ਦੁੱਖਭੰਜਨ ਸਿੰਘ ਰੰਧਾਵਾ
0351920036369
ਦੇ ਕੇ ਸਾਨੂੰ ਪੰਡ ਕੂ ਤੂੰ ਲਾਰੇ,
ਆਪ ਤੁਰ ਗਿਓਂ ਚੰਨਾਂ ਵੇ।
ਕਿਹੜੇ ਪਿੱਛੇ ਛੱਡੇ ਈ ਸਹਾਰੇ,
ਆਪ ਤੁਰ ਗਿਓਂ ਚੰਨਾਂ ਵੇ।
ਵੇ ਤੂੰ ਨੇੜੇ ਕਾਹਦਾ ਆਇਓਂ,
ਸਾਡੀ ਮਾਰੀ ਗਈ ਮੱਤ।
ਭੈੜੀ ਦੁਨੀਆਂ ਦੇ ਵੱਲੋਂ ਸਾਡੀ,
ਵਿਚਾਰੀ ਗਈ ਮੱਤ।
ਅੱਗੇਈ ਅਸੀਂ ਗਮਾਂ ਦੇ ਆਂ ਮਾਰੇ,
ਆਪ ਤੁਰ ਗਿਓਂ ਚੰਨਾਂ ਵੇ।
ਦੇ ਕੇ ਸਾਨੂੰ ਪੰਡ ਕੂ ਤੂੰ ਲਾਰੇ
ਕੁੰਜੀ ਟੁੱਟ ਗਈ ਯਾਰਾ ਸਾਡੇ,
ਗਮਾਂ ਦੇ ਸੰਦੂਕ ਦੀ।
ਗੋਲੀ ਸੀਨੇ ਵੱਜੀ ਠਾ ਤੇਰੀ,
ਵਿਛੋੜੇ ਦੀ ਬੰਦੂਕ ਦੀ।
ਅੱਖੀਓਂ ਡੁੱਲਣ ਪਏ ਹੁਣ ਖਾਰੇ,
ਆਪ ਤੁਰ ਗਿਓਂ ਚੰਨਾਂ ਵੇ।
ਦੇ ਕੇ ਸਾਨੂੰ ਪੰਡ ਕੂ ਤੂੰ ਲਾਰੇ
ਮੈਂ ਚੁਣਾਂ ਕਿੱਕਰਾਂ ਦੇ ਬਾਗ ਵਿੱਚੋਂ,
ਵੇ ਫੁੱਲਾਂ ਦੀਆਂ ਪੱਤੀਆਂ।
ਗਮ ਪਾਉਂਦੇ ਮੈਨੂੰ ਘੇਰਾ ਨਾਲੇ,
ਨੇ ਬੰਦ ਦੀਵੇ ਬੱਤੀਆਂ।
ਅਸੀਂ ਹੁਣ ਹੱਥ ਮੱਥੇ ਉੱਤੇ ਮਾਰੇ,
ਆਪ ਤੁਰ ਗਿਓਂ ਚੰਨਾਂ ਵੇ।
ਦੇ ਕੇ ਸਾਨੂੰ ਪੰਡ ਕੂ ਤੂੰ ਲਾਰੇ
ਹਾਏ ਮੈਂ ਰੁਲਦੀ ਤੇ ਨਾ ਜੇ,
ਤੂੰ ਹੁੰਦਾ ਮੇਰੇ ਵੱਲ।
ਡੁੱਬਣੋਂ ਬਚਾ ਲੈਂਦਾ ਏ ਦੱਸ,
ਕਿੱਡੀ ਕੂ ਸੀ ਗੱਲ।
ਹਰਾਇਆ ਲਹਿਰਾਂ ਤੇ ਆਪਾਂ
ਵੀ ਹਾਰੇ ਆਪ ਤੁਰ ਗਿਓਂ ਚੰਨਾਂ ਵੇ।
ਦੇ ਕੇ ਸਾਨੂੰ ਪੰਡ ਕੂ ਤੂੰ ਲਾਰੇ
ਆਉਂਦੀ ਆਉਂਦੀ ਯਾਦ ਤੇਰੀ,
ਬੜਾ ਕੁਝ ਲਿਆਈ ਵੇ।
ਕਿੱਦਾਂ ਮਰ ਮਰ ਕੇ ਜੀਵਾਂ ਤਾਰੇ,
ਭਰਦੇ ਨੇ ਪਏ ਗਵਾਈ ਵੇ।
ਲੱਗ ਗਏ ਨੇ ਬੜੇ ਈ ਕਸਾਰੇ,
ਆਪ ਤੁਰ ਗਿਓਂ ਚੰਨਾਂ ਵੇ
ਦੇ ਕੇ ਸਾਨੂੰ ਪੰਡ ਕੂ ਤੂੰ ਲਾਰੇ
ਵੇ ਤੇਰੇ ਕੋਲ ਆਸ ਸੀ ਤੇ,
ਹੁਣ ਹਾਂ ਬੇਆਸ ਮੈਂ।
ਕੋਹ ਕੋਹ ਮਾਰਦੀਆਂ ਪੀੜਾਂ,
ਤੇ ਰਹਿੰਦੀ ਹਾਂ ਉਦਾਸ ਮੈਂ।
ਦੇ ਕੇ ਜਾਨੋਂ ਚੈਨ ਭਾਵੇਂ ਉਧਾਰੇ,
ਆਪ ਤੁਰ ਗਿਓਂ ਚੰਨਾਂ ਵੇ।
ਦੇ ਕੇ ਸਾਨੂੰ ਪੰਡ ਕੂ ਤੂੰ ਲਾਰੇ
ਨਾ ਕੋਈ ਮੇਰਾ ਸੁੱਖ ਰਿਹਾ,
ਤੇ ਨਾ ਤੂੰ ਮੇਰਾ ਯਾਰ ਵੇ।
ਮੈਂ ਲਹਿਰਾਂ ਚ ਫਸੀ ਪਈਆਂ,
ਦੁੱਖਭੰਜਨਾਂ ਅੱਧ ਵਿਚਕਾਰ ਵੇ।
ਆ ਜਾ ਡੁੱਬਦੀ ਨੂੰ ਲਾ ਦੇ ਕਿਨਾਰੇ,
ਆਪ ਤੁਰ ਗਿਓਂ ਚੰਨਾਂ ਵੇ।
ਦੇ ਕੇ ਸਾਨੂੰ ਪੰਡ ਕੂ ਤੂੰ ਲਾਰੇ,
ਆਪ ਤੁਰ ਗਿਓਂ ਚੰਨਾਂ ਵੇ।