ਪੰਜਾਬੀ ਸਾਹਿਤ ਦਾ ਥੌਮਸ ਹਾਰਡੀ
ਰਾਮ ਸਰੂਪ ਅਣਖੀ
ਰਾਮ ਸਰੂਪ ਅਣਖੀ ਨੂੰ ਪੰਜਾਬੀ ਸਾਹਿਤ ਦਾ ‘ਥੌਮਸ ਹਾਰਡੀ’ ਕਹਿਣਾ ਬਣਦਾ ਹੈ। ਅਣਖੀ ਨਾਵਲਾਂ ਵਿੱਚ ਹਾਰਡੀ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਪੰਜਾਬੀ ਨਾਵਲਕਾਰੀ ਵਿੱਚ ਉਨ•ਾਂ ਦਾ ਯੋਗਦਾਨ ਹਾਰਡੀ ਤੋਂ ਘੱਟ ਨਹੀਂ ਹੈ। ਅਣਖੀ ਨੂੰ ਸਾਹਿਤ ਜਗਤ ਦਾ ਹਰਫ਼ਨਮੌਲਾ ਲਿਖਾਰੀ ਵੀ ਕਿਹਾ ਜਾਂਦਾ ਹੈ ਜਿਸ ਨੇ ਤਿੰਨੇ ਵਿਧਾਵਾਂ ਵਿੱਚ ਲਿਖਿਆ। ਪੰਜ ਕਾਵਿ ਸੰਗ੍ਰਹਿ ਛਪਣ ਤੋਂ ਬਾਅਦ ਜਦੋਂ ਕਹਾਣੀਆਂ ਵਾਲੇ ਪਾਸੇ ਅਣਖੀ ਨੇ ਕਲਮ ਤੋਰੀ ਤਾਂ 250 ਤੋਂ ਵੱਧ ਕਹਾਣੀਆਂ ਲਿਖ ਦਿੱਤੀਆਂ। ਫਿਰ ਜਦੋਂ ਅਣਖੀ ਦੀ ਕਲਮ ਨੇ ਨਾਵਲਾਂ ਵੱਲ ਮੋੜਾ ਕੱਟਿਆ ਤਾਂ ਪੰਦਰਾਂ ਨਾਵਲ ਲਿਖ ਮਾਰੇ। ਉਸ ਦੇ ਨਾਵਲ ਨਾ ਸਿਰਫ਼ ਹਿੰਦੀ ਤੇ ਅੰਗਰੇਜ਼ੀ ਸਗੋਂ ਗੁਜਰਾਤੀ, ਮਰਾਠੀ ਤੇ ਉਰਦੂ ਆਦਿ ਭਾਸ਼ਾਵਾਂ ਵਿੱਚ ਵੀ ਅਨੁਵਾਦ ਕਰਕੇ ਪ੍ਰਕਾਸ਼ਤ ਕੀਤੇ ਗਏ। ਅਣਖੀ ਨੇ 16 ਨਾਵਲ, 12 ਸੰਪਾਦਿਤ ਕਥਾ ਪੁਸਤਕਾਂ, 6 ਕਾਵਿ ਸੰਗ੍ਰਹਿ, 3 ਵਾਰਤਕ ਪੁਸਤਕਾਂ, 2 ਸਵੈ-ਜੀਵਨੀਆਂ (ਆਪਣੀ ਮਿੱਟੀ ਦੇ ਰੁਖ ਤੇ ਮਲੇ ਝਾੜੀਆਂ), ਇਕ ਖੋਜ ਪੁਸਤਕ (ਦੇਸ ਮਾਲਵਾ) ਅਤੇ ਇਕ ਸ਼ਬਦ ਚਿੱਤਰ ਪੁਸਤਕ (ਮੋਏ ਮਿੱਤਰਾਂ ਦੀ ਸ਼ਨਾਖ਼ਤ) ਲਿਖੀ। ‘ਹੱਡੀਂ ਬੈਠੇ ਪਿੰਡ’ ਲੜੀਵਾਰ ਕਾਲਮ ਨਵਾਂ ਜ਼ਮਾਨਾ ਵਿੱਚ ਛਪਿਆ ਤੇ ਫਿਰ ਕਿਤਾਬ ਬਣੀ। ਅਣਖੀ ਨੇ ਕਦੇ ਵੀ ਐਵਾਰਡ ਲਈ ਕੋਈ ਜੁਗਾੜ ਨਹੀਂ ਲਾਇਆ ਪਰ ਫੇਰ ਵੀ ਹਰ ਐਵਾਰਡ, ਮਾਣ-ਸਨਮਾਨ ਤੇ ਪੁਰਸਕਾਰ ਅਣਖੀ ਦੀ ਝੋਲੀ ਪਿਆ। ਟੀ.ਵੀ. ਉਪਰ ਨਾਵਲਾਂ ‘ਤੇ ਲੜੀਵਾਰ ਬਣੇ। ਨਾਵਲ ‘ਕੋਠੇ ਖੜਕ ਸਿੰਘ’ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਸਵੈ-ਜੀਵਨੀ ‘ਮਲੇ ਝਾੜੀਆਂ’ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਬੋਤਮ ਪੁਰਸਕਾਰ ਦਾ ਇਨਾਮ ਮਿਲਿਆ। ‘ਗੇਲੋ’ ਨਾਵਲ ਉਪਰ ਪੰਜਾਬੀ ਫ਼ਿਲਮ ਬਣੀ। ‘ਪਰਤਾਪੀ’ ਨਾਵਲ ਨੂੰ ਅਲਫ਼ਾ ਟੀ.ਵੀ. ਨੇ 70 ਕਿਸ਼ਤਾਂ ਵਿੱਚ ਲੜੀਵਾਰ ਦਿਖਾਇਆ। ਉਨ•ਾਂ ਦੀਆਂ ਕਹਾਣੀਆਂ ‘ਸਾਰਿਕਾ’ ਨੇ ਅਨੁਵਾਦ ਕਰਕੇ ਛਾਪੀਆਂ। ‘ਸਾਈਕਲ ਦੌੜ’ ਕਹਾਣੀ ਨੂੰ ਦੂਰਦਰਸ਼ਨ ਜਲੰਧਰ ਨੇ ਫ਼ਿਲਮਾਂਕਣ ਕਰਕੇ ਦਿਖਾਇਆ। ਕਹਾਣੀ ‘ਖਾਰਾ ਦੁੱਧ’ ਦੀ ਡਾਕੂਮੈਂਟਰੀ ਫ਼ਿਲਮ ਬਣੀ ਜਿਸ ਵਿੱਚ ਬਾਲੀਵੁੱਡ ਦੇ ਅਦਾਕਾਰ ਰਾਜਿੰਦਰ ਅਤੇ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਕਲਾਕਾਰ ਬੀਨੂੰ ਢਿੱਲੋਂ ਤੇ ਸੁਨੀਤਾ ਧੀਰ ਨੇ ਰੋਲ ਨਿਭਾਇਆ।
ਅਣਖੀ ਨੇ ਲਿਖਣ ਦੀ ਸ਼ੁਰੂਆਤ ਕਵਿਤਾਵਾਂ ਤੋਂ ਕੀਤੀ ਤੇ ਫੇਰ ਜਦੋਂ ਕਹਾਣੀਆਂ ਲਿਖਣ ਲੱਗੇ ਤਾਂ ਉਨ•ਾਂ ਦੀ ਗਿਣਤੀ ਪ੍ਰਸਿੱਧ ਕਹਾਣੀਕਾਰਾਂ ਵਿੱਚ ਹੋਈ। ਅਣਖੀ ਦੇ ਗਲਪ ਸਾਹਿਤ ਨੂੰ ਦੇਖਦਿਆਂ ਕਈ ਲੇਖਕਾਂ ਨੇ ਨਾਵਲ ਲਿਖਣ ਲਈ ਪ੍ਰੇਰਿਆ। ਹਾਲਾਂਕਿ ਸ਼ੁਰੂਆਤ ਵਿੱਚ ਉਹ ਵੱਡੇ ਨਾਵਲਾਂ ਨੂੰ ਹੱਥ ਪਾਉਣ ਤੋਂ ਡਰਦੇ ਸਨ ਪ੍ਰੰਤੂ ਜਦੋਂ ਉਨ•ਾਂ ਨਾਵਲ ਲਿਖਣੇ ਸ਼ੁਰੂ ਕੀਤੇ ਤਾਂ ਇਥੇ ਵੀ ਟੀਸੀ ਵਾਲੀ ਪੁਜ਼ੀਸ਼ਨ ਹਾਸਲ ਕੀਤੀ। ਆਖ਼ਰੀ ਸਮਿਆਂ ਵਿੱਚ ਉਹ ਹਰ ਸਾਲ ਇਕ ਨਾਵਲ ਲਿਖਦੇ। ਨਾਵਲਾਂ ਲਈ ਪ੍ਰਕਾਸ਼ਕ ਤੋਂ ਮਿਹਨਤਾਨਾ ਲੈਣ ਵਾਲੇ ਗਿਣੇ-ਚੁਣੇ ਨਾਵਲਕਾਰਾਂ ਵਿੱਚੋਂ ਇਕ ਸਨ। ਰਹਿੰਦੀ ਦੁਨੀਆਂ ਤੱਕ ਜੇਕਰ ਕਿਸੇ ਨੇ ਮਾਲਵੇ ਦੇ ਇਤਿਹਾਸ, ਇਥੋਂ ਦੇ ਪਿੰਡਾਂ, ਰਹਿਣ-ਸਹਿਣ, ਕਿੱਤਿਆਂ, ਰਹੁ-ਰੀਤਾਂ, ਸੱਭਿਆਚਾਰ, ਬੋਲੀ ਅਤੇ ਲੋਕਾਂ ਦੇ ਸੁਭਾਅ ਬਾਰੇ ਜਾਣਨਾ ਹੋਵੇ ਤਾਂ ਅਣਖੀ ਦੇ ਨਾਵਲ-ਕਹਾਣੀਆਂ ਪੜ• ਲੈਣ, ਸਭ ਪਤਾ ਚੱਲ ਜਾਵੇਗਾ। 53 ਸਾਲਾਂ ਦੇ ਸਾਹਿਤਕ ਸਫ਼ਰ ਦੌਰਾਨ ਉਨ•ਾਂ ਕਾਵਿ ਸੰਗ੍ਰਹਿ, ਕਹਾਣੀਆਂ ਤੇ ਨਾਵਲ ਲਿਖੇ। 1970 ਵਿੱਚ ਉਨ•ਾਂ ਦੀ ਪਹਿਲੀ ਪੁਸਤਕ ‘ਮਟਕ ਚਾਨਣਾ’ ਕਾਵਿ ਸੰਗ੍ਰਹਿ ਸੀ। ਆਖ਼ਰੀ ਨਾਵਲ ‘ਬਾਰਾਂਤਾਲੀ’ ਸੀ ਜਿਹੜਾ 2008 ਵਿੱਚ ਉਨ•ਾਂ ਦੇ ਜਿਉਂਦੇ ਜੀਅ ਛਪਿਆ। ਹਾਲਾਂਕਿ ਉਨ•ਾਂ ਦੇ ਤੁਰ ਜਾਣ ਤੋਂ ਬਾਅਦ ਵੀ ਕਈ ਨਵੀਆਂ ਕਿਤਾਬਾਂ ਛਪਦੀਆਂ ਆ ਰਹੀਆਂ ਹਨ ਜਿਨ•ਾਂ ਦੇ ਖਰੜੇ ਪ੍ਰਕਾਸ਼ਨਾ ਅਧੀਨ ਸਨ। ਜਿਵੇਂ ਨੁਸਰਤ ਫ਼ਤਹਿ ਅਲੀ ਖ਼ਾਨ ਦੇ ਤੁਰ ਜਾਣ ਤੋਂ ਬਾਅਦ ਵੀ ਉਨ•ਾਂ ਦੇ ਰਿਕਾਰਡ ਕੀਤੇ ਗੀਤ ਕਈ ਵਰਿ•ਆਂ ਤੱਕ ਰਿਲੀਜ਼ ਹੋ ਕੇ ਉਨ•ਾਂ ਦੇ ਸਰੋਤਿਆਂ ਨੂੰ ਠੰਢੀ ਹਵਾ ਦਾ ਬੁੱਲਾ ਦਿੰਦੇ ਹਨ, ਉਵੇਂ ਹੀ ਅਣਖੀ ਦੇ ਤੁਰ ਜਾਣ ਤੋਂ ਬਾਅਦ ਛਪ ਰਹੀਆਂ ਕਿਤਾਬਾਂ ਪਾਠਕਾਂ ਦੇ ਸੀਨੇ ਠਾਰ ਵੀ ਰਹੀਆਂ ਅਤੇ ਅਣਖੀ ਨੂੰ ਪੜ•ਨ ਦੀ ਭੁੱਖ ਵੀ ਪੂਰੀ ਕਰ ਰਹੀਆਂ ਹਨ। ਅਣਖੀ ਦੀਆਂ ਸਮੁੱਚੀਆਂ ਕਹਾਣੀਆਂ ਇਕੋ ਥਾਂ ਇਕੱਠੀਆਂ ਹੋ ਕੇ ਛਪੀਆਂ ਹਨ।
ਰਾਮ ਸਰੂਪ ਅਣਖੀ ਦਾ ਜੀਵਨ ਦੁੱਖਾਂ-ਪੀੜਾਂ, ਸਦਮਿਆਂ ਤੇ ਸੰਘਰਸ਼ਾਂ ਦੀ ਲੰਮੀ ਦਾਸਤਾਨ ਹੈ। ਜ਼ਿੰਦਗੀ ਦੇ ਇਸ ਸੰਘਰਸ਼ ਦੇ ਬਾਵਜੂਦ ਉਸ ਦਾ ਸਾਹਿਤ ਵੱਲ ਝੁਕਾਅ ਤੇ ਉਸ ਦੀ ਸਾਹਿਤ ਦੀ ਸਿਰਜਣਾ ਪ੍ਰਤੀ ਜਨੂੰਨ ਨਹੀਂ ਘਟਿਆ। ਜਿਵੇਂ ਅੰਮ੍ਰਿਤਾ ਪ੍ਰੀਤਮ ਕਵਿਤਾ ਤੇ ਨਾਵਲ ਦੋਵਾਂ ਵਿੱਚ ਮਕਬੂਲ ਹੋਈ, ਉਵੇਂ ਹੀ ਅਣਖੀ ਕਹਾਣੀਆਂ ਤੇ ਨਾਵਲ ਦੋਵਾਂ ਵਿਧਾਵਾਂ ਲਿਖਣ ਵਿੱਚ ਮਕਬੂਲ ਹੋਇਆ। ਇਹ ਮਾਣ ਵਿਰਲੇ ਹੀ ਸਾਹਿਤਕਾਰਾਂ ਦੇ ਹਿੱਸੇ ਆਉਂਦਾ ਹੈ। ਸਾਹਿਤ ਦੀ ਕਿਸੇ ਵੀ ਇਕ ਵਿਧਾ ਵਿੱਚ ਚੋਟੀ ਉਤੇ ਪਹੁੰਚਣਾ ਮੁਸ਼ਕਲ ਹੁੰਦਾ ਹੈ ਪਰ ਅਣਖੀ ਨੇ ਦੋ ਵਿਧਾਵਾਂ ਵਿੱਚ ਟੀਸੀ ਉਤੇ ਪਹੁੰਚ ਕੇ ਉਸ ਨਿਹੰਗ ਸਿੰਘ ਦੀ ਬਰਾਬਰੀ ਕੀਤੀ, ਜੋ ਦੋ ਘੋੜਿਆਂ ਦੀ ਸਵਾਰੀ ਕਰਦਾ ਹੈ। ਅਣਖੀ ਦੀ ਸਾਰੀ ਉਮਰ ਲਿਖਦਿਆਂ ਹੀ ਨਿਕਲ ਗਈ। ਉਹ ਨਾਵਲ ਲਿਖਣ ਬੈਠਦਾ ਤਾਂ ਕਈ-ਕਈ ਘੰਟੇ ਨਿਰੰਤਰ ਲਿਖਦਾ ਰਹਿੰਦਾ। ਕਈ ਦਿਨ ਘਰੋਂ ਨਾ ਨਿਕਲਦਾ। ਉਸ ਨੂੰ ਮਿਲਣ ਜਾਣ ਤੇ ਫ਼ੋਨ ਕਰਨ ਵਾਲੇ ਅਕਸਰ ਇਹੀ ਕਹਿੰਦੇ ਹਨ ਕਿ ਜਦੋਂ ਵੀ ਅਣਖੀ ਨੂੰ ਦੇਖੀਏ, ਸੁਣੀਏ ਜਾਂ ਗੱਲ ਕਰੀਏ ਤਾਂ ਉਹ ਅੱਗਿਓਂ ਲਿਖ ਹੀ ਰਿਹਾ ਹੁੰਦਾ ਸੀ। ਇਸੇ ਲਈ ਮਨਮੋਹਨ ਬਾਵਾ ਨੇ ਅਣਖੀ ਨੂੰ ਪੰਜਾਬੀ ਸਾਹਿਤ ਦੇ ‘ਥੌਮਸ ਹਾਰਡੀ’ ਦਾ ਖ਼ਿਤਾਬ ਦਿੱਤਾ। ਅਣਖੀ ਤੋਂ ਬਾਅਦ ਜੇਕਰ ਕੋਈ ਹੋਰ ਨਵਾਂ ਨਾਵਲਕਾਰ ਪੇਂਡੂ ਖ਼ਾਸਕਰ ਮਲਵਈ ਜੀਵਨ ਬਾਰੇ ਲਿਖੇਗਾ ਤਾਂ ਉਸ ਨੂੰ ‘ਦੂਜਾ ਅਣਖੀ’ ਹੀ ਕਿਹਾ ਜਾਵੇਗਾ। ਇਹ ਵੀ ਅਣਖੀ ਵਰਗੇ ਵਿਰਲੇ ਸਾਹਿਤਕਾਰਾਂ ਦੇ ਹਿੱਸੇ ਆਇਆ ਹੈ ਕਿ ਉਹ ਜਿੰਨੇ ਵਧੀਆ ਲਿਖਾਰੀ ਰਹੇ, ਉਨੇ ਹੀ ਵਧੀਆ ਇਨਸਾਨ ਸਨ।
ਅਣਖੀ ਦੇ ਸੁਭਾਅ ਦਾ ਸਭ ਤੋਂ ਖ਼ੂਬਸੂਰਤ ਪਹਿਲੂ ਇਹ ਸੀ ਕਿ ਉਹ ਆਪਣੇ ਸਮਕਾਲੀਆਂ ਅਤੇ ਛੋਟੀ ਉਮਰ ਦੇ ਸਾਹਿਤਕਾਰਾਂ ਨੂੰ ਹਮੇਸ਼ਾ ਵਧੀਆ ਲਿਖਣ ਲਈ ਹੱਲਾਸ਼ੇਰੀ ਦਿੰਦਾ ਰਿਹਾ। ਈਰਖਾ ਉਸ ਤੋਂ ਕੋਹਾਂ ਦੂਰ ਸੀ। ਅਣਖੀ ਦੀ ‘ਸਾਈਕਲ ਦੌੜ’ ਕਹਾਣੀ ਦਾ ਪਾਤਰ ਹਾਕਮ ਸਿੰਘ ਅਸਲ ਜੀਵਨ ਦੇ ਅਣਖੀ ਨੂੰ ਮੂਰਤੀਮਾਨ ਕਰਦਾ ਹੈ। ਜਿਵੇਂ ਇਸ ਕਹਾਣੀ ਵਿੱਚ ਦੋਧੀ ਹਾਕਮ ਸਿੰਘ ਜਦੋਂ ਸਾਈਕਲ ਉਤੇ ਢੋਲ ਲਮਕਾਈ ਦੁੱਧ ਪਾਉਣ ਜਾਂਦਾ ਹੈ ਤਾਂ ਇਕ ਨੌਜਵਾਨ ਜੋੜਾ ਸਾਈਕਲ ‘ਤੇ ਉਸ ਨੂੰ ਪਾਰ ਕਰਕੇ ਅੱਗੇ ਨਿਕਲ ਜਾਂਦਾ ਹੈ। ਹਾਕਮ ਸਿੰਘ ਨਿੱਤ ਦਾ ਅਭਿਆਸੀ ਹੋਣ ਕਰ ਕੇ ਥੋੜ•ੇ ਜਿਹੇ ਹੰਭਲੇ ਨਾਲ ਹੀ ਸਾਈਕਲ ਦੌੜ ਵਿੱਚ ਅੱਗੇ ਹੋ ਜਾਂਦਾ ਹੈ। ਇਸ ਉਤੇ ਜਦੋਂ ਹਾਕਮ ਸਿੰਘ ਨੂੰ ਮਹਿਸੂਸ ਹੁੰਦਾ ਹੈ ਕਿ ਸਾਈਕਲ ਪਿੱਛੇ ਬੈਠੀ ਨੌਜਵਾਨ ਦੀ ਪਤਨੀ ਅੱਗੇ ਉਸ ਦੇ ਪਤੀ ਦੀ ਟੌਹਰ ਘਟ ਜਾਵੇਗੀ। ਉਸ ਨੂੰ ਇਹ ਨੌਜਵਾਨ ਆਪਣੇ ਛੋਟੇ ਭਰਾ ਵਰਗਾ ਜਾਪਦਾ ਹੈ ਅਤੇ ਉਹ ਜਾਣ-ਬੁੱਝ ਕੇ ਸਾਈਕਲ ਹੌਲੀ ਕਰ ਕੇ ਨੌਜਵਾਨ ਨੂੰ ਅੱਗੇ ਨਿੱਕਲਣ ਦਾ ਮੌਕਾ ਦਿੰਦਾ ਹੈ। ਨੌਜਵਾਨ ਦੇ ਅੱਗੇ ਨਿਕਲਣ ਉਤੇ ਉਸ ਦੀ ਪਤਨੀ ਦੇ ਚਿਹਰੇ ਉਤੇ ਆਈ ਮੁਸਕਾਨ ਅਤੇ ਨੌਜਵਾਨ ਨੂੰ ਦਿੱਤੀ ਥਾਪੀ ਹਾਕਮ ਸਿੰਘ ਨੂੰ ਬਹੁਤ ਸਕੂਨ ਦਿੰਦੀ ਹੈ। ਅਜਿਹੇ ਹੀ ਸੁਭਾਅ ਵਾਲਾ ਅਣਖੀ ਸੀ ਜਿਹੜਾ ਆਪਣੇ ਤੋਂ ਛੋਟੀ ਉਮਰ ਦੇ ਸਾਹਿਤਕਾਰਾਂ ਨੂੰ ਅੱਗੇ ਵਧਣ ਦਾ ਨਾ ਸਿਰਫ਼ ਮੌਕਾ ਦਿੰਦਾ ਹੈ, ਬਲਕਿ ਉਨ•ਾਂ ਦੀ ਸਫ਼ਲਤਾ ਉਤੇ ਖ਼ੁਸ਼ੀ ਮਹਿਸੂਸ ਕਰਦਾ ਹੈ। ਅਣਖੀ ਨੇ ‘ਕਹਾਣੀ ਪੰਜਾਬ’ ਰਾਹੀਂ ਨਵੀਂ ਉਮਰ ਦੇ ਲੇਖਕਾਂ ਨੂੰ ਅਸੀਮ ਮੌਕੇ ਦਿੱਤੇ। ਅਣਖੀ ਨੇ ‘ਕਹਾਣੀ ਪੰਜਾਬ’ ਵੱਲੋਂ ਬਹੁਭਾਸ਼ੀ ਕਹਾਣੀ ਗੋਸ਼ਟੀਆਂ ਦਾ ਸਿਲਸਿਲਾ ਸ਼ੁਰੂ ਕੀਤਾ, ਜੋ ਉਸ ਦੇ ਤੁਰ ਜਾਣ ਤੋਂ ਬਾਅਦ ਵੀ ਉਸ ਦੇ ਸਾਹਿਤਕ ਵਾਰਸ ਪੁੱਤਰ ਡਾ. ਕਰਾਂਤੀਪਾਲ ਨੇ ਜਾਰੀ ਰੱਖਿਆ ਹੈ। ਇਹ ਗੋਸ਼ਟੀਆਂ ਹਰ ਸਾਲ ਡਲਹੌਜ਼ੀ ਵਿਖੇ ਮਨਮੋਹਨ ਬਾਵਾ ਦੇ ‘ਮੇਹਰ ਹੋਟਲ’ ਵਿਖੇ ਹੁੰਦੀਆਂ ਹਨ। ਇਨ•ਾਂ ਗੋਸ਼ਟੀਆਂ ਵਿੱਚ ਪੰਜਾਬੀ ਸਾਹਿਤਕਾਰਾਂ ਤੋਂ ਇਲਾਵਾ ਹੋਰ ਭਾਸ਼ਾਵਾਂ ਦੇ ਸਾਹਿਤਕਾਰਾਂ ਡਾ. ਵਿਸ਼ਵਨਾਥ ਤ੍ਰਿਪਾਠੀ, ਅਬਦੁਲ ਬਿਸਮਿਲਹਾ, ਅਸਗਰ ਵਜਾਹਤ, ਭਗਵਾਨ ਦਾਸ ਮੂਲਵਾਲ, ਭਰਤ ਓਲ•ਾ, ਅਜੈ ਬਿਸਾਰੀਆ, ਵੇਦ ਪ੍ਰਕਾਸ਼, ਖਾਲਿਦ ਜਾਵੇਦ, ਆਸ਼ਿਕ ਅਲੀ ਆਦਿ ਨੇ ਹਿੱਸਾ ਲਿਆ ਹੈ। ਅਣਖੀ ਸਮੇਂ ਦਾ ਪਾਬੰਦ ਸੀ ਅਤੇ ਤੈਅ ਸਮੇਂਂ ਤੋਂ ਬਾਅਦ ਪਹੁੰਚਣਾ ਉਸ ਦੀ ਫ਼ਿਤਰਤ ਵਿੱਚ ਨਹੀਂ ਸੀ। ਇਸੇ ਤਰ•ਾਂ ਉਸ ਦਾ ‘ਕਹਾਣੀ ਪੰਜਾਬ’ ਰਸਾਲਾ ਕਦੇ ਵੀ ਖੁੰਝਿਆ ਨਹੀਂ ਸੀ। ਕਈ ਵਾਰ ਤਾਂ ‘ਕਹਾਣੀ ਪੰਜਾਬ’ ਦਾ ਨਵਾਂ ਅੰਕ ਸਮੇਂ ਤੋਂ ਪਹਿਲਾਂ ਆ ਜਾਂਦਾ ਸੀ। ਕਿਧਰੇ ਕਿਸੇ ਕਹਾਣੀ ਗੋਸ਼ਟੀ, ਸਾਹਿਤ ਸਭਾ ਜਾਂ ਕਿਸੇ ਹੋਰ ਸਮਾਗਮ ਵਿੱਚ ਜਾਣਾ ਹੁੰਦਾ ਤਾਂ ਉਹ ਸਮੇਂ ਤੋਂ ਪਹਿਲਾਂ ਪਹੁੰਚ ਜਾਂਦਾ ਜਦੋਂ ਕਿ ਪ੍ਰਬੰਧਕ ਅਜੇ ਤਿਆਰੀ ਵਿੱਚ ਹੀ ਰੁੱਝੇ ਹੁੰਦੇ।
ਰਾਮ ਸਰੂਪ ਅਣਖੀ ਦੇ ਲਿਖਣ ਦੇ ਵਿਸ਼ਿਆਂ ਵਿੱਚ ਮਾਲਵੇ ਦੇ ਪੇਂਡੂ ਜੀਵਨ, ਕਿਸਾਨੀ, ਖ਼ੁਦਕੁਸ਼ੀਆਂ ਪ੍ਰਧਾਨ ਸਨ। ਉਸ ਦੇ ਨਾਵਲਾਂ-ਕਹਾਣੀਆਂ ਵਿੱਚ ਇਸਤਰੀ-ਮਰਦ ਦੇ ਜਿਸਮਾਨੀ ਸਬੰਧ, ਨਾਜਾਇਜ਼ ਸਬੰਧਾਂ ਆਦਿ ਆਮ ਤੌਰ ‘ਤੇ ਦਿਖਾਏ ਜਾਂਦੇ ਸਨ ਜਿਸ ਕਾਰਨ ਕਈ ਆਲੋਚਕ ਉਸ ਦੀਆਂ ਲਿਖਤਾਂ ਦੀ ਮਕਬੂਲੀਅਤ ਦਾ ਕਾਰਨ ਇਨ•ਾਂ ਕਾਮੁਕ ਵਿਸ਼ਿਆਂ ਨੂੰ ਵੀ ਮੰਨਦੇ ਹਨ। ਅਸਲੀਅਤ ਵਿੱਚ ਅਣਖੀ ਨੇ ਉਹੀ ਪੇਸ਼ ਕੀਤਾ, ਜੋ ਅਸਲ ਜੀਵਨ ਵਿੱਚ ਉਸ ਨੇ ਦੇਖਿਆ। ਅਣਖੀ ਬਾਰੇ ਇਹ ਗੱਲ ਵੀ ਪ੍ਰਚੱਲਿਤ ਸੀ ਕਿ ਉਸ ਕੋਲ ਕਾਮੁਕਤਾ ਬਾਰੇ ਲਿਖਣ ਦਾ ‘ਮੀਟ’ ਰੂਪੀ ਉਹ ਤੜਕਾ ਹੈ ਜਿਹੜਾ ‘ਦਾਲ’ ਵਰਗੇ ਸਧਾਰਣ ਸਾਹਿਤ ਨੂੰ ਵੀ ਕਰਾਰਾ ਖਾਣ ਵਾਲਾ ਬਣਾ ਦਿੰਦਾ ਹੈ। ਹਾਲਾਂਕਿ ਇਹ ਸੱਚਾਈ ਹੈ ਕਿ ਸਾਡੇ ਸਮਾਜ ਵਿੱਚ ਕਾਮ-ਵਾਸ਼ਨਾ ਨਾਲ ਜੁੜੀ ਹਰ ਗੱਲ ਲੋਕਾਂ ਲਈ ਖਿੱਚ ਦਾ ਕੇਂਦਰ ਹੁੰਦੀ ਹੈ ਅਤੇ ਪਾਠਕਾਂ ਵਿੱਚ ਵੀ ਇਨ•ਾਂ ਨੂੰ ਉਤਸੁਕਤਾ ਨਾਲ ਪੜ•ਨ ਦਾ ਰੁਝਾਨ ਹੁੰਦਾ ਹੈ। ਅਣਖੀ ਦਾ ਤਰਕ ਸੀ ਕਿ ਜੋ ਕੁਝ ਸਮਾਜ ਵਿੱਚ ਵਾਪਰਦਾ, ਉਹ ਤਾਂ ਸਿਰਫ਼ ਉਸ ਨੂੰ ਆਪਣੇ ਸ਼ਬਦਾਂ ਰਾਹੀਂ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ ਅਣਖੀ ਦੀ ਕਈ ਵਾਰ ਇਸ ਗੱਲੋਂ ਵੀ ਆਲੋਚਨਾ ਹੁੰਦੀ ਕਿ ਉਹ ਹਰ ਸਾਲ ਇਕ ਨਾਵਲ ਲਿਖ ਦਿੰਦਾ। ਇਸ ਦਾ ਜਵਾਬ ਵੀ ਉਹ ਖ਼ੁਦ ਇਹ ਕਹਿ ਕੇ ਦਿੰਦੇ ਸਨ ਕਿ ਜੇਕਰ ਉਹ ਛਪਦਾ ਹੈ ਤਾਂ ਵਿਕਦਾ ਵੀ ਹੈ। ਪਾਠਕ ਉਸ ਦੇ ਨਾਵਲ ਹੱਥੋਂ-ਹੱਥੀਂ ਖ਼ਰੀਦ ਕੇ ਪੜ•ਦੇ ਹਨ ਅਤੇ ਪ੍ਰਕਾਸ਼ਕ ਉਸ ਕੋਲੋਂ ਨਾਵਲ ਲਿਖਵਾਈ ਜਾਂਦੇ ਹਨ। ਆਖ਼ਰੀ ਸਮੇਂ ਵਿੱਚ ਅਣਖੀ ਤੇ ਲੋਕਗੀਤ ਪ੍ਰਕਾਸ਼ਨ ਦੀ ਜੁਗਲਬੰਦੀ ਨੇ ਪੰਜਾਬੀ ਸਾਹਿਤ ਦੀ ਝੋਲੀ ਅਣਮੁੱਲੇ ਨਾਵਲ ਪਾਏ। ਸ਼ੁਰੂਆਤੀ ਸਮਿਆਂ ਵਿੱਚ ਅਣਖੀ ਨੂੰ ਆਪਣੀਆਂ ਕਿਤਾਬਾਂ ਛਪਾਉਣ ਲਈ ਪ੍ਰਕਾਸ਼ਕਾਂ ਕੋਲ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਅਣਖੀ ਹੁਰੀਂ ਦੱਸਦੇ ਸਨ ਕਿ ਜੇਕਰ ਉਸ ਨੂੰ ਲੋਕਗੀਤ ਵਾਲੇ ਪਹਿਲਾਂ ਮਿਲੇ ਹੁੰਦੇ ਤਾਂ ਹੋਰ ਵੀ ਕਈ ਕਿਤਾਬਾਂ ਲਿਖ ਦੇਣੀਆਂ ਸਨ।
ਅਣਖੀ ਨੂੰ ਨਵਾਂ ਨਾਵਲ ਲਿਖਣ ‘ਤੇ ਕਈ ਵਾਰ ਕਿਹਾ ਜਾਂਦਾ ਹੈ ਕਿ ਉਹ ਮਾਲਵੇ ਦੇ ਪੇਂਡੂ ਕਿਸਾਨੀ ਜੀਵਨ ਤੋਂ ਬਾਹਰ ਕਿਉਂ ਨਹੀਂ ਨਿਕਲਦਾ ਜਾਂ ਫੇਰ ਕਹਿੰਦੇ ਕਿ ਪਿਛਲੇ ਨਾਵਲ ਵਿੱਚ ਕਿਹੜੀ ਕਮੀ ਰਹਿ ਗਈ ਸੀ ਜਿਹੜਾ ਨਵਾਂ ਨਾਵਲ ਵੀ ਪਿੰਡਾਂ ਦੇ ਕਿਸਾਨਾਂ ‘ਤੇ ਲਿਖ ਦਿੱਤਾ। ਅਣਖੀ ਨੂੰ ਇਹ ਵੀ ਤਾਅਨਾ ਮਾਰਿਆ ਜਾਂਦਾ ਕਿ ਜਿਨ•ਾਂ ਕਿਸਾਨਾਂ ਬਾਰੇ ਉਹ ਕਹਾਣੀਆਂ ਤੇ ਨਾਵਲ ਲਿਖਦਾ ਰਿਹਾ, ਉਹ ਕਿਸਾਨ ਤਾਂ ਪੜ•ਦੇ ਹੀ ਨਹੀਂ। ਅਣਖੀ ਕੋਲ ਇਕੋ ਜਵਾਬ ਹੁੰਦਾ ਕਿ ਉਸ ਨੇ ਪੇਂਡੂ ਜੀਵਨ, ਕਿਸਾਨੀ ਵਿੱਚ ਆਈਆਂ ਤਬਦੀਲੀਆਂ ਅਨੁਸਾਰ ਹੀ ਲਿਖਿਆ ਅਤੇ ਉਨ•ਾਂ ਦੀ ਜ਼ਿੰਦਗੀ ਬਾਰੇ ਪੜ• ਕੇ ਪਾਠਕਾਂ ਨੂੰ ਤਾਂ ਜਾਣਕਾਰੀ ਮਿਲਦੀ ਹੀ ਹੈ ਕਿ ਉਹ ਕਿਹੋ ਜਿਹੀਆਂ ਦੁਸ਼ਵਾਰੀਆਂ ਵਾਲਾ ਜੀਵਨ ਬਤੀਤ ਕਰਦੇ ਹਨ। ਅਣਖੀ ਨੇ ਮਾਲਵੇ ਦੇ ਪਿੰਡਾਂ, ਕਿਸਾਨਾਂ, ਖੇਤੀਬਾੜੀ, ਮਜ਼ਦੂਰਾਂ, ਕਿਰਤੀਆਂ ਦੀ ਜ਼ਿੰਦਗੀ ਨੂੰ ਅੱਖੀਂ ਦੇਖਿਆ ਤੇ ਹੱਡੀਂ ਹੰਢਾਇਆ ਸੀ। ਇਹ ਉਸ ਦੇ ਨਿੱਜੀ ਅਨੁਭਵ ਸਨ। ਉਸ ਦਾ ਬਾਪੂ ਹਲ ਚਲਾਉਂਦਾ ਰਿਹਾ। ਕਾਲਜ ਦੀ ਪੜ•ਾਈ ਤੋਂ ਬਾਅਦ ਦੋ-ਤਿੰਨ ਸਾਲ ਅਣਖੀ ਨੇ ਵੀ ਖ਼ੁਦ ਖੇਤੀ ਕੀਤੀ। ਕਿਸਾਨਾਂ ਵਿੱਚ ਹੀ ਖੇਡਿਆ, ਬਚਪਨ ਬੀਤਿਆ, ਵੱਡਾ ਹੋਇਆ। ਅੱਧੀ ਉਮਰ ਪਿੰਡ ਰਹਿ ਕੇ ਬਤੀਤ ਕੀਤੀ। ਅਣਖੀ ਨੇ ‘ਹੱਡੀਂ ਬੈਠੇ ਪਿੰਡਾਂ’ ਕਿਤਾਬ ਵਿੱਚ ਬਰਨਾਲਾ ਦੇ ਨਾਲ ਲੱਗਦੇ ਉਨ•ਾਂ ਪਿੰਡਾਂ ਬਾਰੇ ਦੱਸਿਆ ਹੈ, ਜਿਨ•ਾਂ ਵਿੱਚ ਉਹ ਸਾਰੀ ਉਮਰ ਵਿਚਰਿਆ, ਚਾਹੇ ਉਥੇ ਜੰਮਿਆ ਹੋਵੇ, ਪੜਿ•ਆ ਹੋਵੇ, ਪੜ•ਾਇਆ ਹੋਵੇ ਜਾਂ ਫੇਰ ਕੋਈ ਰਿਸ਼ਤੇਦਾਰੀ ਜਾਂ ਦੋਸਤ-ਮਿੱਤਰ ਰਹਿੰਦਾ ਹੋਵੇ।
ਰਾਮ ਸਰੁਪ ਅਣਖੀ ਦਾ ਜਨਮ 28 ਅਗਸਤ, 1932 ਨੂੰ ਸੰਗਰੂਰ ਜ਼ਿਲ•ੇ (ਹੁਣ ਬਰਨਾਲਾ) ਦੇ ਪਿੰਡ ਧੌਲਾ ਵਿਖੇ ਹੋਇਆ। ਉਨ•ਾਂ ਦਾ ਘਰ ਖੁੱਡੀ ਦਾ ਅਗਵਾੜ ਵਿੱਚ ਸੀ ਜਿਹੜਾ ਕਿ ਧੌਲੇ ਦੇ ਅੱਠ ਅਗਵਾੜਾਂ ਵਿੱਚੋਂ ਇਕ ਸੀ। ਜਿਵੇਂ ਵੱਡੇ ਸ਼ਹਿਰਾਂ ਵਿੱਚ ਸੈਕਟਰ/ਫ਼ੇਜ਼ ਜਾਂ ਕਾਲੋਨੀਆਂ/ਮੁਹੱਲੇ ਹੁੰਦੇ ਹਨ, ਉਵੇਂ ਹੀ ਪਿੰਡਾਂ ਵਿੱਚ ਅਗਵਾੜ/ਪੱਤੀਆਂ ਹੁੰਦੀਆਂ ਹਨ। ਰਾਮ ਸਰੂਪ ਬਚਪਨ ਤੋਂ ਸ਼ਰਾਰਤੀ ਸੁਭਾਅ ਦਾ ਮਾਲਕ ਸੀ ਅਤੇ ਉਸ ਦੇ ਘਰ ਦੇ ਨਿੱਤ ਦੀਆਂ ਸ਼ਰਾਰਤਾਂ ਤੋਂ ਬਹੁਤ ਔਖੇ ਸਨ। ਇਕ ਵਾਰ ਖੇਡਦਿਆਂ ਹੋਇਆ ਰਾਮ ਸਰੂਪ ਤੋਂ ਪਿੰਡ ਦੀ ਕੁੜੀ ਕਰਤਾਰੋ ਜਿਸ ਨੂੰ ਕਾਰੋ ਕਹਿ ਕੇ ਬੁਲਾਉਂਦੇ ਸਨ, ਦਾ ਹੱਥ ਪੱਠੇ ਕੁਤਰਨ ਵਾਲੀ ਮਸ਼ੀਨ ਵਿੱਚ ਆ ਗਿਆ। ਕਾਰੋ ਦੀਆਂ ਦੋ ਉਂਗਲਾਂ ਵੱਢੀਆਂ ਗਈਆਂ ਜਿਸ ਕਾਰਨ ਰਾਮ ਸਰੂਪ ਨੂੰ ਆਪਣੀ ਮਾਂ ਦੀਆਂ ਝਿੜਕਾਂ ਖਾਣੀਆਂ ਪਈਆਂ। ਅਣਖੀ ਦੀ ਮਾਂ ਉਸ ਨੂੰ ਗਾਲ•ਾਂ ਕੱਢਦਿਆਂ ਬੋਲੀ, ”ਵੇ ਜੈ ਖਾਣਿਆਂ ਦਿਆ, ਬਗਾਨੀ ਧੀ ਦਾ ਹੱਥ ਵੱਢ ‘ਤਾ ਸ਼ਰਾਪ ਨ•ੀਂ ਮਾਰੂ ਤੈਨੂੰ? ਕਿੱਥੇ ਰਿਹਾ ਤੂੰ ਹੁਣ ਤਾਈਂ? ਵੇ ਤੈਨੂੰ ਜੰਮਿਆ ਕਾਹਨੂੰ ਸੀ? ਔਤਾਂ ਦਾ, ਦੰਦ ਕੱਢਦੈ ਹੁਣ।” ਕਰਤਾਰੋ ਦੀ ਮਾਂ ਸ਼ਿਆਮੋ ਨੇ ਵੀ ਦੋ-ਤਿੰਨ ਖੱਟੀਆਂ-ਮਿੱਠੀਆਂ ਗਾਲ•ਾਂ ਕੱਢੀਆਂ ”ਖਰੂਦੀ ਨਾ ਹੋਵੇ, ਕਸੌਂਡਾ। ਲਿਆ ਹੁਣ ਤੇਰੀ ਮੈਂ ਵੱਢਾਂ ਉਂਗਲ।” ਇਕ ਵਾਰ ਉਹ ਕੋਠੇ ਤੋਂ ਸਿੱਧਾ ਟੋਕੇ ਵਾਲੀ ਮਸ਼ੀਨ ਨੂੰ ਗੇੜਨ ਵਾਲੇ ਡੰਡੇ ਉਤੇ ਡਿੱਗ ਕੇ ਸੱਟ ਖਾ ਬੈਠਾ। ਬਾਪੂ ਨੇ ਉਸ ਨੂੰ ਘਰੇ ਨਾ ਟਿਕਦਾ ਦੇਖ, ਮਹੀਆਂ ਮਗਰ ਖੇਤ ਤੋਰ ਦਿੱਤਾ। ਉਥੇ ਕਿਸੇ ਵੱਲੋਂ ਧਰਤੀ ਵਿੱਚ ਦੱਬੀ ਅਫ਼ੀਮ ਦਾ ਲਿਫ਼ਾਫ਼ਾ ਮਿਲ ਗਿਆ। ਰਾਮ ਸਰੂਪ ਨੇ ਖ਼ੁਦ ਵੀ ‘ਫ਼ੀਮ ਛਕੀ ਅਤੇ ਹੋਰਨਾਂ ਮੁੰਡਿਆਂ ਨੂੰ ਵੀ ਛਕਾ ਦਿੱਤੀ। ਪਿੰਡ ਵਿੱਚ ਰੌਲਾ ਪੈ ਗਿਆ ਕਿ ਪੰਡਤਾਂ ਦੇ ਰਾਮ ਸਰੂਪ ਨੇ ਮੁੰਡਿਆਂ ਨੂੰ ਅਫ਼ੀਮ ਛਕਾ ਦਿੱਤੀ। ਰੋਜ਼ ਹੀ ਪਿੰਡ ਵਾਲਿਆਂ ਤੋਂ ਮਿਲਦੇ ਉਲਾਂਭਿਆਂ ਤੋਂ ਅੱਕ ਕੇ ਉਸ ਨੂੰ ਪਿੰਡ ਦੇ ਸਕੂਲ ਜੋ ਕਿਲੇ ਵਿੱਚ ਹੁੰਦਾ ਸੀ, ਦਾਖ਼ਲ ਕਰਵਾ ਦਿੱਤਾ। ਉਹ ਉਥੋਂ ਵੀ ਭੱਜ ਕੇ ਘਰ ਆ ਗਏ। ਉਸ ਵੇਲੇ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਸ਼ਰਾਰਤੀ ਅਤੇ ਸਕੂਲੋਂ ਭੱਜਣ ਵਾਲਾ ਇਹ ਬਾਲ ਕਿਸੇ ਦਿਨ ਪੰਜਾਬੀ ਦਾ ਉੱਘਾ ਸਾਹਿਤਕਾਰ ਬਣੇਗਾ।
ਅਣਖੀ ਮੰਨਦਾ ਹੈ ਕਿ ਮਾਸਟਰ ਕਰਮ ਚੰਦ ਕੋਲ ਤੀਜੀ ਚੌਥੀ ਵਿੱਚ ਪੜ•ਦਿਆਂ ਉਹ ਨਾਸਤਿਕ ਵਿਚਾਰਾਂ ਵਾਲਾ ਬਣਿਆ। ਅਣਖੀ ਦੀ ਇਸ ਅਧਿਆਪਕ ਨਾਲ ਬਹੁਤ ਬਣੀ। ਸਾਹਿਤ ਪੜ•ਨ ਦਾ ਮੱਸ ਬਾਲ ਰਾਮ ਸਰੂਪ ਨੂੰ ਉਦੋਂ ਲੱਗਾ, ਜਦੋਂ ਉਸ ਦੇ ਦੋਸਤ ਚੇਤੂ ਨੇ ਆਪਣੇ ਘਰੋਂ ਪੁਸਤਕਾਂ ਲਿਆ ਕੇ ਉਸ ਨੂੰ ਕਿੱਸੇ ਪੜ•ਾਏ। ਉਸ ਵੇਲੇ ਉਹ ਸੱਤਵੀਂ-ਅੱਠਵੀਂ ਜਮਾਤ ਵਿੱਚ ਪੜ•ਦਾ ਸੀ। ਵਾਰਿਸ ਸ਼ਾਹ ਦੀ ‘ਹੀਰ’ ਪਹਿਲੀ ਕਿਤਾਬ ਸੀ ਜੋ ਉਸ ਨੇ ਪੜ•ੀ। ਅਣਖੀ ਹੁਰਾਂ ਨੇ ਇਸ ਕਿੱਸੇ ਨੂੰ ਪੜ•ਨ ਲਈ ਚਤਰ ਸਿੰਘ ਪ੍ਰਕਾਸ਼ਕ ਤੋਂ ਵੀ.ਪੀ.ਪੀ. ਰਾਹੀਂ ਮੰਗਵਾਇਆ। ਜਦੋਂ ਇਹ ਆਰਡਰ ਆਇਆ ਤਾਂ ਪਿੰਡ ਦਾ ਡਾਕੀਆ ਉਨ•ਾਂ ਦੇ ਘਰ ਸੁਨੇਹਾ ਦੇਣ ਗਿਆ ਕਿ ਛੇ ਰੁਪਏ ਜਮ•ਾਂ ਕਰਵਾ ਕੇ ਕਿਤਾਬ ਲੈ ਜਾਵੋ। ਉਸ ਵੇਲੇ ਅਣਖੀ ਦੇ ਪਿਤਾ ਨੂੰ ਬਹੁਤ ਗੁੱਸਾ ਆਇਆ ਕਿ ਛੋਟੇ ਜਿਹੇ ਜਵਾਕ ਨੇ ਕਿਧਰੇ ਕੋਈ ਕੋਕ ਸਾਸ਼ਤਰ ਦੀ ਕਿਤਾਬ ਤਾਂ ਨਹੀਂ ਮੰਗਵਾ ਲਈ। ਰਾਮ ਸਰੂਪ ਨੂੰ ਘੂਰਦਿਆਂ ਜਦੋਂ ਉਨ•ਾਂ ਪੁੱਛਿਆ ਕਿ ਕਿਹੜੀ ਕਿਤਾਬ ਮੰਗਵਾਈ ਹੈ ਤਾਂ ਅੱਗੋਂ ਜਵਾਬ ਮਿਲਿਆ ਕਿ ‘ਵਾਰ……. ਦੀ ਹੀਰ ਮੰਗਵਾਈ ਹੈ।’ ਪਿਤਾ ਨੂੰ ਥੋੜਾ ਚੈਨ ਆਇਆ। ਅਣਖੀ ਨੇ ਵਾਰਿਸ ਦੀ ਹੀਰ ਨੂੰ ਸੱਤ-ਅੱਠ ਵਾਰ ਪੜ• ਲਿਆ ਸੀ। ਹਰ ਛੰਦ ਮੂੰਹ ਜ਼ੁਬਾਨੀ ਚੇਤੇ ਕਰ ਲਿਆ ਸੀ। ਕਿੱਸੇ ਪੜ•ਨ ਦੇ ਸ਼ੁਕੀਨ ਅਣਖੀ ਹੁਰਾਂ ਨੇ ਨਲ ਦਮੰਯਤੀ, ਪੂਰਨ ਭਗਤ, ਜਾਨੀ ਚੋਰ, ਰੂਪ ਬਸੰਤ ਨੂੰ ਚੰਗੀ ਤਰ•ਾਂ ਘੋਟਾ ਲਾ ਲਿਆ ਸੀ। ਅਣਖੀ ਕਿੱਸਿਆਂ ਨੂੰ ਪੜ•ਦਾ ਹੋਇਆ ਕਦੋਂ ਹੌਲੀ-ਹੌਲੀ ਆਪ ਤੁਕਬੰਦੀ ਕਰਨ ਲੱਗ ਗਿਆ, ਫਿਰ ਕਵਿਤਾਵਾਂ ਲਿਖਣ ਲੱਗ ਗਿਆ, ਉਸ ਨੂੰ ਪਤਾ ਹੀ ਨਾ ਲੱਗਾ। ਇਨ•ਾਂ ਕਿੱਸਿਆਂ ਨਾਲ ਲਗਾਅ ਕਾਰਨ ਅਣਖੀ ਨੇ ਅੱਠਵੀਂ ਕਲਾਸ ਵਿੱਚ ਪੜ•ਦਿਆਂ ਅੱਠ ਪੰਨਿਆਂ ਦਾ ‘ਬਿਮਲ ਪੱਤਲ’ ਇਕ ਪੱਤਲ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਪੰਜ ਦੋਹਰੇ, ਇਕ ਕਬਿੱਤ, ਇਕ ਬੈਂਤ ਤੇ ਦੋ ਕੋਰੜੇ ਛੰਦ ਸਨ। ਅਣਖੀ ਨੇ ਪੱਤਲ ਦਾ ਨਾਂ ਬਿਮਲਾ ਪੱਤਲ ਰੱਖਿਆ ਅਤੇ ਸਰਵਰਕ ਉਤੇ ਛਪਵਾਇਆ ‘ਕ੍ਰਿਤ ਕਵੀਆਂ: ਰਾਮ ਸਰੂਪ ਮਾਰਕੰਡਾ, ਬਿਮਲ, ਧੌਲਾ ਨਿਵਾਸੀ।’ ਮਾਰਕੰਡਾ ਉਸ ਦਾ ਗੋਤ ਸੀ। ਇਸ ਦਾ ਮੁੱਲ ਦੋ ਆਨੇ ਰੱਖਿਆ। 15-20 ਕਾਪੀਆਂ ਹਾਣੀ ਮੁੰਡਿਆਂ ਨੇ ਖ਼ਰੀਦੀਆਂ ਅਤੇ ਫੇਰ ਸੇਲਬਰਾਹ, ਛਪਾਰ, ਮਾਈਸਰਖ਼ਾਨੇ, ਕਾਲੇਕੇ, ਹੰਢਿਆਇਆ ਦੇਵੀ ਦੇ ਮੇਲੇ ‘ਤੇ ਕੁੱਝ ਕਾਪੀਆਂ ਵੇਚੀਆਂ।
ਅਣਖੀ ਨੇ ਸੰਤਾਲੀ ਦੀ ਵੰਡ ਦਾ ਦੁਖਾਂਤ ਅੱਖੀਂ ਦੇਖਿਆ ਸੀ। ਵੰਡ ਵੇਲੇ ਅਣਖੀ ਹੰਢਿਆਇਆ ਰਹਿੰਦਾ ਸੀ, ਜਿੱਥੇ ਉਸ ਨੇ ਮੁਸਲਮਾਨ ਭਰਾਵਾਂ ਦੀ ਵੱਢ-ਟੁੱਕ ਅੱਖੀਂ ਦੇਖੀ ਜਿਸ ਦਾ ਅਣਖੀ ਦੇ ਕੋਮਲ ਮਨ ਉਪਰ ਬਹੁਤ ਡੂੰਘਾ ਅਸਰ ਹੋਇਆ। ਵੰਡ ਨੂੰ ਉਹ ਬਹੁਤ ਮਨਹੂਸ ਅਤੇ ਘਾਟੇ ਵਾਲੇ ਸੌਦਾ ਸਮਝਦਾ ਸੀ ਜਿਸ ਨੇ ਉਸ ਕੋਲੋਂ ਮਰਾਸੀਆਂ ਦਾ ਗਾਣਾ ਵਜਾਉਣਾ ਸੁਣਨਾ, ਕੱਵਾਲੀਆਂ ਦੇਖਣੀਆਂ, ਸਨੂਰ ਗ਼ਾਜ਼ੀ ਦੇ ਡੇਰੇ ਨੂੰ ਸਦਾ ਲਈ ਖੋਹ ਲਿਆ। ਅੱਜ ਪਾਠਕਾਂ ਦੀ ਨਜ਼ਰ ਵਿੱਚ ਰਾਮ ਸਰੂਪ ਅਣਖੀ ਨਾਵਲਾਂ ਤੇ ਕਹਾਣੀਆਂ ਲਿਖਣ ਲਈ ਜਾਣਿਆ ਜਾਂਦਾ ਹੈ ਪ੍ਰੰਤੂ ਅਣਖੀ ਨੇ ਸਾਹਿਤ ਪੜ•ਨ ਤੇ ਲਿਖਣ ਦੀ ਸ਼ੁਰੂਆਤ ਕਾਵਿ-ਰੂਪ ਤੋਂ ਕੀਤੀ ਸੀ। ਨੌਵੀਂ ਜਮਾਤ ‘ਚ ਪੜ•ਦਿਆਂ ਸਕੂਲ ਵਿੱਚ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਬਣੀ ਤਾਂ ਕੇਸ ਰੱਖ ਕੇ ਪੱਗ ਬੰਨ•ਣ ਵਾਲੇ ਅਣਖੀ ਨੂੰ ਸਿੱਖ ਸਮਝਣ ਕਾਰਨ ਇਸ ਨੂੰ ਮੈਂਬਰ ਬਣਾਇਆ ਗਿਆ। ਰਾਮ ਸਰੂਪ ਦੀ ਬਜਾਏ ਨਾਮ ਆਰ.ਐਸ ਰੱਖਿਆ ਗਿਆ। ਅਣਖੀ ਨੇ ਆਪਣੇ ਜਮਾਤੀਆਂ ਗੁਰਸੇਵਾ, ਸੁਖਮਿੰਦਰ, ਸਾਧੂ, ਹਰਪਾਲ, ਨਰਿੰਦਰ ਤੇ ਜਸਵੰਤ ਨਾਲ ਮਿਲ ਕੇ ਰਸਾਲਾ ‘ਅਣਖੀ’ ਕੱਢਣਾ ਸ਼ੁਰੂ ਕੀਤਾ, ਜੋ ਜ਼ਿਆਦਾ ਚਿਰ ਨਾ ਚੱਲ ਸਕਿਆ ਪ੍ਰੰਤੂ ‘ਅਣਖੀ’ ਤਖੱਲਸ ਉਸ ਤੋਂ ਬਾਅਦ ਪੱਕੇ ਤੌਰ ‘ਤੇ ਰਾਮ ਸਰੂਪ ਦੇ ਨਾਮ ਨਾਲ ਜੁੜ ਗਿਆ। ਉਸ ਤੋਂ ਬਾਅਦ ਰਾਮ ਸਰੂਪ ਨੇ ਆਪਣੇ ਨਾਮ ਨਾਲ ਬਿਮਲ ਤਖੱਲਸ ਅਤੇ ਮਾਰਕੰਡਾ ਗੋਤ ਲਗਾਉਣਾ ਛੱਡ ਕੇ ਅਣਖੀ ਤਖੱਲਸ ਲਾਉਣਾ ਸ਼ੁਰੂ ਕਰ ਦਿੱਤਾ। ਸਕੂਲੀ ਪੜ•ਾਈ ਧੌਲਾ, ਹੰਢਿਆਇਆ, ਬਰਨਾਲਾ ਅਤੇ ਨਾਭਾ ਤੋਂ ਕੀਤੀ। ਬਰਨਾਲਾ ਪੜ•ਦਿਆਂ ਅਣਖੀ ਨੂੰ ਓਮ ਪ੍ਰਕਾਸ਼ ਗਾਸੋ ਦਾ ਜਮਾਤੀ ਦੇ ਰੂਪ ਵਿੱਚ ਸਾਥ ਮਿਲਿਆ। ਬਾਅਦ ਵਿੱਚ ਦੋਵੇਂ ਜਮਾਤੀ ਸਾਹਿਤਕ ਜਗਤ ਵਿੱਚ ਬਰਨਾਲੇ ਦੀ ਸਾਹਿਤ ਸਭਾ ਦੇ ਮੋਹੜੀਗੱਡ ਸਾਬਤ ਹੋਏ। ਗਾਸੋ ਦੇ ਚੁਬਾਰੇ ਵਿੱਚ ਦੋਵੇਂ ਇਕੱਠੇ ਪੜ•ਦੇ ਹੁੰਦੇ ਸਨ। ਇਸ ਦੌਰਾਨ ਉਹ ਬੱਚਿਆਂ ਵਾਲੀਆਂ ਸ਼ਰਾਰਤਾਂ ਕਰਦੇ ਜਿਵੇਂ ਰਾਤ ਵੇਲੇ ਜੰਡਾਂ ਵਾਲੇ ਰੋਡ ‘ਤੇ ਜ਼ਨਾਨੀਆਂ ਵੱਲੋਂ ਪੱਥੀਆਂ ਗਿੱਲੀਆਂ ਤਾਜ਼ੀਆਂ ਪਾਥੀਆਂ ਨੂੰ ਫੇਹ ਦੇਣਾ। ਅਗਲੇ ਦਿਨ ਪੱਥੀਆਂ ਪਾਥੀਆਂ ਨੂੰ ਫੇਹੇ ਦੇਖ ਕੇ ਜ਼ਨਾਨੀਆਂ ਨੇ ਗਾਲ•ਾਂ ਕੱਢਣੀਆਂ ਤਾਂ ਗਾਸੋ ਤੇ ਅਣਖੀ ਨੇ ਸੁਣ-ਸੁਣ ਕੇ ਹੱਸਣਾ। ਸਾਹਿਤ ਜਗਤ ਵਿੱਚ ਜਦੋਂ ਦੋਵੇਂ ਸਿਖਰ ਦੇ ਲਿਖਾਰੀ ਬਣ ਗਏ ਤਾਂ ਬਰਨਾਲੇ ਦੀ ਸਾਹਿਤ ਸਭਾ ਵਿੱਚ ਦੋਵਾਂ ਦੀ ਸ਼ਰੀਕੇਬਾਜ਼ੀ ਦੇ ਕਿੱਸੇ ਵੀ ਬਹੁਤ ਮਸ਼ਹੂਰ ਹੋਏ।
ਅਣਖੀ ਦੇ ਸਕੂਲੀ ਮਿੱਤਰਾਂ ਵਿੱਚੋਂ ਇਕ ਸੂਬੇਦਾਰ ਜੋਗਿੰਦਰ ਸਿੰਘ, ਸੈਨਾ ਵਿੱਚ ਮੇਜਰ ਧਿਆਨ ਚੰਦ ਦੀ ਟੀਮ ਵਿੱਚ ਹਾਕੀ ਖੇਡਦਾ ਹੁੰਦਾ ਸੀ। ਬਰਨਾਲੇ ਬਾਜਵਿਆਂ ਦਾ ਅਗਵਾੜ ਅਣਖੀ ਲਈ ਦੂਜਾ ਘਰ ਹੀ ਸੀ, ਜਿੱਥੇ ਉਹ ਆਪਣੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਭਰਾ ਲਗਦੇ ਮਿਹਰ ਚੰਦ ਦੇ ਘਰ ਰਹਿ ਕੇ ਪੜਿ•ਆ। ਇਸੇ ਅਗਵਾੜ ਦਾ ਸੁਖਮਿੰਦਰ ਸਿੰਘ ਭੱਠਲ ਅਣਖੀ ਦਾ ਜਿਗਰੀ ਯਾਰ ਸੀ। ਭੱਠਲ ਨੇ ਬਾਅਦ ਵਿੱਚ ਚੰਡੀਗੜ• ਸੁਖਨਾ ਝੀਲ ਦੇ ਸਾਹਮਣੇ ਪੰਜ ਸੈਕਟਰ ‘ਚ ਪੰਜ ਨੰਬਰ ਕੋਠੀ ਵਿੱਚ ਪੱਕੀ ਰਿਹਾਇਸ਼ ਕਰ ਲਈ ਸੀ। ਓਮ ਪ੍ਰਕਾਸ ਗਾਸੋ ਵੀ ਇਸੇ ਅਗਵਾੜ ਦਾ ਰਹਿਣ ਵਾਲਾ ਸੀ। ਪ੍ਰੋ. ਰਵਿੰਦਰ ਭੱਠਲ ਦਾ ਘਰ ਵੀ ਇਸ ਅਗਵਾੜ ਵਿੱਚ ਸੀ। ਇਸ ਅਗਵਾੜ ਦੇ ਰਹਿਣ ਵਾਲੇ ਅਣਖੀ ਦੇ ਹੋਰ ਵੀ ਕਈ ਮਿੱਤਰ ਸਨ। ਬਗਾਨੇ ਘਰ ਰਹਿਣ ਦਾ ਚੱਜ ਸਿੱਖਣਾ ਹੋਵੇ ਤਾਂ ਅਣਖੀ ਤੋਂ ਵੱਡੀ ਕੋਈ ਉਦਾਹਰਣ ਨਹੀਂ। ਉਹ ਚਾਹੇ ਹੰਢਿਆਏ ਚਿਰੰਜੀ ਲਾਲ, ਬਰਨਾਲੇ ਮਿਹਰ ਚੰਦ ਜਾਂ ਫਿਰ ਪਟਿਆਲੇ ਸੰਪੂਰਨ ਸਿੰਘ ਧੌਲਾ ਦੇ ਘਰ ਰਿਹਾ, ਅਣਖੀ ਨੇ ਕਿਧਰੇ ਵੀ ਭੋਰਾ ਉਲਾਂਭਾ ਨਹੀਂ ਆਉਣ ਦਿੱਤਾ।
ਗ੍ਰੈਜੂਏਸ਼ਨ ਦੀ ਪੜ•ਾਈ ਲਈ ਰਾਮ ਸਰੂਪ ਅਣਖੀ ਨੇ ਮਹਿੰਦਰਾ ਕਾਲਜ ਪਟਿਆਲਾ ਦਾਖ਼ਲਾ ਲੈ ਲਿਆ, ਜਿੱਥੇ ਉਨ•ਾਂ ਦੀਆਂ ਸਾਹਿਤਕ ਖ਼ਾਹਿਸ਼ਾਂ ਨੂੰ ਖੰਭ ਲੱਗੇ। ਇਥੇ ਆ ਕੇ ਉਨ•ਾਂ ਵਿੱਚ ਨਿਖਾਰ ਵੀ ਬਹੁਤ ਆਇਆ। ਮਹਿੰਦਰਾ ਕਾਲਜ ਵਿੱਚ ਪੜ•ਦਿਆਂ ਉਨ•ਾਂ ਬਰਨਾਲਾ ਤੋਂ ਗਏ ਮਿੱਤਰਾਂ ਸੁਖਮਿੰਦਰ ਤੇ ਗੁਰਸੇਵਾ ਅਤੇ ਹੋਰ ਉਤਸ਼ਾਹੀ ਮੁੰਡੇ-ਕੁੜੀਆਂ ਨਾਲ ਮਿਲ ਕੇ ਪੰਜਾਬੀ ਸਾਹਿਤ ਸਭਾ ਬਣਾਈ। ਕਾਲਜ ਦੇ ਰਸਾਲੇ ‘ਮਹਿੰਦਰਾ’ ਵਿੱਚ ਕਵਿਤਾ ਛਪਦੀ। ਪਟਿਆਲਾ ਵਿਖੇ ਇਨਾਮੀ ਕਵੀ ਦਰਬਾਰ ਵਿੱਚ ਪਹਿਲੀ ਵਾਰ ਇਨਾਮ ਜਿੱਤਿਆ। ‘ਲਲਕਾਰ’ ਵਿੱਚ ਕਵਿਤਾਵਾਂ ਛਪਣ ਲੱਗੀਆਂ। ‘ਤ੍ਰਿਕਾਲਾਂ’ ‘ਸਵੇਰਾ’ ਕਾਵਿ ਕਿਤਾਬਚੇ ਛਾਪੇ। ਅਣਖੀ ਦੀ ਜ਼ਿੰਦਗੀ ਵਿੱਚ ਉਸ ਵੇਲੇ ਵੱਡਾ ਬਦਲਾਅ ਆਇਆ, ਜਦੋਂ ਪ੍ਰੋ. ਮੋਹਨ ਸਿੰਘ ਦੀ ਪਾਰਖੂ ਅੱਖ ਨੇ ਉਸ ਨੂੰ ਕਹਾਣੀਆਂ ਲਿਖਣ ਲਈ ਪ੍ਰੇਰਿਆ। ਇਸੇ ਪ੍ਰੇਰਣਾ ਦਾ ਹੀ ਸਿੱਟਾ ਸੀ ਕਿ ਅਣਖੀ ਦੀਆਂ ਕਹਾਣੀਆਂ ‘ਪੰਜ ਦਰਿਆ’ ਵਿੱਚ ਛਪਣ ਲੱਗ ਗਈਆਂ। ਪਟਿਆਲਾ ਪੜ•ਦਿਆਂ ਉਸ ਨੂੰ ਆਪਣੇ ਗਰਾਈਂ ਅਤੇ ਪੈਪਸੂ ਸਰਕਾਰ ਵਿੱਚ ਮੰਤਰੀ ਰਹੇ ਸੰਪਰੂਨ ਸਿੰਘ ਧੌਲਾ ਦਾ ਬਹੁਤ ਸਹਾਰਾ ਮਿਲਿਆ, ਜਿੱਥੇ ਉਹ ਉਨ•ਾਂ ਦੀ ਰਿਹਾਇਸ਼ ‘ਤੇ ਹੀ ਰਹਿੰਦੇ ਰਹੇ। ਪਿੱਛੇ ਪਰਿਵਾਰ ਵੀ ਬੇਫ਼ਿਕਰ ਰਹਿੰਦਾ ਸੀ। ਮਹਿੰਦਰਾ ਕਾਲਜ ਦੀ ਪੜ•ਾਈ ਦੌਰਾਨ ਅਣਖੀ ਹੁਰਾਂ ਦੇ ਸੁਖਮਿੰਦਰ ਸਿੰਘ ਭੱਠਲ, ਜੋਗਿੰਦਰ ਕੌਸ਼ਲ ਜਿਹੇ ਕਈ ਮਿੱਤਰ ਬਣੇ, ਜੋ ਅੰਤਲੇ ਸਾਹਾਂ ਤੱਕ ਉਸ ਦੇ ਨਾਲ ਨਿਭੇ। ਧੌਲੇ ਦੀ ਇਕ ਕੁੜੀ ਜਿਸ ਨੂੰ ਅਣਖੀ ਦਿਲੋਂ ਚਾਹੁੰਦਾ ਸੀ, ਨੂੰ ਪ੍ਰਭਾਵਤ ਕਰਨ ਲਈ ਹਫ਼ਤਾਵਾਰੀ ਰਸਾਲੇ ‘ਲਲਕਾਰ’ ਵਿੱਚ ਕਵਿਤਾਵਾਂ ਲਿਖ ਕੇ ਭੇਜਦਾ ਸੀ। ਉਸ ਵੇਲੇ ਉਹ ਪਟਿਆਲਾ ਪੜ•ਦਾ ਸੀ। ਅਣਖੀ ਖ਼ੁਦ ਮੰਨਦਾ ਹੈ ਕਿ ਉਨ•ਾਂ ਦਿਨਾਂ ਤੋਂ ਹੀ ਉਸ ਅੰਦਰ ਲੇਖਕ ਨੇ ਜਨਮ ਲਿਆ। ‘ਲਲਕਾਰ’ ਵਿੱਚ ਛਪੀ ਇਕ ਕਵਿਤਾ ਉਸ ਦੇ ਰੋਮਾਂਸ ਨੂੰ ਪੇਸ਼ ਕਰਦੀ ਹੈ:
ਦਿੰਦੇ ਦਿਲ ਨਾ ਕਿਸੇ ਮਹਿਬੂਬ ਤਾਈਂ
ਮੋੜ ਲੈਣ ਦਾ ਝੇੜਾ ਹੁਣ ਛੇੜਦੇ ਨਾ
ਕਸ ਕਸ ਨਾ ਬੁੜ•ੀਏ ਚੂਰ ਹੁੰਦੇ
ਹਲਟ ਇਸ਼ਕ ਦਾ ਕਦੇ ਜੇ ਗੇੜਦੇ ਨਾ
ਫੋੜੇ ਵਿੱਚ ਨਾ ਪਿੱਤ ਤਬਦੀਲ ਹੁੰਦੀ
ਮਾਸ ਨਹੁੰਆਂ ਦੇ ਨਾਲ ਉਚੇੜਦੇ ਨਾ
ਹਾਵੇ ਭਰਨ ਦੀ ਕਾਸ ਨੂੰ ਵਾਣ ਪੈਂਦੀ
ਜੇਕਰ ਇਸ਼ਕ ਦਾ ਰੋਗ ਸਹੇੜਦੇ ਨਾ।
ਅਣਖੀ ਨੇ 20 ਵਰਿ•ਆਂ ਬਾਅਦ ਕਹਾਣੀ ‘ਮੇਰਾ ਗੁਨਾਹ’ ਲਿਖੀ, ਜਿਸ ਵਿੱਚ ਲਾਲੀ ਨਾਂ ਦਾ ਪਾਤਰ ਸਰਪੰਚ ਉਹ ਖ਼ੁਦ ਸੀ ਅਤੇ ਬੀਬੋ ਨਾਂ ਦੀ ਕਿਰਦਾਰ ਵਾਲੀ ਔਰਤ ਉਹ ਧੌਲੇ ਦੀ ਕੁੜੀ ਸੀ।
ਅਣਖੀ ਨੇ ਪਹਿਲੀ ਫ਼ਰਵਰੀ 1956 ਨੂੰ ਲਹਿਲ ਖ਼ੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਆਪਣੇ ਅਧਿਆਪਕ ਦੇ ਸਫ਼ਰ ਦੀ ਸ਼ੁਰੂਆਤ ਕੀਤੀ। ਸ਼ੁਰੂਆਤੀ ਦੌਰ ਵਿੱਚ ਕਾਲੇਕੇ ਪੜ•ਾਉਂਦਿਆਂ ਉਸ ਨੇ ਸਾਈਕਲ ‘ਤੇ ਜਾਂਦਿਆਂ ‘ਕਣਕ ਦੀ ਕਹਾਣੀ’ ਸਿਰਲੇਖ ਹੇਠ ਬੋਲੀਆਂ ਲਿਖੀਆਂ ਜਿਸ ਵਿੱਚ ਅੱਸੂ ਦੇ ਨਰਾਤਿਆਂ ਤੋਂ ਬਾਅਦ ਕਣਕ ਬੀਜਣ ਤੋਂ ਲੈ ਕੇ ਵਿਸਾਖੀ ਵੇਲੇ ਕਣਕ ਵੱਢਣ ਤੱਕ ਸਾਰੀ ਕਿਸਾਨੀ ਦਾ ਜੀਵਨ ਪੇਸ਼ ਕੀਤਾ ਹੈ। ਅਣਖੀ ਉਸ ਵੇਲੇ ਧੌਲਾ ਤੋਂ ਕਾਲੇਕਾ ਸਕੂਲ ਵਿੱਚ ਪੜ•ਾਉਣ ਲਈ ਸਾਈਕਲ ‘ਤੇ ਜਾਂਦਾ ਸੀ। ਇਸ ਕਿਤਾਬ ਦੀਆਂ ਸਾਰੀਆਂ ਤੁਕਾਂ ਉਸ ਨੇ ਸਾਈਕਲ ‘ਤੇ ਜਾਂਦਿਆਂ ਜੋੜੀਆਂ। ਉਸ ਦੇ ਸਾਈਕਲ ‘ਤੇ ਝੋਲਾ ਲਮਕਦਾ ਹੁੰਦਾ ਜਿਸ ਵਿੱਚ ਰਜਿਸਟਰ ਹੁੰਦਾ। ਉਹ ਸਾਈਕਲ ‘ਤੇ ਪੈਡਲ ਮਾਰਦਾ-ਮਾਰਦਾ ਕਵਿਤਾਵਾਂ ਦੀਆਂ ਤੁਕਾਂ ਜੋੜਦਾ ਅਤੇ ਜਦੋਂ ਤੁਕ ਪੂਰੀ ਹੋ ਜਾਣੀ ਤਾਂ ਸਾਈਕਲ ਨੂੰ ਸਟੈਂਡ ‘ਤੇ ਲਾ ਕੇ ਪਾਸੇ ‘ਤੇ ਬੈਠ ਕੇ ਝੋਲੇ ਵਿੱਚੋਂ ਰਜਿਸਟਰ ਕੱਢ ਕੇ ਉਸ ਉਪਰ ਲਿਖਣ ਲੱਗ ਜਾਣਾ। ਇਸ ਤਰ•ਾਂ ਫ਼ਸਲ ਦੀ ਪੂਰੀ ਕਹਾਣੀ ਸਾਈਕਲ ‘ਤੇ ਜਾਂਦਿਆਂ ਰਾਹ ਵਿੱਚ ਰੁਕ-ਰੁਕ ਕੇ ਲਿਖੀ। ‘ਕਣਕ ਦੀ ਕਹਾਣੀ’ ਲੰਮੀ ਕਵਿਤਾ ਭਾਵੇਂ ਉਸ ਦੀ ਕਾਵਿ ਵਿਧਾ ਦਾ ਹੀ ਰੂਪ ਸੀ ਪਰ ਇਸ ਵਿੱਚੋਂ ਗਲਪ ਸਾਹਿਤ ਦੀ ਭਾਹ ਮਾਰਦੀ ਹੈ। ਪੇਸ਼ ਹੈ ਇਸ ਕਵਿਤਾ ਦੇ ਕੁਝ ਅੰਸ਼:
‘ਅੱਸੂ ਦੇ ਫਿਰ ਚੜ•ੇ ਨਰਾਤੇ,
ਉÎਤਰ ਆਈ ਠਾਰੀ।
ਸ਼ੱਕਰ ਵਰਗੀ ਹੋਈ ਮਿੱਟੀ,
ਐਸੀ ਧਰਤ ਸਵਾਰੀ।
ਸ਼ੌਕ ਨਾਲ ਛੀ ਵਾਰੀ ਵਾਹੀ,
ਨਾਲ ਸੁਹਾਗੀ ਮਾਰੀ।
ਬੀਜਣ ਦੇ ਦਿਨ ਆਏ ਨੇੜੇ,
ਬੀਅ ਦੀ ਕਿਰਨ ਤਿਆਰੀ।
ਕਣਕੇ ਉੱਠ ਖੜ• ਨੀਂ,
ਬੈਠੀ ਵਿਚ ਬੁਖਾਰੀ।”
1957 ਵਿੱਚ ਅਣਖੀ ਨੇ ਬਰਨਾਲੇ ਦੇ ਕੁਝ ਮਿੱਤਰਾਂ-ਦੋਸਤਾਂ ਨਾਲ ਮਿਲ ਕੇ ਸਾਹਿਤ ਸਭਾ ਬਣਾਈ। ਸਭਾ ਵੱਲੋਂ ‘ਦਰਸ਼ਨ’ ਮਾਸਿਕ ਪੱਤਰ ਸ਼ੁਰੂ ਕੀਤਾ ਗਿਆ। ਅੱਜ ਸਾਹਿਤ ਜਗਤ ਵਿੱਚ ਜੋ ਬਰਨਾਲਾ ਦਾ ਸਥਾਨ ਹੈ, ਉਸ ਵਿੱਚ ਇਸ ਸਭਾ ਦਾ ਬਹੁਤ ਵੱਡਾ ਯੋਗਦਾਨ ਹੈ। 1957 ਵਿੱਚ ਹੀ ਰਾਮ ਸਰੂਪ ਅਣਖੀ ਦੀ ਪਹਿਲੀ ਕਾਵਿ ਪੁਸਤਕ ‘ਮਟਕ ਚਾਨਣਾ’ ਛਪੀ। 70 ਪੰਨਿਆਂ ਦੀ ਇਸ ਪੁਸਤਕ ਨਾਲ ਅਣਖੀ ਨੇ ਸਾਹਿਤ ਜਗਤ ਵਿੱਚ ਅਜਿਹਾ ਦਾਖ਼ਲਾ ਮਾਰਿਆ ਕਿ ਆਪਣੀਆਂ ਆਖ਼ਰੀ ਘੜੀਆਂ ਤੱਕ ਲਿਖਣਾ ਜਾਰੀ ਰੱਖਿਆ। ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਵੀ ਉਹ ਨਵੇਂ ਨਾਵਲ ਦਾ 24ਵਾਂ ਕਾਂਡ ਲਿਖ ਕੇ ਸੁੱਤਾ ਸੀ। ‘ਮਟਕ ਚਾਨਣਾ’ ਤੋਂ ਬਾਅਦ ਦੂਜਾ ਕਾਵਿ ਸੰਗ੍ਰਹਿ ‘ਕਣਕ ਦੀ ਕਹਾਣੀ’ ਛਪਿਆ। 1962 ਵਿੱਚ ਪ੍ਰੀਤਲੜੀ ਨੇ ‘ਗੁੜ•ਤੀ’ ਬਾਲ ਗੀਤ ਛਾਪਿਆ। ਅਣਖੀ ਨੇ 1962 ਵਿੱਚ ‘ਕੱਲਰੀਆਂ’ ਕਾਵਿ ਸੰਗ੍ਰਹਿ ਲਿਖਿਆ। ‘ਮੇਰੇ ਕਮਰੇ ਦਾ ਸੂਰਜ’ ਭਦੌੜ ਪੜ•ਾਉਂਦਿਆਂ ਲਿਖਿਆ। ਉਸ ਵੇਲੇ ਉਸ ਨੇ ਇਹ ਕਾਵਿ ਸੰਗ੍ਰਹਿ ਛਪਵਾਉਣ ਲਈ ਪਬਲਿਸ਼ਰ ਵੱਲੋਂ ਕੱਢੇ ਜਾਂਦੇ ਕਿਸੇ ਰਸਾਲੇ ਲਈ ਚੰਦਾ ਇਕੱਠਾ ਕਰਨ ਲਈ ਕਈ ਮੀਲ ਸਾਈਕਲ ਚਲਾਇਆ। ਇਸ ਤੋਂ ਬਾਅਦ ਉਸ ਨੇ ਕਵਿਤਾ ਲਿਖਣੀ ਛੱਡ ਦਿੱਤੀ।
ਪ੍ਰੋ. ਮੋਹਨ ਸਿੰਘ ਦੀ ਪ੍ਰੇਰਨਾ ਨਾਲ ਕਹਾਣੀਆਂ ਲਿਖਣ ਲੱਗੇ ਅਣਖੀ ਨੇ ਉਸ ਵੇਲੇ ਤੱਕ 8-10 ਕਹਾਣੀਆਂ ਲਿਖੀਆਂ ਸਨ। ਫੇਰ ਉਸ ਨੇ ਆਪਣੇ ਹੈੱਡ ਮਾਸਟਰ ਰਹੇ ਜਲੌਰ ਸਿੰਘ ਬਾਰੇ ‘ਕਚਹਿਰੀ ਦਾ ਸ਼ਿੰਗਾਰ’ ਤੇ ‘ਬਿੱਲੂ ਪੁੱਤਰ ਗੰਗਾ ਸਿੰਘ’ ਲਿਖੀ। ਦੋ ਕਹਾਣੀਆਂ 1965 ਵਿੱਚ ਹੋਈ ਭਾਰਤ-ਪਾਕਿਸਤਾਨ ਜੰਗ ਉੱਤੇ ਲਿਖੀਆਂ। ‘ਵਸਾਖੀ ਵਾਲਾ ਪਿੰਡ’ ਲੰਮੀ ਕਹਾਣੀ ਲਿਖੀ। ਸਰਕਾਰੀ ਮੁਲਾਜ਼ਮਾਂ ‘ਤੇ ਕਹਾਣੀ ਲਿਖੀ, ਪੇਂਡੂ ਜੀਵਨ ਬਾਰੇ ‘ਟੀਸੀ ਦਾ ਬੇਰ’ ਕਹਾਣੀ ਲਿਖੀ। ਉਸ ਨੇ 20 ਕਹਾਣੀਆਂ ਇਕੱਠੀਆਂ ਕਰ ਕੇ ਆਪਣਾ ਪਹਿਲਾ ਕਹਾਣੀ ਸੰਗ੍ਰਹਿ ‘ਸੁੱਤਾ ਨਾਗ’ 1966 ਵਿੱਚ ਛਪਵਾਇਆ ਜਿਸ ਦੀ ਸ਼ਲਾਘਾ ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਸੰਤੋਖ ਸਿੰਘ ਧੀਰ, ਸੁਖਬੀਰ, ਜਸਵੰਤ ਕੰਵਲ, ਮਹਿੰਦਰ ਸਿੰਘ ਜੋਸ਼, ਵਿਜੇ ਚੌਹਾਨ ਆਦਿ ਪ੍ਰਸਿੱਧ ਲਿਖਾਰੀਆਂ ਨੇ ਉਨ•ਾਂ ਨੂੰ ਪੱਤਰ ਲਿਖ ਕੇ ਕੀਤੀ। ਕਹਾਣੀਆਂ ਲਿਖਣ ਵੱਲ ਆਉਣ ਦਾ ਵੀ ਇਕ ਚਿਲਚਸਪ ਕਿੱਸਾ ਹੈ। ਅਣਖੀ ਦੀ ਪਹਿਲੀ ਕਹਾਣੀ ‘ਨੰਦੂ ਪ੍ਰੋਹਤ’ ਜੋ ‘ਪੰਜ ਦਰਿਆ’ ਵਿੱਚ ਛਪੀ, ਇਕ ਪੇਂਡੂ ਦੰਦ ਕਥਾ ਉਤੇ ਆਧਾਰਤ ਸੀ। ਇਸ ਕਹਾਣੀ ਦੇ ਛਪਣ ਤੋਂ ਪਹਿਲਾਂ ਉਸ ਨੇ ਇਕ ਕਹਾਣੀ ਹੋਰ ਲਿਖੀ ਸੀ, ਜੋ ਪੰਜ ਦਰਿਆ ਵਿੱਚ ਛਪਣ ਲਈ ਭੇਜੀ ਸੀ ਜਿਸ ਨੂੰ ਪ੍ਰੋ. ਮੋਹਨ ਸਿੰਘ ਨੇ ਵਾਪਸ ਭੇਜਦਿਆਂ ਲਿਖਿਆ, ”ਇਸ ਕਹਾਣੀ ਦੀਆਂ ਹੱਡੀਆਂ ਉਤੇ ਮਾਸ ਘੱਟ ਹੈ।” ਇਸ ਚਿੱਠੀ ਨੂੰ ਅਣਖੀ ਨੇ ਤਾਅ ਉਮਰ ਸਾਂਭ ਕੇ ਰੱਖਿਆ ਅਤੇ ਹਰ ਕਹਾਣੀ ਲਿਖਣ ਤੋਂ ਪਹਿਲਾਂ ਇਸ ਚਿੱਠੀ ਨੂੰ ਧਿਆਨ ਵਿੱਚ ਰੱਖਿਆ। ਪ੍ਰੋ. ਮੋਹਨ ਸਿੰਘ ਦੇ ਲਿਖੇ ਹੋਏ ਸ਼ਬਦਾਂ ਦਾ ਅਸਰ ਹੀ ਸੀ ਕਿ ਪੰਜਾਬੀ ਸਾਹਿਤ ਨੂੰ ਅਣਖੀ ਵਰਗਾ ਗਲਪਕਾਰ ਮਿਲਿਆ। 1967 ਵਿੱਚ ਦੂਜਾ ਕਹਾਣੀ ਸੰਗ੍ਰਹਿ ‘ਕੱਚਾ ਧਾਗਾ’ ਪ੍ਰਕਾਸ਼ਿਤ ਹੋਇਆ। 1968 ਵਿੱਚ ‘ਮਨੁੱਖ ਦੀ ਮੌਤ’ ਅਤੇ 1975 ਵਿੱਚ ‘ਕੰਧ ਵਿੱਚ ਉੱਗਿਆ ਦਰੱਖ਼ਤ’ ਕਹਾਣੀ ਸੰਗ੍ਰਹਿ ਛਪਿਆ। ਸਾਰੇ ਹੀ ਹੱਥੋਂ-ਹੱਥੀ ਵਿਕੇ। ਸੱਤਰਵਿਆਂ ਦੇ ਅੰਤ ਤੱਕ ਅਣਖੀ 80 ਦੇ ਕਰੀਬ ਕਹਾਣੀਆਂ ਲਿਖ ਚੁੱਕਾ ਸੀ। ਕਹਾਣੀ ਸੰਗ੍ਰਹਿ ‘ਕਮਾਈ’ 1975 ਵਿੱਚ, ‘ਆਪਣੇ ਘੜੇ ਦਾ ਪਾਣੀ’ ਤੇ ‘ਕਦੋਂ ਫਿਰਨਗੇ ਦਿਨ’ 1980 ਵਿੱਚ, ‘ਕਿੱਧਰ ਜਾਵਾਂ’ ਤੇ ‘ਛੱਡ ਕੇ ਨਾ ਜਾ’ ਆਦਿ ਪ੍ਰਮੁੱਖ ਹਨ। 1979 ਵਿੱਚ ਛਪੀ ‘ਕੱਖਾਂ ਕਾਨਿਆਂ ਦੇ ਪੁਲ’ ਇਕ ਰੋਮਾਂਟਿਕ ਨਜ਼ਮ ਵਾਂਗ ਲਿਖੀ ਜਿਸ ਨੇ ਬਹੁਤ ਪਾਠਕਾਂ ਨੂੰ ਭਾਵੁਕ ਕੀਤਾ। ਇਹ ਰੰਡੇ ਪਾਤਰ ਦਾ ਕਿਰਦਾਰ ਸੀ। ਅਣਖੀ ਵੱਲੋਂ ਲਿਖੀਆਂ ਕਹਾਣੀਆਂ ‘ਟੀਸੀ ਦਾ ਬੇਰ’, ‘ਕੱਚਾ ਧਾਗਾ’, ‘ਮਨੁੱਖ ਦੀ ਮੌਤ’, ‘ਖਾਰਾ ਦੁੱਧ’, ‘ਅੱਧਾ ਆਦਮੀ’ ਬਹੁਤ ਮਕਬੂਲ ਹੋਈਆਂ।
ਕਹਾਣੀਆਂ ਵਿੱਚ ਜਦੋਂ ਅਣਖੀ ਹੁਰਾਂ ਨੇ ਪੂਰੀ ਪ੍ਰਬੀਨਤਾ ਹਾਸਲ ਕਰ ਲਈ ਤਾਂ ਵੱਡੇ ਲਿਖਾਰੀ ਉਨ•ਾਂ ਨੂੰ ਨਾਵਲ ਲਿਖਣ ਲਈ ਪ੍ਰੇਰਨ ਲੱਗੇ। ਨਾਵਲ ਲਿਖਣ ਲਈ ਉਸ ਨੂੰ ਪਹਿਲੀ ਵਾਰ ਮਹਿੰਦਰ ਸਿੰਘ ਜੋਸ਼ ਨੇ ਉਸ ਦੇ ਪਹਿਲੇ ਕਹਾਣੀ ਸੰਗ੍ਰਹਿ ‘ਸੁੱਤਾ ਨਾਗ’ ਪੜ•ਨ ਤੋਂ ਬਾਅਦ ਪ੍ਰੇਰਿਆ ਸੀ। ਜੋਸ਼ ਦਾ ਕਹਿਣਾ ਸੀ ਕਿ ਉਹ ਨਾਵਲ ਲਿਖਣ ਦੀ ਸਮਰੱਥਾ ਰੱਖਦਾ ਹੈ। ਪ੍ਰੋ. ਸੁਰਿੰਦਰ ਨਰੂਲਾ ਨੇ ਉਸ ਨੂੰ ਵੱਡਾ ਨਾਵਲ ਲਿਖਣ ਲਈ ਤਾਅਨਾ ਮਾਰਿਆ। ਇਕ ਵਾਰ ਬੰਬਈ ਕਾਨਫ਼ਰੰਸ ਦੌਰਾਨ ਬਲਰਾਜ ਸਾਹਨੀ ਦੇ ਘਰ ਜਸਵੰੰਤ ਕੰਵਲ ਨੇ ਅਣਖੀ ਨੂੰ ਕਿਹਾ ਕਿ ਉਹ ਨਾਵਲ ਲਿਖੇ। ਅਸਲ ਪ੍ਰੇਰਣਾ ਉਸ ਨੂੰ ਬੰਬੇ ਵਾਲੇ ਸੁਖਬੀਰ ਤੋਂ ਮਿਲੀ। 1968 ਵਿੱਚ ਬਰਨਾਲਾ ਤੋਂ ਅਵਤਾਰ ਟੱਲੇਵਾਲੀਆ ਵੱਲੋਂ ਸੰਪਾਦਤ ਕੀਤੇ ਜਾਂਦੇ ਤ੍ਰੈਮਾਸਿਕ ‘ਪ੍ਰਤੀਕ’ ਵਿੱਚ ਅਣਖੀ ਦੀ ਕਹਾਣੀ ‘ਅਸ਼ਕੇ ਬੁੜ•ੀਏ ਤੇਰੇ’ ਨੂੰ ਪੜ• ਕੇ ਸੁਖਬੀਰ ਨੇ ਅਣਖੀ ਨੂੰ ਲਿਖਿਆ, ”ਤੁਹਾਡੇ ਕੋਲ ਜਿਹੋ ਜਿਹੀ ਜ਼ੁਬਾਨ ਤੇ ਦਿਲਚਸਪ ਪਾਤਰ ਹਨ ਅਤੇ ਜਿਹੋ ਜਿਹਾ ਕਹਾਣੀ ਬਣਾਉਣ ਤੇ ਉਸ ਨੂੰ ਬਿਆਨ ਕਰਨ ਦਾ ਅੰਦਾਜ਼ ਹੈ, ਉਸ ਨੂੰ ਵੇਖਦਿਆਂ ਮੈਂ ਰਾਇ ਦਿਆਂਗਾ ਕਿ ਤੁਸੀਂ ਕੋਈ ਵੱਡਾ, ਭਰਵਾਂ ਨਾਵਲ ਲਿਖੋ।” ਅਣਖੀ ਨੇ ਜ਼ਿੰਦਗੀ ਦੀਆਂ ਅਨੇਕਾਂ ਦੁਸ਼ਵਾਰੀਆਂ ਝੱਲਦਿਆਂ ਆਪਣਾ ਜੀਵਨ ਬਸ਼ਰ ਕੀਤਾ ਜਿਸ ਕਾਰਨ ਔਖਾ ਕੰਮ ਸਿਰੇ ਚਾੜ•ਨਾ ਉਸ ਦਾ ਸੁਭਾਅ ਬਣ ਗਿਆ। ਨਾਵਲ ਉਸ ਨੇ ਪਹਿਲੀ ਵਾਰ ਪੜ•ਾਈ ਦੌਰਾਨ ਨਾਨਕ ਸਿੰਘ ਦਾ ‘ਜੀਵਨ ਸੰਗਰਾਮ’ ਪੜਿ•ਆ ਸੀ, ਜੋ ਸਿਲੇਬਸ ਦਾ ਹਿੱਸਾ ਸੀ। ਦੂਜਾ ਨਾਵਲ ਜਸਵੰਤ ਕੰਵਲ ਦਾ ‘ਪਾਲੀ’ ਪੜਿ•ਆ। ‘ਚਿੱਟੇ ਲਹੂ’ ਬਾਰੇ ਉਸ ਨੇ ਸਿਰਫ਼ ਸੁਣਿਆ ਹੋਇਆ ਸੀ। ਕਾਲਜ ਦੀ ਪੜ•ਾਈ ਤੋਂ ਬਾਅਦ ਜਦੋਂ ਉਹ ਨਾਵਲ ਪੜ•ਨ ਲੱਗਾ ਤਾਂ ਫੇਰ ਨਾਨਕ ਸਿੰਘ ਤੇ ਜਸਵੰਤ ਕੰਵਲ ਦੇ ਸਾਰੇ ਨਾਵਲ, ਅੰਮ੍ਰਿਤਾ ਪ੍ਰੀਤਮ ਦਾ ਪਿੰਜਰ, ਖ਼ੁਸ਼ਵੰਤ ਸਿੰਘ ਦਾ ਪਾਕਿਸਤਾਨ ਮੇਲ, ਰਾਜਿੰਦਰ ਸਿੰਘ ਬੇਦੀ ਦਾ ਇਕ ਚਾਦਰ ਅਧੋਰਾਣੀ ਪੜ• ਦਿੱਤੇ। ਅਣਖੀ ਨੇ ਨਾਵਲ ਲਿਖਣ ਤੋਂ ਪਹਿਲਾਂ ਚੰਡੀਗੜ•ੋਂ ਪੰਜਾਬ ਬੁੱਕ ਸੈਂਟਰ ‘ਚੋਂ ਵੱਖ-ਵੱਖ ਭਾਸ਼ਾਵਾਂ ਦੇ ਵਿਸ਼ਵ ਪ੍ਰਸਿੱਧ ਨਾਵਲ ਖ਼ਰੀਦ ਕੇ ਪੜ•ੇ, ਜਿਨ•ਾਂ ਵਿੱਚ ਦੋਸਤੋਵਸਕੀ ਦਾ ਬੁੱਧੂ, ਅਲਕਦ ਮੁਖਤਾਰ ਦਾ ਭੈਣਾਂ, ਬੋਰਿਸ ਪੋਲੇਵੋਈ ਦਾ ਅਸਲੀ ਇਨਸਾਨ ਦੀ ਕਹਾਣੀ, ਪ੍ਰੇਮ ਚੰਦ ਦਾ ਗੋਦਾਨ, ਵਿਕਟਰ ਹਿਊਗੋ ਦਾ ਲੇ ਮਿਜ਼ਰਬੇਲ, ਇਰਵਿੰਗ ਸਟੋਟ ਦਾ ਲਾਸਟ ਫ਼ਾਰ ਲਾਈਫ਼, ਪੰਨਾ ਲਾਲ ਪਟੇਲ ਦਾ ਜੀਵਨ ਏਕ ਨਾਟਕ, ਮੋਹਨ ਰਾਕੇਸ਼ ਦਾ ਅੰਧੇਰੇ ਬੰਦ ਕਮਰੇ ਪ੍ਰਮੁੱਖ ਸਨ। ਅਣਖੀ ਨੇ ਰਾਵ ਬਹਾਦਰ ਕੁਲਕਰਨੀ ਤੇ ਕੁਰ ਅਤੁਲਐਨ ਹੈਦਰ ਨੂੰ ਵੀ ਪੜਿ•ਆ।
ਅਣਖੀ ਨੇ ਨਾਵਲ ਲਿਖਣ ਦੀ ਚੁਣੌਤੀ ਵੀ 1970 ਵਿੱਚ ਪੂਰੀ ਕੀਤੀ, ਜਦੋਂ ਉਸ ਦਾ ਪਹਿਲਾ ਨਾਵਲ ‘ਪਰਦਾ ਤੇ ਰੌਸ਼ਨੀ’ ਛਪਿਆ। ਉਸ ਤੋਂ ਬਾਅਦ ਨਾਵਲ ‘ਕੱਖਾਂ ਕਾਨਿਆਂ ਦੇ ਪੁਲ’, ‘ਜ਼ਖ਼ਮੀ ਅਤੀਤ’ ‘ਢਿੱਡ ਦੀ ਆਂਦਰ’ ਲਿਖੇ। ਖ਼ੁਦਕੁਸ਼ੀਆਂ ਦੀ ਕਹਾਣੀ ਬਿਆਨਦਾ ਲਘੂ ਨਾਟਕ ‘ਸਲਫ਼ਾਸ’ ਲਿਖਿਆ। ‘ਸੁਲਘਦੀ ਰਾਤ’ ਨਾਵਲ ਦੇ ਛਪਣ ਨਾਲ ਉਹ ਇਕ ਸਮਰੱਥ ਨਾਵਲਕਾਰ ਵਜੋਂ ਜਾਣਿਆ ਜਾਣ ਲੱਗਿਆ। 1979 ਵਿੱਚ ਇਸੇ ਨਾਵਲ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਉਸ ਸਾਲ ਦੀ ਸਰਬੋਤਮ ਰਚਨਾ ਐਲਾਨਦਿਆਂ ਢਾਈ ਹਜ਼ਾਰ ਦਾ ਇਨਾਮ ਦਿੱਤਾ। ‘ਸੁਲਘਦੀ ਰਾਤ’ ਵਿੱਚ ਅਜਿਹੇ ਸਮਾਜ ਦੀ ਗੱਲ ਕੀਤੀ ਗਈ ਹੈ, ਜਿੱਥੇ ਦੇਸ਼ ਦੀ ਸਾਰੀ ਜਾਇਦਾਦ ਲੋਕਾਂ ਦੀ ਸਾਂਝੀ ਮਲਕੀਅਤ ਬਣ ਜਾਵੇਗੀ ਅਤੇ ਸਭ ਦੀ ਬਰਾਬਰੀ ਹੋਵੇਗੀ। 1979 ਵਿੱਚ ਹੀ ‘ਕੱਖਾਂ ਕਾਨਿਆਂ ਦੇ ਪੁਲ’, 1981 ਵਿੱਚ ‘ਜ਼ਖ਼ਮੀ ਅਤੀਤ’ ਛਪਿਆ। 1985 ਵਿੱਚ ‘ਕੋਠੇ ਖੜਕ ਸਿੰਘ’ ਲਿਖਿਆ ਜਿਸ ਦੇ ਲਿਖਣ ਬਾਰੇ ਦਿਲਚਸਪ ਕਿੱਸਾ ਹੈ ਜਿਸ ਦਾ ਜ਼ਿਕਰ ਅਗਾਂਹ ਕਰਾਂਗਾ। ਪੇਂਡੂ ਅਰਥਚਾਰੇ ਉਪਰ ਆਧਾਰਤ ਨਾਵਲ ‘ਜ਼ਮੀਨਾਂ ਵਾਲੇ’ ਵਿੱਚ ਜੱਟ ਲਈ ਉਸ ਦੀ ਜ਼ਮੀਨ ਵਰਦਾਨ ਵੀ ਹੈ ਤੇ ਸਰਾਪ ਵੀ। ਜ਼ਮੀਨ ਦੀ ਹੈਂਕੜ ਹੀ ਉਸ ਨੂੰ ਲੈ ਡੁੱਬੀ। 1987 ਵਿੱਚ ‘ਢਿੱਡ ਦੀ ਆਂਦਰ’, 1988 ਵਿੱਚ ‘ਜਿਨਿ ਸਿਰਿ ਸੋਹਨਿ ਪਟੀਆਂ’ ਤੇ 1992 ਵਿੱਚ ‘ਪਰਤਾਪੀ’ ਹੋਂਦ ਵਿੱਚ ਆਇਆ। ਇਹ ਨਾਵਲ ਵੀ ਤਿੰਨ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਐਮ.ਏ. (ਪੰਜਾਬ) ਦੇ ਕੋਰਸ ਵਿੱਚ ਲੱਗਿਆ ਰਿਹਾ। ਇਸ ਤੋਂ ਪਿੱਛੋਂ ‘ਚਿੱਟੀ ਕਬੂਤਰੀ’ (51 ਚੋਣਵੀਆਂ ਕਹਾਣੀਆਂ), 2000 ਵਿੱਚ ਨਾਵਲ ‘ਦੁੱਲੇ ਦੀ ਢਾਬ’ ਲਿਖਿਆ, ਜਿਹੜਾ ਵੀਹਵੀਂ ਸਦੀ ਦੇ ਪੰਜਾਬ ਦਾ ਇਤਿਹਾਸਕ ਦਸਤਾਵੇਜ਼ ਹੈ। ਦੁੱਲੇ ਦੀ ਢਾਬ 50 ਸਾਲਾਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਇਸ ਨਾਵਲ ਵਿੱਚ ਉੱਖੜ ਰਹੇ ਪੇਂਡੂ ਪੰਜਾਬ ਨੂੰ ਦਿਖਾਇਆ ਗਿਆ। ‘ਬੱਸ ਹੋਰ ਨਹੀਂ’ ਮਰਦ-ਔਰਤ ਦੀ ਪਛਾਣ ਅਤੇ ਰਿਸ਼ਤੇ ਦਾ ਮਸਲਾ ਉਠਾਇਆ ਗਿਆ ਹੈ। 2003 ਵਿੱਚ ਲਿਖੇ ‘ਗੇਲੋ’ ਨਾਵਲ ਵਿੱਚ ਟੁੱਟ ਰਹੀ ਕਿਸਾਨੀ ਦਾ ਦੁਖਾਂਤ ਅਤੇ ਔਰਤ ਦੇ ਮਨ ਦੀ ਕਾਮੁਕ ਅਵਸਥਾ ਵਾਲਾ ਦਿਲ ਦਹਿਲਾਉਣ ਵਾਲਾ ਬਿਰਤਾਂਤ ਪੇਸ਼ ਕੀਤਾ ਗਿਆ ਹੈ।
‘ਕਣਕਾਂ ਦਾ ਕਤਲੇਆਮ’ ਵਿੱਚ ਬਹੁਕੌਮੀ ਕੰਪਨੀਆਂ ਵੱਲੋਂ ਫ਼ੈਕਟਰੀਆਂ ਲਾਉਣ ਲਈ ਜ਼ਿਮੀਂਦਾਰਾਂ ਦੀਆਂ ਉਪਜਾਊ ਜ਼ਮੀਨਾਂ ਖੋਹਣ ਅਤੇ ਕਿਸਾਨਾਂ ਦੀ ਹਾਲਤ ਬਿਆਨ ਕੀਤੀ ਗਈ ਹੈ, ਜਿਸ ਵਿੱਚ ਉਨ•ਾਂ ਦਾ ਸਾਰਾ ਢਾਂਚਾ ਹੀ ਹਿੱਲ ਜਾਂਦਾ ਹੈ। 2008 ਵਿੱਚ ਨਾਵਲ ‘ਭੀਮਾ’ ਲਿਖਿਆ ਜਿਸ ਵਿੱਚ ਪਰਵਾਸੀ ਮਜ਼ਦੂਰਾਂ ਬਾਰੇ ਲਿਖਿਆ, ਜਿਹੜੇ ਕਿਸੇ ਵੇਲੇ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਪੰਜਾਬ ਆਏ ਸਨ ਅਤੇ ਪੱਕੇ ਤੌਰ ‘ਤੇ ਇੱਥੇ ਵਸ ਜਾਂਦੇ ਹਨ। ਇਨ•ਾਂ ਪਰਵਾਸੀ ਮਜ਼ਦੂਰਾਂ ਦੀ ਅਗਲੀ ਪੀੜ•ੀ, ਜੋ ਇੱਥੇ ਹੀ ਜੰਮੀ ਪਲੀ ਅਤੇ ਪੰਜਾਬੀ ਸੱਭਿਆਚਾਰ ਵਿੱਚ ਇਸ ਤਰ•ਾਂ ਗੜੁੱਚ ਹੋ ਗਈ, ਜਿਵੇਂ ਉਹ ਪੰਜਾਬੀ ਹੀ ਹੋਣ। ‘ਬਾਰਾਂਤਾਲੀ’ ਵਿੱਚ ਨਾਜਾਇਜ਼ ਸਰੀਰਕ ਸਬੰਧਾਂ ਦੀ ਗੱਲ ਕੀਤੀ ਗਈ ਹੈ। ਇਸ ਸਮੇਂ ਦੌਰਾਨ ਕੁੱਝ ਚੋਣਵੇਂ ਕਹਾਣੀ ਸੰਗ੍ਰਹਿ ਵੀ ਪ੍ਰਕਾਸ਼ਤ ਹੋਏ, ਜਿਨ•ਾਂ ਵਿੱਚ 2003 ਵਿੱਚ ‘ਨਵੀਂ ਫ਼ਸਲ’ ਤੇ ‘ਕੱਤਦੀ ਫੁੰਕਾਰੇ ਮਾਰਦੀ’, 2004 ਵਿੱਚ ‘ਸ਼ਨਾਖ਼ਤੀ ਕਾਰਡ’, 2005 ਵਿੱਚ ‘ਸਾਡੇ ਵੱਡੇ’ ਤੇ ‘ਕਥਾ ਬੋਧ’ ਪ੍ਰਕਾਸ਼ਤ ਹੋਈਆਂ। ਅਣਖੀ ਨੇ ਸਵੈ-ਜੀਵਨੀ ਮੂਲਕ ਕਹਾਣੀਆਂ ਦਾ ਇਕ ਸੰਗ੍ਰਹਿ ‘ਆਪਣੀ ਮਿੱਟੀ ਦਾ ਰੁੱਖ’ 2004 ਵਿੱਚ ਪ੍ਰਕਾਸ਼ਤ ਕਰਵਾਇਆ।
ਪੇਂਡੂ ਪਿਛੋਕੜ ਵਾਲੇ ਇਸ ਨਾਵਲ ਵਿੱਚ ਅਣਖੀ ਨੇ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਜਿਸ ਵਿੱਚ ਧੱਕੇਸ਼ਾਹੀ, ਹੈਂਕੜਬਾਜ਼ੀ, ਸ਼ਰੀਕਪੁਣਾ, ਨਸ਼ੇਬਾਜ਼ੀ, ਵੇਸਵਾਬਿਰਤੀ, ਛੋਟੀ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਹੈ। ਮਾਲਵੇ ਵਿੱਚ ਡੇਰਿਆਂ ਦੀ ਬਹੁਤਾਤ ਦਾ ਹੀ ਸਿੱਟਾ ਹੈ ਕਿ ਅਣਖੀ ਦੇ ਨਾਵਲਾਂ ਵਿੱਚ ਕੋਈ ਨਾ ਕੋਈ ਡੇਰਾ ਜ਼ਰੂਰ ਹੁੰਦਾ ਹੈ। ਛੋਟੇ ਤੋਂ ਵੱਡਾ ਹਰ ਡੇਰਾ ਕਿਸੇ ਨਾ ਕਿਸੇ ਪਿੰਡ ਵਿੱਚ ਜ਼ਰੂਰ ਹੁੰਦਾ ਹੈ। ਅਣਖੀ ਦੇ ਨਾਵਲਾਂ ਦੇ ਇਨ•ਾਂ ਡੇਰਿਆਂ ਦੇ ਕਈ ਸਾਧ ਬੁਰੇ ਕੰਮ ਕਰਦੇ ਵੀ ਦਿਖਾਏ ਹਨ ਜਿਵੇਂ ਕੋਠੇ ਖੜਕ ਸਿੰਘ ਤੇ ਪਰਤਾਪੀ ਵਿੱਚ। ਗੇਲੋ ਵਿਚਲਾ ਸਾਧ ਭਲਾ ਪੁਰਸ਼ ਦਿਖਾਇਆ ਹੈ। 2010 ਦਾ ਵਰ•ਾ ਪੰਜਾਬੀ ਸਾਹਿਤ ਜਗਤ ਲਈ ਬੁਰੀਆਂ ਖ਼ਬਰਾਂ ਲੈ ਕੇ ਆਇਆ। ਪਹਿਲਾਂ ਡਾ. ਜੋਗਿੰਦਰ ਰਾਹੀ, ਡਾ. ਟੀ.ਆਰ. ਵਿਨੋਦ, ਸੰਤੋਖ ਸਿੰਘ ਧੀਰ, ਫਿਰ ਇਕੋ ਦਿਨ ਹਰਿੰਦਰ ਮਹਿਬੂਬ ਤੇ ਰਾਮ ਸਰੂਪ ਅਣਖੀ ਪੰਜਾਬੀ ਪਾਠਕਾਂ ਨੂੰ ਸਦੀਵੀ ਵਿਛੋੜਾ ਦੇ ਗਏ। ਆਖ਼ਰੀ ਵੇਲੇ ਵੀ ਉਹ ਨਾਵਲ ‘ਪਿੰਡ ਦੀ ਮਿੱਟੀ’ ਲਿਖ ਰਹੇ ਸਨ। ਇਹ ਉਨ•ਾਂ ਦਾ ਸੋਲਵਾਂ ਨਾਵਲ ਸੀ। 14 ਫ਼ਰਵਰੀ, 2010 ਨੂੰ 78 ਵਰਿ•ਆਂ ਦੀ ਉਮਰੇ ਇਸ ਜਹਾਨੋਂ ਤੁਰਨ ਤੋਂ ਇਕ ਰਾਤ ਪਹਿਲਾਂ 13 ਫ਼ਰਵਰੀ ਦੀ ਰਾਤ ਨਵੇਂ ਨਾਵਲ ਦਾ 24ਵਾਂ ਅਧਿਆਇ ਪੂਰਾ ਕਰ ਕੇ ਸੁੱਤੇ ਸਨ। 24ਵਾਂ ਕਾਂਡ ਪੂਰਾ ਹੋਣ ਤੋਂ ਬਾਅਦ 25ਵਾਂ ਕਾਂਡ ਅਗਲੇ ਦਿਨ ਲਿਖਣ ਦੀ ਸੋਚ ਨਾਲ ਉਨ•ਾਂ ਸਿਰਫ਼ ‘ਕਾਂਡ 25’ ਲਿਖ ਕੇ ਪੰਨਾ ਖ਼ਾਲੀ ਛੱਡ ਦਿੱਤਾ ਸੀ। 25ਵਾਂ ਕਾਂਡ ਕਦੇ ਨਾ ਪੂਰਾ ਹੋਣ ਵਾਲਾ ਅਧਿਆਇ ਬਣ ਗਿਆ। ਉਨ•ਾਂ ਦੇ ਤੁਰ ਜਾਣ ਤੋਂ ਬਾਅਦ ਲੋਕਗੀਤ ਪ੍ਰਕਾਸ਼ਨ ਵੱਲੋਂ ਇਹ ਨਾਵਲ 2011 ਵਿੱਚ ਛਾਪਿਆ ਗਿਆ।
ਅਣਖੀ ਜਦੋਂ ਇਸ ਜਹਾਨੋਂ ਤੁਰਿਆ ਤਾਂ ਉਸ ਦੇ ਪਰਿਵਾਰ ਨੇ ਉਸ ਦੀ ਇੱਛਾ ਅਨੁਸਾਰ ਅੰਤਮ ਰਸਮਾਂ ਨਿਭਾਈਆਂ। ਤਰਕਸ਼ੀਲ ਤੇ ਵਿਗਿਆਨਕ ਵਿਚਾਰਧਾਰਾ ਨੂੰ ਪ੍ਰਣਾਏ ਅਣਖੀ ਹੋਰਾਂ ਨੇ ਆਪਣੀ ਅੰਤਮ ਇੱਛਾ ਦੇ ਰੂਪ ਵਿੱਚ ਲਿਖਿਆ ਸੀ, ”ਸਾਰੀ ਜ਼ਿੰਦਗੀ ਕਿਸੇ ਪਰਾਸਰੀਰਕ ਸ਼ਕਤੀ ਵਿੱਚ ਮੇਰਾ ਕਦੇ ਕੋਈ ਵਿਸ਼ਵਾਸ ਨਹੀਂ ਰਿਹਾ। ਮੇਰੇ ਲਈ ਸਭ ਤੋਂ ਵੱਡੀ ਸ਼ਕਤੀ ਮਨੁੱਖ ਹੈ। ਮੇਰੇ ਆਪਣੇ ਸਕੇ ਸਬੰਧੀਆਂ, ਮਿੱਤਰਾਂ ਨੂੰ ਸੁਝਾਅ ਹੈ ਕਿ ਮੇਰੀ ਮੌਤ ਤੋਂ ਬਾਅਦ ਮੈਨੂੰ ਬਰਨਾਲਾ ਦੇ ਰਾਮਬਾਗ਼ ਵਿੱਚ ਜਲਾ ਕੇ ਰਾਖ ਹਰੀਗੜ• ਵਾਲੀ ਨਹਿਰ ਵਿੱਚ ਬਹਾ ਦਿੱਤੀ ਜਾਵੇ। ਧੌਲਾ ਪਿੰਡ ਦੇ ਖੇਤਾਂ ਦੀ ਕਣਕ ਜੋ ਹੁਣ ਤੱਕ ਮੈਂ ਖਾਂਦਾ ਰਿਹਾ ਹਾਂ, ਇਨ•ਾਂ ਖੇਤਾਂ ਨੂੰ ਇਸੇ ਨਹਿਰ ਦਾ ਪਾਣੀ ਲਗਦਾ ਹੈ। ਦੂਸਰੀ ਗੱਲ, ਮੈਂ ਧਾਰਮਿਕ ਨਹੀਂ ਹਾਂ। ਮੇਰੀ ਮੌਤ ਤੋਂ ਬਾਅਦ ਕੋਈ ਧਾਰਮਿਕ ਰਸਮ ਨਾ ਕੀਤੀ ਜਾਵੇ। ਤੀਜੇ ਜਾਂ ਸੱਤਵੇਂ ਦਿਨ ਮੇਰੇ ਰਿਸ਼ਤੇਦਾਰ, ਦੋਸਤ, ਮੇਰੇ ਪਾਠਕ ਇਕੱਠੇ ਹੋਣ ਅਤੇ ਮੇਰੀਆਂ ਗੱਲਾਂ ਕਰਨ। ਇਹੀ ਮੇਰੇ ਲਈ ਵੱਡੀ ਸ਼ਰਧਾਂਜਲੀ ਹੋਵੇਗੀ।” ਅਣਖੀ ਦੇ ਇਨ•ਾਂ ਬੋਲਾਂ ਉਤੇ ਫੁੱਲ ਚੜ•ਾਉਂਦਿਆਂ 21 ਫ਼ਰਵਰੀ ਨੂੰ ਉਸ ਦੇ ਦੋਸਤਾਂ, ਰਿਸ਼ਤੇਦਾਰਾਂ ਤੇ ਪਾਠਕਾਂ ਨੇ ਅਜਿਹਾ ਹੀ ਕੀਤਾ। ਇਥੇ ਇਹ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਬਹੁਤ ਘੱਟ ਅਜਿਹੇ ਪਿੰਡ ਹਨ ਜੋ ਵਿੱਛੜ ਗਏ ਆਪਣੇ ਲੇਖਕਾਂ ਤੇ ਕਲਾਕਾਰਾਂ ਨੂੰ ਚੇਤੇ ਰੱਖਦੇ ਹਨ, ਅਣਖੀ ਦਾ ਪਿੰਡ ਧੌਲਾ ਸਾਲ ਵਿੱਚ ਦੋ ਵਾਰ ਹੁੱਭ ਕੇ ਅਣਖੀ ਨੂੰ ਚੇਤੇ ਕਰਦਾ ਹੈ। ਉਸਦੀ ਬਰਸੀ ਤੇ ਜਨਮ ਦਿਨ ਮਨਾਇਆ ਜਾਂਦਾ ਹੈ, ਉਸਦੇ ਨਾਂ ‘ਤੇ ਪੁਰਸਕਾਰ ਦਿੱਤੇ ਜਾਂਦੇ ਹਨ।
ਅਣਖੀ ਆਖ਼ਰੀ ਸਮੇਂ ਓਮ ਪ੍ਰਕਾਸ਼ ਗਾਸੋ, ਇੰਦਰ ਸਿੰਘ ਖ਼ਾਮੋਸ਼ ਹੁਰਾਂ ਨਾਲ ਮਨ-ਮੁਟਾਅ ਵੀ ਦੂਰ ਕਰਨ ਦਾ ਇੱਛੁਕ ਸੀ। ਉਹ ਗਾਸੋ ਬਾਰੇ ਕਹਿੰਦਾ, ”ਕੀ ਹੋਇਆ ਜੇ ਉਸ ਨੇ ਬੋਲ ਕੇ ਉਸ ਨੂੰ ਮਾੜਾ ਕਿਹਾ ਪਰ ਕਿਤੇ ਉਸ ਬਾਰੇ ਲਿਖ ਕੇ ਬੁਰਾਈ ਨਹੀਂ ਕੀਤੀ।” ਉਸ ਨੇ ਇਕ ਵਾਰ ਬਰਨਾਲਾ ਵਿਖੇ ਵੱਡਾ ਸਾਹਿਤਕ ਸਮਾਗਮ ਕਰਵਾ ਕੇ ਆਪਣਾ 75ਵਾਂ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ। ਜਿਵੇਂ ਉਸ ਨੂੰ ਪਤਾ ਹੋਵੇ ਕਿ ਉਹ 80ਵਾਂ ਜਨਮ ਦਿਨ ਨਹੀਂ ਮਨਾ ਸਕੇਗਾ। ਲੇਖਕ, ਮਿੱਤਰਾਂ, ਪਾਠਕਾਂ ਅਤੇ ਰਿਸ਼ਤੇਦਾਰਾਂ ਦੇ ਭਰਵੇਂ ਇਕੱਠ ਵਿੱਚ ਅਣਖੀ ਨੇ ਇਹ ਇੱਛਾ ਵੀ ਜਤਾਈ ਸੀ ਕਿ ਉਹ 10 ਸਾਲ ਹੋਰ ਜਿਊਣਾ ਚਾਹੁੰਦਾ ਹੈ ਅਤੇ 85ਵਾਂ ਜਨਮ ਦਿਨ ਵੀ ਇਸੇ ਤਰ•ਾਂ ਮਨਾਵੇਗਾ ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਅਣਖੀ ਇਸ ਜਹਾਨੋਂ ਲਿਖਦਾ-ਲਿਖਦਾ ਵਿਦਾ ਹੋਇਆ ਅਤੇ ਬਿਨਾਂ ਕਿਸੇ ਦੁੱਖ ਤਕਲੀਫ਼ ਤੋਂ ਆਖ਼ਰੀ ਸਾਹ ਲਿਆ। ਅਲਵਿਦਾ ਕਹਿਣ ਤੋਂ ਕੁੱਝ ਸਮਾਂ ਪਹਿਲਾਂ ਉਸ ਦੇ ਪੈਰ ‘ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਂਗਲਾਂ ਉਤੇ ਪੱਟੀ ਜ਼ਰੂਰ ਬੰਨ•ੀ ਹੁੰਦੀ ਸੀ। ਉਸ ਨੂੰ ਬੱਸ ਇਕ ਉਲਟੀ ਆਈ ਤੇ ਮੁਹੱਬਤ ਦੇ ਦਿਨ (ਵੈਲਨਟਾਈਨ ਡੇ) ਦੀ ਸਵੇਰ ਮੁਹੱਬਤੀ ਸਾਹਿਤਕਾਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਉਸ ਦੀ ਇਕ ਇੱਛਾ ਜ਼ਰੂਰ ਪੂਰੀ ਹੋ ਗਈ ਕਿ ਉਹ ਲਿਖਦਾ-ਲਿਖਦਾ ਦੁਨੀਆਂ ਛੱਡਣਾ ਚਾਹੁੰਦਾ ਸੀ। ਲੇਖਕਾਂ ਦੇ ਆਖ਼ਰੀ ਸਮੇਂ ਬੀਮਾਰੀ ਕਾਰਨ ਔਖ ਕੱਟਣ ਜਾਂ ਇਲਾਜ ਲਈ ਤਰਸਣ ਦੀਆਂ ਘਟਨਾਵਾਂ ਕਾਰਨ ਕਈ ਲੇਖਕਾਂ ਨੇ ਅਣਖੀ ਦੇ ਤੁਰ ਜਾਣ ‘ਤੇ ਇਹ ਕਿਹਾ ਕਿ ਜਿਵੇਂ ਉਹ ਜ਼ਿੰਦਗੀ ਜਿਊਂਇਆ, ਉਸੇ ਅਣਖ ਨਾਲ ਤੁਰ ਗਿਆ, ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਜਾਂ ਤਕਲੀਫ਼ ਦਿੱਤੇ ਬਿਨਾਂ।
ਅਣਖੀ ਦੀ ਸਾਹਿਤਕ ਹਲਕਿਆਂ ਵਿੱਚ ਕੌਮੀ ਪੱਧਰ ‘ਤੇ ਪਛਾਣ ਨਾਵਲ ‘ਕੋਠੇ ਖੜਕ ਸਿੰਘ’ ਨਾਲ ਬਣੀ। ਕੋਠੇ ਖੜਕ ਸਿੰਘ ਲਿਖਣ ਦੀ ਕਹਾਣੀ ਵੀ ਨਿਰਾਲੀ ਹੈ। 1985 ਵਿੱਚ ਲਿਖੇ ਨਾਵਲ ‘ਕੋਠੇ ਖੜਕ ਸਿੰਘ’ ਨੂੰ 1987 ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਜਿਸ ਨਾਲ ਅਣਖੀ ਦੀ ਚੜ• ਮੱਚ ਗਈ। ਇਹ ਨਾਵਲ ਸਮਾਜਿਕ ਚੇਤਨਾ ਦਾ ਪ੍ਰਤੀਕ ਸੀ। ਇਸ ਨਾਵਲ ਦੇ ਪਾਤਰ ਸਾਰੇ ਅਣਖੀ ਦੇ ਪਿੰਡ ਧੌਲੇ ਵਿੱਚੋਂ ਹੀ ਮਿਲ ਗਏ ਸਨ। ਇਸ ਨਾਵਲ ਨੂੰ ਲਿਖਣ ਲਈ ਅਣਖੀ ਨੂੰ ਪੁਲਾੜ ਗੁੰਦਣ ਲਈ ਬਹੁਤ ਮਿਹਨਤ ਕਰਨੀ ਪਈ। ਇਸ ਨਾਵਲ ਲਈ ਪਹਿਲਾਂ ਤਾਂ ਉਸ ਨੇ ਆਪਣੇ ਪਿੰਡ ਦਾ ਪੁਲਾੜ ਸੋਚਿਆ। ਫੇਰ ਸੋਚਿਆ ਕਿ ਨਾਵਲ ਵਿੱਚ ਕੁਝ ਚੰਗਾ-ਮਾੜਾ ਲਿਖਿਆ ਗਿਆ ਤਾਂ ਫੇਰ ਪਿੰਡ ਵਾਲੇ ਕਿਤੇ ਔਖੇ ਹੀ ਨਾ ਹੋ ਜਾਣ। ਫੇਰ ਬਰਨਾਲਾ ਨੇੜਲੇ ਪਿੰਡ ਸੰਘੇੜਾ ਨੂੰ ਚੁਣਿਆ ਪਰ ਉਥੇ ਵੀ ਜਾਣ-ਪਛਾਣ ਹੋਣ ਕਾਰਨ ਸਲਾਹ ਫੇਰ ਬਦਲ ਦਿੱਤੀ। ਇਸ ਤੋਂ ਬਾਅਦ ਅਣਖੀ ਨੇ ਜਲਾਲ, ਸਲਾਬਤਪੁਰਾ, ਭਾਈਰੂਪਾ, ਸੇਲਬਰਾਹ, ਬੁਰਜ ਗਿੱਲ ਦੇ ਵਿਚਾਲੇ ਕਾਲਪਨਿਕ ਪਿੰਡ ‘ਕੋਠੇ ਖੜਕ ਸਿੰਘ’ ਵਸਾਇਆ। ਜਲਾਲ ਉਸ ਦੀ ਭੈਣ ਵਿਆਹੀ ਹੋਣ ਕਾਰਨ ਇਨ•ਾਂ ਪਿੰਡਾਂ ਦਾ ਉਸ ਨੂੰ ਭੇਤ ਸੀ। ਨਾਵਲ ਸ਼ੁਰੂ ਕਰਨ ਤੋਂ ਪਹਿਲਾਂ ਉਹ ਇਨ•ਾਂ ਪਿੰਡਾਂ ਦੀ ਉਚੇਚੇ ਤੌਰ ‘ਤੇ ਰੇਕੀ ਵੀ ਕਰ ਕੇ ਆਇਆ। ਫੇਰ ਉਸ ਨੇ ਨਾਵਲ ਲਈ ਕਲਾਪਨਿਕ ਪਿੰਡ ਵਸਾਇਆ।
‘ਕੋਠੇ ਖੜਕ ਸਿੰਘ’ ਨੂੰ 1982 ਦੇ ਸ਼ੁਰੂ ਵਿੱਚ ਲਿਖਣਾ ਸ਼ੁਰੂ ਕੀਤਾ। 1983 ਦੇ ਅੱਧ ਵਿੱਚ ਨਾਵਲ ਲਿਖਣ ਦੀ ਰਫ਼ਤਾਰ ਹੌਲੀ ਹੋ ਗਈ ਜਦੋਂ ਅਣਖੀ ਦੀ ਬੇਟੀ ਆਰਤੀ ਦਾ ਵਿਆਹ ਸੀ। ਫੇਰ ਉਸ ਨੇ ਲਿਖਣ ਦੀ ਰਫ਼ਤਾਰ ਤੇਜ਼ ਕੀਤੀ। 1984 ਵਿੱਚ ਇਹ ਨਾਵਲ ਪੂਰਾ ਕਰ ਲਿਆ। ਨਾਵਲ ਦੇ ਚਾਰ ਭਾਗ ਸਨ ਅਤੇ ਕੁੱਲ 89 ਚੈਪਟਰ। ਪਹਿਲੇ ਤੇ ਦੂਜੇ ਭਾਗ ਵਿੱਚ 22-22, ਤੀਜੇ ਵਿੱਚ 25 ਤੇ ਚੌਥੇ ਭਾਗ ਵਿੱਚ ਅੱਗੇ 20 ਭਾਗ ਸਨ। ਇਸ ਨਾਵਲ ਵਿੱਚ 1940 ਤੋਂ 1980 ਤੱਕ ਦੇ ਸਮਾਂ ਨੂੰ ਕਵਰ ਕੀਤਾ ਅਤੇ 60-65 ਪਾਤਰਾਂ ਦਾ ਖਿਲਾਰਾ ਪਾਇਆ ਹੋਇਆ ਸੀ। ਅਣਖੀ ਨੂੰ ਖਰੜਾ ਪਸੰਦ ਨਾ ਆਇਆ। ਇਕ ਵਾਰ ਤਾਂ ਉਸ ਨੇ ਇਹ ਨਾਵਲ ਦੋ ਮਹੀਨੇ ਲਈ ਅਲਮਾਰੀ ਵਿੱਚ ਬੰਦ ਕਰ ਦਿੱਤਾ। ਫੇਰ ਅਣਖੀ ਨੇ ਹੌਸਲਾ ਕੀਤਾ ਅਤੇ ਖਰੜੇ ਨੂੰ ਸੋਧਣ ਅਤੇ ਪੂਰਾ ਨਾਵਲ ਪੜ•ਨ ਦਾ ਮਨ ਬਣਾਇਆ। ਇਸ ਲਈ ਉਸ ਨੇ ਇਕ ਮਹੀਨੇ ਦੀ ਸਕੂਲੋਂ ਛੁੱਟੀ ਲੈ ਲਈ। ਫੇਰ ਉਹ ਨਾ ਅਖ਼ਬਾਰ ਪੜ•ਦਾ, ਨਾ ਰੇਡੀਉ ਸੁਣਦਾ ਤੇ ਨਾ ਹੀ ਟੈਲੀਵੀਜ਼ਨ ਵੇਖਦਾ। ਘਰੋਂ ਨਿਕਲਣਾ ਵੀ ਬੰਦ ਕਰ ਦਿੱਤਾ। ਬਰਨਾਲੇ ਤੋਂ ਬਾਹਰ ਜਾਣ ਦਾ ਤਾਂ ਕਿਧਰੇ ਸਵਾਲ ਹੀ ਨਹੀਂ ਪੈਦਾ ਹੋਇਆ। ਸਾਥੀ ਅਧਿਆਪਕਾਂ ਨਾਲ ਵੀ ਜ਼ਿਆਦਾ ਗੱਲ ਨਾ ਕਰਨੀ। ਦੋਸਤਾਂ-ਮਿੱਤਰਾਂ ਨੂੰ ਵੀ ਮਿਲਣਾ ਘਟਾ ਦਿੱਤਾ ਸੀ। ਯਾਰ ਦੋਸਤ ਵੀ ਉਸ ਕੋਲ ਆਉਣੋਂ ਘੱਟ ਗਏ। ਉਹ ਬੇਚੈਨ ਰਹਿੰਦਾ ਅਤੇ ਸਾਰਾ ਦਿਨ ਨਾਵਲ ਲਿਖਣ ਵਿੱਚ ਹੀ ਖੁੱਭਿਆ ਰਹਿੰਦਾ। ਕਿਤੇ ਕੋਈ ਫਿਕਰਾ ਗ਼ਲਤ ਲਿਖਣਾ ਤਾਂ ਫੇਰ ਠੀਕ ਕਰ ਲੈਣ ਜਾਂ ਕੱਟ ਦੇਣਾ। ਨਵੇਂ ਕਾਗ਼ਜ਼ ‘ਚ ਹੋਰ ਪੈਰੇ ਲਿਖ ਕੇ ਗੂੰਦ ਨਾਲ ਜੋੜ ਦਿੰਦਾ। ਪਾਤਰਾਂ ਦੀ ਸੂਚੀ ਬਣਦੀ, ਕਿਧਰੇ ਕੋਈ ਨਵਾਂ ਪਾਤਰ ਦਾਖ਼ਲ ਹੁੰਦਾ ਤਾਂ ਉਸ ਦਾ ਨਾਂ ਸ਼ਾਮਲ ਕਰ ਲੈਂਦਾ। ਫੇਰ ਬੇਚੈਨੀ ਹੋਈ ਅਤੇ ਮੁੜ ਕਾਂਟ-ਛਾਂਟ ਕੀਤੀ। ਉਦੋਂ ਜਦੋਂ ਉਹ ਮਹਿਰਾ ਬੁੱਕ ਡਿਪੂ ਵਾਲੇ ਆਪਣੇ ਜਮਾਤੀ ਸੁੰਦਰ ਲਾਲ ਤੋਂ ਕਾਗ਼ਜ਼ਾਂ ਦੇ ਰਿੰਮ ਖ਼ਰੀਦਣ ਜਾਂਦਾ ਤਾਂ ਉਹ ਅੱਗਿਉਂ ਹੱਸਦਾ ਬੋਲਦਾ ਕਿ ਨਾਵਲ ਵਿੱਚ ਐਡਾ ਕੀ ਲਿਖਣ ਲੱਗਿਆ ਹੈ ਜਿਹੜਾ ਦੋ ਰਿੰਮ ਖ਼ਰੀਦ ਲਏ। ਅੰਤ ਉਹ ਚਾਰੇ ਭਾਗਾਂ ਨੂੰ ਸਮੇਟ ਕੇ ਦਿੱਲੀ ਆਪਣੇ ਮਿੱਤਰ ਗੁਰਬਚਨ ਸਿੰਘ ਭੁੱਲਰ ਕੋਲ ਲੈ ਗਿਆ ਜਿਸ ਨੇ ਸਾਰੇ ਨਾਵਲ ਦੀ ਪਰੂਫ਼ ਰੀਡਿੰਗ ਕੀਤੀ ਅਤੇ ਕੁਝ ਸੋਧਿਆ ਵੀ। ਗੁਰਬਚਨ ਭੁੱਲਰ ਨੇ ਆਰਸੀ ਪਬਲਿਸ਼ਰ ਨਾਲ ਗੱਲ ਕੀਤੀ। ਪਹਿਲਾਂ ਤਾਂ ਉਹ ਕਾਗ਼ਜ਼ ਦੀ ਕਿੱਲਤ ਹੋਣ ਕਾਰਨ ਨਖਰੇ ਜਿਹੇ ਕਰਦੇ ਰਹੇ ਅਤੇ ਫੇਰ ਭੁੱਲਰ ਵੱਲੋਂ ਜ਼ੋਰ ਪਾਉਣ ਨਾਲ ਮੰਨ ਗਏ।
ਇਹ ਨਾਵਲ ਜਿਹੜਾ ਬਾਅਦ ਵਿੱਚ 496 ਸਫ਼ਿਆਂ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ, ਪਹਿਲਾਂ ਇਸ ਨੂੰ ਦੋ ਜਿਲਦਾਂ ਵਿੱਚ ਛਪਾਇਆ ਗਿਆ। ਪਹਿਲੀ ਜਿਲਦ 1984 ਵਿੱਚ ‘ਥੜ•ੇ ਟੁੱਟੇ’ ਤੇ ਫੇਰ ਦੂਜੀ ਜਿਲਦ 1985 ਵਿੱਚ ‘ਹੱਕ ਸੱਚ’ ਛਪੀ। ਅੰਤ 1985 ਵਿੱਚ ਪੂਰਾ ਨਾਵਲ ‘ਕੋਠੇ ਖੜਕ ਸਿੰਘ’ ਛਪਿਆ। ਪਹਿਲੇ ਹੀ ਸਾਲ ਪਹਿਲਾ ਐਡੀਸ਼ਨ ਵਿਕ ਗਿਆ ਅਤੇ ਫੇਰ ਦੂਜਾ ਐਡੀਸ਼ਨ ਛਪਿਆ। 1987 ਵਿੱਚ ਜਦੋਂ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ, ਫੇਰ ਤਾਂ ਹੋਰ ਚੜ• ਮੱਚਣੀ ਸੁਭਾਵਕ ਹੀ ਸੀ। ਇਸ ਨਾਵਲ ਦਾ ਮੂਲ ਖਰੜਾ ਅਣਖੀ ਤੋਂ ਪ੍ਰੋ. ਪ੍ਰੀਤਮ ਸਿੰਘ ਨੇ ਲੈ ਕੇ ਆਪਣੇ ਘਰ ਪਟਿਆਲਾ ਰੱਖ ਲਿਆ ਜਿਸ ਦਾ ਵਿਚਾਰ ਇਕ ਅਜਿਹਾ ਅਜਾਇਬ ਘਰ ਬਣਾਉਣ ਦੀ ਸੀ ਜਿਸ ਵਿੱਚ ਲੇਖਕਾਂ ਦੀਆਂ ਪ੍ਰਸਿੱਧ ਕਿਤਾਬਾਂ ਦੇ ਮੂਲ ਖਰੜੇ ਪਾਠਕਾਂ ਨੂੰ ਦਿਖਾਉਣ ਲਈ ਰੱਖੇ ਜਾਣ। ਅਣਖੀ ਇਸ ਨਾਵਲ ਪਿੱਛੇ ਗੁਰਬਚਨ ਭੁੱਲਰ ਦੇ ਯੋਗਦਾਨ ਨੂੰ ਸਿਹਰਾ ਦਿੰਦਾ ਸੀ। ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਣ ਤੋਂ ਬਾਅਦ ਅਣਖੀ ਹੁਰਾਂ ਵੱਲੋਂ ਬਰਨਾਲੇ ਵਿਖੇ ਸਥਾਪਤ ਕੀਤੀ ਪੰਜਾਬੀ ਸਾਹਿਤ ਸਭਾ ਨੇ ਪ੍ਰੋ. ਰਵਿੰਦਰ ਭੱਠਲ ਦੀ ਅਗਵਾਈ ਹੇਠ ਉਸ ਦਾ ਸਨਮਾਨ ਕੀਤਾ। ਉਸ ਵੇਲੇ ਪ੍ਰੋ. ਭੱਠਲ ਵੱਲੋਂ ਉਸ ਬਾਰੇ ਲਿਖੀ ਪੁਸਤਕ ‘ਗਲਪਕਾਰ ਅਣਖੀ’ ਵੀ ਰਿਲੀਜ਼ ਕੀਤੀ ਜਿਸ ਵਿੱਚ ‘ਕੋਠੇ ਖੜਕ ਸਿੰਘ’ ਉਪਰ ਲਿਖੇ ਸਾਰੇ ਖੋਜ ਪੱਤਰ ਸ਼ਾਮਲ ਕੀਤੇ ਗਏ। ਅਣਖੀ ਨੂੰ ਉਸ ਦੇ ਮਹਿੰਦਰਾ ਕਾਲਜ ਪਟਿਆਲਾ ਦੀ ‘ਓਲਡ ਸਟੂਡੈਂਟਸ ਐਸੋਸੀਏਸ਼ਨ’ ਨੇ ਉਚੇਚੇ ਤੌਰ ‘ਤੇ ਸਨਮਾਨਤ ਕੀਤਾ। ਇੰਗਲੈਂਡ ਵਿਖੇ ਅਣਖੀ ਤੇ ਲਹਿੰਦੇ ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਅਫ਼ਜ਼ਲ ਅਹਿਸਨ ਰੰਧਾਵਾ ਨੂੰ ‘ਬਾਬਾ ਫ਼ਰੀਦ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ।
ਰਾਮ ਸਰੂਪ ਅਣਖੀ ਦੇ ਨਾਵਲ ‘ਮਲਵਈ ਸੱਭਿਆਚਾਰ’ ਨੂੰ ਵੱਧ ਉਭਾਰਦੇ ਹਨ। ਇਹ ਨਾਵਲਕਾਰ ਦੀ ਮਿਹਨਤ, ਲਗਨ ਅਤੇ ਪਾਰਖੂ ਅੱਖ ਦਾ ਹੀ ਸਿੱਟਾ ਹੈ ਕਿ ਉਸ ਦੇ ਨਾਵਲਾਂ ਵਿੱਚੋਂ ਮਲਵਈ ਜੀਵਨ ਜਾਚ ਦੇ ਲੁਕਵੇਂ ਪਹਿਲੂਆਂ ਉਤੇ ਰੌਸ਼ਨੀ ਪੈਂਦੀ ਹੈ। ਅਣਖੀ ਦੀਆਂ ਸਾਰੀਆਂ ਰਚਨਾਵਾਂ ਮਲਵਈ ਸੱਭਿਆਚਾਰ ਦੀ ਤਰਜਮਾਨੀ ਕਰਦੀਆਂ ਹਨ। ਇਸੇ ਕਰਕੇ ਉਨ•ਾਂ ਦੀਆਂ ਰਚਨਾਵਾਂ ਨੂੰ ਜੇਕਰ ਮਲਵਈ ਸੱਭਿਆਚਾਰ ਦਾ ਸ਼ੀਸ਼ਾ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅਣਖੀ ਦੇ ਨਾਵਲਾਂ ਨੂੰ ਮਲਵਈ ਸੱਭਿਆਚਾਰ ਦਾ ਇਤਿਹਾਸਕ ਦਸਤਾਵੇਜ਼ ਕਿਹਾ ਜਾਵੇ। 1970 ਤੋਂ ਲੈ ਕੇ ਜਿਵੇਂ-ਜਿਵੇਂ ਮਾਲਵੇ ਦੀ ਜੀਵਨ ਜਾਚ ਬਦਲਦੀ ਰਹੀ, ਉਵੇਂ-ਉਵੇਂ ਅਣਖੀ ਦੇ ਨਾਵਲਾਂ ਦਾ ਰੂਪ ਤੇ ਸਰੂਪ ਵੀ ਬਦਲਦਾ ਰਿਹਾ ਪਰ ਹਰ ਨਵਾਂ ਨਾਵਲ ਘੁੰਮਦਾ ਮਾਲਵੇ ਦੇ ਪਿੰਡਾਂ ਦੁਆਲੇ ਹੀ ਸੀ। ਅਣਖੀ ਆਪਣੇ ਨਾਵਲਾਂ ਰਾਹੀਂ ਮਾਲਵਾ ਖਿੱਤੇ ਦੀ ਨਿਮਨ ਕਿਸਾਨੀ ਨਾਲ ਸਬੰਧਤ ਲੋਕਾਂ ਦੀ ਜ਼ਿੰਦਗੀ ਦਾ ਤਸੱਵਰ ਕਰਵਾਉਂਦਾ ਹੈ। ਉਸ ਨੂੰ ਹਰੀਸ਼ ਬਹਾਦਰ ਮਲਵਈ ਸੱਭਿਆਚਾਰ ਦਾ ਚਤੇਰਾ ਕਹਿੰਦਾ ਹੈ ਅਤੇ ਹਿਰਦੇਪਾਲ ਉਸ ਨੂੰ ਮਲਵਈ ਸੱਭਿਆਚਾਰ ਦਾ ਨਾਵਲਕਾਰ ਕਹਿੰਦਾ ਹੈ। ਅਣਖੀ ਨੇ ਆਪਣੇ ਪਾਠਕਾਂ ਦੀ ਲੰਮੀ ਫ਼ਹਿਰਿਸਤ ਦੇ ਬਲਬੂਤੇ ਆਲੋਚਕਾਂ ਦੀ ਪਰਵਾਹ ਨਹੀਂ ਕੀਤੀ। ਉਹ ਖ਼ੁਦ ਕਹਿੰਦਾ ਸੀ ਕਿ ਲੇਖਕ ਦੇ ਅਸਲੀ ਆਲੋਚਕ ਉਸ ਦੇ ਪਾਠਕ ਹਨ। ਅਣਖੀ ਦੇ ਨਾਵਲਾਂ ਵਿੱਚੋਂ ਠੇਠ ਮਲਵਈ ਅਖਾਣ ਆਮ ਤੌਰ ‘ਤੇ ਪੜ•ਨ ਨੂੰ ਮਿਲਦੇ ਹਨ। ਜਿਵੇਂ ਇਕ ਵਾਰ ਉਹ ਕਹਿੰਦਾ ਹੈ, ”ਯਾਰ ਜੇ ਸਾਧ ਤਵੀਤ ਨਾ ਦਿਊ ਤਾਂ ਮੁੰਡਾ ਤਾਂ ਨਹੀਂ ਰੱਖ ਲਊ।” ਅਣਖੀ ਸਿਰੜ ਵਾਲਾ, ਪ੍ਰਤਿਭਾਸ਼ਾਲੀ, ਮਨੁੱਖਤਾਵਾਦੀ ਤੇ ਦਿਖਾਵੇ ਤੋਂ ਕੋਹਾਂ ਦੂਰ ਸੀ। ਮਿਲਾਪੜੇ, ਮਹਿਮਾਨਨਿਵਾਜ਼, ਤਰਕਸ਼ੀਲ ਤੇ ਖੁੱਲ•-ਡੁੱਲ•ੀ ਮਲਵਈ ਸ਼ਖ਼ਸੀਅਤ ਦੇ ਦਰਸ਼ਨ ਕਰਨੇ ਹੋਣ ਤਾਂ ਅਣਖੀ ਨੂੰ ਇਕ ਵਾਰ ਮਿਲ ਲੈਣਾ ਕਾਫ਼ੀ ਹੁੰਦਾ ਸੀ। ਅਣਖੀ ਮਾਲਵੇ ਦੇ ਪੰਡਤਾਂ ਵਰਗਾ ਸੀ, ਜਿਹੜਾ ਦਾੜ•ੀ ਵੀ ਰੱਖਦਾ ਤੇ ਪੱਗ ਵੀ ਬੰਨ•ਦਾ ਸੀ। ਉਸ ਨੂੰ ਥੋੜ•ਾ ਘੱਟ ਜਾਣਨ ਵਾਲਿਆਂ ਨੂੰ ਇਹ ਪਤਾ ਨਹੀਂ ਲਗਦਾ ਸੀ ਕਿ ਉਹ ਪੰਡਤ ਹੈ। ਅਣਖੀ ਨੇ ਇਕ ਵਾਰ ਦਾੜ•ੀ ਰੰਗਣੀ ਬੰਦ ਕਰ ਦਿੱਤੀ ਸੀ ਅਤੇ ਫਿਰ ਮਨ ਬਦਲਿਆ ਤੇ ਦਾੜ•ੀ ਮੁੜ ਚਿੱਟੀ ਤੋਂਂ ਕਾਲੀ ਕਰਨ ਲੱਗ ਪਿਆ। ਸਿਰ ਦੇ ਵਾਲ ਨਹੀਂ ਰੱਖੇ ਸਨ ਅਤੇ ਕਦੇ-ਕਦੇ ਪੱਗ ਨਾ ਬੰਨ•ਦਾ ਤਾਂ ਉਸ ਨੂੰ ਪਛਾਣਨਾ ਔਖਾ ਹੋ ਜਾਂਦਾ।
ਰਾਮ ਸਰੂਪ ਅਣਖੀ ਦੇ ਨਾਵਲ ਤੇ ਕਹਾਣੀਆਂ ਵਿੱਚ ਠੇਠ ਮਲਵਈ ਸ਼ਬਦ ਔਲੋ, ਲਾਂਗਾ, ਫਲ•ੇ, ਗਾਹੀ, ਸਦੇਹਾਂ, ਨਰੜੇ ਵਾਲਾ, ਵਗ ਜੇਂਗਾ, ਚਿੱਤ ਸੂਤ ਆਦਿ ਆਮ ਹੀ ਪੜ•ਨ ਨੂੰ ਮਿਲਦੇ ਹਨ। ਮਾਲਵੇ ਦੀਆਂ ਮਸ਼ਹੂਰ ਖਾਣ ਵਾਲੀਆਂ ਕੁਦਰਤੀ ਨਿਆਮਤਾਂ ਅੱਲਾਂ, ਚਿੱਭੜ, ਗੁਆਰੇ ਦੀਆਂ ਫਲੀਆਂ, ਕਪਾਹ ਦੀਆਂ ਛਟੀਆਂ, ਫੁੱਟਾਂ ਆਦਿ ਵੀ ਪਾਠਕਾਂ ਨੂੰ ਪੜ•ਦਿਆਂ ਮੂੰਹ ਵਿੱਚ ਪਾਣੀ ਲਿਆ ਦਿੰਦੀਆਂ ਹਨ। ਅਣਖੀ ਸਾਹਿਤ ਸਿਰਜਣਾ ਨੂੰ ਕੋਈ ਸ਼ੌਕ ਨਹੀਂ ਸਮਝਦੇ ਸਨ, ਸਗੋਂ ਜ਼ਿੰਮੇਵਾਰੀ ਸਮਝਦੇ ਸਨ, ਜਿਹੜਾ ਇਕ ਲੰਮੀ ਸਾਧਨਾ ਨਾਲ ਹੀ ਨੇਪਰੇ ਚੜ• ਸਕਦਾ ਹੈ। ਅਣਖੀ ਹਸਦਾ ਹੋਇਆ ਕਹਿੰਦਾ ਹੈ ਕਿ ਸ਼ੌਕ ਤਾਂ ਹੁੰਦਾ ਹੈ ਕਬੂਤਰ ਪਾਲਣਾ, ਸਾਹਿਤ ਸਿਰਜਣਾ ਕਰਨਾ ਜਣੇ-ਖਣੇ ਦਾ ਸ਼ੌਕ ਨਹੀਂ ਹੋ ਸਕਦਾ। ਪੰਜਾਬੀ ਪੇਂਡੂ ਜੀਵਨ ਵਿੱਚ ਆਏ ਬਦਲਾਅ ਖ਼ੁਦਕੁਸ਼ੀਆਂ ਦੀ ਰਾਹ ਪਈ ਕਿਸਾਨੀ, ਪਿੰਡਾਂ ਵਾਲਿਆਂ ਦਾ ਸ਼ਹਿਰਾਂ ਵੱਲ ਪਰਵਾਸ, ਪਰਵਾਸੀ ਮਜ਼ਦੂਰਾਂ ਦੀ ਆਮਦ ਆਦਿ ਸਭ ਅਣਖੀ ਦੇ ਨਾਵਲਾਂ ਵਿੱਚ ਨਜ਼ਰ ਆਉਂਦੇ ਹਨ। ਅਣਖੀ ਦੇ ਪਾਤਰ, ਥਾਵਾਂ, ਘਟਨਾਵਾਂ ਸਭ ਜਿਊਂਦੇ ਜਾਗਦੇ ਠੇਠ ਮਾਲਵੇ ਖਿੱਤੇ ਦੇ ਹਨ। ਅਣਖੀ ਦੇ ਪਾਤਰ ਅਸਲੀ ਜੀਵਨ ਵਿੱਚੋਂ ਲਏ ਹੋਣ ਕਰਕੇ ਉਸ ਦੀਆਂ ਲਿਖਤਾਂ ਵਿੱਚੋਂ ਬਣਾਉਟੀਪੁਣਾ ਨਹੀਂ ਮਿਲਦਾ। ਛੋਟੇ ਹੁੰਦਿਆਂ ਅਣਖੀ ਵੱਲੋਂ ਜਿਹੜੀ ਕਾਰੋ ਦੀਆਂ ਦੋ ਉਂਗਲਾਂ ਕੁਤਰੇ ਕਰਨ ਵਾਲੀ ਮਸ਼ੀਨ ਹੇਠ ਵੱਢੀਆਂ ਗਈਆਂ, ਉਹੀ ਕਾਰੋ ਬਾਅਦ ਵਿੱਚ ਉਸ ਦੀ ਕਹਾਣੀ ‘ਨਸੀਮ ਦਾ ਘਰ’ ਵਾਲੀ ਨਸੀਮ, ਲੰਮੀ ਕਹਾਣੀ ‘ਅੱਧਾ ਆਦਮੀ’ ਦੀ ਮਿੰਦਰੋ, ‘ਅੰਨ•ੀ ਮਾਂ ਦਾ ਪੁੱਤ’ ਵਿੱਚ ਦੀਪੇ ਨਾਲ ਪੀਚੋ-ਬੱਕਰੀ ਖੇਡਦੀ ਕੁੜੀ ਸੀ। ਇਸੇ ਤਰ•ਾਂ ‘ਮੇਰਾ ਗੁਨਾਹ’ ਵਿੱਚ ਲਾਲੀ ਸਰਪੰਚ ਖ਼ੁਦ ਅਤੇ ਬੀਬੋ ਧੌਲੇ ਦੀ ਕੁੜੀ ਹੈ।
ਅਣਖੀ ਦੇ ਨਾਵਲਾਂ-ਕਹਾਣੀਆਂ ਦੇ ਬਹੁਤੇ ਵਿਸ਼ੇ ਕਿਸਾਨੀ ਨਾਲ ਜੁੜੇ ਹੋਏ ਹਨ। ਕਿਸਾਨੀ ਅਣਖੀ ਨੇ ਬਹੁਤ ਨੇੜਿਉਂ ਦੇਖੀ। ਉਸ ਨੇ ਖ਼ੁਦ ਵੀ ਕਿਸਾਨੀ ਕੀਤੀ। ਸ਼ੁਰੂਆਤੀ ਸਮਿਆਂ ਵਿੱਚ ਉਸ ਨੇ ਸੰਪਰੂਨ ਸਿੰਘ ਧੌਲਾ ਦੀ ਸਿਫ਼ਾਰਸ਼ ਨਾਲ ਹੰਢਿਆਏ ਵਾਲੇ ਖੇਤ ਵਿੱਚ ਪਪਿੰਗ ਸੈੱਟ ਅਤੇ ਬਿਜਲੀ ਦਾ ਕੁਨੈਕਸ਼ਨ ਲੈ ਲਿਆ। ਖੂਹ ਲਾਇਆ, ਇੰਜਣ ਵਾਸਤੇ ਕੋਠਾ ਛੱਤਿਆ। ਇਸੇ ਸਾਰੇ ਪ੍ਰਬੰਧ ਵਿੱਚ ਉਸ ਦਾ ਘਰ ਦਾ ਸਾਮਾਨ ਵੀ ਵਿਕ ਗਿਆ ਅਤੇ ਗਹਿਣੇ ਜ਼ਮੀਨ ਉਤੇ ਹੋਰ ਕਰਜ਼ਾ ਵੀ ਲੈ ਲਿਆ। ਉਸ ਵੇਲੇ ਅਣਖੀ ਖ਼ੁਆਬ ਲੈਂਦਾ ਸੀ ਕਿ ਉਹ ਆਧੁਨਿਕ ਖੇਤੀ ਵਾਲਾ ਫ਼ਾਰਮ ਬਣਾਏ ਜਿਸ ਦੇ ਪਿੰਡ ਵਾਲੇ ਪਾਸੇ ‘ਇੰਡੀਆ ਗੇਟ’ ਵਰਗਾ ਗੇਟ ਬਣਾ ਕੇ ਉਸ ਉਪਰ ‘ਅਣਖੀ ਫ਼ਾਰਮ’ ਲਿਖਵਾਏ। 1955 ਦੀਆਂ ਭਾਰੀ ਬਰਸਾਤਾਂ ਵਿੱਚ ਜਿੱਥੇ ਉਸ ਦੀ ਮੱਕੀ ਤੇ ਕਪਾਹ ਦੀ ਖੜ•ੀ ਫ਼ਸਲ ਮੱਚ ਗਈ, ਉਥੇ ਕੋਠੇ ਦੀ ਛੱਤ ਡਿੱਗ ਪਈ ਅਤੇ ਮਲਬੇ ਨਾਲ ਖੂਹ ਭਰ ਗਿਆ। ਸਭ ਕੁਝ ਮਲੀਆਮੇਟ ਹੋ ਗਿਆ। ਅਣਖੀ ਦੇ ਸੁਪਨੇ ਮਿੱਟੀ ਵਿੱਚ ਰੁਲ ਗਏ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਪਪਿੰਗ ਸੈੱਟ ਅੱਧ ਮੁੱਲ ਵਿੱਚ ਵੇਚਿਆ ਅਤੇ ਖੂਹ ‘ਤੇ ਹਲਟੀ ਲਾ ਲਈ। ਸ਼ਾਇਦ ਕੁਦਰਤ ਨੂੰ ਉਸ ਦਾ ਕਿਸਾਨ ਬਣਨਾ ਮਨਜ਼ੂਰ ਨਹੀਂ ਸੀ। ਜੇ ਅਣਖੀ ਸਫ਼ਲ ਕਿਸਾਨ ਬਣ ਜਾਂਦਾ ਤਾਂ ਸਾਨੂੰ ਕਿਸਾਨਾਂ ਬਾਰੇ ਡੂੰਘਾਈ ਤੱਕ ਲਿਖਣ ਵਾਲਾ ਉਨ•ਾਂ ਦੇ ਦੁੱਖਾਂ-ਦਰਦਾਂ, ਮੁਸੀਬਤਾਂ, ਔਕੜਾਂ ਦੀਆਂ ਦਾਸਤਾਨ ਸੁਣਾਉਣ ਵਾਲਾ ਕਹਾਣੀਕਾਰ/ਨਾਵਲਕਾਰ ਨਹੀਂ ਸੀ ਮਿਲਣਾ। ਅਣਖੀ ਦਾ ਬਾਪੂ ਚਾਹੁੰਦਾ ਸੀ ਕਿ ਉਸ ਦਾ ਪੁੱਤ ਚਾਰ ਜਮਾਤਾਂ ਪੜ• ਕੇ ਪਟਵਾਰੀ, ਕਲਰਕ ਲੱਗ ਜਾਵੇ ਪਰ ਅਣਖੀ ਨੂੰ ਤਾਂ ਖੇਤੀ ਕਰਨ ਦਾ ਜ਼ਿਆਦਾ ਚਾਅ ਸੀ। ਖੇਤੀ ਵਾਲਾ ਚਾਅ ਤਾਂ ਨਹੀਂ ਪੂਰਾ ਹੋਇਆ ਪਰ ਬਾਪੂ ਦੇ ਆਖੇ ਪੜ•ਨ ਜ਼ਰੂਰ ਲੱਗ ਗਿਆ ਸੀ। ਪਟਵਾਰੀ, ਕਲਰਕ ਨਾ ਸਹੀ ਪਰ ਉਸ ਨੇ ਮਾਸਟਰ ਵਜੋਂ ਪੜ•ਾਇਆ ਜ਼ਰੂਰ।
ਸਕੂਲ ਪੜ•ਾਉਂਦੇ ਹੋਏ ਅਣਖੀ ਦੇ ਮਨ ਵਿੱਚ ਕਾਲਜ ਲੈਕਚਰਾਰ ਲੱਗਣ ਦੀ ਰੀਝ ਸੀ ਜਿਸ ਲਈ ਉਸ ਨੇ ਇਕ ਵਾਰ ਪੀਐੱਚ.ਡੀ. ਦੀ ਸ਼ੁਰੂਆਤ ਵੀ ਕੀਤੀ। 1972 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ• ਵਿਖੇ ਪੀਐੱਚ.ਡੀ. ਦਾ ਵਿਸ਼ਾ ‘1947 ਤੋਂ 1972 ਤੱਕ ਪੰਜਾਬੀ ਕਹਾਣੀ ਵਿੱਚ ਪੇਂਡੂ ਜੀਵਨ’ ਚੁਣਿਆ। ਇਸ ਕੰਮ ਨੂੰ ਨੇਪਰੇ ਚਾੜ•ਨ ਲਈ ਅਣਖੀ ਨੇ ਸੰਤ ਸਿੰਘ ਸੇਖੋਂ ਤੋਂ ਲੈ ਕੇ ਉਭਰਦੇ ਕਹਾਣੀਕਾਰਾਂ ਦੀਆਂ 300 ਤੋਂ ਵੱਧ ਕਹਾਣੀਆਂ ਪੜ•ੀਆਂ। ਚਾਰ-ਪੰਜ ਥੀਸਿਸ ਪੜ•ੇ, ਅੰਗਰੇਜ਼ੀ ਦੀਆਂ ਵੀਹ-ਪੱਚੀ ਪੁਸਤਕਾਂ ਪੜ•ੀਆਂ। ਇਸ ਦੌਰਾਨ ਉਸ ਦੀ ਪਤਨੀ ਭਾਗਵੰਤੀ ਨੂੰ 1974 ਵਿੱਚ ਨਾ-ਮੁਰਾਦ ਬੀਮਾਰੀ ਨੇ ਘੇਰ ਲਿਆ। ਅਣਖੀ ਨੇ ਦੋ ਚੈਪਟਰ ਵੀ ਲਿਖ ਲਏ ਸਨ। ਇਕ ਵਾਰ ਇਕ ਸਾਲ ਦੀ ਐਕਸਟੈਂਸ਼ਨ ਵੀ ਲੈ ਲਈ ਸੀ। ਉਸ ਵੇਲੇ ਉਹ 44 ਵਰਿ•ਆਂ ਦਾ ਸੀ। ਇਕ ਸਾਲ ਦੀ ਹੋਰ ਐਕਸਟੈਂਸ਼ਨ ਲੈਣ ਤੋਂ ਪਹਿਲਾਂ ਉਸ ਨੇ ਸੋਚਿਆ ਕਿ ਪੀਐੱਚ.ਡੀ. ਕਰਦਿਆਂ ਉਮਰ 45 ਸਾਲ ਟੱਪ ਜਾਵੇਗੀ ਜਿਸ ਨਾਲ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਕੱਢੀ ਜਾਣ ਵਾਲੀ ਕਾਲਜ ਲੈਕਚਰਾਰ ਦੀ ਆਸਾਮੀ ਦੀ ਉਮਰ ਹੱਦ ਪਾਰ ਹੋ ਜਾਵੇਗੀ। ਅਣਖੀ ਨੇ ਪੀਐੱਚ.ਡੀ. ਦਾ ਕੰਮ ਅਧਵਾਟੇ ਹੀ ਛੱਡ ਕੇ ਸਾਰਾ ਕੀਤਾ ਕੰਮ ਪੋਟਲੀ ਵਿੱਚ ਬੰਨ• ਕੇ ਸੁੱਟ ਦਿੱਤਾ। ਮੁੜ ਉਹ ਕਹਾਣੀਆਂ ਤੇ ਨਾਵਲ ਲਿਖਣ ਲੱਗਾ ਜਿਹੜਾ ਉਸ ਦਾ ਅਸਲ ਕੰਮ ਅਤੇ ਉਸ ਦੀ ਪਛਾਣ ਸੀ। ਇਕ ਗੱਲ ਜ਼ਰੂਰ ਹੈ ਪੀਐੱਚ.ਡੀ. ਲਈ ਕੀਤਾ ਖੋਜ ਕੰਮ ਉਸ ਨੂੰ ਅਗਾਂਹ ਸਾਹਿਤ ਲਿਖਣ ਵਿੱਚ ਬਹੁਤ ਕੰਮ ਆਇਆ। ਉਹ ਪੰਜਾਬੀ ਕਹਾਣੀ ਦੀ ਪੇਂਡੂ ਜੀਵਨ ਉਪਰ ਖੋਜ ਤਾਂ ਨਹੀਂ ਕਰ ਸਕਿਆ ਪਰ ਪੇਂਡੂ ਜੀਵਨ ਉਤੇ ਸੈਂਕੜੇ ਕਹਾਣੀਆਂ ਅਤੇ ਦਰਜਨਾਂ ਨਾਵਲ ਲਿਖ ਦਿੱਤੇ। ‘ਕਹਾਣੀ ਪੰਜਾਬ’ ਨਾਂ ਦਾ ਤ੍ਰੈ-ਮਾਸਿਕ ਰਸਾਲਾ ਸ਼ੁਰੂ ਕੀਤਾ, ਜੋ 25 ਵਰਿ•ਆਂ ਤੋਂ ਸਫ਼ਲ ਚਲ ਰਿਹਾ ਹੈ ਅਤੇ ਉਸ ਦੇ ਤੁਰ ਜਾਣ ਤੋਂ ਬਾਅਦ ਵੀ ਕਰਾਂਤੀਪਾਲ ਨੇ ਸਫ਼ਲਤਾਪੂਰਵਕ ਚਲਾਇਆ ਹੋਇਆ ਹੈ। ਅਣਖੀ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਉਹ ਅਧਿਆਪਕ ਹੀ ਸੇਵਾਮੁਕਤ ਹੋਵੇਗਾ। ਅਣਖੀ ਸਕੂਲ ਵਿੱਚ ਮਾਸਟਰ ਹੁੰਦਾ ਅਤੇ ਬਾਹਰ ਲੇਖਕ। ਅਣਖੀ ਦੇ ਸਾਥੀ ਰਹੇ ਬਹੁਤੇ ਅਧਿਆਪਕ ਉਸ ਦੇ ਦੁੱਖਾਂ ਨੂੰ ਛੇੜਦੇ ਰਹਿੰਦੇ ਜਾਂ ਫੇਰ ਉਸ ਦੀ ਕਾਮੁਕ ਭਰਪੂਰ ਲਿਖਤਾਂ ਦਾ ਜ਼ਿਕਰ ਕਰਕੇ ਚਿੜਾਉਂਦੇ, ਕਈ ਈਰਖਾ ਵੀ ਰੱਖਦੇ। ਬਹੁਤਿਆਂ ਨੂੰ ਪਤਾ ਨਾ ਹੁੰਦਾ ਕਿ ਉਹ ਕਿੱਡੇ ਵੱਡੇ ਲੇਖਕ ਦੇ ਸਾਥੀ ਹਨ। ‘ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ’ ਅਨੁਸਾਰ ਅਣਖੀ ਦੇ ਸਾਥੀ ਅਧਿਆਪਕ ਕਈ ਵਾਰ ਉਸ ਦੇ ਨਾਵਲ ਦੇ ਰੀਵਿਊ ਨੂੰ ਪੜ• ਕੇ ਕਹਿੰਦੇ ਕਿ ਕਹਾਣੀ ਬਹੁਤ ਵਧੀਆ ਲਿਖੀ ਹੈ। ਉਨ•ਾਂ ਨੂੰ ਕੀ ਪਤਾ ਰੀਵਿਊ ਤੇ ਕਹਾਣੀ ਵਿੱਚ ਫ਼ਰਕ। ਕਈ ਜਣੇ ਸੋਚਦੇ ਪਤਾ ਨਹੀਂ ਕਿ ਉਹ ਕਿਤਾਬਾਂ ਲਿਖ ਕੇ ਕਿੰਨੇ ਪੈਸੇ ਕਮਾ ਲੈਂਦਾ ਹੈ। ਅਣਖੀ ਅਕਸਰ ਉਨ•ਾਂ ਲੋਕਾਂ ‘ਤੇ ਔਖਾ ਰਹਿੰਦਾ, ਜਿਹੜੇ ਉਸ ਦੇ ਦੁੱਖਾਂ ਨੂੰ ਕੁਰੇਦਦੇ। ਉਹ ਲਿਖਦਾ ਹੈ ਕਿ ਲੋਕੀਂ ਉਸ ਕੋਲੋਂ ਸਨੇਹਪਾਲ, ਚੇਤਨਾ ਬਾਰੇ ਤਾਂ ਪੁੱਛਦੇ ਰਹਿੰਦੇ ਪਰ ਕਿਤੇ ਕਰਾਂਤੀਪਾਲ ਬਾਰੇ ਨਾ ਪੁੱਛਣਾ, ਜਿਹੜਾ ਵਧੀਆ ਪੜ•-ਲਿਖ ਕੇ ਪ੍ਰੋਫ਼ੈਸਰ ਲੱਗ ਗਿਆ। ਜਦੋਂ 1987 ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਤਾਂ ਵੀ ਉਸ ਦੇ ਸਾਥੀ ਅਧਿਆਪਕਾਂ ਵਿੱਚ ਉਹ ਵੁੱਕਤ ਨਹੀਂ ਪਈ ਜਿਸ ਦਾ ਉਹ ਹੱਕਦਾਰ ਸੀ। ਅਣਖੀ ਧੌਲੇ, ਕਾਲੇਕੇ, ਰੂੜੇਕੇ, ਜੇਠੂਕੇ, ਭਦੌੜ, ਬਰਨਾਲਾ ਪੜ•ਾਉਂਦਾ ਹੋਇਆ 31 ਅਗਸਤ, 1990 ਨੂੰ ਸੇਵਾ ਮੁਕਤ ਹੋ ਗਿਆ।
ਬਰਨਾਲੇ ਦੇ ਸਾਹਿਤਕ ਇਤਿਹਾਸ ਵਿੱਚ ਪਹਿਲੀ ਸਾਹਿਤਕ ਮੀਟਿੰਗ 1953 ਦੇ ਮਈ ਜਾਂ ਜੂਨ ਮਹੀਨੇ ਹੋਈ ਸੀ, ਜਿਸ ਵਿੱਚ ਅਣਖੀ, ਉਸ ਦਾ ਜਮਾਤੀ ਕਰਮਚੰਦ ਰਿਸ਼ੀ, ਇੰਦਰ ਸਿੰਘ ਖ਼ਾਮੋਸ਼, ਪ੍ਰੀਤਮ ਸਿੰਘ ਰਾਹੀ, ਉਦੈ ਸਿੰਘ ਅਰਸ਼ੀ, ਪਰਦੀਪ, ਪ੍ਰੀਤਮ ਸਿੰਘ ਪ੍ਰੇਮੀ ਤੇ ਪ੍ਰੀਤਮ ਸਿੰਘ ਕੁਮਾਰ (ਰਸੀਆ) ਅਤੇ ਸੰਤ ਸਿੰਘ ਪਦਮ ਸ਼ਾਮਲ ਹੋਏ। ਇਹ ਮੀਟਿੰਗ ਡਾ. ਰਘੁਵੀਰ ਪ੍ਰਕਾਸ਼ ਦੀ ਪੁਰਾਣੀ ਦੁਕਾਨ ਸਾਹਮਣੇ ਸਾਧੂ ਸੂਦ ਹਲਵਾਈ ਦੇ ਚੁਬਾਰੇ ਵਿੱਚ ਹੋਈ ਸੀ। ਦੂਜੀ ਮੀਟਿੰਗ ਦੌਰਾਨ ‘ਪੰਜਾਬੀ ਸਾਹਿਤ ਸਭਾ ਬਰਨਾਲਾ’ ਦਾ ਗਠਨ ਹੋਇਆ, ਜਿਸ ਦਾ ਪ੍ਰਧਾਨ ਪ੍ਰੀਤਮ ਸਿੰਘ ਪ੍ਰੇਮੀ, ਸਕੱਤਰ ਪ੍ਰੀਤਮ ਸਿੰਘ ਰਸੀਆ ਅਤੇ ਖ਼ਜ਼ਾਨਚੀ ਪ੍ਰੀਤਮ ਸਿੰਘ ਰਾਹੀ ਬਣੇ। ਅਗਲੀ ਮੀਟਿੰਗ ਵਿੱਚ ਜਗੀਰ ਸਿੰਘ ਜਗਤਾਰ ਆਇਆ, ਜਿਸ ਨੇ ਤਿੰਨੇ ਅਹੁਦੇਦਾਰਾਂ ਦੇ ਨਾਂ ਸੁਣ ਕੇ ਬੋਲਿਆ ਕਿ ”ਮੇਰਾ ਨਾਂ ਪ੍ਰੀਤਮ ਸਿੰਘ ਜਗਤਾਰ ਹੈ।” ਇਸ ਤੋਂ ਬਾਅਦ ਮੈਂਬਰਸ਼ਿਪ ਮਗਰੋਂ ਸੰਵਿਧਾਨਕ ਢੰਗ ਨਾਲ ਚੋਣ ਹੋਈ, ਜਿਸ ਵਿੱਚ ਅਮਰ ਸਿੰਘ ਸੂਫੀ ਪ੍ਰਧਾਨ, ਸੰਤ ਸਿੰਘ ਪਦਮ ਮੀਤ ਪ੍ਰਧਾਨ, ਜਗੀਰ ਸਿੰਘ ਜਗਤਾਰ ਸਕੱਤਰ, ਪ੍ਰੀਤਮ ਸਿੰਘ ਰਾਹੀ ਖ਼ਜ਼ਾਨਚੀ ਤੇ ਰਾਮ ਸਰੂਪ ਅਣਖੀ ਪ੍ਰਚਾਰ ਸਕੱਤਰ ਬਣੇ। ਫਿਰ ਹਰੇਕ ਐਤਵਾਰ ਸਾਹਿਤਕ ਮੀਟਿੰਗਾਂ ਹੁੰਦੀਆਂ। ਕਵਿਤਾਵਾਂ, ਕਹਾਣੀਆਂ ਪੜ•ੀਆਂ ਜਾਂਦੀਆਂ ਤੇ ਉਸਾਰੂ ਬਹਿਸਾਂ ਹੁੰਦੀਆਂ। ਅਣਖੀ ਦੇ ਉਸ ਵੇਲੇ ਸਟੇਜਾਂ ਉਤੇ ਗਾਏ ਗੀਤ ‘ਪ੍ਰੀਤਲੜੀ’, ‘ਕਵਿਤਾ’, ‘ਆਰਸੀ’, ‘ਜੀਵਨ ਪ੍ਰੀਤੀ’ ਤੇ ‘ਪ੍ਰੀਤਮ’ ਵਿੱਚ ਛਪੇ। ਅਣਖੀ ਜਿਹੇ ਸਾਹਿਤਕਾਰਾਂ ਨੇ ਮਾਲਵੇ ਨੂੰ ਸਾਹਿਤਕ ਖੇਤਰਾਂ ਦਾ ਕੇਂਦਰ ਬਿੰਦੂ ਬਣਾਇਆ। ਪਹਿਲੇ ਸਮਿਆਂ ਵਿੱਚ ਮਾਝਾ ਇਲਾਕੇ ਨੂੰ ਸਾਹਿਤ ਦਾ ਕੇਂਦਰ ਮੰਨਿਆ ਜਾਂਦਾ ਸੀ ਪਰ ਸੰਤ ਸਿੰਘ ਸੇਖੋਂ, ਗੁਰਦਿਆਲ ਸਿੰਘ, ਜਸਵੰਤ ਕੰਵਲ, ਬਲਵੰਤ ਗਾਰਗੀ, ਸੰਤ ਰਾਮ ਉਦਾਸੀ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਅਜਮੇਰ ਔਲਖ, ਪ੍ਰਿੰਸੀਪਲ ਸਰਵਣ ਸਿੰਘ, ਬਲਦੇਵ ਸਿੰਘ ਸੜਕਨਾਮਾ, ਪ੍ਰੋ. ਰਵਿੰਦਰ ਭੱਠਲ ਵਰਗੇ ਸਾਹਿਤਕਾਰਾਂ ਨੇ ਮਾਲਵੇ ਨੂੰ ਸਾਹਿਤ ਦਾ ਮੱਕਾ ਕਹਾਉਣ ਲਾ ਦਿੱਤਾ।
ਰਾਮ ਸਰੂਪ ਅਣਖੀ ਦੀ ਸਵੈ-ਜੀਵਨੀ ਮਲ•ੇ ਝਾੜੀਆਂ ਇੱਕ ਸ਼ਾਹਕਾਰ ਸਾਹਿਤਕਾਰ ਦੀ ਨਿੱਜੀ ਦੁੱਖਾਂ ਦੀ ਦਾਸਤਾਨ ਹੈ। ਅਣਖੀ ਦੀ ਸਵੈ-ਜੀਵਨੀ ਪੜ•ਦਿਆਂ ਮਹਿਸੂਸ ਹੋਇਆ ਕਿ ਉਹ ਜੋ ਅੰਦਰੋਂ ਸੀ, ਉਹੀ ਬਾਹਰੋਂ। ਕੋਈ ਗੱਲ ਵੀ ਲੁਕਾ ਕੇ ਨਹੀਂ ਰੱਖੀ। ਅਣਖੀ ਨੇ ਆਪਣੀ ਇਸ ਸਵੈ-ਜੀਵਨੀ ਵਿੱਚ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਨਿਸੰਗ ਹੋ ਕੇ ਬਿਆਨ ਕੀਤਾ। ਪੜ•ਨ ਵਾਲਾ ਉਸ ਦੇ ਹਰ ਦੁਖਾਂਤ ਨੂੰ ਪੜ•ਨ ਤੋਂ ਬਾਅਦ ਇਹੀ ਸੋਚਦਾ ਹੈ ਕਿ ਅਣਖੀ ਨੇ ਇੰਨੀਆਂ ਦੁਸ਼ਵਾਰੀਆਂ, ਔਕੜਾਂ, ਦੁੱਖਾਂ ਨੂੰ ਝੱਲਦਿਆਂ ਕਿਵੇਂ ਪੰਜਾਬੀ ਸਾਹਿਤ ਨੂੰ ਅਮੀਰੀ ਬਖ਼ਸ਼ਣ ਵਾਲੀਆਂ ਕਹਾਣੀਆਂ ਅਤੇ ਨਾਵਲ ਲਿਖ ਦਿੱਤੇ। ਕਿਸੇ ਇਨਸਾਨ ਨੂੰ ਇੱਕ ਵੀ ਦੁੱਖ ਹੋਵੇ ਤਾਂ ਉਸ ਕੋਲੋਂ ਕਿਸੇ ਵੀ ਸਿਰਜਣਾਤਮਕ ਕੰਮ ਦੀ ਆਸ ਰੱਖਣੀ ਔਖੀ ਹੁੰਦੀ ਹੈ ਪ੍ਰੰਤੂ ਅਨੇਕਾਂ ਦੁੱਖਾਂ ਦਾ ਸੰਤਾਪ ਭੋਗਣ ਵਾਲੇ ਅਣਖੀ ਨੇ ਸਿਰਜਣਾਤਮਕ ਸਿਖਰਾਂ ਨੂੰ ਛੂਹੰਦਿਆਂ ਆਪਣੀਆਂ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਅਣਖੀ ਦੀ ਸਾਹਿਤ ਰਚਨਾ ਦੀ ਖ਼ੂਬਸੂਰਤੀ ਵੀ ਇਹੋ ਹੈ ਕਿ ਦੁੱਖ-ਸੁੱਖ ਦੇ ਕਿਰਦਾਰਾਂ ਨੂੰ ਆਪਣੇ ਨਾਵਲਾਂ ਤੇ ਕਹਾਣੀਆਂ ਦਾ ਪਾਤਰ ਬਣਾਇਆ। ਅਣਖੀ ਆਪਣੀ ਸਵੈ-ਜੀਵਨੀ ਲਿਖਣ ਬਾਰੇ ਸ਼ਾਇਦ ਕਦੇ ਨਾ ਸੋਚਦਾ, ਜੇਕਰ ਉਸ ਨੂੰ 9 ਨਵੰਬਰ, 1985 ਨੂੰ ਅੰਮ੍ਰਿਤਾ ਪ੍ਰੀਤਮ ਵੱਲੋਂ ਲਿਖੀ ਚਿੱਠੀ ਨਾ ਮਿਲਦੀ। ਅੰਮ੍ਰਿਤਾ ਪ੍ਰੀਤਮ ਨੇ ਅਣਖੀ ਕੋਲੋਂ ਉਸ ਦੇ ਜੀਵਨ ਦੀਆਂ ਘਟਨਾਵਾਂ ਨਾਗਮਣੀ ਲਈ ਲਿਖਵਾਈਆਂ, ਜਿਸ ਨੂੰ ‘ਮਲ•ੇ ਝਾੜੀਆਂ’ ਸਿਰਲੇਖ ਦਿੱਤਾ। ਸਵੈ-ਜੀਵਨੀ ਰੂਪੀ ਇਸ ਕਾਲਮ ਦੀ ਪਹਿਲੀ ਕਿਸ਼ਤ ਨਾਗਮਣੀ ਦੇ ਜਨਵਰੀ 1986 ਅੰਕ ਵਿੱਚ ਛਪੀ, ਜੋ ਬਾਅਦ ਵਿੱਚ ਉਸ ਦੀ ਸਵੈ-ਜੀਵਨੀ ਦੇ ਰੂਪ ਵਿੱਚ ਸਾਹਮਣੇ ਆਈ।
‘ਮਲ•ੇ ਝਾੜੀਆਂ’ ਦੀਆਂ 8 ਕਿਸ਼ਤਾਂ ਅੰਮ੍ਰਿਤਾ ਪ੍ਰੀਤਮ ਨੇ ਨਾਗਮਣੀ ਦੇ ਅੱਠ ਅੰਕਾਂ ਵਿੱਚ ਛਾਪੀਆਂ। ਉਸ ਤੋਂ ਬਾਅਦ ਜੱਗ ਬਾਣੀ ਵਿੱਚ ਇਹ ਕਾਲਮ 60 ਕਿਸ਼ਤਾਂ ਵਿੱਚ ਛਪਿਆ। ਪਾਠਕਾਂ ਨੂੰ ਜੱਗ ਬਾਣੀ ਦੇ ਐਤਵਾਰ ਅੰਕ ਦੀ ਉਡੀਕ ਦਾ ਵੱਡਾ ਕਾਰਨ ਅਣਖੀ ਦਾ ਕਾਲਮ ਹੁੰਦਾ ਸੀ। ਅਣਖੀ ਨੇ ਇਨ•ਾਂ 60 ਕਿਸ਼ਤਾਂ ਵਿੱਚੋਂ 35 ਕਿਸ਼ਤਾਂ ਦੀ ਚੋਣ ਕੀਤੀ ਅਤੇ ‘ਮਲ•ੇ ਝਾੜੀਆਂ’ ਨੂੰ ਪੁਸਤਕ ਰੂਪ ਵਿੱਚ ਦਿੱਲੀ ਦੇ ਆਰਸੀ ਪਬਲਿਸ਼ਰਜ਼ ਨੇ 1988 ਵਿੱਚ ਪ੍ਰਕਾਸ਼ਿਤ ਕੀਤਾ। ‘ਮਲ•ੇ ਝਾੜੀਆਂ’ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਬੋਤਮ ਕਿਤਾਬ ਦਾ ਪੁਰਸਕਾਰ ਵੀ ਮਿਲਿਆ। 1996 ਵਿੱਚ ਸੰਗਮ ਪਬਲੀਕੇਸ਼ਨ ਸਮਾਣਾ ਨੇ ਇਸ ਦਾ ਦੂਜਾ ਐਡੀਸ਼ਨ ਛਾਪਿਆ। ਉਦੋਂ ਸਿਰਫ਼ 18 ਚੈਪਟਰ ਸਨ। ਅਣਖੀ ਨੇ ਕੁਝ ਚੈਪਟਰ ਜੋ ਕਿਸੇ ਵੇਲੇ ਭਾਵੁਕ ਹੋ ਕੇ ਲਿਖੇ ਸਨ, ਉਨ•ਾਂ ਨੂੰ ਛੱਡ ਦਿੱਤਾ ਜਦੋਂਕਿ ਕੁਝ ਚੈਪਟਰ ਦੋ-ਦੋ ਜੋੜ ਕੇ ਇੱਕ ਬਣਾ ਦਿੱਤੇ। 75 ਸਾਲ ਪਾਰ ਕਰਦਿਆਂ ਅਣਖੀ ਨੇ ਲੋਕ ਗੀਤ ਪ੍ਰਕਾਸ਼ਨ ਦੀ ਮੰਗ ‘ਤੇ ‘ਮਲ•ੇ ਝਾੜੀਆਂ’ ਦਾ ਨਵਾਂ ਐਡੀਸ਼ਨ 2006 ਵਿੱਚ ਲਿਖਿਆ ਜਿਸ ਵਿੱਚ ਉਸ ਦੇ ਆਖ਼ਰੀ ਸਮੇਂ ਦੀਆਂ ਘਟਨਾਵਾਂ ਸ਼ਾਮਲ ਹਨ।
ਅਣਖੀ ਦਲੇਰ ਸੁਭਾਅ ਦਾ ਮਾਲਕ ਵੀ ਸੀ। ਇਸੇ ਕਰਕੇ ਉਸ ਨੇ ਦੁੱਖਾਂ ਨੂੰ ਆਪਣੀ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ। ਉਸ ਦੀ ਸਵੈ-ਜੀਵਨੀ ਪੜ•ਦਿਆਂ ਉਸ ਦੇ ਦਲੇਰੀ ਵਾਲੇ ਸੁਭਾਅ ਦੇ ਦਰਸ਼ਨ ਹੁੰਦੇ ਹਨ। ਆਪਣੇ ਜੀਵਨ ਦੀਆਂ ਕੌੜੀਆਂ ਘਟਨਾਵਾਂ, ਇੱਥੋਂ ਤੱਕ ਕਿ ਪਤਨੀ ਸ਼ੋਭਾ ਨਾਲ ਵਿਆਹ ਤੋਂ ਪਹਿਲਾਂ ਦੇ ਘਟਨਾਕ੍ਰਮ ਦਾ ਵਰਣਨ ਕਰਨ ਲਈ ਅਣਖੀ ਵਰਗੀ ਦਲੇਰੀ ਹੀ ਚਾਹੀਦੀ ਹੈ। ਅਣਖੀ ਦੀਆਂ ਦੋ ਪਤਨੀਆਂ ਦੀ ਮੌਤ ਹੋਈ ਅਤੇ ਇਕ ਵਾਰ ਉਸ ਦਾ ਮੰਗਣਾ ਹੋਣ ਤੋਂ ਬਾਅਦ ਵਿਆਹ ਟੁੱਟਿਆ। ਇਕ ਧੀ ਮਾਨਸਿਕ ਰੋਗੀ ਸੀ, ਜਿਹੜੀ ਜੁਆਨੀ ਵਿੱਚ ਹੀ ਮਰ ਗਈ। ਅਣਖੀ ਨੇ ਦੁੱਖਾਂ ਤੇ ਸੰਘਰਸ਼ ਭਰੀ ਜ਼ਿੰਦਗੀ ਬਤੀਤ ਕੀਤੀ। ਅਣਖੀ ਖ਼ੁਦ ਕਹਿੰਦਾ ਹੈ, ”ਜੇ ਮੈਂ ਪੜ•ਦਾ-ਲਿਖਦਾ ਨਾ ਹੁੰਦਾ ਤਾਂ ਕਦੋਂ ਦਾ ਖ਼ੁਦਕੁਸ਼ੀ ਕਰ ਗਿਆ ਹੁੰਦਾ। ਮੈਨੂੰ ਸਾਹਿਤ ਨੇ ਬਚਾਅ ਲਿਆ।” ‘ਮਲ•ੇ ਝਾੜੀਆਂ’ ਵਿੱਚ ਵੀ ਅਣਖੀ ਨੇ ਲਿਖਿਆ ”ਜੇ ਬਾਪੂ ਮੈਨੂੰ ਨਾ ਪੜ•ਾਉਂਦਾ ਤਾਂ ਹੋ ਸਕਦਾ ਮੈਂ ਵੀ ਸਲਫ਼ਾਸ ਖਾ ਕੇ ਮਰ ਗਿਆ ਹੁੰਦਾ।” ਐਮ.ਏ., ਬੀ.ਟੀ. ਦੀ ਪੜ•ਾਈ ਆਪਣੇ ਦਮ ‘ਤੇ ਕੀਤੀ। ਬਰਨਾਲਾ ਵਿਖੇ ਕੱਚਾ ਕਾਲਜ ਰੋਡ ਦੀ ਗਿਆਰਾਂ ਨੰਬਰ ਗਲੀ ਵਿੱਚ ਸ਼ਿਫਟ ਹੋਣ ਤੋਂ ਬਾਅਦ ਉਸ ਨੇ ਪਹਿਲੇ ਪੰਜ ਸਾਲਾਂ ਵਿੱਚ 50 ਕਹਾਣੀਆਂ ਲਿਖ ਦਿੱਤੀਆਂ। ਬੇਟੇ ਕਰਾਂਤੀਪਾਲ ਦਾ ਉਸ ਨੂੰ ਬਹੁਤ ਸਹਾਰਾ ਸੀ, ਜਿਹੜਾ ਰੋਟੀਆਂ ਵੀ ਪਕਾ ਕੇ ਖਵਾਉਂਦਾ ਰਿਹਾ। ਅਣਖੀ ਹੁਰਾਂ ਨੇ ਜਦੋਂ ਘਰ ਦੀ ਜ਼ਮੀਨ ਵੰਡਣੀ ਸੀ ਤਾਂ ਉਸ ਨੇ ਰਿਸ਼ਤੇਦਾਰੀਆਂ ਵਿੱਚੋਂ ਮਦਦ ਲਈ। ਉਸ ਵੇਲੇ ਕਰਾਂਤੀਪਾਲ ਨੇ ਵੀ ਮਿਹਣਾ ਮਾਰਦਿਆਂ ਕਿਹਾ, ”ਡੈਡੀ ਨੇ ਜੇ ਨਾਵਲ ਵਿੱਚ ਦੋ ਭਰਾਵਾਂ ਦੀ ਜ਼ਮੀਨ ਵੰਡਣੀ ਹੁੰਦੀ ਤਾਂ ਝੱਟ ਵੰਡ ਦੇਣੀ ਸੀ। ਹੁਣ ਘਰ ਦੀ ਜ਼ਮੀਨ ਕਿਉਂ ਨਹੀਂ ਵੰਡੀ ਜਾਂਦੀ।” ਉਸ ਨੂੰ ਵੰਡ ਦੇ ਇੰਤਕਾਲ ਵੇਲੇ ਵੀ ਸਰਕਾਰੀ ਦਫ਼ਤਰਾਂ ਵਿੱਚ ਬਹੁਤ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪਿਆ। ਉਸ ਨੇ ਖੇਤੀਬਾੜੀ, ਕਿਸਾਨੀ, ਪੇਂਡੂ ਪਰਿਵਾਰਾਂ ਦੇ ਦੁੱਖਾਂ ਨੂੰ ਹੱਡੀਂ ਹੰਢਾਇਆ ਹੋਣ ਕਰ ਕੇ ਆਪਣੇ ਨਾਵਲਾਂ ਤੇ ਕਹਾਣੀਆਂ ਵਿੱਚ ਇਨ•ਾਂ ਵਿਸ਼ਿਆਂ ਨੂੰ ਹੀ ਪੇਸ਼ ਕੀਤਾ। ਉਸ ਦਾ ਚਾਚਾ ਨੱਥੂ ਰਾਮ ਵੱਡੀ ਉਮਰ ਭੋਗ ਕੇ ਮਰਿਆ ਜਿਸ ਦੇ ਮਰਨ ਤੋਂ ਬਾਅਦ ਅੱਗੇ ਜ਼ਮੀਨ ਵੰਡੀ ਗਈ। ਉਸ ਨੇ ਚਾਚੇ ਦੀ ਕਹਾਣੀ ਬਿਆਨਦਾ ਨਾਵਲ ‘ਪਰਤਾਪੀ’ ਲਿਖਿਆ ਜਿਸ ਵਿੱਚ ਨਾ ਜਿਊਂਦੀ, ਨਾ ਮਰਦੀ ਮਾਂ ਨੂੰ ਦੇਖ ਕੇ ਦੋ ਭਰਾਵਾਂ ਹਰਦੇਵ ਤੇ ਗੁਰਦੇਵ ਦੀ ਵੱਖ-ਵੱਖ ਸੋਚ ਹੁੰਦੀ ਹੈ।
ਅਣਖੀ ਦਾ ਪਹਿਲਾ ਵਿਆਹ ਬੁਢਲਾਡੇ ਕੋਲ ਆਹਮਦਪੁਰ ਪਿੰਡ ਵਿੱਚ ਹੋਇਆ, ਜਦੋਂ ਉਸ ਨੇ ਹਾਲੇ ਸੁਰਤ ਵੀ ਨਹੀਂ ਸੀ ਸੰਭਾਲੀ। ਉਸ ਨੂੰ ਵੱਡੇ ਸਾਲੇ ਸੂਰਜਭਾਨ ਨੇ ਜੰਝ ਦੇ ਉਤਾਰੇ ਵਿੱਚੋਂ ਗੋਦੀ ਚੁੱਕ ਕੇ ਘਰ ਲਿਆਂਦਾ ਸੀ। ਅਣਖੀ ਦੀ ਬਰਾਤ ਧੌਲੇ ਤੋਂ ਤਪੇ ਤੱਕ ਤੁਰ ਕੇ, ਤਪੇ ਤੋਂ ਰੇਲ ਗੱਡੀ ਰਾਹੀਂ ਬਠਿੰਡਾ ਹੁੰਦੀ ਹੋਈ ਬੁਢਲਾਡਾ ਅਤੇ ਬੁਢਲਾਡੇ ਤੋਂ ਆਹਮਦਪੁਰ ਫਿਰ ਤੁਰ ਕੇ ਪੁੱਜੀ ਸੀ। ਅਣਖੀ ਨੂੰ ਜਦੋਂ ਮੁਕਲਾਵਾ ਮਿਲਿਆ ਤਾਂ ਉਹ ਉਸ ਵੇਲੇ ਬਰਨਾਲਾ ਵਿਖੇ ਦਸਵੀਂ ਜਮਾਤ ਵਿੱਚ ਪੜ•ਦਾ ਸੀ। ਅਣਖੀ ਦੀ ਪਹਿਲੀ ਪਤਨੀ ਸੋਮਾ ਉਸ ਦੇ ਕਾਲਜ ਵਿੱਚ ਪੜ•ਦੇ ਦੌਰਾਨ ਹੀ ਇਸ ਜਹਾਨੋਂ ਤੁਰ ਗਈ। ਸੋਮਾ ਦੀ ਮੌਤ 1952 ਵਿੱਚ ਹੋਈ। ਅਣਖੀ ਸਮਝ ਗਿਆ ਸੀ ਕਿ ਸੋਮਾ ਨੂੰ ਉਸ ਦਾ ਦਰੇਗ ਹੀ ਲੈ ਬੈਠਾ ਕਿਉਂਕਿ ਉਹ ਘਰ ਛੱਡ ਕੇ ਪਟਿਆਲਾ ਪੜ•ਨ ਗਿਆ ਹੋਇਆ ਸੀ। ਸੋਮਾ ਦੀ ਨਾਨੀ ਨੇ ਵੀ ਉਸ ਨੂੰ ਤਾਅਨਾ ਮਾਰਿਆ ਸੀ, ”ਲੈ ਪੁੱਤ ਹੁਣ ਵੀਹ ਜਮਾਤਾਂ ਪੜ• ਲੈ, ਸਾਡੀ ਧੀ ਤਾਂ ਰਹੀ ਨਾ।” ਇਸ ਤੋਂ ਬਾਅਦ ਅਣਖੀ ਦੇ ਘਰਦਿਆਂ ਨੂੰ ਉਸ ਦਾ ਦੂਜਾ ਵਿਆਹ ਕਰਨ ਦਾ ਫ਼ਿਕਰ ਹੋਣ ਲੱਗਾ। ਮਲੋਟ ਤੋਂ ਇਕ ਰਿਸ਼ਤਾ ਆਇਆ ਅਤੇ ਮੰਗਣਾ ਵੀ ਹੋ ਗਿਆ। ਵਿਆਹ ਦੀ ਤਰੀਕ ਬੰਨ•ਣ ਵਿੱਚ ਕੁੜੀ ਵਾਲੇ ਕਾਫ਼ੀ ਚਿਰ ਆਨਾਕਾਨੀ ਕਰਦੇ ਰਹੇ ਅਤੇ ਅਖ਼ੀਰ ਤਪੇ ਵਾਲੇ ਵਿਚੋਲੇ ਨੇ ਦੱਸ ਦਿੱਤਾ ਕਿ ਕੁੜੀ ਵਾਲੇ ਵਿਆਹ ਤੋਂ ਮੁੱਕਰ ਗਏ ਹਨ। ਬਾਅਦ ਵਿੱਚ ਪਤਾ ਲੱਗਿਆ ਕਿ ਰਿਸ਼ਤੇ ਤੋਂ ਕੁੜੀ ਵਾਲੇ ਇਸ ਕਾਰਨ ਪਿੱਛੇ ਹੱਟ ਗਏ ਕਿਉਂਕਿ ਕਿਸੇ ਤੋਂ ਪਿੰਡ ਵਿੱਚ ਕਰਵਾਈ ਪੁੱਛਗਿੱਛ ਵਿੱਚ ਜਵਾਬ ਮਿਲਿਆ ਕਿ ਮੁੰਡੇ ਦੇ ਨਾਂ ਤਾਂ ਘਰਦਿਆਂ ਨੇ ਜ਼ਮੀਨ ਲਾਈ ਹੀ ਨਹੀਂ। ਮਲੋਟ ਵੱਲ ਨਾ ਹ ਸਕੇ ਇਸ ਰਿਸ਼ਤੇ ਦੀ ਅਗਾਂਹ ਦਿਲਚਸਪ ਕਹਾਣੀ ਹੈ, ਜਿਹੜੀ ਕਿਸੇ ਫ਼ਿਲਮੀ ਕਹਾਣੀ ਵਾਂਗ ਹੈ। ਅਣਖੀ ਜਦੋਂ ਆਪਣੀ ਲੜਕੀ ਆਰਤੀ ਲਈ ਮਲੋਟ ਵਿਖੇ ਮੁੰਡਾ ਦੇਖਣ ਗਿਆ ਤਾਂ ਅੱਗੋਂ ਉਹ ਮੁੰਡਾ ਉਸੇ ਕੁੜੀ ਦੇ ਭਰਾ ਦਾ ਨਿਕਲਿਆ ਜਿਸ ਨਾਲ ਅਣਖੀ ਦਾ ਰਿਸ਼ਤਾ ਮੰਗਣੀ ਤੋਂ ਬਾਅਦ ਟੁੱਟ ਗਿਆ। ਅਣਖੀ ਤੋਂ ਰਿਹਾ ਨਾ ਗਿਆ ਅਤੇ ਉਸ ਕੁੜੀ ਦੇ ਭਰਾ ਤੋਂ ਪੁੱਛ ਲਿਆ ਕਿ ਉਸ ਦੀ ਭੈਣ ਕਿੱਥੇ ਹੁੰਦੀ ਹੈ। ਅੱਗੋਂ ਪਤਾ ਲੱਗਾ ਕਿ ਗਿੱਦੜਬਾਹੇ ਉਸ ਦਾ ਵਿਆਹ ਹੋਇਆ, ਜਿੱਥੇ ਉਸ ਦਾ ਪਤੀ ਮਰ ਗਿਆ ਅਤੇ ਹੁਣ ਉਹ ਆਪਣੇ ਬੱਚਿਆਂ ਨਾਲ ਦਿਨ ਕਟੀ ਕਰ ਰਹੀ ਹੈ। ਅਣਖੀ ਦੀ ਇਹ ਸੁਣਦਿਆਂ ਧਾਹ ਨਿਕਲ ਗਈ ਅਤੇ ਮਨ ਵਿੱਚ ਸੋਚਿਆ ਕਿ ਜੇ ਦੋਵਾਂ ਦਾ ਰਿਸ਼ਤਾ ਨਾ ਹੁੰਦਾ ਤਾਂ ਦੋਵੇਂ ਹੀ ਸੌਖੇ ਰਹਿੰਦੇ। ਵਾਪਸ ਮੁੜਦਿਆਂ ਅਣਖੀ ਦਾ ਮਨ ਇਕ ਵਾਰ ਗਿੱਦੜਬਾਹੇ ਰੁਕ ਕੇ ਉਸ ਕੁੜੀ ਨੂੰ ਮਿਲਣ ਦਾ ਕੀਤਾ ਪਰ ਗਿੱਦੜਬਾਹੇ ਉਤਰਨ ਦਾ ਉਸ ਤੋਂ ਹੀਆ ਨਾ ਹੋਇਆ। ਇਸੇ ਘਟਨਾ ‘ਤੇ ਉਸ ਨੇ ‘ਰੁੱਖ’ ਕਹਾਣੀ ਲਿਖੀ, ਜੋ ‘ਕਦੋਂ ਫਿਰਨਗੇ ਦਿਨ’ ਕਹਾਣੀ ਸੰਗ੍ਰਹਿ ਵਿੱਚ ਛਪੀ।
ਮਲੋਟ ਵਾਲੀ ਕੁੜੀ ਦਾ ਰਿਸ਼ਤਾ ਟੁੱਟਣ ਤੋਂ ਬਾਅਦ ਘਰਦਿਆਂ ਨੂੰ ਹੋਰ ਕਾਹਲੀ ਹੋਣ ਲੱਗੀ। ਇੰਨੇ ਨੂੰ ਘਰਦਿਆਂ ਨੂੰ ਜੋਗੇ ਤੋਂ ਰਿਸ਼ਤਾ ਆ ਗਿਆ। ਦਸੰਬਰ 1954 ਵਿੱਚ ਉਸ ਦਾ ਜੋਗੇ ਦੀ ਭਾਗਵੰਤੀ ਨਾਲ ਵਿਆਹ ਹੋ ਗਿਆ। ਅਣਖੀ ਉਤੇ ਦੁੱਖਾਂ ਦਾ ਕਹਿਰ ਡਿੱਗਣੋਂ ਹਾਲੇ ਵੀ ਨਹੀਂ ਹਟਿਆ ਸੀ। 1 ਜੂਨ, 1956 ਨੂੰ ਉਸ ਦੇ ਮੁੰਡਾ ਹੋਇਆ, ਜੋ 20 ਦਿਨਾਂ ਦਾ ਹੋ ਕੇ ਮਰ ਗਿਆ। ਅਣਖੀ ਨੂੰ ਉਸ ਦੀ ਮਾਂ ਨੇ ਸਵਾ ਮਹੀਨਾ ਹਾਲੇ ਮੁੰਡਾ ਦਾ ਮੂੰਹ ਨਾ ਦੇਖਣ ਲਈ ਕਿਹਾ ਹੋਣ ਕਰਕੇ ਉਹ ਆਪਣੇ ਜੇਠੇ ਪੁੱਤ ਦਾ ਮੂੰਹ ਵੀ ਨਹੀਂ ਸੀ ਵੇਖ ਸਕਿਆ। ਇਸ ਤੋਂ ਬਾਅਦ ਅਣਖੀ ਦੇ ਘਰ ਲੜਕੀ ਨੇ ਜਨਮ ਲਿਆ ਜਿਸ ਦਾ ਨਾਂ ਚੇਤਨਾ ਰੱਖਿਆ। ਇਸ ਦੌਰਾਨ ਅਣਖੀ ਦੀ ਬਦਲੀ ਲਹਿਲ ਖ਼ੁਰਦ ਤੋਂ ਪਿੰਡ ਹੋ ਗਈ ਸੀ ਅਤੇ ਉਸ ਦੀ ਤਨਖ਼ਾਹ ਵੀ ਵਧ ਗਈ। ਚੇਤਨਾ ਦੇ ਜਨਮ ਮੌਕੇ ਮਿਲੀਆਂ ਖ਼ੁਸ਼ੀਆਂ ਕਾਰਨ ਅਣਖੀ ਦੀ ਮਾਂ ਉਸ ਨੂੰ ‘ਭਾਗਾਂ ਵਾਲੀ’ ਕਹਿੰਦੀ ਸੀ ਪਰ ਕੀ ਪਤਾ ਸੀ ਇਹ ਭਾਗਾਂ ਵਾਲੀ ਬਹੁਤ ਔਖਾ ਜੀਵਨ ਕੱਟਦੀ ਹੋਈ ਇਸ ਜਹਾਨੋਂ ਤੁਰ ਜਾਵੇਗੀ। ਉਮਰ ਵਧਣ ਨਾਲ ਚੇਤਨਾ ਦੇ ਦਿਮਾਗ਼ ਦਾ ਵਿਕਾਸ ਨਾ ਹੋਇਆ ਅਤੇ ਉਸ ਦੇ ਇਲਾਜ ਲਈ ਅਣਖੀ ਬਹੁਤ ਭਟਕਿਆ। ਦਿੱਲੀਉਂ ਵੀ ਇਲਾਜ ਕਰਵਾਇਆ ਪਰ ਉਹ ਠੀਕ ਨਾ ਹੋਈ ਅਤੇ 25 ਵਰਿ•ਆਂ ਦੀ ਉਮਰੇ ਦੁੱਖ ਭੋਗਦੀ ਹੋਈ ਪੂਰੀ ਹੋ ਗਈ। ਚੇਤਨਾ ਤੋਂ ਇਲਾਵਾ ਦੂਜੀ ਪਤਨੀ ਭਾਗਵੰਤੀ ਤੋਂ ਅਣਖੀ ਦੇ ਦੋ ਮੁੰਡੇ ਸਨੇਹਪਾਲ ਤੇ ਡਾ. ਕਰਾਂਤੀਪਾਲ ਅਤੇ ਇਕ ਕੁੜੀ ਆਰਤੀ ਵੀ ਸੀ। ਸਨੇਹਪਾਲ ਤੇ ਆਰਤੀ ਪੜ•ਾਈ ਵਿੱਚ ਕਮਜ਼ੋਰ ਸਨ। ਅਣਖੀ 1977 ਵਿੱਚ ਧੌਲੇ ਤੋਂ ਬਰਨਾਲਾ ਆ ਕੇ ਰਹਿਣ ਲੱਗ ਗਿਆ ਸੀ। ਉਸ ਤੋਂ ਬਾਅਦ ਸਨੇਹਪਾਲ ਤੇ ਵੱਡੀ ਕੁੜੀ ਚੇਤਨਾ ਪਿੰਡ ਧੌਲੇ ਰਹਿੰਦੇ ਅਤੇ ਅਣਖੀ ਆਪਣੀ ਪਤਨੀ, ਮੁੰਡੇ ਕਰਾਂਤੀਪਾਲ ਤੇ ਆਰਤੀ ਨਾਲ ਬਰਨਾਲੇ। ਅਣਖੀ ਦੀ ਮਾਂ ਹੀ ਚੇਤਨਾ ਨੂੰ ਸੰਭਾਲਦੀ। ਅਣਖੀ ਦੀ ਮਾਂ ਅਤੇ ਦੂਜੀ ਪਤਨੀ ਭਾਗਵੰਤੀ ਦੀ ਮੌਤ ਤੋਂ ਬਾਅਦ ਚੇਤਨਾ ਨੂੰ ਅਣਖੀ ਦੀ ਭਾਬੀ (ਛੋਟੇ ਭਰਾ ਨਵਜੋਸ਼ ਦੀ ਪਤਨੀ) ਨੇ ਸਾਂਭਿਆ। ਹਰਿਦੁਆਰ ਉਸ ਦੇ ਫੁੱਲ ਪਾਉਣ ਗਿਆ ਅਣਖੀ ਭੁੱਬੀਂ ਰੋਇਆ। ਅਣਖੀ ਹੁਰੀਂ ਦੱਸਦੇ ਸਨ ਕਿ ਉਸ ਨੇ ਆਪਣੀਆਂ ਕਹਾਣੀਆਂ, ਨਾਵਲਾਂ ਵਿੱਚ ਹਜ਼ਾਰਾਂ ਪਾਤਰ ਸਿਰਜੇ ਪਰ ਕਦੇ ਵੀ ਚੇਤਨਾ ਦਾ ਪਾਤਰ ਨਹੀਂ ਆਇਆ। ਇਸ ਦਾ ਅਣਖੀ ਨੂੰ ਵੀਂ ਨਹੀਂ ਪਤਾ ਸੀ ਕਿ ਕਿਉਂ ਨਹੀਂ ਆਇਆ।
ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਜਦੋਂ ਉਸ ਦਾ ਪੂਰਾ ਪਰਿਵਾਰ ਹੋ ਗਿਆ ਤਾਂ ਪਤਨੀ ਭਾਗਵੰਤੀ ਨੂੰ ਦੌਰੇ ਪੈਣ ਲੱਗ ਗਏ। ਦੌਰੇ ਉਸ ਨੂੰ ਹਰ ਬੱਚੇ ਦੇ ਜਨਮ ਵੇਲੇ ਹੀ ਪੈਂਦੇ ਸਨ। ਫ਼ਰਵਰੀ 1974 ਦੀ ਗੱਲ ਹੈ, ਜਦੋਂ ਭਾਗਵੰਤੀ ਰੋਟੀਆਂ ਪਕਾਉਂਦੀ ਆਟੇ ਨਾਲ ਲਿੱਬੜੇ ਹੱਥਾਂ ਨਾਲ ਹੀ ਚੌਂਕੇ-ਚੁੱਲ•ੇ ਵਿੱਚ ਡਿੱਗ ਗਈ। ਪਹਿਲਾਂ ਉਸ ਨੂੰ ਬਰਨਾਲੇ ਲਿਜਾਇਆ ਗਿਆ, ਫੇਰ ਦਿਆਨੰਦ ਹਸਪਤਾਲ ਲੁਧਿਆਣੇ ਤੇ ਅੰਤ ਪੀ.ਜੀ.ਆਈ. ਚੰਡੀਗੜ•। ‘ਬਰੇਨ ਟਿਊਮਰ’ ਕਾਰਨ ਉਹ ਹੱਡੀਆਂ ਦੀ ਮੁੱਠ ਬਣ ਗਈ। ਚੰਡੀਗੜ• ਇਲਾਜ ਦੌਰਾਨ ਅਣਖੀ ਨੂੰ ਸਹਾਰਾ ਦੇਣ ਵਾਲੇ ਡਾ. ਵਿਸ਼ਵਾਨਾਥ ਤਿਵਾੜੀ, ਪ੍ਰੇਮ ਸਿੰਘ ਮਾਨ, ਪ੍ਰਦੀਪ ਅਰਸ਼ੀ, ਡਾ. ਨਾਹਰ ਸਿੰਘ ਨੂੰ ਉਹ ਸਾਰੀ ਉਮਰ ਨਹੀਂ ਭੁੱਲਿਆ। ਉਸ ਵੇਲੇ ਉਸ ਦਾ ਇਕ ਪਾਠਕ ਸੁਰਿੰਦਰ ਮਨਨ ਰੋਜ਼ ਹਾਲ-ਚਾਲ ਪੁੱਛਣ ਆਉਂਦਾ। ਇਸ ਦੌਰਾਨ ਅਣਖੀ ਦੀ ਪਤਨੀ ਦੀਆਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਜਿਸ ਦੇ ਇਲਾਜ ਲਈ ਵੀ ਅਣਖੀ ਨੇ ਛੋਟੇ ਡਾਕਟਰ ਤੋਂ ਲੈ ਕੇ ਅੰਮ੍ਰਿਤਸਰ ਦੇ ਮਸ਼ਹੂਰ ਡਾਕਟਰ ਦਲਜੀਤ ਸਿੰਘ ਤੱਕ ਕੋਸ਼ਿਸ਼ ਕੀਤੀ ਪਰ ਨਿਗਾਂ ਵਾਪਸ ਨਾ ਆਈ। ਅਣਖੀ ਵਾਪਸ ਆਪਣੀ ਪਤਨੀ ਨੂੰ ਪਿੰਡ ਲੈ ਲਿਆ। ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਔਖਾ ਸਮਾਂ ਸੀ। ਅਣਖੀ ਹੁਰੀਂ ਆਪਣੀ ਸਵੈ-ਜੀਵਨੀ ਵਿੱਚ ਇਹ ਵੀ ਲਿਖਦੇ ਹਨ ਕਿ ਉਸ ਵੇਲੇ ਉਹ ਤੜਕੇ ਸਾਜਰੇ ਹੀ ਉੱਠ ਜਾਂਦਾ ਸੀ ਅਤੇ ਉਸ ਦੌਰ ਵਿੱਚ ਆਪਣੇ ਦੁੱਖਾਂ ਨੂੰ ਸ਼ਬਦਾਂ ਦਾ ਰੂਪ ਦੇ ਕੇ ਉਨ•ਾਂ ਦੋ-ਢਾਈ ਸਾਲਾਂ ਦੌਰਾਨ ਦੋ ਨਾਵਲ ਤੇ 14-15 ਕਹਾਣੀਆਂ ਲਿਖੀਆਂ। ਉਸ ਨੇ ਆਪਣੇ ਦੁੱਖਾਂ ਨੂੰ ਲੈ ਕੇ ਕਹਾਣੀਆਂ ਲਿਖੀਆਂ। ਅਣਖੀ ਮੰਨਦਾ ਹੈ ਕਿ ਉਸ ਦੌਰ ਵਿੱਚ ਉਸ ਨੇ ਸਭ ਤੋਂ ਵੱਧ ਸਾਹਿਤ ਲਿਖਿਆ। ਐਮਰਜੈਂਸੀ, ਉਸ ਦਾ ਦੁੱਖ, ਅਧੂਰੀ ਬਹਿਸ ਦਾ ਜ਼ਹਿਰ, ਕੋਈ ਨਹੀਂ ਆਵੇਗਾ, ਕੀ ਪਤਾ ਸੀ, ਗ਼ਰਦਿਸ਼ ਦੇ ਦਿਨ ਲਿਖਿਆ। ਨਾਵਲ ਸੁਲਘਦੀ ਰਾਤ ਵੀ ਉਸ ਵੇਲੇ ਲਿਖਿਆ। ਉਸ ਦੇ ਦੁੱਖਾਂ ਦੀ ਦਾਸਤਾਨ ਪੜ• ਕੇ ਪਾਠਕ ਅੰਦਰੋਂ ਝੰਜੋੜੇ ਜਾਂਦੇ। 2 ਨਵੰਬਰ, 1976 ਨੂੰ ਅਣਖੀ ਦੀ ਬਦਲੀ ਬਰਨਾਲੇ ਹੋ ਗਈ ਅਤੇ 12 ਨਵੰਬਰ ਨੂੰ ਉਸ ਦੀ ਪਤਨੀ ਭਾਗਵੰਤੀ ਦੀ ਮੌਤ ਹੋ ਗਈ। ਉਹ ਬੁਰੀ ਤਰ•ਾਂ ਟੁੱਟ ਗਿਆ ਸੀ। ਉਸ ਨੇ ਦਲੇਰੀ ਨਾਲ ਨਿਧੜਕ ਹੋ ਕੇ ਆਪਣੀ ਜ਼ਿੰਦਗੀ ਦਾ ਕਰੂਰ ਸੱਚ ਲਿਖਿਆ। ਅੰਮ੍ਰਿਤਾ ਪ੍ਰੀਤਮ ਨੇ ਉਸ ਨੂੰ ‘ਇਕ ਇਮਾਨਦਾਰ ਲੇਖਕ ਦੀ ਕਿਰਤ’ ਕਹਿ ਕੇ ਵਡਿਆਇਆ।
ਭਾਗਵੰਤੀ ਦੀ ਮੌਤ ਤੋਂ ਬਾਅਦ ਅਣਖੀ ਨੇ ਲਿਖਣ ਦਾ ਕਾਰਜ ਜਾਰੀ ਰੱਖਿਆ। ਇਸ ਦੌਰਾਨ ਰਾਜਸਥਾਨ ਦੇ ਸ਼ਹਿਰ ਅਜਮੇਰ ਰਹਿੰਦੀ ਸ਼ੋਭਾ ਪਾਟਿਲ ਨਾਂ ਦੀ ਔਰਤ ਜੋ ਅਣਖੀ ਦੀਆਂ ਹਿੰਦੀ ਵਿੱਚ ਅਨੁਵਾਦ ਹੋ ਕੇ ਛਪਦੀਆਂ ਕਹਾਣੀਆਂ ਦੀ ਵੱਡੀ ਪ੍ਰਸ਼ੰਸਕ ਸੀ, ਉਸ ਨੂੰ ਚਿੱਠੀਆਂ ਲਿਖਦੀ। ਅਣਖੀ ਵੀ ਜਵਾਬ ਵਿੱਚ ਚਿੱਠੀ ਲਿਖਦਾ। ਇਹ ਸਿਲਸਿਲਾ ਚਲਦਾ ਰਿਹਾ ਅਤੇ ਇਕ ਦਿਨ ਦਸੰਬਰ 1976 ਵਿੱਚ ਅਣਖੀ ਨੇ ਇਕ ਵਾਰ ਗੁਜਰਾਤ ਦੇ ਗਾਂਧੀਧਾਮ ਕੋਲ ਅੰਜਾਰ ਵਿਖੇ ਕਿਸੇ ਕਾਨਫ਼ਰੰਸ ਵਿੱਚ ਹਿੱਸਾ ਲੈਣ ਜਾਣਾ ਸੀ। ਸ਼ੋਭਾ ਦੇ ਕਹਿਣ ‘ਤੇ ਅਣਖੀ ਨੇ ਰਸਤੇ ਵਿੱਚ ਦਿੱਲੀ ਤੋਂ ਰਤਲਾਮ ਜਾਂਦੇ ਹੋਏ ਅਜਮੇਰ ਸਟੇਸ਼ਨ ਉਤੇ ਉਤਰਨ ਦਾ ਮਨ ਬਣਾ ਲਿਆ। ਅਣਖੀ ਤੇ ਸ਼ੋਭਾ ਦੋਵੇਂ ਮਿਲੇ ਅਤੇ ਫੇਰ ਉਹ ਅਗਾਂਹ ਅੰਜਾਰ ਚਲੇ ਗਏ, ਜਿੱਥੇ ਜਾ ਕੇ ਪਤਾ ਲੱਗਾ ਕਿ ਕਾਨਫ਼ਰੰਸ ਤਾਂ ਮੁਲਤਵੀ ਹੋ ਗਈ। ਅਣਖੀ ਦਾ ਕਾਨਫ਼ਰੰਸ ਅਟੈਂਡ ਕਰਨ ਦਾ ਸਬੱਬ ਤਾਂ ਨਹੀਂ ਬਣਿਆ ਪਰ ਉਸ ਦੇ ਪਰਿਵਾਰਕ ਜੀਵਨ ਦੀ ਲੀਹ ਤੋਂ ਲੱਥੀ ਗੱਡੀ ਮੁੜ ਚੜ•ਨ ਦਾ ਸਬੱਬ ਜ਼ਰੂਰ ਬਣ ਗਿਆ। ਅਣਖੀ ਤੇ ਸ਼ੋਭਾ ਨੇ ਵਿਆਹ ਕਰਵਾਉਣ ਦਾ ਮਨ ਬਣਾ ਲਿਆ। ਸ਼ੁਰੂ ਵਿੱਚ ਸ਼ੋਭਾ ਦੇ ਘਰਦਿਆਂ ਨੇ ਵਿਰੋਧ ਵੀ ਕੀਤਾ ਕਿ ਕਿੱਥੇ ਦੂਜਾ ਸੂਬਾ, ਵੱਖਰਾ ਸੱਭਿਆਚਾਰ, ਨਾ ਕੋਈ ਸਾਂਝ ਆਦਿ। ਅੰਤ ਸ਼ੋਭਾ ਵੱਲੋਂ ਮਨਾਉਣ ‘ਤੇ ਉਸ ਦੇ ਘਰ ਦੇ ਰਾਜ਼ੀ ਹੋ ਗਏ ਅਤੇ ਅਣਖੀ ਆਪਣੇ ਦੋਸਤ ਗੁਰਚਰਨ ਨਾਲ ਵਿਆਹ ਕਰਵਾਉਣ ਅਜਮੇਰ ਗਿਆ, ਜਿੱਥੋਂ ਸ਼ੋਭਾ ਨੂੰ ਵਿਆਹ ਕੇ ਲਿਆਇਆ। ਇਹ 1977 ਦੇ ਅਖ਼ੀਰਲੇ ਦਿਨਾਂ ਦੀ ਗੱਲ ਹੈ। 1981 ਵਿੱਚ ਲਿਖੀ ਕਹਾਣੀ ਜ਼ਖ਼ਮੀ ਅਤੀਤ ਦੀ ਮੂਲ ਕਥਾ ਸ਼ੋਭਾ ਤੋਂ ਹੀ ਮਿਲੀ ਸੀ। ਸ਼ੋਭਾ ਅਣਖੀ ਦੇ ਅੰਤਲੇ ਸਾਹਾਂ ਤੱਕ ਨਾਲ ਨਿਭੀ। ਅਣਖੀ ਦੇ ਸ਼ਰਧਾਂਜਲੀ ਸਮਾਗਮ ਉਤੇ ਉਸ ਦੀ ਪਤਨੀ ਸ਼ੋਭਾ ਦਾ ਲਿਖਿਆ ਸ਼ੇਅਰ ਜੋ ਉਸ ਵੇਲੇ ਪੜਿ•ਆ ਗਿਆ, ਸਾਰੀ ਕਹਾਣੀ ਬਿਆਨ ਕਰਦਾ ਸੀ। ”ਨਾ ਸ਼ਿਕਵਾ ਕਿਸੀ ਸੇ, ਨਾ ਸ਼ਿਕਾਇਤ ਕਿਸੀ ਸੇ, ਹੋਨੀ ਥੀ ਜ਼ਿੰਦਗੀ ਬਰਬਾਦ ਕਿਸੀ ਸੇ।”
ਰਾਮ ਸਰੂਪ ਅਣਖੀ ਨੇ ਉਮਰ ਭਰ ਨਿਰੰਤਰ ਲਿਖਿਆ। ਨੌਕਰੀ ਵਿੱਚ ਰਹਿੰਦਿਆਂ ਵੀ ਲਿਖਿਆ ਅਤੇ ਸੇਵਾ-ਮੁਕਤੀ ਤੋਂ ਬਾਅਦ ਵੱਡੀ ਉਮਰੇ ਲਿਖਣ ਦੀ ਰਫ਼ਤਾਰ ਹੋਰ ਵੀ ਤੇਜ਼ ਕਰ ਦਿੱਤੀ ਸੀ। ਉਸ ਦਾ ਵਿਚਾਰ ਸੀ ਕਿ ਸੇਵਾ-ਮੁਕਤੀ ਤੋਂ ਬਾਅਦ ਉਹ ਆਪਣੇ-ਆਪ ਨੂੰ ਰੁੱਝਿਆ ਰੱਖ ਕੇ ਹੀ ਸਿਹਤਮੰਦ ਰਹਿ ਸਕਦਾ ਹੈ ਜਿਸ ਲਈ ਉਸ ਨੇ ਆਪਣੇ ਲਿਖਣ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ। ਉਸ ਨੇ ਜਿੱਥੇ ਕਹਾਣੀਆਂ, ਨਾਵਲ ਲਿਖਣੇ ਜਾਰੀ ਰੱਖੇ, ਉਥੇ ‘ਕਹਾਣੀ ਪੰਜਾਬ’ ਸਿਰਲੇਖ ਹੇਠ ਤ੍ਰੈ-ਮਾਸਿਕ ਰਸਾਲਾ ਸ਼ੁਰੂ ਕੀਤਾ ਜਿਸ ਦਾ ਪਹਿਲਾ ਅੰਕ 1993 ਦੀ ਆਖ਼ਰੀ ਤਿਮਾਹੀ ਵਿੱਚ ਛਪਿਆ। ਕਹਾਣੀ ਪੰਜਾਬ ਨੂੰ ਨਿਰੰਤਰ ਜਾਰੀ ਰੱਖਣ ਲਈ ਉਨ•ਾਂ ਨੇ ਬਹੁਤ ਤਰੱਦਦ ਕੀਤੇ। ਉਨ•ਾਂ ਆਪਣੀ ਸਵੈ-ਜੀਵਨੀ ਵਿੱਚ ਇਹ ਵੀ ਲਿਖਿਆ, ”ਮੈਂ ਉਸ ਦਿਨ ਨਹੀਂ ਮਰਾਂਗਾ ਜਿਸ ਦਿਨ ਮੈਂ ਮਰਿਆ, ਮੈਂ ਉਸ ਦਿਨ ਮਰਾਂਗਾ ਜਿਸ ਦਿਨ ਕਹਾਣੀ ਪੰਜਾਬ ਬੰਦ ਹੋਵੇਗਾ।” ਕਰਾਂਤੀਪਾਲ ਨੇ ਪਿਤਾ ਦੇ ਵਚਨ ਨਿਭਾਉਂਦਿਆਂ, ਉਨ•ਾਂ ਦੇ ਤੁਰ ਜਾਣ ਦੇ ਅੱਠ ਸਾਲ ਬਾਅਦ ਵੀ ਕਹਾਣੀ ਪੰਜਾਬ ਸਫ਼ਲਤਾਪੂਰਵਕ ਚਲਾਇਆ ਹੋਇਆ ਹੈ। ਅਣਖੀ ਨੂੰ ਇਕ ਪਾਸੇ ਕਹਾਣੀ ਪੰਜਾਬ ਨੂੰ ਚਲਾਈ ਰੱਖਣ ਲਈ ਚੰਦੇ ਇਕੱਠ ਕਰਨ ਲਈ ਮਿਹਨਤ ਕਰਨੀ ਪੈਂਦੀ, ਦੂਜੇ ਪਾਸੇ ਪਰਿਵਾਰਕ ਦੁੱਖਾਂ ਨਾਲ ਘਿਰਿਆ ਹੋਇਆ ਉਹ ਆਰਥਿਕ ਤੰਗੀਆਂ-ਤੁਰਸ਼ੀਆਂ ਵੀ ਉਸ ਨੂੰ ਸਹਿਣੀਆਂ ਪਈਆਂ। ਪਹਿਲਾ ਉਸ ਨੂੰ ਬਰਨਾਲਾ ਘਰ ਪਾਉਣ ਵੇਲੇ ਅਤੇ ਫੇਰ ਆਰਤੀ ਦੇ ਵਿਆਹ ਵੇਲੇ। ਉਸ ਦੇ ਦੋਸਤਾਂ-ਮਿੱਤਰਾਂ ਨੇ ਹਮੇਸ਼ਾ ਹੀ ਉਸ ਦੀ ਮਦਦ ਕੀਤੀ।
‘ਕਹਾਣੀ ਪੰਜਾਬ’ ਲਈ ਉਹ ਚੰਦਾ ਇਕੱਠਾ ਕਰਦਾ ਤਾਂ ਵੀ ਦੋਸਤ ਅੱਗੇ ਵਧ ਕੇ ਮਦਦ ਕਰਦੇ। ਆਪਣੀ ਇੰਗਲੈਂਡ ਦੀ ਪਹਿਲੀ ਯਾਤਰਾ ਦੌਰਾਨ ਪ੍ਰੋ. ਰਵਿੰਦਰ ਭੱਠਲ ਦੀ ਭੈਣ ਡਾ. ਕੁਲਵੰਤ ਕੌਰ ਢਿੱਲੋ ਜਿਸ ਨੂੰ ਅਣਖੀ ਵੀ ਆਪਣੀ ਗੁੱਡੀ ਭੈਣ ਕਹਿੰਦਾ ਸੀ, ਦੀ ਮਦਦ ਨਾਲ ਕਹਾਣੀ ਪੰਜਾਬ ਲਈ ਚੰਗਾ ਚੰਦਾ ਇਕੱਠਾ ਕਰ ਲਿਆ। ਫੇਰ ਵਾਪਸ ਆ ਕੇ ਉਸ ਚੰਦੇ ਨੂੰ ਵਿਆਜ ‘ਤੇ ਆੜ•ਤੀਏ ਕੋਲ ਧਰ ਦਿੱਤਾ। ਕੁਝ ਸਮਾਂ ਤਾਂ ਵਿਆਜੂ ਪੈਸੇ ਨਾਲ ਰਸਾਲਾ ਕੱਢਣ ਵਿੱਚ ਮਦਦ ਮਿਲੀ ਅਤੇ ਫੇਰ ਜਦੋਂ ਇਕ ਦਿਨ ਆੜ•ਤੀਏ ਦਾ ਦੀਵਾਲਾ ਨਿਕਲਿਆ ਤਾਂ ਉਸ ਦਾ ਮਿਹਨਤ ਨਾਲ ਪ੍ਰਾਪਤ ਕੀਤਾ ਚੰਦਾ ਵੀ ਡੁੱਬ ਗਿਆ। ਇਸ ਸਮੇਂ ਦੌਰਾਨ ਅਣਖੀ ਦੀ ਪਤਨੀ ਨੂੰ ਸੱਟ ਲੱਗਣ ਕਾਰਨ ਇਲਾਜ ਲਈ ਵੀ ਪੈਸੇ ਦੀ ਲੋੜ ਪਈ। ਅਣਖੀ ਨੇ ਕਦੇ ਵੀ ਹੌਸਲਾ ਨਹੀਂ ਸੀ ਛੱਡਿਆ। ਔਖੇ ਵੇਲਿਆਂ ਵਿੱਚ ਉਸ ਨੇ ਆਪਣੀ ਲੇਖਣੀ ਨਹੀਂ ਛੱਡੀ ਅਤੇ ਆਪਣੀ ਲਿਖਤ ਦੀ ਕਿਰਤ ਨਾਲ ਹੀ ਕਮਾਈ ਵੀ ਕੀਤੀ। 1997 ਵਿੱਚ ਭਾਰਤ ਸਰਕਾਰ ਦੇ ਇਕ ਪ੍ਰਾਜੈਕਟ ਉਤੇ ਕੰਮ ਕਰਦਿਆਂ ਮਾਲਵੇ ਬਾਰੇ ਖੋਜ ਪੱਤਰ ਕਿਤਾਬ ਤਿਆਰ ਕੀਤੀ ਜਿਸ ਲਈ ਦੋ ਸਾਲ ਫ਼ੈਲੋਸ਼ਿਪ ਮਿਲੀ। ਮਗਰਲੇ ਦੌਰ ਵਿੱਚੋਂ ਲੋਕਗੀਤ ਵਾਲੇ ਉਨ•ਾਂ ਨੂੰ ਨਾਵਲ ਦੀ ਰਾਇਲਟੀ ਦੇ ਰੂਪ ਵਿੱਚ ਐਡਵਾਂਸ ਵਿੱਚ ਹੀ ਰਕਮ ਦੇ ਦਿੰਦੇ। ਅਣਖੀ ‘ਕਹਾਣੀ ਪੰਜਾਬ’ ਰਸਾਲੇ ਲਈ ਚੰਦਾ ਇਕੱਠਾ ਕਰਦਿਆਂ ਜੱਟ-ਜ਼ਿਮੀਂਦਾਰਾਂ ਨੂੰ ਅਕਸਰ ਕਹਿੰਦੇ ਸਨ, ”ਜੱਟੋ ਮੈਂ ਤੁਹਾਡੇ ਬਾਰੇ ਨਾਵਲ ਲਿਖ-ਲਿਖ ਕੇ ਬੋਹਲ ਲਾ ਦਿੱਤੇ ਪਰ ਤੁਹਾਥੋਂ ਕਿਤੇ ਮੇਰੇ ਲਈ ਕਣਕ ਦਾ ਪੀਪਾ ਵੀ ਨਹੀਂ ਸਰਿਆ।”
ਇੰਗਲੈਂਡ ਦੇ ਦੂਜੇ ਟੂਰ ਦੌਰਾਨ 2000 ਵਿੱਚ ਅਣਖੀ ਨੇ ਆਪਣੇ ਪਸੰਦੀਦਾ ਅੰਗਰੇਜ਼ੀ ਨਾਵਲਕਾਰ ਥੌਮਸ ਹਾਰਡੀ ਦਾ ਘਰ ਦੇਖਿਆ, ਜਿੱਥੇ ਜਾ ਕੇ ਉਸ ਨੂੰ ਬਹੁਤ ਸਕੂਨ ਅਤੇ ਅਨੰਦ ਆਇਆ। ਅਣਖੀ ਨੂੰ ਪੰਜਾਬੀ ਦਾ ਥੌਮਸ ਹਾਰਡੀ ਕਿਹਾ ਜਾਂਦਾ ਹੈ। ਹਾਰਡੀ ਦੀਆਂ ਸਤਰਾਂ ”ਮਨੁੱਖ ਦੀ ਜ਼ਿੰਦਗੀ ਇਕ ਦੁਖਾਂਤ ਨਾਟਕ ਹੈ, ਜਿਸ ਵਿੱਚ ਖ਼ੁਸ਼ੀ ਦਾ ਦ੍ਰਿਸ਼ਟਾਂਤ ਕਦੇ-ਕਦਾਈਂ ਆਉਂਦਾ ਹੈ” ਅਣਖੀ ਦੇ ਜੀਵਨ ਉਪਰ ਪੂਰੀ ਤਰ•ਾਂ ਢੁਕਦੀਆਂ ਹਨ, ਜਿਵੇਂ ਇਹ ਸਤਰਾਂ ਅਣਖੀ ਦੇ ਜੀਵਨ ਨੂੰ ਦੇਖ ਕੇ ਹੀ ਲਿਖੀਆਂ ਹੋਣ। ਬੰਬਈ ਵਾਲੇ ਸੁਖਬੀਰ ਦੇ ਕਹਿਣ ਉਤੇ ਅਣਖੀ ਨੇ ਹਿੰਦੀ ਦੇ ਮਹੀਨਾਵਾਰ ਰਸਾਲੇ ‘ਸਾਰਿਕਾ’ ਨੂੰ ‘ਟੀਸੀ ਦਾ ਬੇਰ’ ਕਹਾਣੀ ਸੰਗ੍ਰਹਿ ਭੇਜਿਆ, ਜਿਨ•ਾਂ ਨੇ ਇਸ ਵਿੱਚੋਂ ਤਿੰਨ ਕਹਾਣੀਆਂ ਅਨੁਵਾਦ ਕਰ ਕੇ ‘ਸਾਰਿਕਾ’ ਦਸੰਬਰ 1970 ਦੇ ਅੰਕ ਵਿੱਚ ਛਾਪੀਆਂ। ਉਸ ਤੋਂ ਬਾਅਦ ਅਣਖੀ ਦੀਆਂ ਕਈ ਕਹਾਣੀਆਂ ਹਿੰਦੀ ਦੇ ਕਈ ਰਸਾਲਿਆਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਈਆਂ, ਜਿਨ•ਾਂ ਵਿੱਚ ‘ਸਪਤਾਹਿਕ ਹਿੰਦੋਸਤਾਨ’, ‘ਨਈ ਕਹਾਨੀਆਂ’, ‘ਕਹਾਨੀ’, ‘ਨਵੀਨਤਾ’, ‘ਕਥਾ ਭਾਰਤੀ’, ‘ਕਲਪਨਾ’, ‘ਅਣਿਮਾ’ ਤੇ ‘ਆਜ ਕਲ’ ਸ਼ਾਮਲ ਹਨ। 1989 ਵਿੱਚ ਪ੍ਰਕਾਸ਼ਿਤ ਅਣਖੀ ਦੇ ਕਹਾਣੀ ਸੰਗ੍ਰਹਿ ‘ਮਿੱਟੀ ਦੀ ਜ਼ਾਤ’ ਲਈ ਭਾਰਤੀ ਭਾਸ਼ਾ ਪ੍ਰੀਸ਼ਦ, ਕਲਕੱਤਾ ਨੇ 11 ਹਜ਼ਾਰ ਰੁਪਏ ਦਾ ਇਨਾਮ ਦਿੱਤਾ, ਜਿੱਥੇ ਪ੍ਰੀਸ਼ਦ ਦੀ ਸਕੱਤਰ ਡਾ. ਕੁਸਮ ਖੇਮਾਨੀ ਨੇ ‘ਕੋਠੇ ਖੜਕ ਸਿੰਘ’ ਦੇ ਹਿੰਦੀ ਅਨੁਵਾਦ ‘ਕਹਾਣੀ ਏਕ ਗਾਂਵ ਕੀ’ ਪੁਸਤਕ ਉਤੇ ਅਣਖੀ ਤੋਂ ਦਸਤਖ਼ਤ ਕਰਵਾਏ। ਉਥੇ ਹੀ ਡਾ. ਖੇਮਾਨੀ ਨੇ ਆਪਣਾ ਸਚਿੱਤਰ ਹਿੰਦੀ ਬਾਲਕੋਸ਼ ਅਣਖੀ ਨੂੰ ਭੇਟ ਕਰਦਿਆਂ ਲਿਖਿਆ ”ਸੀਧੀ ਸਰਲ ਬਾਤੇਂ ਜਬ ਮਹਾਂ ਕਾਵਿਆ ਬਨ ਜਾਏਂ ਤੋ ਸਮਝ ਲੋ ਅਣਖੀ ਜੀ ਯਹੀਂ ਕਹੀਂ ਹੈਂ।”
ਅਣਖੀ ਵੱਲੋਂ ਲੇਖਕਾਂ ਦੀਆਂ ਪਤਨੀਆਂ ਦੇ ਇੰਟਰਵਿਊ ਛਾਪੇ ਗਏ, ਜੋ ਬਹੂਤ ਮਕਬੂਲ ਹੋਏ। ‘ਮੈਂ ਤਾਂ ਬੋਲਾਂਗੀ’ ਉਨ•ਾਂ ਦੀ ਵਾਰਤਕ ਲੇਖਣੀ ਦਾ ਉੱਤਮ ਨਮੂਨਾ ਹੈ। ਅਣਖੀ ਨੇ ਆਪਣੀ ਇੰਗਲੈਂਡ ਫੇਰੀ ਨੂੰ ਸਫ਼ਰਨਾਮਾ ‘ਕਿਵੇਂ ਲੱਗਿਆ ਇੰਗਲੈਂਡ’ ਸਿਰਲੇਖ ਹੇਠ ਕਲਮਬੱਧ ਕੀਤਾ। ਅਣਖੀ ਨੇ ‘ਮੀਂਹਾਂ ਵਾਲੀ ਰਾਤ’ ਨਾਵਲਿਟ ਵੀ ਲਿਖਿਆ। ਅਣਖੀ ਬਾਰੇ ਨਾਮੀ ਵਿਦਵਾਨਾਂ ਨੇ ਕੁੱਝ ਪੁਸਤਕਾਂ ਲਿਖੀਆਂ, ਜਿਨ•ਾਂ ਵਿੱਚ ਗੁਰਬਚਨ ਭੁੱਲਰ ਦੀ ‘ਅੱਧੀ ਸਦੀ ਦਾ ਜ਼ਹਿਰ’, ਪ੍ਰੋ. ਰਵਿੰਦਰ ਭੱਠਲ ਦੇ ‘ਗਲਪਕਾਰ ਅਣਖੀ’, ਡਾ. ਬਿਕਰਮ ਸਿੰਘ ਘੁੰਮਣ ਦੀ ‘ਕਹਾਣੀਕਾਰ ਰਾਮ ਸਰੂਪ ਅਣਖੀ’ ਤੇ ‘ਅਣਖੀ ਦਾ ਗਲਪ ਸੰਸਾਰ’, ਪ੍ਰੋ. ਜਗਤਾਰ ਸਿੰਘ ਵਿਰਕ ਦੀ ਸੰਪਾਦਤ ਕੀਤੀ ਪੁਸਤਕ ‘ਰਾਮ ਸਰੂਪ ਅਣਖੀ ਦਾ ਮਲਵਈ ਨਾਵਲ ਸੰਸਾਰ’ ਪ੍ਰਮੁੱਖ ਹਨ। 1986 ਵਿੱਚ ਅਣਖੀ ਦੀਆਂ 60 ਕਹਾਣੀਆਂ ਦਾ ਸੰਗ੍ਰਹਿ ‘ਸਵਾਲ ਦਰ ਸਵਾਲ’ ਛਪਿਆ, ਜਿਨ•ਾਂ ਵਿੱਚੋਂ ਚੋਣਵੀਆਂ 12 ਕਹਾਣੀਆਂ ਲੈ ਕੇ ‘ਆਪਣੇ ਘੜੇ ਦਾ ਪਾਣੀ’ ਇਕ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਗਿਆ, ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਐਮ.ਏ. ਪੰਜਾਬ ਦੇ ਕੋਰਸ ਵਿੱਚ ਚਾਰ ਸਾਲ ਲੱਗਿਆ ਰਿਹਾ। ‘ਸਵਾਲ ਦਰ ਸਵਾਲ’ ਕਹਾਣੀ ਸੰਗ੍ਰਹਿ ਸਬੰਧੀ ਅੰਮ੍ਰਿਤਾ ਪ੍ਰੀਤਮ ਨੇ ‘ਨਾਗਮਣੀ’ ਵਿੱਚ ਲਿਖਿਆ ਸੀ, ”ਅਣਖੀ ਦੀਆਂ ਕਹਾਣੀਆਂ ਸਹੀ ਮਾਅਨਿਆਂ ਵਿੱਚ ਜ਼ਿੰਦਗੀਨਾਮਾ ਹਨ।” 1985 ਵਿੱਚ 21 ਕਹਾਣੀਆਂ ਦਾ ਸੰਗ੍ਰਹਿ ‘ਕਦੋਂ ਫਿਰਨਗੇ ਦਿਨ’ ਛਪਿਆ। ਇਸ ਨੂੰ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਤਿੰਨ ਸਾਲ ਗਿਆਨੀ ਕੋਰਸ ਵਿੱਚ ਲਾਈ ਰੱਖਿਆ। 1989 ਵਿੱਚ ਨੈਸ਼ਨਲ ਬੁੱਕ ਸ਼ਾਪ, ਦਿੱਲੀ ਨੇ ਅਣਖੀ ਦੀਆਂ 1985 ਤੱਕ ਛਪੀਆਂ ਸਾਰੀਆਂ 138 ਕਹਾਣੀਆਂ ਦੋ ਜਿਲਦਾਂ ਵਿੱਚ ‘ਅਣਖੀ ਦੀਆਂ ਕਹਾਣੀਆਂ’ ਸਿਰਲੇਖ ਹੇਠ ਛਾਪੀਆਂ। ਇਸੇ ਪਬਲਿਸ਼ਰ ਨੇ 1986 ਤੋਂ 1991 ਤੱਕ ਲਿਖੀਆਂ ਕਹਾਣੀਆਂ ਦੀ ਤੀਜੀ ਜਿਲਦ ਪ੍ਰਕਾਸ਼ਿਤ ਕੀਤੀ। ਅਣਖੀ ਵੱਲੋਂ ਆਪਣੇ ਨਾਲ ਜੁੜੇ ਪਿੰਡਾਂ ਬਾਰੇ ਲਿਖੇ ਲੇਖਾਂ ਨੂੰ ਉਨ•ਾਂ ਦੇ ਤੁਰ ਜਾਣ ਤੋਂ ਬਾਅਦ ‘ਹੱਡੀਂ ਬੈਠੇ ਪਿੰਡ’ ਸਿਰਲੇਖ ਹੇਠ ਛਾਪਿਆ। ‘ਮੋਏ ਮਿੱਤਰਾਂ ਦੀ ਸ਼ਨਾਖ਼ਤ’ ਅਤੇ ‘ਪਿੰਡ ਦੀ ਮਿੱਟੀ’ ਵੀ ਬਾਅਦ ਵਿੱਚ ਛਪੇ। ‘ਭੀਮਾ’ ਦਾ ਹਿੰਦੀ ਅਨੁਵਾਦ ਛਪਿਆ। ਕਰਾਂਤੀਪਾਲ ਦੇ ਦੱਸਣ ਅਨੁਸਾਰ ਉਨ•ਾਂ ਨੂੰ ਵੀ ਪਤਾ ਨਹੀਂ ਲਗਦਾ ਕਿ ਬਾਪੂ ਦੇ ਹੋਰ ਕਿਹੜੇ-ਕਿਹੜੇ ਨਾਵਲ ਜਾਂ ਕਹਾਣੀਆਂ ਹੁਣ ਛਪੀ ਜਾਂਦੇ ਹਨ। ਅਣਖੀ ਦੇ ਤੁਰ ਜਾਣ ਤੋਂ ਨੌਂ ਵਰਿ•ਆਂ ਬਾਅਦ ਵੀ ਪਿੱਛੇ ਜਿਹੇ ਬਰਨਾਲਾ ਵਿਖੇ ਉਸ ਦੇ ਜਨਮ ਦਿਨ ਮੌਕੇ ਉਸ ਦਾ ਸੰਪੂਰਣ ਕਹਾਣੀ ਸੰਗ੍ਰਹਿ ਪੰਜ ਭਾਗਾਂ ਵਿੱਚ ਰਿਲੀਜ਼ ਕੀਤਾ ਗਿਆ ਜਿਸ ਦਾ ਸਿਰਲੇਖ ‘ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ’ ਰੱਖਿਆ ਗਿਆ। ਪਿਛਲੇ ਸਾਲ ‘ਕਹਾਣੀ ਪੰਜਾਬ’ ਦਾ ਸਿਲਵਰ ਜੁਬਲੀ ਵਰ•ਾ ਮਨਾਇਆ ਗਿਆ ਜਦੋਂ 100ਵਾਂ ਅੰਕ ਰਿਲੀਜ਼ ਹੋਇਆ। ਹਾਲ ਹੀ ਵਿੱਚ 14 ਫ਼ਰਵਰੀ ਨੂੰ ਧੌਲਾ ਵਿਖੇ ਅਣਖੀ ਦੀ ਬਰਸੀ ਮੌਕੇ ਉਸ ਦੇ ਤਿੰਨ ਨਾਵਲਾਂ ਦਾ ਸੰਗ੍ਰਹਿ ਰਿਲੀਜ਼ ਕੀਤਾ ਗਿਆ। ਅਣਖੀ ਆਪਣੀਆਂ ਲਿਖਤਾਂ ਨਾਲ ਸਦਾ ਪਾਠਕਾਂ ਦੇ ਦਿਲਾਂ ਵਿੱਚ ਜਿਊਂਦਾ ਰਹੇਗਾ।