲੇ ਵਸਾ ਲਿਆ।
ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੁਮ ਨਵਾਜ਼ ਰਿਸ਼ਤੇ ਵਿੱਚੋਂ ਗਾਮੇ ਦੀ ਪੋਤਰੀ ਹੈ। ਗਾਮੇ ਦੀਆਂ ਦੋ ਪਤਨੀਆਂ ਸਨ। ਇੱਕ ਤਾਂ ਉਸ ਦੇ ਨਾਲ ਹੀ ਪਾਕਿਸਤਾਨ ਚਲੀ ਗਈ, ਪਰ ਦੂਸਰੀ ਬੜੌਦਾ (ਗੁਜਰਾਤ) ਹੀ ਰਹਿ ਗਈ। ਦਸ ਸਾਲ ਦੀ ਉਮਰ ਵਿੱਚ ਗਾਮੇ ਨੇ ਮਹਾਰਾਜਾ ਜੋਧਪੁਰ ਵੱਲੋਂ ਆਯੋਜਿਤ ਇੱਕ ਕਸਰਤ ਮੁਕਾਬਲੇ ਵਿੱਚ ਹਿੱਸਾ ਲਿਆ। ਇਹ ਮੁਕਾਬਲਾ ਡੰਡ ਬੈਠਕ ਮਾਰਨ ਅਤੇ ਹੋਰ ਕਸਰਤਾਂ ਕਰਨ ਸਬੰਧੀ ਸੀ। 400 ਪਹਿਲਵਾਨਾਂ ਵਿੱਚੋਂ ਗਾਮਾ ਪਹਿਲੇ 15 ਵਿੱਚ ਆ ਗਿਆ, ਪਰ ਉਸ ਦੇ ਦਮ ਅਤੇ ਲਗਨ ਨੂੰ ਵੇਖ ਕੇ ਮਹਾਰਾਜੇ ਨੇ ਉਸ ਨੂੰ ਜੇਤੂ ਐਲਾਨ ਦਿੱਤਾ। ਉਹ ਜੋਧਪੁਰ ਰਿਆਸਤ ਦਾ ਦਰਬਾਰੀ ਪਹਿਲਵਾਨ ਬਣ ਗਿਆ। ਉਹ ਰੋਜ਼ਾਨਾ 5,000 ਬੈਠਕਾਂ ਅਤੇ 3,000 ਡੰਡ ਮਾਰਦਾ ਸੀ ਤੇ 40 ਪਹਿਲਵਾਨਾਂ ਨਾਲ ਜ਼ੋਰ ਅਜ਼ਮਾਈ ਕਰਦਾ ਸੀ। ਦਸ ਲਿਟਰ ਦੁੱਧ, ਇੱਕ ਕਿਲੋ ਬਦਾਮ, ਇੱਕ ਕਿਲੋ ਘਿਉ, ਮੀਟ ਅਤੇ ਫਲ ਆਦਿ ਉਸ ਦੀ ਰੋਜ਼ ਦੀ ਖੁਰਾਕ ਸੀ। ਮਹਾਰਾਜਾ ਜੋਧਪੁਰ ਨੇ ਉਸ ਦੀ ਟਰੇਨਿੰਗ ਲਈ ਖ਼ਾਸ ਤੌਰ ’ਤੇ ਮਾਹਰ ਉਸਤਾਦ ਰੱਖੇ ਹੋਏ ਸਨ। ਜਲਦੀ ਹੀ ਮੁਕਾਬਲੇ ਲੜਨ ਵਾਸਤੇ ਉਸ ਦੇ ਡੌਲੇ ਫਰਕਣ ਲੱਗੇ।
17 ਸਾਲਾਂ ਦੀ ਉਮਰ ਤਕ ਗਾਮਾ ਕੋਈ ਖ਼ਾਸ ਮਸ਼ਹੂਰ ਨਹੀਂ ਸੀ। ਕਿਸਮਤ ਦਾ ਦੇਵਤਾ ਉਸ ’ਤੇ ਉਦੋਂ ਮਿਹਰਬਾਨ ਹੋਇਆ ਜਦੋਂ ਉਸ ਨੇ ਹਿੰਦ ਕੇਸਰੀ ਪਹਿਲਵਾਨ ਗੁੱਜਰਾਂਵਾਲਾ ਦੇ ਰਹੀਮ ਬਖ਼ਸ਼ ਮੁਲਤਾਨੀ ਨੂੰ ਵੰਗਾਰ ਦਿੱਤਾ। ਗਾਮੇ ਦਾ ਕੱਦ ਸਿਰਫ਼ 5 ਫੁੱਟ 7 ਇੰਚ ਸੀ ਤੇ ਮੁਲਤਾਨੀ ਦਾ 7 ਫੁੱਟ। ਮੁਲਤਾਨੀ ਨੇ ਬਹੁਤ ਘੱਟ ਕੁਸ਼ਤੀਆਂ ਹਾਰੀਆਂ ਸਨ। ਲੋਕਾਂ ਨੂੰ ਜਾਪਿਆ ਜਿਵੇਂ ਇੱਕ ਬੌਣੇ ਨੇ ਰਾਖਸ਼ ਨੂੰ ਲਲਕਾਰਨ ਦੀ ਗ਼ਲਤੀ ਕੀਤੀ ਹੋਵੇ। ਸਾਰੇ ਸਮਝਦੇ ਸਨ ਕਿ ਮੁਲਤਾਨੀ ਦੋ ਮਿੰਟ ਵਿੱਚ ਗਾਮੇ ਨੂੰ ਮੱਛਰ ਵਾਂਗ ਮਸਲ ਕੇ ਰੱਖ ਦੇਵੇਗਾ, ਪਰ ਸਮਾਂ ਗਾਮੇ ਦੇ ਪੱਖ ਵਿੱਚ ਸੀ। ਮੁਲਤਾਨੀ ਢਲਦੀ ਉਮਰ ਦਾ ਸੀ ਜਦੋਂਕਿ ਗਾਮੇ ਦਾ ਕਰੀਅਰ ਅਜੇ ਸ਼ੁਰੂ ਹੀ ਹੋਇਆ ਸੀ। ਸਵੇਰੇ ਨੌਂ ਵਜੇ ਸ਼ੁਰੂ ਹੋਈ ਕੁਸ਼ਤੀ ਲਗਾਤਾਰ ਪੰਜ ਘੰਟੇ ਚੱਲਦੀ ਰਹੀ। ਦੋਵੇਂ ਭਲਵਾਨ ਥੱਕ ਕੇ ਚੂਰ ਹੋ ਗਏ। ਗਾਮੇ ਦੇ ਕੰਨਾਂ ਅਤੇ ਨੱਕ ਵਿੱਚੋਂ ਖ਼ੂਨ ਵਗਣ ਲੱਗਾ। ਮੁਲਤਾਨੀ ਨੂੰ ਵੀ ਗੰਭੀਰ ਅੰਦਰੂਨੀ ਸੱਟਾਂ ਲੱਗੀਆਂ। ਅਖੀਰ ਫ਼ੈਸਲਾ ਨਾ ਹੁੰਦਾ ਵੇਖ ਕੇ ਰੈਫਰੀਆਂ ਨੇ ਕੁਸ਼ਤੀ ਬਰਾਬਰੀ ’ਤੇ ਛੁਡਵਾ ਦਿੱਤੀ। ਇਸ ਮੁਕਾਬਲੇ ਨੇ ਗਾਮੇ ਦੀ ਬੱਲੇ ਬੱਲੇ ਕਰਵਾ ਦਿੱਤੀ। ਉਹ ਧਰੂ ਤਾਰੇ ਵਾਂਗ ਕੁਸ਼ਤੀ ਦੇ ਆਸਮਾਨ ’ਤੇ ਛਾ ਗਿਆ। 1910 ਤਕ ਮੁਲਤਾਨੀ ਨੂੰ ਛੱਡ ਕੇ ਗਾਮੇ ਨੇ ਸਾਰੇ ਮਸ਼ਹੂਰ ਭਾਰਤੀ ਪਹਿਲਵਾਨਾਂ ਨੂੰ ਧੂੜ ਚਟਾ ਦਿੱਤੀ।
1911 ਵਿੱਚ ਲੰਡਨ ਵਿੱਚ ਵਿਸ਼ਵ ਹੈਵੀਵੇਟ ਰੈਸਲਿੰਗ ਚੈਂਪੀਅਨਸ਼ਿਪ ਹੋ ਰਹੀ ਸੀ। ਉਹ ਵੀ ਆਪਣੇ ਭਰਾ ਇਮਾਮ ਬਖ਼ਸ਼ ਸਮੇਤ ਭਾਗ ਲੈਣ ਲਈ ਇੰਗਲੈਂਡ ਪਹੁੰਚ ਗਿਆ, ਪਰ ਵਜ਼ਨ ਘੱਟ ਹੋਣ ਕਾਰਨ ਗਾਮੇ ਨੂੰ ਘੁਲਣ ਦੀ ਇਜਾਜ਼ਤ ਨਾ ਮਿਲੀ। ਦੁਖੀ ਹੋ ਕੇ ਗਾਮੇ ਨੇ ਖੁੱਲ੍ਹੀ ਚੁਣੌਤੀ ਦਿੱਤੀ ਕਿ ਉਹ ਕਿਸੇ ਵੀ ਭਾਰ ਦੇ ਤਿੰਨ ਪਹਿਲਵਾਨਾਂ ਨੂੰ ਇਕੱਠੇ 30 ਮਿੰਟਾਂ ਵਿੱਚ ਹਰਾ ਸਕਦਾ ਹੈ, ਪਰ ਗੱਪ ਸਮਝ ਕੇ ਕੋਈ ਪਹਿਲਵਾਨ ਲੜਨ ਲਈ ਨਾ ਆਇਆ। ਫਿਰ ਉਸ ਨੇ ਹੈਵੀਵੇਟ ਵਰਲਡ ਚੈਂਪੀਅਨ ਪੋਲੈਂਡ ਦੇ ਸਟੈਨੀਸਲਾਸ ਜੁਬੈਸਕੋ ਅਤੇ ਫਰੈਂਕ ਗੌਚ ਨੂੰ ਚੈਲੇਂਜ ਕਰ ਦਿੱਤਾ ਕਿ ਜੇ ਉਹ ਉਨ੍ਹਾਂ ਨੂੰ ਨਾ ਹਰਾ ਸਕਿਆ ਤਾਂ ਇਨਾਮ ਦੇ ਬਰਾਬਰ ਪੈਸੇ ਦੇ ਕੇ ਘਰ ਚਲਾ ਜਾਵੇਗਾ। ਉਸ ਦਾ ਸਭ ਤੋਂ ਪਹਿਲਾ ਚੈਲੇਂਜ ਸਵੀਕਾਰ ਕਰਨ ਵਾਲਾ ਪੇਸ਼ੇਵਰ ਪਹਿਲਵਾਨ ਅਮਰੀਕਾ ਦਾ ਬੈਂਜਾਮਿਨ ਰੋਲਰ ਸੀ। ਗਾਮੇ ਨੇ ਉਸ ਨੂੰ 1 ਮਿੰਟ 40 ਸਕਿੰਟ ਵਿੱਚ ਧੂੜ ਚਟਾ ਦਿੱਤੀ। ਦੂਜੇ ਦਿਨ ਉਸ ਨੇ ਇੱਕੋ ਦਿਨ ਵਿੱਚ 12 ਭਲਵਾਨਾਂ ਨੂ ਹਰਾ ਦਿੱਤਾ ਤਾਂ ਉਸ ਨੂੰ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਦੀ ਇਜਾਜ਼ਤ ਮਿਲ ਗਈ। ਲਗਾਤਰ ਜਿੱਤਾਂ ਪ੍ਰਾਪਤ ਕਰਦਾ ਹੋਇਆ ਉਹ ਫਾਈਨਲ ਵਿੱਚ ਪਹੁੰਚ ਗਿਆ।
ਫਾਈਨਲ ਵਿੱਚ ਉਸ ਦਾ ਮੁਕਾਬਲਾ ਵਰਲਡ ਚੈਂਪੀਅਨ ਜੁਬੈਸਕੋ ਨਾਲ ਹੋਇਆ। ਢਾਈ ਘੰਟੇ ਚੱਲੇ ਮੁਕਾਬਲੇ ਵਿੱਚ ਗਾਮੇ ਨੇ ਜੁਬੈਸਕੋ ਦੇ ਪੈਰ ਨਾ ਲੱਗਣ ਦਿੱਤੇ, ਪਰ ਉਸ ਨੂੰ ਢਾਹ ਵੀ ਨਾ ਸਕਿਆ। ਮੁਕਾਬਲਾ ਬਰਾਬਰੀ ’ਤੇ ਬੰਦ ਕਰਕੇ ਅਗਲੇ ਦਿਨ ’ਤੇ ਪਾ ਦਿੱਤਾ ਗਿਆ। ਥਕਾਵਟ ਦਾ ਮਾਰਿਆ ਜੁਬੈਸਕੋ ਅਗਲੇ ਦਿਨ ਅਖਾੜੇ ਵਿੱਚ ਹੀ ਨਾ ਪਹੁੰਚਿਆ। ਵਰਲਡ ਚੈਂਪੀਅਨ ਦਾ ਤਾਜ ਗਾਮੇ ਦੇ ਸਿਰ ’ਤੇ ਸਜ ਗਿਆ। ਇਸ ਦੌਰਾਨ ਗਾਮੇ ਨੇ ਸੰਸਾਰ ਦੇ ਸਾਰੇ ਚੋਟੀ ਦੇ ਪਹਿਲਵਾਨਾਂ ਨੂੰ ਹਰਾ ਦਿੱਤਾ। ਅਮਰੀਕਾ ਦਾ ਬੈਂਜਾਮਿਨ ਰੋਲਰ, ਫਰਾਂਸ ਦਾ ਮੌਰੀਸ ਡੈਰੀਆਜ਼, ਯੂਰਪੀਅਨ ਚੈਂਪੀਅਨ ਜਾਹਨ ਲੈਮ (ਸਵਿਟਜ਼ਰਲੈਂਡ) ਅਤੇ ਸਾਬਕਾ ਵਰਲਡ ਚੈਂਪੀਅਨ ਜੈਸ ਪੀਟਰਸਨ (ਸਵੀਡਨ) ਉਸ ਹੱਥੋਂ ਮਾਤ ਖਾ ਗਏ। ਰੋਲਰ ਨੂੰ ਤਾਂ ਗਾਮੇ ਨੇ 15 ਮਿੰਟ ਦੇ ਮੈਚ ਵਿੱਚ 13 ਵਾਰ ਪਟਕਿਆ। ਇਸ ਤੋਂ ਬਾਅਦ ਉਸ ਨੇ ਜਾਪਾਨ ਦੇ ਜੂਡੋ ਚੈਂਪੀਅਨ ਤਾਰੋ ਮਿਆਕੀ, ਰੂਸ ਦੇ ਜਾਰਜ ਹੈਂਜ਼ਸ਼ਮਿੱਟ ਅਤੇ ਅਮਰੀਕਾ ਦੇ ਫਰੈਂਕ ਗੌਚ ਨੂੰ ਲਲਕਾਰਿਆ, ਪਰ ਉਸ ਦਾ ਦਬਦਬਾ ਇੰਨਾ ਹੋ ਗਿਆ ਸੀ ਕਿ ਕੋਈ ਮੈਦਾਨ ਵਿੱਚ ਨਾ ਨਿੱਤਰਿਆ। ਉਸ ਨੇ ਚੈਲੇਂਜ ਕੀਤਾ ਕਿ ਉਹ ਇੰਗਲੈਂਡ ਦੇ 20 ਪਹਿਲਵਾਨਾਂ ਨੂੰ ਇੱਕੋ ਦਿਨ ਵਿੱਚ ਹਰਾਵੇਗਾ ਜਾਂ ਵਰਲਡ ਚੈਂਪੀਅਨ ਵਜੋਂ ਮਿਲੀ ਰਕਮ ਇਨਾਮ ਵਿੱਚ ਦੇ ਦੇਵੇਗਾ, ਪਰ ਕੋਈ ਸਾਹਮਣੇ ਨਾ ਆਇਆ।
ਪਰ ਅਜੇ ਵੀ ਉਸ ਦੇ ਦਿਲ ਵਿੱਚ ਇੱਕ ਕਸਕ ਬਾਕੀ ਸੀ ਕਿ ਵਰਲਡ ਚੈਂਪੀਅਨ ਬਣਨ ਦੇ ਬਾਵਜੂਦ ਉਹ ਰੁਸਤਮ-ਏ-ਹਿੰਦ ਨਹੀਂ ਸੀ ਬਣ ਸਕਿਆ। ਇਸ ਲਈ ਰਹੀਮ ਬਖ਼ਸ਼ ਮੁਲਤਾਨੀ ਨੂੰ ਹਰਾਉਣਾ ਜ਼ਰੂਰੀ ਸੀ। ਅਖੀਰ ਉਹ ਦਿਨ ਵੀ ਆ ਗਿਆ। ਦੋਵਾਂ ਸੂਰਮਿਆਂ ਦਾ ਭੇੜ ਅਲਾਹਾਬਾਦ ਵਿੱਚ ਹੋਇਆ। ਛੇ ਘੰਟੇ ਚੱਲੇ ਮੁਕਾਬਲੇ ਤੋਂ ਬਾਅਦ ਅਖੀਰ ਗਾਮਾ ਰੁਸਤਮ-ਏ-ਹਿੰਦ ਬਣ ਗਿਆ। ਜਦੋਂ ਕੁਸ਼ਤੀ ਤੋਂ ਸੰਨਿਆਸ ਲੈਣ ਤੋਂ ਬਾਅਦ ਉਸ ਨੂੰ ਪੁੱਛਿਆ ਗਿਆ ਕਿ ਉਸ ਨਾਲ ਭਿੜਨ ਵਾਲਾ ਕਿਹੜਾ ਪਹਿਲਵਾਨ ਸਭ ਤੋਂ ਖ਼ਤਰਨਾਕ ਸੀ ਤਾਂ ਉਸ ਨੇ ਇਕਦਮ ਜਵਾਬ ਦਿੱਤਾ ਕਿ ਰਹੀਮ ਬਖ਼ਸ਼ ਮੁਲਤਾਨੀ। ਇਸ ਤੋਂ ਬਾਅਦ ਉਸ ਨੇ ਗਵਾਲੀਅਰ ਰਿਆਸਤ ਦੇ ਚੈਂਪੀਅਨ ਪਹਿਲਵਾਨ ਬਿੱਦੂ ਪੰਡਿਤ ਦੀ ਪਿੱਠ ਲਵਾਈ।
1922 ਵਿੱਚ ਪ੍ਰਿੰਸ ਆਫ ਵੇਲਜ਼ ਭਾਰਤ ਦੇ ਦੌਰੇ ’ਤੇ ਆਏ। ਉਸ ਵੇਲੇ ਗਾਮਾ ਰਿਆਸਤ ਪਟਿਆਲਾ ਦਾ ਦਰਬਾਰੀ ਪਹਿਲਵਾਨ ਸੀ। ਉਸ ਨੂੰ ਭਾਰਤ ਦਾ ਸਭ ਤੋਂ ਮਹਾਨ ਪਹਿਲਵਾਨ ਘੋਸ਼ਿਤ ਕਰਕੇ ਪ੍ਰਿੰਸ ਆਫ ਵੇਲਜ਼ ਨੇ ਦਿੱਲੀ ਵਿੱਚ ਚਾਂਦੀ ਦੀ ਗੁਰਜ ਭੇਂਟ ਕੀਤੀ। ਉਸ ਤੋਂ ਬਾਅਦ 1927 ਤਕ ਕਿਸੇ ਪਹਿਲਵਾਨ ਨੇ ਉਸ ਨੂੰ ਲਲਕਾਰਨ ਦੀ ਹਿੰਮਤ ਨਾ ਕੀਤੀ। 18 ਸਾਲਾਂ ਬਾਅਦ ਜੁਬੈਸਕੋ ਨੇ 1928 ਵਿੱਚ ਦੁਬਾਰਾ ਉਸ ਨੂੰ ਚੈਲੇਂਜ ਕਰ ਦਿੱਤਾ। ਉਸ ਨੇ ਪਟਿਆਲੇ ਵਿੱਚ 60,000 ਦਰਸ਼ਕਾਂ ਸਾਹਮਣੇ ਹੋਈ ਕੁਸ਼ਤੀ ਵਿੱਚ ਸਿਰਫ਼ 42 ਸਕਿੰਟਾਂ ਵਿੱਚ ਜੁਬੈਸਕੋ ਨੂੰ ਚਿੱਤ ਕਰ ਦਿੱਤਾ। ਜੁਬੈਸਕੋ ਦੀਆਂ ਤਿੰਨ ਪੱਸਲੀਆਂ ਟੁੱਟ ਗਈਆਂ ਤੇ ਉਸ ਨੂੰ ਸਟਰੇਚਰ ’ਤੇ ਪਾ ਕੇ ਲਿਜਾਣਾ ਪਿਆ। ਜੁਬੈਸਕੋ ਨੇ ਇਸ ਤੋਂ ਬਾਅਦ ਕੁਸ਼ਤੀ ਕਰਨੀ ਹੀ ਛੱਡ ਦਿੱਤੀ।
1947 ਵਿੱਚ ਗਾਮਾ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਦੇ ਬਹੁਤ ਰੋਕਣ ਦੇ ਬਾਵਜੂਦ ਪਾਕਿਸਤਾਨ ਚਲਾ ਗਿਆ, ਪਰ ਮਰਨ ਤਕ ਉਹ ਇਸ ਫ਼ੈਸਲੇ ’ਤੇ ਝੂਰਦਾ ਰਿਹਾ। ਪਾਕਿਸਤਾਨ ਵਿੱਚ ਉਹ 1952 ਤਕ ਕੁਸ਼ਤੀਆਂ ਕਰਦਾ ਰਿਹਾ, ਪਰ ਭਾਰਤ ਵਾਲੀ ਗੱਲ ਨਾ ਬਣੀ। ਹਾਥੀ ਅਤੇ ਭਲਵਾਨ ਪਾਲਣੇ ਸੌਖੇ ਨਹੀਂ ਹੁੰਦੇ। ਉਸ ਨੂੰ ਕਿਸੇ ਨਵਾਬ ਜਾਂ ਰਈਸ ਨੇ ਸਰਪ੍ਰਸਤੀ ਨਾ ਦਿੱਤੀ। ਉਸ ਨੂੰ ਦਮਾ ਅਤੇ ਦਿਲ ਦੇ ਰੋਗ ਹੋ ਗਏ, ਪਰ ਇਲਾਜ ਲਈ ਪੈਸੇ ਨਹੀਂ ਸਨ। ਕੁਸ਼ਤੀ ਪ੍ਰੇਮੀ ਭਾਰਤੀ ਉਦਯੋਗਪਤੀ ਜੀ.ਡੀ. ਬਿਰਲਾ ਨੇ ਪਤਾ ਲੱਗਣ ’ਤੇ 2,000 ਰੁਪਏ ਦੀ ਸਹਾਇਤਾ ਰਾਸ਼ੀ ਭੇਜੀ। ਪਾਕਿਸਤਾਨੀ ਸਰਕਾਰ ਨੇ ਉਸ ਦੀ 300 ਰੁਪਏ ਮਹੀਨਾ ਪੈਨਸ਼ਨ ਲਗਾ ਦਿੱਤੀ। ਰੋਜ਼ਾਨਾ 300 ਰੁਪਏ ਦੀ ਖੁਰਾਕ ਖਾ ਜਾਣ ਵਾਲਾ ਗਾਮਾ ਬਦਹਾਲੀ ਦੀ ਜ਼ਿੰਦਗੀ ਜਿਊਣ ਲੱਗਾ। ਅਖੀਰ ਬਿਮਾਰੀਆਂ ਨਾਲ ਘੁਲਦਾ ਪੰਜਾਬ ਦਾ ਇਹ ਲਾਸਾਨੀ ਸਪੂਤ ਲਾਹੌਰ ਦੇ ਸਰਕਾਰੀ ਹਸਪਤਾਲ ਦੇ ਮੰਜੇ ’ਤੇ 23 ਮਈ 1960 ਨੂੰ ਮੌਤ ਦੀ ਝੋਲੀ ਜਾ ਪਿਆ। ਉਸ ਦਾ ਭਤੀਜਾ ਭੋਲੂ ਭਲਵਾਨ ਪਾਕਿਸਤਾਨ ਵਿੱਚ ਕਾਫ਼ੀ ਮਸ਼ਹੂਰ ਰਿਹਾ ਹੈ। ਉਸ ਦੀਆਂ ਕਸਰਤ ਨਾਲ ਸਬੰਧਿਤ ਕਈ ਵਸਤੂਆਂ ਐੱਨਆਈਐੱਸ ਪਟਿਆਲਾ ਵਿੱਚ ਸੰਭਾਲੀਆਂ ਹੋਈਆਂ ਹਨ। ਅੰਮ੍ਰਿਤਸਰ ਦੇ ਚਾਟੀਵਿੰਡ ਗੇਟ ਦੇ ਬਾਹਰ ਉਸ ਦੇ ਭਰਾ ਇਮਾਮ ਬਖ਼ਸ਼ ਵੱਲੋਂ ਸਥਾਪਿਤ ਅਖਾੜਾ ਚੱਲ ਰਿਹਾ ਹੈ। ਅੱਜ ਵੀ ਉਸ ਦਾ ਨਾਂ ਇਮਾਮ ਬਖ਼ਸ਼ ਦਾ ਅਖਾੜਾ ਹੈ। ਕਹਿੰਦੇ ਹਨ ਕਿ ਬਰੂਸ ਲੀ, ਗਾਮੇ ਦੇ ਕਸਰਤ ਕਰਨ ਦੇ ਤਰੀਕਿਆਂ ਦਾ ਬਹੁਤ ਕਾਇਲ ਸੀ। ਉਸ ਨੇ ਉਸ ਬਾਰੇ ਕਈ ਆਰਟੀਕਲ ਪੜ੍ਹੇ ਸਨ।