ਮਨਦੀਪ ਕੌਰ ਭੰਮਰਾ
ਅਗਰ ਉਸਦਾ ਉਸਨੂੰ ਸਹਾਰਾ ਨਾਂਹ ਹੁੰਦਾ,
ਜੀਵਨ ਦਾ ਫਿਰ ਕੋਈ ਕਿਨਾਰਾ ਨਾ ਹੁੰਦਾ।
ਕਦਰਾਂ ਕੀਮਤਾਂ ਭਰੀ ਉੱਚੀ ਸੋਚ ਨਾ ਹੁੰਦੀ,
ਤੇਰਾ ਉਸ ਨਾਲ਼ ਚੰਗਾ ਵਰਤਾਰਾ ਨਾ ਹੁੰਦਾ।
ਭਾਵਾਂ ਤੋਂ ਸੱਖਣੀ ਜੇ ਹਸਤੀ ਹੁੰਦੀ ਮਨੁੱਖ ਦੀ,
ਦੁਨੀਆਂ ਦਾ ਫਿਰ ਅਜਬ ਨਜ਼ਾਰਾ ਨਾ ਹੁੰਦਾ।
ਖੰਡਾਂ ਬ੍ਰਹਿਮੰਡਾਂ ਦੀ ਹੋਂਦ ਨਾਂਹ ਹੁੰਦੀ ਜੇਕਰ,
ਆਕਾਸ਼,ਚੰਦ,ਸੂਰਜ,ਕੋਈ ਤਾਰਾ ਨਾ ਹੁੰਦਾ।
ਧਰਤ ਹੋਰ ਨਵੀਂ ਲੱਭਦੀ ਨਾ ਸਾਗਰੀਂ ਖੜ੍ਹੀ,
ਕੋਲੰਬਸ ਬਾਦਬਾਂ ਤੋਂ ਜੇ ਨਿਤਾਰਾ ਨਾ ਹੁੰਦਾ।
ਸੋਚਾਂ ਵਿੱਚ ਉੱਗ ਆਉਂਦੇ ਭੱਖੜੇ,ਕੰਡੇ,ਰੋਹੀ,
ਜਜ਼ਬੇ ਕਿਸੇ ਵਿੱਚ ਕੋਈ ਪਿਆਰਾ ਨਾ ਹੁੰਦਾ।
ਦਿਲਾਂ ਨੂੰ ਦਿਲਾਂ ਦੀ ਜੇ ਕੋਈ ਸਾਂਝ ਨਾ ਹੁੰਦੀ,
ਕੋਈ ਕਿਸੇ ਦਾ ਵੀ ਇੱਥੇ ਦੁਲਾਰਾ ਨਾ ਹੁੰਦਾ।
-ਮਨਦੀਪ ਕੌਰ ਭੰਮਰਾ