ਇਸ ਸਨਮਾਨ ਨਾਲ ਆਪਣੀ ਹੋਰ ਵਧੇਰੇ ਜ਼ਿੰਮੇਵਾਰੀ ਮਹਿਸੂਸ ਕਰ ਰਿਹਾ ਹਾਂ- ਮਨਿੰਦਰ ਮੋਗਾ
ਮੋਗਾ (ਪੰਜ ਦਰਿਆ ਬਿਊਰੋ) ਪੰਜਾਬੀ ਬਾਲ ਸਾਹਿਤ ਦੇ ਪ੍ਰਸਿੱਧ ਲੇਖਕ ਬਹਾਦਰ ਡਾਲਵੀ ਪੰਜਾਬੀ ਸਾਹਿਤ ਵਿੱਚ ਇੱਕ ਜਾਣਿਆ- ਪਹਿਚਾਣਿਆ ਨਾਮ ਹਨ। ਉਨ੍ਹਾਂ ਨੇ ਬਾਲ ਸਾਹਿਤ ਲਈ ਬਹੁਤ ਸਾਰੀਆਂ ਕਹਾਣੀਆਂ, ਬਾਲ ਕਵਿਤਾਵਾਂ ਅਤੇ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਨੇ ਬੱਚਿਆਂ ਦੇ ਮਾਨਸਿਕ ਅਤੇ ਮਨੋਵਿਗਿਆਨਕ ਵਿਕਾਸ ’ਤੇ ਡੂੰਘਾ ਅਸਰ ਪਾਇਆ ਹੈ। ਬਹਾਦਰ ਡਾਲਵੀ ਦੀ ਯਾਦ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਦੇ ਪਰਿਵਾਰ ਵੱਲੋਂ ਹਰ ਸਾਲ “ਬਹਾਦਰ ਡਾਲਵੀ ਯਾਦਗਾਰੀ ਪੁਰਸਕਾਰ” ਦਿੱਤਾ ਜਾਂਦਾ ਹੈ।
ਇਸ ਸਾਲ ਇਹ ਅਵਾਰਡ ਪ੍ਰਸਿੱਧ ਪੰਜਾਬੀ ਫਿਲਮੀ ਕਲਾਕਾਰ ਮਨਿੰਦਰ ਮੋਗਾ ਨੂੰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੂੰ 2100 ਰੁਪਏ ਦੀ ਰਕਮ ਅਤੇ ਯਾਦਗਾਰੀ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸਨਮਾਨ ਸਮਾਰੋਹ ਦੌਰਾਨ ਪ੍ਰਸਿੱਧ ਸੰਗੀਤਕਾਰ ਨਿੰਮਾ ਵਿਰਕ, ਗਾਇਕ ਡਾ. ਬਲਜੀਤ, ਗੀਤਕਾਰ ਗੋਲੂ ਕਾਲੇਕੇ, ਗੀਤਕਾਰ ਸੋਨੀ ਮੋਗਾ ਅਤੇ ਗਾਇਕ ਜਸ ਸਿੱਧੂ ਸਮੇਤ ਹੋਰ ਕਈ ਹਸਤੀਆਂ ਹਾਜ਼ਰ ਸਨ। ਉਨ੍ਹਾਂ ਨੇ ਮਨਿੰਦਰ ਮੋਗਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ ਕਲਾਕਾਰਾਂ ਲਈ ਵੱਡੀ ਪ੍ਰੇਰਣਾ ਬਣਦੇ ਹਨ ਅਤੇ ਇਸ ਨਾਲ ਉਨ੍ਹਾਂ ਦਾ ਹੌਸਲਾ ਹੋਰ ਵੀ ਬੁਲੰਦ ਹੁੰਦਾ ਹੈ।
ਇਸ ਮੌਕੇ ’ਤੇ ਮਨਿੰਦਰ ਮੋਗਾ ਨੇ ਭਾਵੁਕ ਭਾਸ਼ਣ ਦਿੰਦੇ ਹੋਏ ਡਾਲਵੀ ਪਰਿਵਾਰ ਅਤੇ ਉਨ੍ਹਾਂ ਦੇ ਬੇਟੇ ਫਿਲਮ ਨਿਰਦੇਸ਼ਕ ਨਵ ਡਾਲਵੀ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਇਨਾਮ ਨੇ ਉਨ੍ਹਾਂ ਦੀ ਕਲਾ ਨੂੰ ਇੱਕ ਨਵੀਂ ਰੌਸ਼ਨੀ ਦਿੱਤੀ ਹੈ ਅਤੇ ਉਹ ਹੋਰ ਵੀ ਉਤਸ਼ਾਹ ਨਾਲ ਅੱਗੇ ਕੰਮ ਕਰਦੇ ਰਹਿਣਗੇ।