11.3 C
United Kingdom
Sunday, May 19, 2024

More

    ਨਾਵਲ- ‘ਬੋਦੀ ਵਾਲ਼ਾ ਤਾਰਾ ਚੜ੍ਹਿਆ’ (2)

    ਕਾਂਡ 2

    ….ਗੀਰੋ ਦਾ ਪਿਛਲਾ ਨਾਂ ਜੰਗੀਰ ਕੌਰ ਸੀ।

    ਜੰਗੀਰ ਕੌਰ ਦੇ ਦੋ ਭਰਾ ਅਤੇ ਤਿੰਨ ਭੈਣਾਂ ਸਨ। ਘਰ ਵਿਚ ਅੰਤਾਂ ਦੀ ਗ਼ਰੀਬੀ ਸੀ। ਜੰਗੀਰ ਕੌਰ ਸ਼ਕਲ

    ਸੂਰਤ ਤੋਂ ਬਹੁਤੀ ਸੋਹਣੀ ਨਹੀਂ ਸੀ। ਪਰ ਉਸ ਦੇ ਬਾਕੀ ਭੈਣ ਭਰਾ ਕੁਝ ਮੂੰਹ ਮੱਥੇ ਲੱਗਣ ਵਾਲ਼ੇ ਸਨ। ਜੰਗੀਰ

    ਕੌਰ ਦੇ ਅਗਲੇ ਦੰਦ ਉਚੇ ਸਨ, ਜਿਸ ਕਾਰਨ ਉਸ ਨੂੰ ਉਸ ਦੇ ਭੈਣ ਭਰਾ ‘ਦਾਂਦੋ’ ਆਖ ਕੇ ਚਿੜਾਉਂਦੇ ਸਨ। ਸਾਡੇ

    ਸਮਾਜ ਦੀ ਇੱਕ ਦੁਖਦਾਈ ਸੱਚਾਈ ਹੈ ਕਿ ਜੇ ਬੰਦੇ-ਬੁੜ੍ਹੀ ਦੀ ਸ਼ਕਲ ਸੋਹਣੀ ਨਾ ਹੋਵੇ, ਤਾਂ ਪੂਰਾ ਪਿਆਰ ਅਤੇ

    ਸਨਮਾਨ ਸਮਾਜ ਵੱਲੋਂ ਨਹੀਂ ਨਸੀਬ ਹੁੰਦਾ ਅਤੇ ਕਈ ਵਾਰ ਜਨਮ ਦੇਣ ਵਾਲ਼ੇ ਮਾਂ ਬਾਪ ਦਾ ਵਿਵਹਾਰ ਵੀ

    ‘ਪੱਖਪਾਤੀ’ ਅਰਥਾਤ ਵਿਤਕਰੇ ਭਰਿਆ ਹੁੰਦਾ ਹੈ। ਮਾਂ ਬਾਪ ਅਤੇ ਭੈਣਾਂ ਭਰਾਵਾਂ ਦਾ ਮੋਹ ਪਾਉਣ ਲਈ ਜੰਗੀਰ

    ਕੌਰ ਦੇਹ ਤੋੜ ਕੇ ਕੰਮ ਕਰਦੀ। ਪਰ ਗੁਣ ਉਸ ਦਾ ਫ਼ਿਰ ਵੀ ਨਾ ਪੈਂਦਾ। ਸ਼ਾਬਾਸ਼ੇ ਉਸ ਨੂੰ ਫ਼ਿਰ ਵੀ ਕੋਈ ਨਾ

    ਮਿਲ਼ਦੀ, ਸਗੋਂ ਉਸ ਨੂੰ ਤਰਕਾਂ, ਊਝਾਂ ਦੇ ਵੱਟੇ ਮਾਰੇ ਜਾਂਦੇ ਅਤੇ ਉਹ ‘ਢੀਠ’ ਜਿਹੀ ਹੋ ਕੇ ਦਿਨ ਤੋੜਨ ਲੱਗੀ। ਪਰ

    ਕੰਮ ਕਾਜ ਵਿਚ ਉਸ ਨੇ ਫ਼ਿਰ ਵੀ ਵਿਘਨ ਨਾ ਪੈਣ ਦਿੱਤਾ ਅਤੇ ਉਹ ਕੰਮ ਦੀ ‘ਨ੍ਹੇਰੀ ਲਿਆਈ ਰੱਖਦੀ। ਪਰ

    ਸੋਹਣੀ ਨਾ ਹੋਣ ਦੇ ਬਾਵਜੂਦ ਵੀ ਜੰਗੀਰ ਕੌਰ ਦੀਆਂ ਅੱਖਾਂ ਵਿਚ ਮਾਸੂਮੀਅਤ ਸੀ, ਜੋ ਸਾਰੀ ਉਮਰ ਬਰਕਰਾਰ

    ਰਹੀ।

    ਵੱਢਖਾਣਿਆਂ ਦਾ ‘ਖੰਡੂ’ ਜੰਗੀਰ ਕੌਰ ਦੇ ਪਿੱਛੇ-ਪਿੱਛੇ ਹੀ ਖੇਤਾਂ ਨੂੰ ਤੁਰ ਪੈਂਦਾ।

    ਉਹ ਲੰਮੇ ਚਿਰ ਤੋਂ ਉਸ ਦੇ ਪਿੱਛੇ ਨਸੂੜੇ ਦੀ ਗਿੜ੍ਹਕ ਵਾਂਗ ਲੱਗਿਆ ਹੋਇਆ ਸੀ।

    -“ਕੀ ਗੱਲ ਐ ਸਰਦਾਰਾ…? ਮੇਰੇ ਮਗਰ ਬਾਹਲ਼ੀਆਂ ਈ ਲਾਅਲ਼ਾਂ ਜੀਆਂ ਸਿੱਟਦਾ ਤੁਰਿਆ

    ਫ਼ਿਰਦੈਂ…?” ਕੱਚੇ ਰਾਹ ‘ਤੇ ਖੜ੍ਹ ਕੇ ਜੰਗੀਰ ਕੌਰ ਨੇ ਆਪਣੀ ਹੱਥ ਵਾਲੀ ਦਾਤੀ ਕਸ ਕੇ ਹੱਥ ਵਿਚ ਫ਼ੜਦਿਆਂ,

    ਕਰੜੀ ਹੋ ਕੇ ਪੁੱਛ ਲਿਆ।

    ਜੰਗੀਰ ਕੌਰ ਦਾ ਸਖ਼ਤ ਰਵੱਈਆ ਦੇਖ ਕੇ ‘ਖੰਡੂ’ ਇੱਕ ਵਾਰ ਤਾਂ ਪੈਰੋਂ ਹਿੱਲ ਗਿਆ।

    ਪਰ ਅਗਲੇ ਪਲ ਸੰਭਲ਼ ਗਿਆ।

    -“ਤੂੰ ਮੈਨੂੰ ਸੋਹਣੀ ਬਹੁਤ ਲੱਗਦੀ ਐਂ…!”

    -“ਕੁਫ਼ਰ ਨਾ ਤੋਲ ਸਰਦਾਰਾ…! ਥੋਡੀ ਗੁਰੋ ਮੇਰੇ ਨਾਲ਼ੋਂ ਸੌ ਗੁਣਾਂ ਸੋਹਣੀ ਐਂ, ਓਹਦਾ ਖ਼ਿਆਲ ਰੱਖਿਆ

    ਕਰ, ਕਿਸੇ ਨਾਲ਼ ਉਧਲ਼ ਨਾ ਜਾਵੇ…!”

    -“ਤੂੰ ਬੋਲਦੀ ਕਿਵੇਂ ਐਂ…?” ਉਹ ਮਾੜੇ ਇੰਜਣ ਵਾਂਗ ਧੂੰਆਂ ਮਾਰਨ ਲੱਗ ਪਿਆ। ਕਰੋਧ ਨਾਲ਼ ਉਸ

    ਦੀਆਂ ਬਰਾਛਾਂ ‘ਚੋਂ ਝੱਗ ਡਿੱਗੀ।

    -“ਸੁਰਤ ਕਰ ਕੋਈ ਸੁਰਤ, ਸਰਦਾਰਾ…! ਗੋਲ਼ੀ ਬਣ ਕੇ ਵਿਚ ਦੀ ਨਿਕਲ਼ਜੂੰਗੀ…! ਪਿੰਡ ਦੀ ਨੂੰਹ-ਧੀ

    ਨੂੰ, ਧੀ-ਭੈਣ ਕਰ ਕੇ ਈ ਜਾਣੀਏਂ, ਭੈਣ ਦੇ ‘ਖ਼ਸਮ’ ਨਾ ਬਣੀਏਂ…!”

    -“ਸਾਲ਼ੀ ਗਿਆਨਣ ਕਿਵੇਂ ਬਣਦੀ ਐ…!”

    ਖਰੀਆਂ ਅਤੇ ਸੱਚੀਆਂ ਸੁਣ ਕੇ ਖੰਡੂ ‘ਬੁੜ-ਬੁੜ’ ਕਰਦਾ ਪਿੰਡ ਦੇ ਰਾਹ ਪੈ ਗਿਆ।

    ਮੁੜ ਕਦੇ ਉਹ ਜੰਗੀਰ ਕੌਰ ਦੇ ਰਾਹ ਵਿਚ ਨਾ ਆਇਆ।

    ਪਰ ਫ਼ੱਟੜ ਸੱਪ ਵਾਂਗ ਵਿਹੁ ਜਿਹੀ ਜ਼ਰੂਰ ਘੋਲ਼ਦਾ ਰਿਹਾ।

    ਜੰਗੀਰ ਕੌਰ ਵੱਡੀ ਹੋਈ ਤਾਂ ਉਸ ਦਾ ਵਿਆਹ ਬਠਿੰਡੇ ਜਿਲ੍ਹੇ ਦੇ ਇੱਕ ਲੋੜਵੰਦ ਪ੍ਰੀਵਾਰ ਵਿਚ ਕਰ ਦਿੱਤਾ

    ਗਿਆ। ਉਸ ਦੇ ਘਰਵਾਲ਼ਾ ਜੈਲਾ ਵੀ ਸਿੱਧੜ ਜਿਹਾ, ਰੱਬ ਦਾ ਬੰਦਾ ਸੀ। ਸਵੇਰੇ ਸੂਰਜ ਨਿਕਲ਼ਦੇ ਸਾਰ ਉਸ ਨੇ

    ਕੰਮ ‘ਤੇ ਚਲੇ ਜਾਣਾ ਅਤੇ ਦੇਰ ਰਾਤ ਘਰ ਵਾਪਸ ਆਉਂਦਾ ਸੀ। ਜੈਲਾ ਕਿਰਤ ਕਰ ਕੇ ਖਾਣ ਵਾਲ਼ਾ ਬੰਦਾ ਸੀ!

    ਸਹੁਰੇ ਘਰ ਆ ਕੇ ਜੰਗੀਰ ਕੌਰ ਨੇ ਲੱਕ ਬੰਨ੍ਹ ਲਿਆ। ਘਰਵਾਲ਼ੇ ਨਾਲ਼ ਰਲ਼-ਮਿਲ਼ ਕੇ ਕਣਕਾਂ ਦੀ ਵਾਢੀ ਕਰਵਾਈ,

    ਨਰਮੇਂ, ਕਪਾਹਾਂ ਚੁਗੇ, ਝੋਨੇ ਝਾੜੇ, ਲੋਕਾਂ ਦੇ ਘਰਾਂ ਦੀ ਸਫ਼ਾਈ ਕੀਤੀ ਅਤੇ ਗੋਹੇ ਕੂੜੇ ਦਾ ਕੰਮ ਕੀਤਾ।

    ਜੰਗੀਰ ਕੌਰ ਆਪਣੇ ਪ੍ਰੀਵਾਰ ਵਿਚ ਵੱਡਿਆਂ ਛੋਟਿਆਂ ਦਾ ਸਤਿਕਾਰ ਕਰਦੀ ਰਹੀ ਅਤੇ ਹੱਡ ਤੋੜਵਾਂ ਕੰਮ

    ਕਰ ਕੇ ਦੋ ਕਮਰਿਆਂ ਦਾ ਮਕਾਨ ਉਸਾਰ ਲਿਆ। ਪਰ ਮਾਣ-ਸਨਮਾਨ ਅਤੇ ਮੋਹ-ਪਿਆਰ ਉਸ ਨੂੰ ਸਹੁਰੇ ਘਰ ਤੋਂ

    ਫ਼ਿਰ ਵੀ ਨਸੀਬ ਨਾ ਹੋਇਆ। ਜੈਲਾ ਕੰਮ ਤੋਂ ਬਾਅਦ ਨਸ਼ਿਆਂ ਨੂੰ ਬਹੁਤਾ ਮੂੰਹ ਮਾਰਨ ਲੱਗ ਪਿਆ ਸੀ। ਸਾਰੀ

    ਜ਼ਿੰਦਗੀ ਜੰਗੀਰ ਕੌਰ ਇਸ ਗੱਲ ਨੂੰ ਤਲਕਦੀ-ਤਰਸਦੀ ਰਹੀ ਕਿ ਕੋਈ ਉਸ ਨੂੰ ‘ਮੋਹ’ ਕਰੇ, ਕੋਈ ਉਸ ਨੂੰ

    ਪਿਆਰ ਨਾਲ਼ ਬੁਲਾਵੇ। ਪਰ ਉਸ ਦੀ ਇਹ ਰੀਝ ਪੂਰੀ ਨਾ ਹੋਈ। ਉਸ ਦੀ ਇਹ ਸਧਰ ਅਧੂਰੀ ਦੀ ਅਧੂਰੀ ਫੱਟੜ

    ਸੱਪ ਵਾਂਗ ਉੱਸਲ਼ਵੱਟੇ ਲੈਂਦੀ ਰਹੀ। ਜੈਲਾ ਨਸ਼ੇ ਨਾਲ਼ “ਬਾਬੂ” ਬਣ ਕਬੂਤਰ ਵਾਂਗੂੰ ਅੱਖਾਂ ਮੀਟੀ ਰੱਖਦਾ।

    ਇਸ ਦੌਰਾਨ ਜੰਗੀਰ ਕੌਰ ਦੇ ਦੋ ਮੁੰਡੇ ਅਤੇ ਇੱਕ ਧੀ ਜੰਮੀ। ਹੁਣ ਜੰਗੀਰੋ ਬੱਚਿਆਂ ਨਾਲ਼ ਪਰਚਣ ਲੱਗ

    ਪਈ ਸੀ। ਪਰ ਬੱਚੇ ਵੀ ਆਪਣੇ ਬਾਪ ਵਾਂਗ ਆਪ-ਮਤੇ ਅਤੇ ਨਿਰਮੋਹੇ ਜਿਹੇ ਹੀ ਸਨ। ਉਹਨਾਂ ਨੇ ਵੀ ਜੰਗੀਰ ਕੌਰ

    ਨੂੰ ਬਹੁਤਾ ਮਾਂ ਵਾਲ਼ਾ ਪ੍ਰੇਮ ਨਾ ਦਿੱਤਾ। ਜੰਗੀਰੋ ਮੋਹ-ਪ੍ਰੇਮ ਪੱਖੋਂ ਖੜਸੁੱਕ ਟਾਹਲੀ ਵਾਂਗ ਹੀ ਸੱਖਣੀ ਰਹੀ। ਉਸ ਦੇ

    ਅੰਦਰ ਚਾਅ ਜਿਹਾ ਹੀ ਸੀ ਕਿ ਕੋਈ ਉਸ ਨੂੰ ਮੋਹ-ਪਿਆਰ ਨਾਲ਼ ਹਾਕ ਮਾਰੇ, ਚਾਹੇ ਮੇਰੀ ਜਿੰਦ-ਜਾਨ ਲੈ ਲਵੇ।

    ਪਰ ਕਾਮ ਦੇ ਭੁੱਖੇ ਭੇੜ੍ਹੀਆਂ ਤੋਂ ਜੰਗੀਰ ਕੌਰ ਨੂੰ ਅਥਾਹ ਨਫ਼ਰਤ ਸੀ, ਜੋ ਸਿਰਫ਼ ਉਸ ਦਾ ਸਰੀਰ ਹੀ ਨੋਚਣਾਂ

    ਚਾਹੁੰਦੇ ਸਨ ਅਤੇ ਉਹ ਉਹਨਾਂ ਖ਼ੁਦਗਰਜ਼ਾਂ ਨੂੰ ਲੰਮੇ ਹੱਥੀਂ ਲੈਂਦੀ ਸੀ।

    ਹਰਨੇਕ ਨੂੰ ਸਾਰੇ ‘ਨੇਕਾ’ ਆਖ ਕੇ ਬੁਲਾਉਂਦੇ ਸਨ।

    ਜ਼ਿਮੀਦਾਰ ਘਰਾਣੇ ਵਿਚ ਜੰਮਿਆਂ ਨੇਕਾ ਬੜਾ ਬਣਦਾ-ਠਣਦਾ, ਸ਼ੌਕੀਨ ਗੱਭਰੂ ਸੀ। ਮਾੜੇ ਪਹਿਲਵਾਨ

    ਵਰਗਾ ਉਸ ਦਾ ਸਰੀਰ ਸੀ। ਨੇਕਾ ਆਪਣੀ ਦਾਹੜੀ ਕਤਰ ਕੇ ਅਤੇ ਪੂਰੇ ਖ਼ਤ ਕੱਢ ਕੇ ਰੱਖਦਾ ਸੀ। ਉਸ ਦੀ ਡੰਡੇ

    ਵਾਂਗ ਆਕੜੀ ਕੁੰਢੀ ਮੁੱਛ ‘ਤੇ ਮੋਰ ਬੈਠਦਾ ਸੀ। ਗੁਜ਼ਾਰੇ ਜੋਕਰੀ ਜ਼ਮੀਨ ਸੀ। ਬਾਪ ਨੰਬਰਦਾਰ ਰਿਹਾ ਸੀ। ਪਰ

    ਜ਼ਮੀਨ ਥੋੜੀ ਹੋਣ ਕਾਰਨ ਘਰ ਦਾ ਤੋਰਾ ਤੋਰਨ ਲਈ ਉਹਨਾਂ ਨੇ ਭੇਡਾਂ ਬੱਕਰੀਆਂ ਰੱਖੀਆਂ ਹੋਈਆਂ ਸਨ, ਜਿਹਨਾਂ

    ਨੂੰ ਨੇਕੇ ਦਾ ਗੂੰਗਾ ਭਰਾ ਚਾਰਦਾ ਸੀ। ਨੇਕੇ ਦਾ ਇੱਕ ਹੀ ਭਰਾ ਸੀ ਅਤੇ ਇੱਕ ਹੀ ਭੈਣ! ਭਰਾ ਗੂੰਗਾ ਸੀ, ਜਿਸ ਦੀ

    ਗੱਲ ਸਮਝਣ ਲਈ ਬੰਦੇ ਨੂੰ ਦਿਮਾਗ ਨਾਲ਼ ਯੁੱਧ ਕਰਨਾ ਪੈਂਦਾ ਸੀ। ਜੱਦੋਜਹਿਦ ਕਰਨੀ ਪੈਂਦੀ। ਸਮਾਂ ਪਾ ਕੇ ਭੇਡਾਂ

    ਬੱਕਰੀਆਂ ਚਾਰਨ ਦਾ ਕੰਮ ਨੇਕੇ ਨੇ ਸੰਭਾਲ਼ ਲਿਆ। ਚਾਹੇ ਭੇਡਾਂ ਬੱਕਰੀਆਂ ਦਾ ਇੱਜੜ ਚਾਰਨਾ ਜੱਟ ਲਈ ਇੱਕ

    ‘ਵੰਗਾਰ’ ਸੀ, ਇੱਕ ਮਿਹਣਾ ਸੀ, ਪਰ ਜਿੰਦਗੀ ਦਾ ਗੁਜ਼ਾਰਾ ਤਾਂ ਕਿਸੇ ਨਾ ਕਿਸੇ ਤਰ੍ਹਾਂ ਕਰਨਾ ਹੀ ਸੀ। ਜੰਗੀਰ ਕੌਰ

    ਦਾ ਸਹੁਰਾ ਅਤੇ ਨੇਕੇ ਦਾ ਜੱਦੀ ਪਿੰਡ ਡੇੜ ਕੁ ਮੀਲ ਦੀ ਵਿੱਥ ‘ਤੇ, ਨੇੜੇ-ਨੇੜੇ ਹੀ ਸਨ। ਨੇਕੇ ਦੀ ਭੈਣ ਜੀਤੀ ਮੋਗੇ

    ਜਿਲ੍ਹੇ ਦੇ ਇੱਕ ਨਿੱਕੇ ਜਿਹੇ ਪਿੰਡ ਵਿਚ ਵਿਆਹੀ ਹੋਈ ਸੀ।

    ਨੇਕਾ ਸੁਭਾਹ ਦਾ ਬਹੁਤ ਰਲ਼ਾਉਟਾ ਅਤੇ ਰੰਗੀਨ ਬੰਦਾ ਸੀ।

    ਭੇਡਾਂ ਬੱਕਰੀਆਂ ਚਾਰਦਾ ਹੋਣ ਕਾਰਨ ਉਸ ਨੂੰ ਬੋਲਣ ਦੀ ਕੁਝ ਜ਼ਿਆਦਾ ਹੀ ਬਾਣ ਪੈ ਗਈ ਸੀ। ਭੇਡਾਂ

    ਬੱਕਰੀਆਂ ਚਾਰਦਾ ਉਹ ਵਾਰਿਸ ਸ਼ਾਹ ਦੀ ਹੀਰ ਦੀ ਰਸੀਲੀ ਹੇਕ ਕੱਢਦਾ ਤਾਂ ਰੁੱਖਾਂ ‘ਤੇ ਬੈਠੇ ਪੰਛੀ ਆਪਣਾ ਸਾਹ

    ਰੋਕ ਲੈਂਦੇ। ਵਗਦੀ ਪੌਣ ਦਮ ਮਾਰ ਕੇ ਸੁਣਨ ਲੱਗਦੀ। ਰੁੱਖ ਝੂੰਮਣ ਲੱਗ ਪੈਂਦੇ। ਆਲ਼ੇ ਦੁਆਲ਼ੇ ਦੇ ਖੇਤਾਂ ਵਿਚ ਕੰਮ

    ਕਰਨ ਵਾਲ਼ੇ ਲੋਕ ‘ਵਾਹ-ਵਾਹ’ ਕਰ ਉਠਦੇ। ਇੱਕ ਦਿਨ ਜਦ ਹੀਰ ਗਾਉਂਦੇ ਨੇਕੇ ਦੀ ਮਾਖਿਓਂ ਮਿੱਠੀ ਅਵਾਜ਼

    ਵੱਟਾਂ ‘ਤੇ ਘਾਹ ਖੋਤਦੀ ਜੰਗੀਰੋ ਦੇ ਕੰਨੀਂ ਪਈ ਤਾਂ ਜੰਗੀਰੋ ਨੂੰ ਇੰਜ ਮਹਿਸੂਸ ਹੋਇਆ, ਜਿਵੇਂ ਕਿਸੇ ਨੇ ਉਸ ਦੇ

    ਕੰਨਾਂ ਵਿਚ ਸ਼ਹਿਦ ਚੋਅ ਦਿੱਤਾ ਹੋਵੇ, ਜਿਸ ਦੀ ਮਿਠਾਸ ਧੁਰ ਰੂਹ ਤੱਕ ਪਹੁੰਚ ਗਈ ਸੀ। ਉਸ ਨੂੰ ਮਹਿਸੂਸ

    ਹੋਇਆ ਕਿ ਜਿੰਦਗੀ ਦੀ ਕਿਸੇ ਮਿਠਾਸ ਦਾ ਆਨੰਦ ਉਸ ਨੇ ਪਹਿਲੀ ਵਾਰ ਮਾਣਿਆਂ ਸੀ। ਕਿਸੇ ਆਨੰਦ ਨਾਲ਼ ਉਹ

    ਧੁਰ ਅੰਦਰ ਤੱਕ ਭਿੱਜ ਗਈ ਸੀ।

    ….ਅਸਲ ਵਿਚ ਗੋਹੇ ਕੂੜੇ ਤੋਂ ਵਿਹਲੀ ਹੋ ਕੇ ਜੰਗੀਰੋ ਆਪਣੇ ਨਾਲ਼ ਦੀਆਂ ਕੁਝ ਔਰਤਾਂ ਨਾਲ਼ ਖੇਤਾਂ ਵਿਚੋਂ

    ਘਾਹ ਖੋਤਣ ਚਲੀ ਜਾਂਦੀ। ਘਰ ਵਿਚ ਇੱਕੋ-ਇੱਕ ਮੱਝ ਦੀ ਜਿੰਮੇਵਾਰੀ ਸਿਰਫ਼ ਅਤੇ ਸਿਰਫ਼ ਜੰਗੀਰੋ ਉਪਰ ਹੀ

    ਸੀ। ਤਮਾਮ ਕੰਮਾਂ-ਕਾਰਾਂ ਤੋਂ ਵਿਹਲੀ ਹੋ ਕੇ ਉਹ ਗੁਆਂਢਣਾਂ ਨਾਲ਼ ਘਾਹ ਖੋਤਣ ਚਲੀ ਜਾਂਦੀ। ਇਕੱਠੀਆਂ ਹੋਈਆਂ

    ਔਰਤਾਂ ਡੇੜ-ਦੋ ਮੀਲ ਤੱਕ ਚਲੀਆਂ ਜਾਂਦੀਆਂ। ਓਧਰ ਬੀੜ ਵਿਚ ਭੇਡਾਂ-ਬੱਕਰੀਆਂ ਚਾਰਦੇ ਨੇਕੇ ਨਾਲ਼ ਉਹਨਾਂ ਦਾ

    ਮੇਲ ਹੋ ਜਾਂਦਾ। ਨੇਕਾ ਉਹਨਾਂ ਨੂੰ ਦੇਖ ਕੇ ਹੀਰ ਦਾ ਰਾਗ ਛੇੜ ਲੈਂਦਾ। ਉਸ ਦੀ ਅਵਾਜ਼, ਵੈਰਾਗ ਅਤੇ ਗਾਉਣ ਦਾ

    ਅੰਦਾਜ਼ ਜੰਗੀਰੋ ਦਾ ਕਾਲ਼ਜਾ ਕੱਢ ਲੈਂਦਾ ਅਤੇ ਉਹ ਠੰਢਾ ਹਾਉਕਾ ਭਰ ਕੇ ਮਨ ਵਿਚ ਸੋਚਦੀ ਕਿ ਕਾਸ਼, ਨੇਕਾ ਮੇਰਾ

    ਪਤੀ ਹੁੰਦਾ! ਉਹ ਅੰਦਰੇ-ਅੰਦਰ ਨੇਕੇ ‘ਤੇ ਮਰ ਮਿਟੀ ਸੀ। ਉਹ ਨੇਕੇ ‘ਤੇ ਆਪਣੀ ਜਾਨ ਨਿਸ਼ਾਵਰ ਕਰ ਸਕਦੀ

    ਸੀ, ਪਰ ਉਸ ਨੂੰ ਕੁਝ ਕਹਿਣ ਲਈ ਜੰਗੀਰੋ ਦਾ ਕਦੇ ਦਿਲ ਨਹੀਂ ਪਿਆ ਸੀ।

    ਇੱਧਰ ਜਦ ਜੰਗੀਰੋ ਰਹੱਸਮਈ ਅਤੇ ਮਰ ਮਿਟਣ ਵਾਲ਼ੇ ਅੰਦਾਜ਼ ਨਾਲ਼ ਨੇਕੇ ਦੀਆਂ ਅੱਖਾਂ ਵਿਚ ਅੱਖਾਂ ਪਾ

    ਕੇ ਦੇਖਦੀ ਤਾਂ ਨੇਕੇ ਅੰਦਰ ਵੀ ਪਤਾ ਨਹੀਂ ਕੋਈ ‘ਝੋਕਾ’ ਜਿਹਾ ਫ਼ਿਰ ਜਾਂਦਾ ਅਤੇ ਉਸ ਨੂੰ ਜੰਗੀਰੋ ਤਮਾਮ ਦੁਨੀਆਂ

    ਨਾਲ਼ੋਂ ਸੋਹਣੀ ਨਜ਼ਰ ਆਉਣ ਲੱਗਦੀ। ਜਦ ਵੀ ਉਹ ਘਾਹ ਖੋਤਣ ਆਉਂਦੀਆਂ ਔਰਤਾਂ ਨੂੰ ਦੇਖਦਾ ਤਾਂ ਤੁਰੰਤ ਇੱਟਾਂ

    ਦਾ ਚੁੱਲ੍ਹਾ ਬਣਾ ਕੇ ਚਾਹ ਬਣਾਉਣ ਲੱਗ ਪੈਂਦਾ। ਚਾਹ ਤਾਂ ਇੱਕ ਤਰ੍ਹਾਂ ਦਾ ਬਹਾਨਾ ਸੀ। ਦਰਸ਼ਣ ਤਾਂ ਉਹ ਅਸਲ

    ਵਿਚ ਰੱਜ ਕੇ ਜੰਗੀਰੋ ਦੇ ਪਾਉਣੇ ਚਾਹੁੰਦਾ ਸੀ। ਦੂਜੀਆਂ ਔਰਤਾਂ ਤੋਂ ਅੱਖ ਬਚਾ ਕੇ ਉਹ ਜੰਗੀਰੋ ਦੀ ਚਾਹ ਵਿਚ

    ਦੁੱਧ ਵੀ ਜ਼ਿਆਦਾ ਪਾ ਦਿੰਦਾ ਸੀ। ਉਹ ਵੀ ਜੰਗੀਰੋ ਲਈ ਰੂਹ-ਹਿਰਦੇ ਤੋਂ ਮਰ ਮਿਟਿਆ ਸੀ ਅਤੇ ਕੁਰਬਾਨ ਹੋਣ

    ਲਈ ਤਿਆਰ ਸੀ।

    -“ਵੇ ਨੇਕਿਆ…!” ਜੰਗੀਰੋ ਦੇ ਨਾਲ਼ ਦੀ ਔਰਤ ਇੱਕ ਦਿਨ ਬੋਲੀ।

    -“ਹਾਂ…? ਬੋਲ…??” ਉਸ ਨੇ ਮਿੱਟੀ ਨਾਲ਼ ਪਿੱਤਲ਼ ਦੀ ਪਤੀਲੀ ਮਾਂਜਦਿਆਂ ਪੁੱਛਿਆ।

    -“ਵੇ ਜਿੱਧਰ ਅਸੀਂ ਜਾਨੀਐਂ, ਓਧਰ ਈ ਤੇਰਾ ਇੱਜੜ ਫ਼ਿਰਦਾ ਹੁੰਦੈ, ਇਹ ਕੀ ਮਾਜਰੈ…?”

    -“ਉਠ ਨੀ ਭਾਬੀਏ ਉਠ ਕੇ ਖੈਰ ਘੱਤੀਂ, ਵਾਹ ਪੈ ਗਿਆ ਨਾਲ਼ ਕੁਪੱਤਿਆਂ ਦੇ…! ਦਿਲਾਂ ਨੂੰ ਦਿਲਾਂ ‘ਚ

    ਰਾਹ ਹੁੰਦੇ ਐ ਕਮਲ਼ੀਏ….! ਮੇਲੇ ਤਾਂ ਰੱਬ ਕਰਵਾਉਂਦੈ…! ਹੋਰ ਮੈਂ ਕਿਹੜਾ ਪਰਮਟ ਕਟਵਾ ਕੇ ਇੱਜੜ ਐਧਰ

    ਲਿਆਉਨੈਂ, ਜਾਂ ਮਿਥ ਕੇ ਲਿਆਉਨੈ…?” ਨੇਕੇ ਨੇ ਅਸਲੋਂ ਮਨ ਦੀ ਸੱਚੀ ਗੱਲ ਆਖੀ। ਪਰ ਆਖਦੇ ਦੀ ਉਸ ਦੀ

    ਅੱਖ ਮੱਲੋਮੱਲੀ ਜੰਗੀਰੋ ਵੱਲ ਨੂੰ ਤਿਲ੍ਹਕ ਗਈ। ਜੰਗੀਰੋ ਨੇ ਵੀ ਸ਼ਰਮ ਨਾਲ਼ ਨੀਵੀਂ ਪਾ ਲਈ। ਮੂੰਹ ਉਸ ਦਾ ਪੇਂਦੂ

    ਬੇਰ ਵਾਂਗ ਲਾਲ ਹੋ ਗਿਆ ਸੀ। ਮੁੱਖ ਦੀ ਸੰਧੂਰੀ ਲਾਲੀ ਦੇਖ ਕੇ ਨੇਕੇ ਦੇ ਸੀਨੇ ਆਰੀ ਫ਼ਿਰ ਗਈ ਅਤੇ ਉਹ ਜ਼ਖ਼ਮੀ

    ਕਾਲ਼ਜੇ ਨੂੰ ਪਤਾ ਨਹੀਂ ਕਿੰਨਾਂ ਕੁ ਚਿਰ ਘੁੱਟ ਕੇ ਫ਼ੜੀ ਬੈਠਾ ਰਿਹਾ। ਇਸ ਜ਼ਖਮ ਵਿੱਚੋਂ ਉਸ ਨੂੰ ਅਜੀਬ ਆਨੰਦ ਆ

    ਰਿਹਾ ਸੀ।

    ਹੁਣ ਜੰਗੀਰੋ ਨੂੰ ਵੀ ਮਹਿਸੂਸ ਹੋਣ ਲੱਗਿਆ ਸੀ ਕਿ ਨੇਕਾ ਉਸ ਦੇ ਦਿਲ ‘ਚ ਵਸ ਚੁੱਕਿਆ ਸੀ।

    ਨੇਕੇ ਦਾ ਚਾਹ ਵਿਚ ਵੱਧ ਦੁੱਧ ਪਾਉਣ ਦਾ ਕਾਰਜ ਨਿਰੰਤਰ ਜਾਰੀ ਰਿਹਾ।

    ਕਦੇ-ਕਦੇ ਨਾਲ਼ ਦੀ ਤੇਜ਼ ਤਰਾਰ ਔਰਤ ਭਾਨੋਂ ਵਿਅੰਗਮਈ ਪੁੱਛ ਲੈਂਦੀ:

    -“ਵੇ ਨੇਕਿਆ, ਤੂੰ ਜੰਗੀਰੋ ਦੀ ਚਾਹ ‘ਚ ਜਿਆਦੇ ਦੁੱਧ ਪਾਉਨੈ, ਤੇ ਸਾਡੀ ‘ਚ ਘੱਟ…!”

    ਨੇਕਾ ਉਚੀ-ਉਚੀ ਹੱਸ ਪਿਆ।

    -“ਓਏ ਬੇਬੇ ਮੇਰੀਏ, ਇਹਦੀ ਚਾਹ ਥੋੜੀ ਸੀ, ਏਸ ਲਈ ਹੋਰ ਦੁੱਧ ਪਾਉਣਾ ਪੈ ਗਿਆ….! ਲਿਆ ਤੇਰੇ

    ਆਲ਼ੀ ਚਾਹ ‘ਚ ਵੀ ਪਾ ਦਿਆਂ, ਕਿਤੇ ਹਾਉਂਕਾ ਨਾ ਲੈ ਜਾਈਂ…! ਵਹਿਮ ਦਾ ‘ਲਾਜ ਵੀ ਕੋਈ ਨੀ ਹੁੰਦਾ…! ਬੱਕਰੀ

    ਦੇ ਦੁੱਧ ਨਾਲ਼ ਤਾਂ ਇਹ ਕਿਤੇ ਮੱਲ ਨਾ ਢਾਹੁੰਣ ਲੱਗ ਪਵੇ, ਲਿਆ ਉਰ੍ਹਾਂ ਕਰ ਕੱਪ, ਦੁੱਧ ਪਾਵਾਂ…! ਮਾੜੀ ਨੀਅਤ

    ਆਲ਼ੀ…!”

    -“ਵੇ ਜਾਹ ਵੇ ਦਫ਼ਾ ਹੋ..! ਟੁੱਟ ਪੈਣਿਆਂ, ਮੈਂ ਹਾਉਕਾ ਕਾਹਦੇ ਵਾਸਤੇ ਲੈਣਾਂ ਸੀ…? ਚਾਹ ਇਹਦੀ ਨਿੱਤ

    ਈ ਥੋੜੀ ਰਹਿ ਜਾਂਦੀ ਐ…? ਤੂੰ ਜਾਗਦਿਆਂ ਨੂੰ ਪੈਂਦੀਂ ਨਾ ਪਾ, ਮੇਰੀ ਅੱਖ ਵੀ ਇੱਲ੍ਹ ਅਰਗੀ ਐ…! ਤੇਰੀ ਘਤਿੱਤ

    ਮੈਂ ਦੋ ਮੀਲ ਤੋਂ ਦੇਖ ਲੈਨੀ ਐਂ…!”

    ਨਾਲ਼ ਬੈਠੀਆਂ ਔਰਤਾਂ ਵੀ ਹੱਸ ਪਈਆਂ।

    ਪਰ ਜੰਗੀਰੋ ਨੂੰ ਇਹ ਗੱਲਾਂ ਪਤਾ ਨਹੀਂ ਕਿਉਂ ਚੰਗੀਆਂ-ਚੰਗੀਆਂ ਲੱਗਦੀਆਂ ਅਤੇ ਉਸ ਅੰਦਰ ਕੋਈ

    ਚਾਅ ਚਾਂਭੜਾਂ ਮਾਰਨ ਲੱਗ ਜਾਂਦਾ ਕਿ ਸ਼ੁਕਰ ਹੈ ਕਿ ਮੇਰੀ ਪੂਰੀ ਜ਼ਿੰਦਗੀ ਵਿਚ ਕਿਸੇ ਨੇ ਤਾਂ ਮੈਨੂੰ ਚੰਗਾ

    ਸਮਝਿਆ…। ਕਿਸੇ ਨੇ ਤਾਂ ਮੈਨੂੰ ਅਹਿਮੀਅਤ ਦਿੱਤੀ…। ਕੋਈ ਤਾਂ ਰੂਹ ਤੋਂ ਮੇਰੇ ਨੇੜੇ ਹੋਇਆ…। ਕਿਸੇ ਨੂੰ ਤਾਂ

    ਮੇਰੇ ਪ੍ਰਤੀ ਅਪਣੱਤ ਜਾਗੀ…।

    -“ਵੇ ਨੇਕਿਆ, ਤੂੰ ਅਜੇ ਤੱਕ ਵਿਆਹ ਕਿਉਂ ਨੀ ਕੀਤਾ…?” ਉਸ ਤੇਜ਼ ਤਰਾਰ ਔਰਤ ਨੇ ਨੇਕੇ ਨੂੰ

    ਮਾਖੌਲ ਨਾਲ਼ ਕਿਹਾ।

    -“ਅਜੇ ਸੰਜੋਗਾਂ ‘ਚ ਫ਼ਰਕ ਐ, ਭਾਬੀਏ…! ਜਦੋਂ ਬੰਦੇ ‘ਤੇ ਵਕਤ ਪੈਂਦੈ ਤਾਂ ਸੁੱਬੀ ਵੀ ਸੱਪ ਬਣ ਜਾਂਦੀ

    ਐ…! ਤੇਰੇ ਅਰਗੀਆਂ ਭਰਜਾਈਆਂ ਈ ਵੈਰੀ ਬਣੀਆਂ ਰਹੀਆਂ…!”

    -“ਮੈਂ ਤੇਰੀ ਭਾਬੀ ਕਿਹੜੇ ਪਾਸਿਓਂ ਲੱਗੀ ਵੇ, ਜਮਦੂਤਾ….? ਤੂੰ ਮਹਿਮੇ ਪਿੰਡ ਦਾ ਤੇ ਮੈਂ ਬੁਰਜ ਦੀ…!”

    -“ਟੱਪ ਉਠੀ ਨ੍ਹਾਂ…? ਓਏ ਤੂੰ ਫ਼ਿਕਰ ਨਾ ਕਰ…! ਮੇਰੇ ਆਲ਼ੀ ਤਾਂ ਰੋਟੀ ‘ਤੇ ਮੱਖਣ ਧਰ ਕੇ ਖਾਂਦੀ ਐ,

    ਜਿਸ ਦਿਨ ਨਛੱਤਰ ਸਿੱਧੇ ਹੋ ਗਏ, ਲੈ ਆਵਾਂਗੇ…! ਨਾਲ਼ੇ ਤੈਨੂੰ ਮੇਰੀ ਕਾਹਦੀ ਚਿੰਤਾ…? ਮਰਾਂ, ਚਾਹੇ ਜੀਵਾਂ…!

    ਚਿੰਤਾ ਕਰਨ ਵਾਲ਼ਾ ਔਹ ਲੀਲੀ ਛੱਤ ਆਲ਼ਾ ਜਿਉਂ ਬੈਠੈ…! ਚਿੜੀਆਂ ਦਾ ਵੀ ਓਹੀ, ਤੇ ਬਾਜਾਂ ਦਾ ਵੀ ਓਹੀ…!

    ਉਹ ਤੇਰੇ ਮਾਂਗੂੰ ਮਾੜੀ ਨੀਤ ਵਾਲ਼ਾ ਥੋੜੋ ਐ…?”

    ਹਾਸੜ ਮੱਚ ਗਈ।

    -“ਤੁਸੀਂ ਅਗਲੇ ਹਫ਼ਤੇ ਮੇਰਾ ਇੱਕ ਕੰਮ ਈ ਕਰ ਦਿਓ…!” ਨੇਕਾ ਬੋਲਿਆ।

    -“ਵਿਆਹ ਆਲ਼ਾ ਕੰਮ ਤੇਰਾ ਅਸੀਂ ਜਮਾਂ ਨੀ ਕਰਦੀਆਂ…!” ਭਾਨੋਂ ਬੋਲੀ।

    -“ਕੀ ਨੰਗੀ ਨਹਾ ਲਊ ਤੇ ਕੀ ਨਚੋੜ ਲਊ…? ਜਿਹੜਾ ਕੰਮ ਤੇਰੇ ਕਰਨ ਆਲ਼ੈ, ਓਸੇ ਦਾ ਸੁਆਲ ਈ

    ਪਾਊਂਗਾ, ਹੋਰ ਕੰਮ ਦਾ ਸੁਆਲ ਤੈਨੂੰ ਜਮਾਂ ਨੀ ਪਾਉਂਦਾ…!”

    -“ਲੈ ਦੱਸ…?”

    -“ਇੱਕ ਤਾਂ ਅਗਲੇ ਹਫ਼ਤੇ ਮੇਰੀ ਕਪਾਹ ਚੁਗਣ ਆਲੀ ਐ ਤੇ ਇੱਕ ਖੇਤ ਆਲ਼ੇ ਕੋਠੇ ਦੀ ਛੱਤ ਲਿੱਪਣ

    ਆਲ਼ੀ ਐ!”

    -“ਕਪਾਹ ਤਾਂ ਤੇਰੀ ਅਸੀਂ ਚੁਗਵਾ ਦਿਆਂਗੀਆਂ, ਪਰ ਆਬਦੇ ਕੋਠੇ ਦੀ ਛੱਤ ਤਾਂ ਆਬਦੀ ਐਸ ਮਜਾਜਣ

    ਤੋਂ ਲਿਪਵਾ ਲਈਂ, ਜੀਹਨੂੰ ਨਿੱਤ ਦੁੱਧ ਪਾ-ਪਾ ਦਿੰਨੈਂ ਚਾਹ ‘ਚ…!” ਜਦ ਭਾਨੋਂ ਨੇ ਜੰਗੀਰੋ ਵੱਲ ਹੱਥ ਕਰ ਕੇ ਕਿਹਾ

    ਤਾਂ ਉਸ ਦਾ ਮੂੰਹ ਫ਼ਿਰ ਲਾਲ-ਝਰੰਗ ਹੋ ਗਿਆ ਅਤੇ ਉਸ ਦਾ ਦਿਲ ਦੁਰਮਟ ਵਾਂਗ ਹਿੱਕ ‘ਚ ਵੱਜਣ ਲੱਗ ਪਿਆ।

    -“ਨਖ਼ਰੋ ਮਾਸੀ ਤਾਂ ਤੂੰ ਐਂ, ਭਾਨੋਂ…! ਇਹ ਤਾਂ ਬਿਚਾਰੀ ਸੀਲ ਈ ਬੜੀ ਐ, ਜਿਵੇਂ ਕਹਾਂਗੇ ਮੰਨ

    ਲਊਗੀ…!”

    -“ਇਹਨੂੰ ਐਨੀ ਸਰੀਫ਼ ਵੀ ਨਾ ਸਮਝ…! ਮਾਰਨਖੰਡੀ ਵੀ ਬਥੇਰੀ ਐ…! ਢਿੱਡ ਪਾੜ-ਦੂ ਕਦੇ…! ਪੇਕੀਂ

    ਵੱਢਖਾਣਿਆਂ ਦੇ ਖੰਡੂ ਨੂੰ ਇਹ ਮਾਰਨ ਪੈਗੀ ਸੀ…!”

    -“ਪਰ ਮੈਨੂੰ ਨੀ ਮਾਰਦੀ…! ਮੇਰੇ ਦੁਆਲ਼ੇ ਤਾਂ ਪੂਛ ਹਿਲਾਉਂਦੀ ਐ ਜਿਉਣ ਜੋਕਰੀ…! ਨਾਲ਼ੇ ਤੂੰ ਬੜੀ

    ਜਾਣਕਾਰੀ ਰੱਖਦੀ ਐਂ ਇਹਦੀ…?”

    -“ਵੇ ਇਹਦਾ ਇਹ ਨੀ ਪਤਾ ਕਦੋਂ ਹਲ਼ਕੇ ਕੁੱਤੇ ਮਾਂਗੂੰ ਦੰਦ ਮਾਰਜੇ…! ਇਹਦੀ ਜਾਣਕਾਰੀ ਮੈਂ ਨਾ ਰੱਖੂੰ

    ਤਾਂ ਹੋਰ ਕੌਣ ਰੱਖੂ? ਸਾਡੇ ਪੇਕੇ ਇੱਕ ਪਿੰਡ ਐ…!”

    -“ਬੱਲੇ….! ਮੈਨੂੰ ਨੀ ਸੀ ਪਤਾ, ਭਾਬੋ….!”

    -“ਵੇ ਗੜ੍ਹੀ ਦੇ ਜਾਣਿਆਂ, ਬੋਕਾ…! ਤੇਰੇ ਲਿੱਕਲ਼ੇ ਕਸੂਤੇ ਥਾਂ ਫੋੜੀ, ਮੈਨੂੰ ਫ਼ੇਰ ਭਾਬੋ ਕਹਿਣ ਲੱਗ

    ਪਿਆ…?”

    -“ਤੇ ਹੋਰ ਮੈਂ ਤੈਨੂੰ ਭੈਣ ਜੀ ਆਖਾਂ…? ਨਾਲ਼ੇ ਤੂੰ ਇਹਦੀ ਬਾਹਲ਼ੀ ਮੇਰ ਜੀ ਨਾ ਕਰਿਆ ਕਰ…! ਬਾਹਲ਼ੀ

    ਰਾਖੀ ਜੀ ਨਾ ਰੱਖਿਆ ਕਰ…!”

    -“ਬੱਲੇ ਵੇ ਤੇਰੇ, ਝੁੱਡੂਆ…! ਰਾਖੀ ਇਹਦੀ ਹੋਰ ਕੌਣ ਰੱਖੂ….? ਵੱਡੀ ਭੈਣ ਐਂ ਮੈਂ ਇਹਦੀ…! ਜੇ ਮੈਂ

    ਇਹਦੀ ਰਾਖੀ ਨਾ ਰੱਖਾਂ, ਤੇਰੇ ਵਰਗੇ ਬਾਂਦਰ ਤਾਂ ਇਹਨੂੰ ਟੁੱਕ ਮਾਂਗੂੰ ਚੱਕ ਕੇ ਲੈ ਜਾਣ…! ਕਿਤੇ ਇਹਦੇ ਨੇੜੇ ਨਾ

    ਹੋਜੀਂ, ਮੈਂ ਘਰੂਟੀ ਖਾ-ਜੂੰ…!”

    -“ਤੂੰ ਤੀਮੀਂ ਐਂ ਕਿ ਬਾਘੜ ਬਿੱਲੀ…? ਘਰੂਟੀਂ ਖਾ ਜਾਊ ਇਹੇ…!”

    -“ਪਤਾ ਤਾਂ ਓਦਣ ਲੱਗੂ, ਜਿਸ ਦਿਨ ਚੱਕ ਕੇ ਮੈਂ ਗੋਡਿਆਂ ਥੱਲੇ ਲੈ ਲਿਆ…! ਫ਼ੇਰ ਬਿਲਕੇਂਗਾ…!”

    -“ਤੂੰ ਕਦੇ ਕੋਈ ਤੀਮੀਆਂ ਆਲ਼ੀ ਗੱਲ ਵੀ ਕਰ ਲਿਆ ਕਰ…! ਜਾਨਵਰਾਂ ਤੇ ਭਲਵਾਨਾਂ ਆਲ਼ੀਆਂ ਗੱਲਾਂ

    ਈ ਕਰਦੀ ਰਹਿੰਨੀ ਐਂ…? ਨਾਲ਼ੇ ਜਦੋਂ ਮੀਆਂ-ਬੀਵੀ ਰਾਜੀ ਤੇ ਫ਼ਿਰ ਕੀ ਕਰੂਗਾ ਕਾਜੀ…?”

    -“ਕਿਹੜਾ ਮੀਆਂ ਤੇ ਕਿਹੜੀ ਬੀਵੀ ਵੇ, ਟੁੱਟੜਿਆ…? ਮੈਂ ਇਹਦੀਆਂ ਵੀ ਜਟਾਂ ਜੀਆਂ ਪੱਟ ਦਿਊਂ, ਜੇ

    ਇਹ ਤੇਰੇ ਵਰਗੇ ਰਿੱਛ ਦੇ ਨੇੜੇ ਹੋਈ…!”

    -“ਦੇਖ, ਕਿੰਨੀ ਤੇਰੀ ਸੇਵਾ ਕਰੀਦੀ ਐ, ਚਾਹ ਬਣਾ ਕੇ ਪਿਆਈਦੀ ਐ, ਭਾਂਡੇ ਥੋਡੇ ਮੈਂ ਆਪ ਮਾਂਜਦੈਂ,

    ਇਹ ਚੌਂਕੀਦਾਰੇ ਦਾ ਕੋਈ ਤਾਂ ਮੁੱਲ ਪਾਓ…! ਪਸੀਨੇ ਦਾ ਮੁੱਲ ਤਾਂ ਵੈਰੀ ਵੀ ਪਾ ਦਿੰਦੈ, ਤੁਸੀਂ ਤਾਂ ਫ਼ੇਰ

    ਭਰਜਾਈਐਂ…!”

    ਭਾਨੋ ਨੂੰ ਸਾਫ਼ ਦਿਲ ਅਤੇ ਸਿੱਧੜ ਨੇਕੇ ‘ਤੇ ਤਰਸ ਜਿਹਾ ਆ ਗਿਆ।

    -“ਵੇ ਮੈਂ ਤਾਂ ਤੇਰੇ ਨਾਲ਼ ਮਨ ਆਈਆਂ ਕਰਦੀ ਐਂ, ਨੇਕਿਆ…! ਜੋ ਮਰਜੀ ਐ ਕਰੋ ਭਾਈ…! ਕਹਿੰਦੇ

    ਹੁੰਦੇ ਐ ਬਈ ਜੇ ਆਬਦੀ ਚੀਜ ਹੋਵੇ, ਚਾਹੇ ਗੁੱਤੀ ‘ਚ ਪਾ-ਪਾ ਕੇ ਖੇਡੋ…!”

    ਅਗਲੇ ਹਫ਼ਤੇ ਭਾਨੋਂ ਅਤੇ ਜੰਗੀਰੋ ਹੋਰੀਂ ਨੇਕੇ ਦੀ ਕਪਾਹ ਚੁਗ ਰਹੀਆਂ ਸਨ।

    ਨੇਕੇ ਕੋਲ਼ ਲੈ ਦੇ ਕੇ ਤਿੰਨ ਏਕੜ ਜ਼ਮੀਨ ਸੀ। ਜਿਸ ਵਿਚ ਉਸ ਨੇ ਕਪਾਹ ਬੀਜੀ ਹੋਈ ਸੀ।

    -“ਜਾਹ ਕੁੜ੍ਹੇ, ਟੂਬੈਲ ਤੋਂ ਪਾਣੀ ਈ ਭਰ ਲਿਆ, ਤੇਹ ਨਾਲ਼ ਜਾਨ ਨਿਕਲ਼ੀ ਜਾਂਦੀ ਐ…!” ਭਾਨੋਂ ਨੇ

    ਜੰਗੀਰੋ ਨੂੰ ਕਿਹਾ। ਪਿਆਸ ਨਾਲ਼ ਉਸ ਦੇ ਬੁੱਲ੍ਹ ਸੁੱਕ ਗਏ ਸਨ।

    ਘੜ੍ਹਾ ਚੁੱਕ ਜੰਗੀਰੋ ਪਾਣੀ ਭਰਨ ਚਲੀ ਗਈ।

    ਬਾਕੀ ਦੀਆਂ ਕਪਾਹ ਚੁਗਦੀਆਂ ਗੱਲੀਂ ਲੱਗੀਆਂ ਹੋਈਆਂ ਸਨ।

    ਮੌਸਮ ‘ਚ ਕਾਫ਼ੀ ਗਰਮੀ ਅਤੇ ਹੁੰਮਸ ਸੀ।

    ਟਿਊਬਵੈੱਲ ਦੇ ਆਸ ਪਾਸ ਬਾਜਰੇ ਦੀ ਫ਼ਸਲ ਸੀ। ਜਿਸ ਵਿਚੋਂ ਹੋਰ ਵੀ ਭੜਦਾਅ ਮਾਰ ਰਹੀ ਸੀ।

    ਪਾਣੀ ਵਾਲ਼ੀ ਮੋਟਰ ਚੱਲ ਰਹੀ ਸੀ।

    ਜੰਗੀਰੋ ਨੇ ਪਾਣੀ ਵਾਲ਼ਾ ਘੜ੍ਹਾ ਭਰ ਕੇ ਪਾਸੇ ਰੱਖ ਲਿਆ ਅਤੇ ਆਪ ਪਾਣੀ ਪੀਣ ਲੱਗ ਪਈ।

    -“ਸ਼ਰਬਤ ਪਿਆ ਦੇ ਮਿੱਤਰਾ, ਬੁੱਲ੍ਹ ਸੁੱਕ ਗਏ ਦੰਦਾਸੇ ਵਾਲ਼ੇ…!” ਪਿੱਛੋਂ ਦੀ ਆ ਕੇ ਕਿਸੇ ਨੇ ਉਸ ਨੂੰ

    ਜੱਫ਼ੀ ਵਿਚ ਲੈ ਲਿਆ।

    ਜੱਫ਼ੀ ਵਿਚ ਕੋਈ ਜ਼ਬਰਦਸਤੀ ਨਹੀਂ, ਆਪਣੇਪਣ ਵਾਲ਼ੀ ਅਪਣੱਤ ਸੀ। ਪਰ ਫ਼ਿਰ ਵੀ ਘਬਰਾਈ ਜੰਗੀਰੋ

    ਇੱਕ ਦਮ ਪਿੱਛੇ ਝਾਕੀ। ਰਹਿਮਤ ਅਤੇ ਮੁਹੱਬਤ ਭਰੀਆਂ ਨਜ਼ਰਾਂ ਨਾਲ਼ ਨੇਕਾ ਉਸ ਨੂੰ ਕਿਸੇ ਮੂਰਤ ਵਾਂਗ ਨਿਹਾਰ

    ਰਿਹਾ ਸੀ। ਜੰਗੀਰੋ ਨੇ ਕੋਈ ਵਿਰੋਧ ਜਾਂ ਸ਼ਕਾਇਤ ਨਾ ਕੀਤੀ, ਸਗੋਂ ਹਾਬੜਿਆਂ ਵਾਂਗ ਨੇਕੇ ਨੂੰ ਜੱਫ਼ੀ ਪਾ ਲਈ,

    ਜਿਵੇਂ ਉਹ ਨੇਕੇ ਦੀ ਗਲਵਕੜੀ ਲਈ ਜੁੱਗਾਂ-ਜੁਗਾਂਤਰਾਂ ਤੋਂ ਪਿਆਸੀ ਸੀ। ਉਸ ਨੂੰ ਨੇਕੇ ਦੀ ਜੱਫ਼ੀ ਚੰਗੀ-ਚੰਗੀ

    ਲੱਗੀ ਸੀ, ਉਸ ਨੂੰ ਤਾਂ ਜਿਵੇਂ ਅੱਜ ਜੰਨਤ ਨਸੀਬ ਹੋ ਗਈ ਸੀ, ਕਿਆਸੀ ਰੀਝ ਪੂਰੀ ਜਿਉਂ ਹੋ ਗਈ ਸੀ। ਨੇਕੇ ਦਾ

    ਸਾਰਾ ਸਰੀਰ ਤਾਣੀਂ ਵਾਂਗ ਕੰਬੀ ਜਾ ਰਿਹਾ ਸੀ। ਮੱਥੇ ‘ਤੇ ਪਸੀਨੇ ਦੇ ਕਣ ਸਨ। ਪਰ ਜੰਗੀਰੋ ਦੀ ਮਾਨਸਿਕਤਾ

    ਸਥਿਰ ਸੀ, ਸੰਤੁਸ਼ਟ ਸੀ। ਜ਼ਿੰਦਗੀ ਵਿਚ ਅੱਜ ਪਹਿਲੀ ਵਾਰ ਕਿਸੇ ਨੇ ਉਸ ਨੂੰ ਮੋਹ ਨਾਲ਼ ਗਲਵਕੜੀ ਵਿਚ

    ਘੁੱਟਿਆ ਸੀ, ਜਿਸ ਨੇ ਜੰਗੀਰੋ ਦੀ ਜੁੱਗੜਿਆਂ ਦੀ ਤ੍ਰਿਸ਼ਨਾਂ ਮਿਟਾ ਦਿੱਤੀ ਸੀ ਅਤੇ ਰੂਹ ਦੀ ਤ੍ਰਿਪਤੀ ਪ੍ਰਦਾਨ ਕੀਤੀ

    ਸੀ। ਨੇਕੇ ਦੇ ਗਲ਼ ਦਾ ਹਾਰ ਬਣੀ ਜੰਗੀਰੋ ਸਵਰਗੀ ਝੂਟੇ ਦਾ ਆਨੰਦ ਹੀ ਤਾਂ ਮਾਣ ਰਹੀ ਸੀ।

    ਉਹ ਨੇਕੇ ਦੀ ਸ਼ੁਕਰਗੁਜ਼ਾਰ ਸੀ।

    ਉਸ ਦੀ ਦੇਣਦਾਰ ਸੀ, ਜਿਸ ਨੇ ਉਸ ਨੂੰ ਅਹਿਮੀਅਤ ਦਿੱਤੀ ਸੀ, ਉਸ ਦੀ ਕੀਮਤ ਪਾਈ ਸੀ।

    ਉਸ ਜੁੱਗਾਂ ਤੋਂ ਭਟਕਦੀ ਦੀ ਸਧਰ ਪੂਰੀ ਕੀਤੀ ਸੀ।

    -“ਅੰਦਰ ਆਜਾ…! ਐਥੇ ਕੋਈ ਦੇਖ ਲਊਗਾ…!” ਉਹ ਗਲਵਕੜੀ ਵਿਚ ਸਾਂਭੀ ਜੰਗੀਰੋ ਨੂੰ ਮੋਟਰ ਦੇ

    ਪਿਛਲੇ ਪਾਸੇ ਬਣੇ ਤੂੜੀ ਵਾਲ਼ੇ ਕੋਠੇ ਦੇ ਅੰਦਰ ਲੈ ਗਿਆ।

    ਪਤਾ ਨਹੀਂ ਕਦੋਂ ਨੇਕੇ ਨੇ ਜੰਗੀਰੋ ਨੂੰ ਨਿਰਵਸਤਰ ਕਰ ਲਿਆ।

    -“ਖਾ ਲੈ ਵੈਰੀਆ…! ਖਾ ਲੈ ਮੈਨੂੰ…! ਜੁੱਗੜਿਆਂ ਤੋਂ ਮੈਂ ਐਸ ਘੜੀ ਦਾ ਇੰਤਜਾਰ ਕਰਦੀ ਆਉਂਦੀ

    ਸੀ…!” ਅਥਾਹ ਆਨੰਦ ਵਿਚ ਜੰਗੀਰੋ ਪਤਾ ਨਹੀਂ ਕੀ-ਕੀ ਮੂੰਹੋਂ ਬੋਲੀ ਜਾ ਰਹੀ ਸੀ? ਉਹ ਕਿਸੇ ਮਸਤੀ, ਕਿਸੇ

    ਬੇਹੋਸ਼ੀ ਵਿਚ ਬੋਲ ਰਹੀ ਸੀ।

    ਸਿਸਕਦੀਆਂ ਦੋ ਰੂਹਾਂ ਦੀ ਤ੍ਰਿਪਤੀ ਹੁੰਦੀ ਰਹੀ।

    ਕੋਠੇ ਅੰਦਰ ਤੁਫ਼ਾਨ ਆ ਕੇ ਠੱਲ੍ਹ ਗਿਆ ਸੀ। ਦੋਵੇਂ ਰੂਹਾਂ ਫ਼ੁੱਲ ਵਾਂਗ ਹੌਲ਼ੀਆਂ ਹੋ, ਟਹਿਕਣ ਲੱਗ ਗਈਆਂ

    ਸਨ। ਨੇਕਾ ਜੰਗੀਰੋ ਲਈ ਇੱਕ ‘ਫ਼ਰਿਸ਼ਤਾ’ ਬਣ ਕੇ ਆਇਆ ਸੀ, ਜਿਸ ਨੇ ਉਸ ਦੀਆਂ ਜ਼ਿੰਦਗੀ ਭਰ ਦੀਆਂ

    ਰੀਝਾਂ ਦੀ ਪੂਰਤੀ ਕਰ ਦਿੱਤੀ ਸੀ। ਸਧਰਾਂ ਨੂੰ ਫ਼ੁੱਲ ਲਾ ਦਿੱਤੇ ਸਨ। ਉਸ ਦੀ ਜ਼ਿੰਦਗੀ ਹਰ ਗ਼ਿਲਾ-ਸ਼ਿਕਵਾ

    ਨਵਿਰਤ ਕਰ ਦਿੱਤਾ ਸੀ।

    -“ਧੋਖਾ ਤਾਂ ਨੀ ਦਿੰਦਾ…?” ਕੱਪੜੇ ਪਾਉਂਦੀ ਜੰਗੀਰੋ ਕਿਸੇ ਵੇਗ ਵਿਚ ਰੁੜ੍ਹੀ ਜਾਂਦੀ ਆਖ ਰਹੀ ਸੀ। ਉਸ

    ਦੀਆਂ ਅੱਧ-ਖੁੱਲ੍ਹੀਆਂ ਅੱਖਾਂ ਵਿਚ ਕੋਈ ਵੇਦਨਾ ਤੈਰ ਰਹੀ ਸੀ। ਲਾਲ ਡੋਰੇ ਕਿਸੇ ਅਕਹਿ ਆਨੰਦ ਦੀ ਗਵਾਹੀ ਭਰ

    ਰਹੇ ਸਨ।

    -“ਜੇ ਜ਼ਿੰਦਗੀ ਨਾ ਰਹੀ ਤਾਂ ਵਾਅਦਾ ਨਹੀਂ…! ਜਿਉਂਦੇ ਜੀਅ ਤਾਂ ਧੋਖਾ ਨੀ ਦਿੰਦਾ…!”

    -“ਹੁਣ ਤੱਕ ਕਿੱਥੇ ਰਿਹਾ ਵੈਰੀਆ…! ਭੱਠ ਮਾਂਗੂੰ ਤਪਦੀ ਰਹੀ ਹੁਣ ਤੱਕ…!” ਉਸ ਨੇ ਨਖ਼ਰੇ ਨਾਲ਼ ਗ਼ਿਲਾ

    ਵੀ ਕੀਤਾ ਅਤੇ ਮੁੜ ਘੁੱਟ ਕੇ ਜੱਫ਼ੀ ਪਾ ਲਈ।

    -“ਛਿਪਦੇ ਸੂਰਜ ਦਾ ਝੋਰਾ ਨਾ ਕਰੋ…! ਬਲ ਰਹੇ ਦੀਵੇ ਦੀ ਸੁੱਖ ਮਨਾਓ, ਜੋ ਸੂਰਜ ਦੀ ਗ਼ੈਰਹਾਜਰੀ ‘ਚ

    ਰੌਸ਼ਨੀ ਦਿੰਦੈ…!” ਨੇਕੇ ਨੇ ਗਲਵਕੜੀ ਨੂੰ ਹੋਰ ਕਸ ਲਿਆ।

    ਇਸ ਗਲਵਕੜੀ ਵਿਚ ਉਹਨਾਂ ਨੂੰ ਇਲਾਹੀ ਝੂਟਾ ਆਉਂਦਾ ਸੀ।

    -“ਜੈਲੇ ਨੇ ਤਾਂ ਮੇਰੀਆਂ ਸਧਰਾਂ ਈ ਮਾਰਤੀਆਂ ਸੀ…! ਕਦੇ ਸਿੱਧੇ ਮੂੰਹ ਨੀ ਬੁਲਾਇਆ ਔਤਾਂ ਦੇ ਜਾਣੇ

    ਨੇ…! ਤਰਸ ਗਈ ਸੀ ਮੈਂ ਐਨਾਂ ਮੋਹ ਮੁਹੱਬਤ ਦੀਆਂ ਗੱਲਾਂ ਨੂੰ…!” ਉਸ ਦੇ ਮਾਸੂਮ ਮੁੱਖ ‘ਤੇ ਮੁੜ ਉਦਾਸੀ ਦੀ

    ਪਿਲੱਤਣ ਛਾ ਗਈ। ਨਿਰਾਸ਼ਾ ਮੂੰਹੋਂ ਬੋਲ ਰਹੀ ਸੀ।

    -“ਜੋ ਥੋਡਾ ਖ਼ਿਆਲ ਨੀ ਰੱਖਦਾ, ਉਸ ਦਾ ਫ਼ਿਕਰ ਥੋਨੂੰ ਕਿਉਂ…? ਜੰਨ ਕੁਪੱਤੀ, ਸੁਥਰਾ ਭਲਾ ਮਾਣਸ

    ਵਾਲ਼ੀ ਗੱਲ ਨਾ ਕਰੋ…! ਜਿਸ ਦਾ ਥੋਡੇ ਬਿਨਾਂ ਸਰਦੈ, ਓਸ ਬਿਨਾਂ ਥੋਡਾ ਵੀ ਸਰੂਗਾ…! ਕਿੰਨਾਂ ਕੁ ਚਿਰ ਮੱਲੋਮੱਲੀ

    ਕਿਸੇ ਮਗਰ ਟੰਗੇ ਰਹੋਂਗੇ…? ਇੱਕ ਨਾ ਇੱਕ ਦਿਨ ਬੰਦਾ ਥੋਨੂੰ ਲਾਹ ਕੇ ਮਾਰੂਗਾ…!” ਨੇਕਾ ਵੀ ਕਿਸੇ ਅਦੁਤੀ

    ਆਨੰਦ ਵਿਚੋਂ ਬੋਲ ਰਿਹਾ ਸੀ। ਦੋਹਾਂ ਦੇ ਮਿਲਾਪ ਅੱਜ ਜ਼ਿੰਦਗੀ ਦੀ ਕੋਈ ‘ਜਿੱਤ’, ਕੋਈ ਉਮੰਗ ਬਣ ਗਏ ਸਨ।

    ਪਾਣੀ ਦਾ ਘੜ੍ਹਾ ਚੁੱਕੀ ਜੰਗੀਰੋ ਮਿਰਗ ਵਾਂਗ ਚੁੰਗੀਆਂ ਭਰਦੀ ਜਾ ਰਹੀ ਸੀ।

    ਦੂਰ ਪਾਣੀ ਵਾਲ਼ੇ ਚਲ੍ਹੇ ਕੋਲ ਨੇਕਾ ਕਿਸੇ ਮਦਹੋਸ਼ੀ ਅਤੇ ਸ਼ੁਕਰਾਨੇ ਵਿਚ ਗੜੁੱਚ ਹੋਇਆ ਖੜ੍ਹਾ ਮੁਸਕੁਰਾਈ

    ਜਾ ਰਿਹਾ ਸੀ।

    ਜੰਗੀਰੋ ਨੇ ਉਸ ਨੂੰ ਜ਼ਿੰਦਗੀ ਜਿਉਣ ਦਾ ਮਕਸਦ ਸਿਖਾਇਆ ਸੀ। ਨਹੀਂ ਤਾਂ ਉਹ ਸੁੱਕੇ ਪੱਤੇ ਵਾਂਗ

    ਕੰਧਾਂ-ਕੌਲ਼ਿਆਂ ਵਿਚ ਵੱਜਦਾ ਰਿਹਾ ਸੀ। ਇੱਕ ਤਰ੍ਹਾਂ ਨਾਲ਼ ਬਿਨ ਬਰੇਕਾ ਰੇਲਵੇ ਇੰਜਣ! ਪਰ ਅੱਜ ਜੰਗੀਰੋ ਨੇ ਉਸ

    ਦੀ ਕੋਰੀ ਜ਼ਿੰਦਗੀ ‘ਚ ਕਿੰਨੇ ਰੰਗ ਭਰ ਦਿੱਤੇ ਸਨ ਅਤੇ ਉਸ ਨੂੰ ਜਿਉਣ ਦਾ ਵੱਲ ਅਤੇ ਆਹਰ ਦਿੱਤਾ ਸੀ। ਅਜੇ ਵੀ

    ਨੇਕੇ ਨੂੰ ਆਪਣੇ ਹੱਥਾਂ ਵਿਚੋਂ ਜੰਗੀਰੋ ਦੇ ਸਰੀਰ ਦੀ ਅਜੀਬ ਜਿਹੀ ਮਹਿਕ ਆ ਰਹੀ ਸੀ ਅਤੇ ਉਸ ਦੇ ਸਰੀਰ ਦੀ

    ਸੁਗੰਧ ਉਸ ਨੂੰ ਕਮਲ਼ਾ-ਬਾਂਵਰਾ ਕਰੀ ਜਾ ਰਹੀ ਸੀ।

    ਜਦ ਜੰਗੀਰੋ ਨੇ ਪਾਣੀ ਦਾ ਘੜ੍ਹਾ ਲਿਜਾ ਕੇ ਭਾਨੋਂ ਹੋਰਾਂ ਕੋਲ਼ ਰੱਖਿਆ ਤਾਂ ਆਦਤ ਅਨੁਸਾਰ ਭਾਨੋਂ ਸ਼ੁਰੂ ਹੋ

    ਗਈ।

    -“ਕਿਉਂ ਨੀ ਹਰਾਮਣੇ, ਐਨਾਂ ਚਿਰ ਲਾਅ’ਤਾ…? ਕਿਤੇ ਤੇਰਾ ਨੇਕਾ ਤੈਨੂੰ ਬਨੱਖ਼ਸ਼ਾਂ ਤਾਂ ਨੀ ਉਬਾਲ਼ ਕੇ

    ਪਿਆਉਣ ਲੱਗ ਪਿਆ ਸੀ…?”

    -“ਨੀ ਕਾਹਨੂੰ…! ਤੈਨੂੰ ਤਾਂ ਪੁੱਠੀਆਂ ਗੱਲਾਂ ਈ ਸੁਝਦੀਐਂ…! ਬਿਜਲੀ ਹੈਨ੍ਹੀ ਸੀ, ਇੰਜਣ ਚਲਾਉਣਾ

    ਪਿਆ…! ਏਸ ਲਈ ਚਿਰ ਲੱਗ ਗਿਆ…!”

    -“ਕਿਤੇ ਤੇਰੇ ਆਲ਼ੇ ਇੰਜਣ ਨੂੰ ਤਾਂ ਨੀ ਗੇੜਾ ਪਾਉਣ ਲੱਗ ਪਿਆ…?” ਭਾਨੋਂ ‘ਖ਼ੀਂ-ਖ਼ੀਂ’ ਕਰ ਕੇ ਹੱਸੀ।

    -“ਦੁਰ ਫ਼ਿੱਟ੍ਹੇ ਮੂੰਹ…! ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰ…!” ਜੰਗੀਰੋ ਨੇ ਚਿੜੀ-ਪੂੰਝਾ ਛੁਡਾਉਣਾ

    ਚਾਹਿਆ।

    -“ਕੀਹਨੂੰ ਗਾਲ਼ਾਂ ਕੱਢੀ ਜਾਨੀ ਐਂ, ਲਾਣੇਦਾਰਨੀਏਂ…?” ਨੇਕਾ ਖੇਤ ਦੀ ਵੱਟ ‘ਤੇ ਖੜ੍ਹਾ ਮੁਸ਼ਕੜੀਏਂ ਹੱਸੀ

    ਜਾ ਰਿਹਾ ਸੀ।

    -“ਤੂੰ ਸਾਰਾ ਕੁਛ ਸੁਣੀਂ ਜਾਂਦਾ ਸੀ ਵੇ ਔਤਾਂ ਦੇ ਜਾਣਿਆਂ, ਲੰਗੂਰਾ…?”

    -“ਤੂੰ ਕਿਹੜਾ ਕੋਈ ਗੱਲ ਲਕੋ ਕੇ ਕਰਦੀ ਐਂ…? ਜੇ ਮੈਂ ਸੁਣ ਲਿਆ ਕੀ ਲੋਹੜਾ ਆ ਗਿਆ…? ਨਾਲ਼ੇ ਜੇ

    ਤੂੰ ਹੋਕਾ ਦੇ ਕੇ ਗੱਲਾਂ ਕਰੇਂਗੀ, ਮੈਂ ਤਾਂ ਕੀ, ਸਾਰੀ ਦੁਨੀਆਂ ਈ ਸੁਣੂੰ…!” ਨੇਕਾ ਹੱਸ ਕੇ ਬੋਲਿਆ।

    -“ਚੱਲ ਕਪਾਹ ਕਰ ਲੈ ‘ਕੱਠੀ…! ਬਾਹਲ਼ੀਆਂ ਗੱਲਾਂ ਨਾ ਮਾਰ…! ਸੂਰਜ ਤਾਂ ਜਮਾਂ ਈ ਥੱਲੇ ਨੂੰ ਗਿਆ…!”

    ਉਸ ਨੇ ਨਾਲ਼ ਦੀਆਂ ਨੂੰ ਹੋਕਰਾ ਮਾਰਿਆ, “ਚੱਲੋ ਨ੍ਹੀ, ਲਾਹੋ ਪੱਲੀਆਂ ਤੇ ਚੱਲੀਏ ਘਰ ਨੂੰ…। ਜਾ ਕੇ ਰੋਟੀ

    ਟੁੱਕ ਦਾ ਵੀ ਕਰਨੈਂ…। ਇਹ ਤਾਂ ਵਿਹਲੈ…!”

    -“ਬੱਲੇ ਨੀ ਤੇਰੇ…! ਅਖੇ ਜੰਨ ਕੁਪੱਤੀ ਤੇ ਸੁਥਰਾ ਭਲਾ ਮਾਣਸ…? ਮੇਰੀ ਰੋਟੀ ਕਿਹੜਾ ਝਾਂਜਰਾਂ ਆਲ਼ੀ ਨੇ

    ਲਾਹੁੰਣੀ ਹੁੰਦੀ ਐ…? ਮੈਂ ਵੀ ਤਾਂ ਆਪ ਈ ਜੁਗਾੜ ਕਰਨਾ ਹੁੰਦੈ…! ਅਸੀਂ ਵੀ ਤਾਂ ਆਪ ਈ ਥੱਪ ਕੇ ਖਾਨੇ ਐਂ,

    ਭਾਬੀਏ…! ਨਾ ਮਾਰੂੰ-ਮਾਰੂੰ ਕਰਿਆ ਕਰ ਅੱਠੇ ਪਹਿਰ…!”

    -“ਚੱਲ, ਤੂੰ ਕਰ ਕਪਾਹ ‘ਕੱਠੀ, ਤੇ ਮੈਂ ਤੇਰੀ ਮੋਟਰ ਕੋਲ਼ੋਂ ਚਾਰ ਲਾਲ ਮਿਰਚਾਂ ਤੋੜ ਲਵਾਂ…!”

    -“ਮਿਰਚਾਂ ਤਾਂ ਚਾਹੇ ਚਾਰ ਦੀ ਥਾਂ ਵੀਹ ਤੋੜ ਲੈ, ਪਰ ਗਰਮੀ ਨਾ ਕਰਨ ਤੈਨੂੰ…? ਹੋਰ ਨਾ ਤੈਨੂੰ ਸ਼ਰਦਾਈ

    ਘੋਟ ਕੇ ਪਿਆਉਣੀ ਪਵੇ…?” ਨੇਕੇ ਨੇ ਝਹੇਡ ਕੀਤੀ।

    -“ਵੇ ਦਫ਼ਾ ਹੋ ਤੂੰ…! ਕਰ ਆਬਦੀ ਕਪਾਹ ‘ਕੱਠੀ ਤੇ ਅਸੀਂ ਚੱਲੀਆਂ ਆਪਣੇ ਘਰ…!”

    ਉਹ ਪੱਲੀਆਂ ਲਾਹ ਕੇ ਰਾਹ ਪੈ ਗਈਆਂ।

    ਜਿਉਂ-ਜਿਉਂ ਔਰਤਾਂ ਨਾਲ਼ ਜੰਗੀਰੋ ਦੂਰ ਜਾ ਰਹੀ ਸੀ, ਤਿਉਂ-ਤਿਉਂ ਜਿਵੇਂ ਨੇਕੇ ਦੀ ਜ਼ਿੰਦਗੀ ਦਾ ਸੂਰਜ

    ਛੁਪਦਾ ਜਾ ਰਿਹਾ ਸੀ।

    ਜਿਵੇਂ ਉਸ ਦੀ ਰੂਹ ਰਾਹੋ-ਰਾਹ ਦੂਰ ਤੁਰੀ ਜਾ ਰਹੀ ਸੀ।

    ਉਸ ਦੇ ਦਿਲ ਨੂੰ ਹੌਲ ਜਿਹਾ ਪੈਂਦਾ ਸੀ।

    ਕਪਾਹ ਦੀਆਂ ਪੰਡਾਂ ਮੋਟਰ ਵਾਲ਼ੇ ਕੋਠੇ ਵਿਚ ਸੁੱਟ ਕੇ ਬਾਹਰੋਂ ਨੇਕੇ ਨੇ ਜਿੰਦਰਾ ਮਾਰ ਦਿੱਤਾ ਅਤੇ ਆਪ

    ਪਿੰਡ ਨੂੰ ਤੁਰ ਪਿਆ।

    ਰਸਤੇ ਵਿਚ ਜਾਂਦੇ ਨੇਕੇ ਨੇ ਕੇਹਰੇ ਮਜ੍ਹਬੀ ਕੋਲ਼ੋਂ ਦੇਸੀ ਦਾਰੂ ਦਾ ਇੱਕ ਅਧੀਆ ਲੈ ਲਿਆ।

    ਜਦ ਉਹ ਘਰੇ ਆਇਆ ਤਾਂ ਗੂੰਗਾ ਭੇਡਾਂ-ਬੱਕਰੀਆਂ ਨੂੰ ਵਾੜੇ ਵਿਚ ਵਾੜ ਕੇ ਟੀਨ ਦਾ ਖਿੜਕ ਬੰਦ ਕਰ

    ਰਿਹਾ ਸੀ।

    -“ਓਏ ਕਿਵੇਂ ਐਂ ਨਿੱਕਿਆ ਵੀਰਾ, ਗੂੰਗਿਆ…?” ਉਸ ਨੇ ਲਲਕਾਰਾ ਮਾਰਨ ਵਾਲ਼ਿਆਂ ਵਾਂਗ ਗੂੰਗੇ ਨੂੰ

    ਲਾਚੜ ਕੇ ਪੁੱਛਿਆ। ਕਿਸੇ ਅਨੋਖੀ ਖ਼ੁਸ਼ੀ ਵਿਚ ਉਸ ਦਾ ਗੂੰਗੇ ਨੂੰ ਗਲਵਕੜੀ ਪਾਉਣ ਨੂੰ ਜੀਅ ਕਰਦਾ ਸੀ।

    -“ਹੂੰ…..ਹੂੰ…! ਠੀਆ….ਠੀਆ…!” ਗੂੰਗੇ ਨੇ ਉਸ ਵੱਲ ਬਹੁਤਾ ਧਿਆਨ ਨਾ ਦਿੱਤਾ ਅਤੇ ਪਤੀਲੀ ਵਿਚ ਦੁੱਧ

    ਉਬਲਣਾ ਧਰ ਦਿੱਤਾ।

    ਨੇਕੇ ਨੇ ਦੇਸੀ ਦਾਰੂ ਦਾ ਅਧੀਆ ਖੋਲ੍ਹ ਲਿਆ।

    ਅਧੀਆ ਖੋਲ੍ਹਿਆ ਦੇਖ ਕੇ ਗੂੰਗਾ “ਦੰਗ” ਰਹਿ ਗਿਆ।

    ਨੇਕੇ ਨੂੰ ਉਸ ਨੇ ਕਦੇ ਦਾਰੂ ਪੀਂਦੇ ਨੂੰ ਦੇਖਿਆ ਨਹੀਂ ਸੀ।

    -“ਸੁੱਕ….ਆ….?” ਗੂੰਗੇ ਨੇ ਰਹੱਸਮਈ ਪੁੱਛਿਆ। ਉਸ ਦੀ ਕਿਸੇ ਨੂੰ ਬਹੁਤੀ ਸਮਝ ਨਹੀਂ ਆਉਂਦੀ ਸੀ।

    ਪਰ ਨੇਕਾ ਗੂੰਗੇ ਦੀਆਂ ਸਾਰੀਆਂ ਰਮਜ਼ਾਂ ਸਮਝਦਾ ਸੀ। ਦੋਨੋਂ ਭਰਾ ਇਕੱਠੇ ਹੀ ਤਾਂ ਪਲ਼ੇ ਅਤੇ ਵੱਡੇ ਹੋਏ ਸਨ। ਇਸ

    ਲਈ ਇੱਕ-ਦੂਜੇ ਨੂੰ ਤੁਰੰਤ ਸਮਝ ਲੈਂਦੇ ਸਨ।

    -“ਆਹੋ, ਸੁੱਖ ਈ ਐ ਸ਼ੇਰਾ…! ਲੱਲੂ ਕਰੇ ਕਵੱਲੀਆਂ ਤੇ ਰੱਬ ਸਿੱਧੀਆਂ ਪਾਉਂਦੈ…! ਸਿੱਧੀਆਂ ਨੀਤਾਂ ਨੂੰ

    ਕੋਈ ਘਾਟਾ ਨੀ ਨਿੱਕਿਆ…!” ਉਸ ਨੇ ਖੱਦਰ ਦਾ ਅੱਧਾ ਗਿਲਾਸ ਭਰ ਕੇ ਅੰਦਰ ਸੁੱਟਿਆ। ਖੱਟਰ ਦਾਰੂ ਨੇ ਉਸ

    ਨੂੰ ਪੱਠਾ ਲਾ ਦਿੱਤਾ ਸੀ। ਉਸ ਨੇ ਤੁੱਕਿਆਂ ਦਾ ਅਚਾਰ ਕੱਢ ਕੇ ਇੱਕ ਅਚਾਰੀ ਤੁੱਕਾ ਮੂੰਹ ਵਿਚ ਪਾਇਆ। ਕੋਹੜ

    ਕਿਰਲੇ ਜਿੱਡਾ ਤੁੱਕਾ ਉਸ ਦੇ ਮੂੰਹ ਵਿਚ ਨੱਚਣ ਲੱਗ ਪਿਆ। ਗੂੰਗਾ ਬੜੀ ਨੀਝ ਅਤੇ ਹੈਰਾਨਗੀ ਨਾਲ਼ ਵੱਡੇ ਭਰਾ

    ਦੀਆਂ “ਤਿੱਤਰ-ਭਿਤਰੀਆਂ” ਦੇਖ ਰਿਹਾ ਸੀ।

    ਜਦੋਂ ਨੇਕੇ ਨੇ ਦੂਜਾ ਪੈੱਗ ਪਾਇਆ ਤਾਂ ਗੂੰਗੇ ਤੋਂ ਰਿਹਾ ਨਾ ਗਿਆ।

    -“ਐਨੇ ਚੋਹਲ-ਮੋਹਲ, ਕੋ ਕੁਛੀ….ਆ….?”

    -“ਖ਼ੁਸ਼ੀ ਕਾਹਦੀ ਐ ਗੂੰਗਿਆ, ਬਹੁਤ ਵੱਡੀ ਖ਼ੁਸ਼ੀ ਐ, ਨਿੱਕਿਆ…! ਬਹੁਤ ਹੀ ਵੱਡੀ ਖ਼ੁਸ਼ੀ ਐ ਮਾਂ ਦਿਆ

    ਮੱਖਣਾਂ….!” ਉਸ ਨੇ ਗਿਲਾਸ ਸ਼ਰਬਤ ਦੇ ਪਾਣੀ ਵਾਂਗ ਖਾਲੀ ਕਰ ਦਿੱਤਾ।

    -“ਐਹਾ…..?”

    -“ਅੱਛਾ ਕੀ….? ਹੁਣ ਤੇਰੀ ਭਰਜਾਈ ਲੈ ਆਉਣੀ ਆਂ….!”

    -“ਖੀ……ਕਿਆ…!”

    -“ਕਹਿਣਾ ਕੀ ਐ…? ਠੀਕ ਈ ਕਿਹੈ…! ਤੇਰੀ ਭਰਜਾਈ ਲੈ ਆਉਣੀ ਐਂ ਮੈਂ…!”

    -“ਤੇ ਮੇੜਾ ਕੀ ਬਊਂ….?”

    -“ਤੇਰਾ ਵੀ ਸਭ ਕੁਛ ਬਣੂੰਗਾ, ਚਿੰਤਾ ਕਿਉਂ ਕਰਦੈਂ…? ਸਾਲ਼ਾ ਮੇਰਾ ਕੀ ਬਣੂੰ ਦਾ…! ਪਹਿਲਾਂ ਮੇਰਾ ਕੰਮ

    ਤਾਂ ਬਣ ਲੈਣ ਦੇ…! ਫ਼ੇਰ ਤੇਰਾ ਵੀ ਕੁਛ ਕਰਾਂਗੇ, ਨਿੱਕਿਆ…! ਤੇਰੇ ਸਿਰ ਤੋਂ ਮੈਂ ਸਾਰਾ ਇੱਜੜ ਵਾਰ ਦਿਆਂ,

    ਛੋਟਿਆ…! ਜਾਨ ਲਲਾਮ ਕਰ ਦਿਆਂ…! ਝੱਗਾ ਫ਼ੂਕ ਦਿਆਂ, ਝੱਗਾ…! ਤੂੰ ਮੇਰਾ ਨਿੱਕਾ ਬੀਰ ਨ੍ਹੀ…?”

    -“ਹੈਂਗਾ-ਆਂ….!” ਗੂੰਗੇ ਨੇ ਹਿੱਕ ‘ਤੇ ਧੱਫ਼ਾ ਮਾਰਿਆ।

    -“ਤੇ ਫੇਰ ਕਲੇਸ਼ ਨੀ ਕਰੀਦਾ ਹੁੰਦਾ…! ਤੂੰ ਕੱਲ੍ਹ ਤੋਂ ਬਾਹਰਲੇ ਵਾੜੇ ਕੋਲ਼ੇ ਜਾ ਕੇ ਪੈ ਜਿਆ ਕਰ…!

    ਚੰਗਾ?”

    -“ਅੰਗਾ…!” ਗੂੰਗੇ ਨੇ ਸਹਿਮਤੀ ਦੇ ਦਿੱਤੀ ਤਾਂ ਨੇਕੇ ਨੇ ਉਠ ਕੇ ਉਸ ਨੂੰ ਮੋਹ ਨਾਲ਼ ਜੱਫ਼ੀ ਪਾ ਲਈ।

    ਰੂੜੀ ਮਾਰਕਾ ਦਾ ਅਧੀਆ ਅੰਦਰ ਸੁੱਟ ਕੇ ਵੀ ਨੇਕੇ ਨੂੰ ਭੁੱਖ ਨਹੀਂ ਲੱਗੀ ਸੀ।

    ਉਹ ਜੁੱਤੀ ਸਣੇਂ ਹੀ ਮੰਜੇ ‘ਤੇ ਪੈ ਗਿਆ।

    -“ਡੁੱਡ ਤਾਂ ਪੀਆ….!” ਗੂੰਗਾ ਗਰਮ ਦੁੱਧ ਦਾ ਕੱਪ ਚੁੱਕੀ ਖੜ੍ਹਾ ਸੀ।

    ਪਤਾ ਨਹੀਂ ਅੱਜ ਕਿਉਂ ਵੱਡਾ ਭਰਾ ਉਸ ਨੂੰ ਬਹੁਤਾ ਹੀ ਚੰਗਾ-ਚੰਗਾ ਜਿਹਾ ਲੱਗਿਆ ਸੀ।

    ਨੇਕੇ ਨੇ ਦੁੱਧ ਪੀ ਲਿਆ ਅਤੇ ਮੁੜ ਮੰਜੇ ‘ਤੇ ਪੈ ਗਿਆ।

    ਅੱਖਾਂ ਉਸ ਨੇ ਬੰਦ ਕਰ ਰੱਖੀਆਂ ਸਨ।

    ਉਸ ਨੂੰ ਅਜੇ ਵੀ ਜੰਗੀਰੋ ਦੇ ਸਰੀਰ ਦਾ ਆਨੰਦ ਆ ਰਿਹਾ ਸੀ। ਉਸ ਦੇ ਸਰੀਰ ‘ਚੋਂ ਆਉਂਦੀ ਪਸੀਨੇ ਦੀ

    ‘ਹੌਂਕ’ ਜਿਹੀ ਵੀ ਨੇਕੇ ਨੂੰ ਚੰਗੀ-ਚੰਗੀ ਲੱਗੀ ਸੀ। ਹੁਣ ਉਸ ਦਾ ਮਨ ਕਰਦਾ ਸੀ ਕਿ ਉਸ ਨੂੰ ਕੋਈ ਨਾ ਬੁਲਾਵੇ।

    ਉਹ ਚੁੱਪ ਅਤੇ ਜੰਗੀਰੋ ਵਿਚ ਹੀ ਮਸਤ ਰਹਿਣਾ ਚਾਹੁੰਦਾ ਸੀ। ਹੁਣ ਦੁਨੀਆਂ ਉਸ ਨੂੰ ਸੁਹਾਵਣੀ ਅਤੇ ਹੁਸੀਨ

    ਲੱਗਣ ਲੱਗ ਪਈ ਸੀ। ਨਹੀਂ ਤਾਂ ਉਸ ਦਾ ਇਸ ਦੁਨੀਆਂ ਤੋਂ ਮਨ ਅੱਕਿਆ ਪਿਆ ਸੀ ਅਤੇ ਉਹ ਕਈ ਵਾਰ ਇਸ

    ਦੁਨੀਆਂ ਨੂੰ ‘ਅਲਵਿਦਾ’ ਕਹਿਣ ਲਈ ਵੀ ਤਿਆਰ ਹੋ ਗਿਆ ਸੀ। 

    PUNJ DARYA

    Leave a Reply

    Latest Posts

    error: Content is protected !!