ਅਲਵਿਦਾ ਵੀਰਿਆ, ਹਰ ਸਾਹ ਨਾਲ ਯਾਦ ਆਵੇਂਗਾ

ਇਸ ਧਰਤੀ ਤੇ ਆਏ ਹਰ ਇਨਸਾਨ ਨੇ ਆਖ਼ਰ ਇਸ ਜਹਾਨ ਨੂੰ ਅਲਵਿਦਾ ਕਹਿਣਾ ਹੀ ਕਹਿਣਾ ਹੈ। ਮੌਤ ਅਟੱਲ ਸਚਾਈ ਹੈ ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਕੋਈ ਸਖਸ਼ ਜਵਾਨੀ ਰੁੱਤੇ ਇਸ ਸੰਸਾਰ ਨੂੰ ਅਲਵਿਦਾ ਆਖ ਜਾਵੇ। ਅਜਿਹੇ ਹੀ ਜਵਾਨੀ ਰੁੱਤੇ ਸਭ ਨੂੰ ਰੋਂਦਿਆਂ ਛੱਡ ਜਾਣ ਵਾਲੇ ਰੰਗ ਰੰਗੀਲੇ, ਮੱਦਦਗਾਰ, ਦਾਨੀ ਅਤੇ ਜਿੰਮੇਵਾਰ ਇਨਸਾਨ ਦਾ ਨਾਮ ਸੀ ਅਮਨਦੀਪ ਸਿੰਘ ਵਿੱਕੀ। ਮਹਿਜ 40 ਕੁ ਸਾਲ ਦੀ ਉਮਰ ਵਿੱਚ ਹੀ ਵਿੱਕੀ ਵੱਲੋਂ ਆਪਣੇ ਦੋਸਤਾਂ ਮਿੱਤਰਾਂ ਦਾ ਵਿਸ਼ਾਲ ਤੇ ਕੀਮਤੀ ਖ਼ਜ਼ਾਨਾ ਜੋੜਿਆ ਸੀ, ਜੋ ਹਰ ਕਿਸੇ ਦੇ ਹਿੱਸੇ ਨਹੀ ਆਉਂਦਾ।ਵਿੱਕੀ ਨੇ ਸਿਰਫ 17 ਕੁ ਸਾਲ ਦੀ ਉਮਰ ਵਿੱਚ ਹੀ ਯੂਕੇ ਦੀ ਧਰਤੀ ‘ਤੇ ਪੈਰ ਰੱਖਿਆ ਸੀ। ਸਮੇਂ ਦੇ ਝੱਖੜਾਂ ਝੋਲਿਆਂ ਨੇ ਉਸ ਨੂੰ ਹਾਲਤਾਂ ਦੀ ਕੁਠਾਲੀ ‘ਚ ਪਾ ਕੇ ਅਜਿਹੇ ਇਮਤਿਹਾਨ ਲਏ ਕਿ ਉਹ ਸ਼ੁੱਧ ਸੋਨੇ ਵਾਂਗ ਨਿੱਖਰਦਾ ਹੀ ਗਿਆ।ਤਰਨਤਾਰਨ ਨੇੜਲੇ ਪਿੰਡ ਜੀਓਵਾਲਾ ਦੇ ਜੰਮਪਲ ਵਿੱਕੀ ਦਾ ਬਚਪਨ ਤੇ ਜਵਾਨੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ‘ਤੇ ਪ੍ਰਵਾਨ ਚੜ੍ਹੇ।ਪਿਤਾ ਜੀ ਸੂਬੇਦਾਰ ਧਰਮ ਸਿੰਘ ਜੀ ਦੀ ਨੌਕਰੀ ਕਾਰਨ ਉਸਦੀ ਸਿੱਖਿਆ ਵੀ ਵੱਖ ਵੱਖ ਆਰਮੀ ਸਕੂਲਾਂ ਵਿੱਚ ਹੋਈ। ਸ਼ਾਇਦ ਹਰ ਵਾਰ ਪਿਤਾ ਜੀ ਦੀ ਬਦਲੀ ਕਾਰਨ ਨਵੇਂ ਸਕੂਲ ‘ਚ ਨਵੇਂ ਮਿੱਤਰਾਂ ਨਾਲ ਮੇਲ ਜੋਲ ਹੀ ਅਗਲੇਰੇ ਜੀਵਨ ਵਿੱਚ ਦੋਸਤਾਂ ਦੇ ਵਿਸ਼ਾਲ ਘੇਰੇ ਦਾ ਸਬੱਬ ਬਣਿਆ। ਬੀਤੇ ਕੁੱਝ ਦਿਨ ਪਹਿਲਾਂ ਸਭ ਨੂੰ ਛੱਡ ਜਾਣ ਵਾਲਾ ਅਮਨਦੀਪ ਸਿੰਘ ਵਿੱਕੀ ਯੂਕੇ ਦੀ ਧਰਤੀ ‘ਤੇ ਕੰਨਸਟਰਕਸ਼ਨ ਫਰਮ ਵਿੱਚ ਫ਼ੋਰਮੈਨ ਦੀਆਂ ਸੇਵਾਵਾਂ ਨਿਭਾ ਰਿਹਾ ਸੀ।ਦੋ ਧੀਆਂ ਦਾ ਬਾਪ ਵਿੱਕੀ ਸਮਾਜ ਸੇਵਾ ਲਈ ਹਰ ਵਕਤ ਤਿਆਰ ਰਹਿੰਦਾ। ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਗ੍ਰੇਵਜੈਂਡ ਨੂੰ ਮਾਣ ਸੀ ਕਿ ਵਿੱਕੀ ਅਵਾਜ ਵੱਜਣ ਤੋਂ ਵੀ ਪਹਿਲਾਂ ਸਾਥ ਦੇਣ ਲਈ ਮੂਹਰੇ ਖੜ੍ਹਾ ਹੁੰਦਾ ਸੀ। ਕਿਸੇ ਦੇ ਦੁੱਖ ਨੂੰ ਆਪਣਾ ਮੰਨ ਕੇ ਦੁਖੀ ਦੀ ਮੱਦਦ ਕਰਨਾ ਉਸਦਾ ਧਰਮ ਸੀ। ਪੰਜਾਬ ਤੋਂ ਆਏ ਵਿਦਿਆਰਥੀਆਂ ਨੂੰ ਰੋਕ ਰੋਕ ਹਾਲ ਚਾਲ ਪੁੱਛਣਾ, ਸਰਦੀ ਪੁੱਜਦੀ ਮੱਦਦ ਕਰਨਾ ਉਸਨੂੰ ਸਕੂਨ ਦਿੰਦਾ ਸੀ। ਖ਼ਾਲਸਾ ਏਡ ਦੇ ਕਾਰਜਾਂ ਲਈ ਦਸਵੰਧ ਦੇਣਾ ਉਸਦੀ ਆਦਤ ਵਾਂਗ ਸੀ। ਪੰਜਾਬ ‘ਚ ਪੈਸੇ ਥੁੜੋਂ ਪੜ੍ਹਾਈ ਕਰਨੋਂ ਅਸਮਰੱਥ ਬੱਚਿਆਂ ਨੂੰ ਫ਼ੀਸਾਂ ਦੇ ਕੇ ਪੜ੍ਹਨ ਲਈ ਪ੍ਰੇਰਿਤ ਕਰਨਾ ਉਹ ਆਪਣਾ ਫਰਜ਼ ਸਮਜਦਾ ਸੀ।ਕਿਸਾਨ ਅੰਦੋਲਨ ਵੇਲੇ ਵਿੱਕੀ ਵੱਲੋਂ ਖੁਦ ਅੱਗੇ ਲੱਗ ਕੇ ਸਾਥ ਲਈ ਆਵਾਜ਼ ਹੀ ਬੁਲੰਦ ਨਹੀਂ ਕੀਤੀ ਗਈ ਸਗੋਂ ਫੰਡ ਆਦਿ ਭੇਜ ਕੇ ਵੀ ਆਪਣੀ ਹਾਜ਼ਰੀ ਲਗਵਾਈ।ਆਪਣੇ ਨਿੱਜ ਨਾਲੋਂ ਆਪਣੇ ਲੋਕਾਂ, ਧਰਮ, ਵਿਰਸੇ, ਭਾਈਚਾਰੇ ਤੇ ਲੋੜਵੰਦਾਂ ਦੇ ਨਾਲ ਖੜ੍ਹਨ ਵਾਲਾ ਵਿੱਕੀ ਇਸ ਜਹਾਨੋਂ ਐਨੀ ਜਲਦੀ ਰੁਖ਼ਸਤ ਹੋ ਜਾਵੇਗਾ? ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ।ਫੁੱਟਬਾਲ ਦੀ ਖੇਡ ਵਿੱਚ “ਵਿੱਕੀ ਕਿੱਕ” ਵਜੋਂ ਬੇਹੱਦ ਮਕਬੂਲ ਵਿੱਕੀ ਜ਼ਿੰਦਗੀ ਦੀ ਖੇਡ ਅੱਧ ਵਿਚਕਾਰ ਛੱਡ ਜਾਵੇਗਾ? ਇਹ ਦੁੱਖ ਮਿੱਤਰਾਂ, ਪਰਿਵਾਰ ਲਈ ਤਾਂ ਅਸਹਿ ਹੈ ਹੀ, ਸਗੋਂ ਉਹਨਾਂ ਅਨੇਕਾਂ ਪਰਿਵਾਰਾਂ ਲਈ ਵੀ ਬਹੁਤ ਵੱਡਾ ਸਦਮਾ ਹੈ, ਜਿਹਨਾਂ ਦੇ ਹਰ ਦੁੱਖ ਸੁੱਖ ਵਿੱਚ ਵਿੱਕੀ ਨਾਲ ਖੜ੍ਹਦਾ ਰਿਹੀ ਸੀ।ਸਮੁੰਦਰ ਵਰਗੇ ਵਿਸ਼ਾਲ ਦਿਲ ਦੇ ਮਾਲਕ ਅਮਨਦੀਪ ਸਿੰਘ ਵਿੱਕੀ ਨੂੰ ਦਿਲ ਦਾ ਦੌਰਾ ਹੀ ਲੈ ਬੈਠਾ।25 ਮਾਰਚ 2024 ਇਸ ਰੰਗ ਰੰਗੀਲੇ, ਦਿਲਦਾਰ ਸੱਜਣ ਦੇ ਅੰਤਿਮ ਸੰਸਕਾਰ ਮੌਕੇ ਰੋਂਦੀਆਂ ਅੱਖਾਂ ਤੇ ਰੋਂਦੇ ਦਿਲ ਨਾਲ ਯਾਦ ਕਰਦੇ ਹੋਏ ਇਹੀ ਕਹਾਂਗੇ ਕਿ “ਵਿੱਕੀ ਵੀਰ, ਆਖ਼ਰੀ ਸਾਹ ਤੱਕ ਯਾਦ ਰਹੇਂਗਾ।ਅਲਵਿਦਾ।
ਗੁਰਤੇਜ ਸਿੰਘ ਪੰਨੂੰ
ਮਨਦੀਪ ਖੁਰਮੀ ਹਿੰਮਤਪੁਰਾ