ਅਸ਼ੋਕ ਵਰਮਾ, ਬਠਿੰਡਾ

10ਅਪਰੈਲ 2024: ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪਿੰਡ ਸੰਗਤ ਵਿਖੇ ਭਾਜਪਾ ਦੇ ਆਗੂਆਂ ਦਾ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਨੇ ਪੁਲਿਸ ਦੇ ਛੱਕੇ ਛੁਡਾ ਦਿੱਤੇ ਅਤੇ ਲੰਮਾਂ ਸਮਾਂ ਮੂਹਰੇ ਲਾਈ ਰੱਖਿਆ। ਡੀਐਸਪੀ ਦੀ ਅਗਵਾਈ ਹੇਠ ਤਾਇਨਾਤ ਪੁਲਿਸ ਫੋਰਸ ਕਿਸਾਨਾਂ ਦੇ ਰੋਹ ਅੱਗੇ ਬੌਣੀ ਨਜ਼ਰ ਆਈ। ਦਰਅਸਲ ਅੱਜ ਸੰਗਤ ਮੰਡੀ ਵਿਖੇ ਅੱਜ ਬਠਿੰਡਾ ਦਿਹਾਤੀ ਹਲਕੇ ਦਾ ਬੂਥ ਪੱਧਰੀ ਸੰਮੇਲਨ ਰੱਖਿਆ ਗਿਆ ਸੀ ਜਿਸ ’ਚ ਭਾਜਪਾ ਦੇ ਸੂਬਾ ਜੱਥੇਬੰਦਕ ਸਕੱਤਰ ਮੰਥਲੀ ਸ੍ਰੀਨਿਵਾਸ ਵੱਲੋਂ ਸ਼ਿਰਕਤ ਕੀਤੀ ਜਾਣੀ ਸੀ। ਪੰਜਾਬ ’ਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਦੇਖਦਿਆਂ ਉਨ੍ਹਾਂ ਆਪਣਾ ਦੌਰਾ ਰੱਦ ਕਰ ਦਿੱਤਾ। ਭਾਜਪਾ ਆਗੂ ਦੇ ਦੌਰੇ ਨੂੰ ਦੇਖਦਿਆਂ ਪੁਲਿਸ ਦੀ ਵੱਡੀ ਨਫਰੀ ਤਾਇਨਾਤ ਕੀਤੀ ਗਈ ਸੀ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਦਾ ਵੀ ਭਾਰੀ ਜਮਾਵੜਾ ਹੋ ਗਿਆ। ਕਿਸਾਨ ਇਕੱਠ ਨੂੰ ਕਿਸਾਨਾਂ ਨੂੰ ਰੋਕਣ ਲਈ ਡਾਂਗਾਂ ਨਾਲ ਮਹਿਲਾ ਪੁਲਿਸ ਮੁਲਾਜਮਾਂ ਦੀ ਇਕ ਤਰਾਂ ਨਾਲ ਦਿਵਾਰ ਬਣਾਈ ਹੋਈ ਸੀ। ਪੁਲਿਸ ਪ੍ਰਸ਼ਾਸ਼ਨ ਨੂੰ ਉਮੀਦ ਸੀ ਕਿ ਕਿਸਾਨ ਕੁੱਝ ਵੀ ਕਰਨ ਲੜਕੀਆਂ ਨਾਲ ਧੱਕਾ ਮੁੱਕੀ ਜਾਂ ਜਬਰਦਸਤੀ ਅੱਗੇ ਲੰਘਣ ਦੀ ਕੋਸ਼ਿਸ਼ ਨਹੀਂ ਕਰ ਸਕਦੇ ਹਨ। ਪੁਲਿਸ ਦਾ ਇੱੱਕ ਡੀਐਸਪੀ ਕਾਫੀ ਸਮਾਂ ਕਿਸਾਨਾਂ ਨੂੰ ਮਨਾਉਣ ਦਾ ਯਤਨ ਕਰਦਾ ਰਿਹਾ ਪਰ ਕਿਸਾਨ ਸਮਾਗਮ ਵਾਲੀ ਥਾਂ ਵੱਲ ਜਾਣ ਨੂੰ ਬਜਿੱਦ ਸਨ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਕਿਸੇ ਕਿਸਮ ਦੀ ਗੜਬੜ ਨਹੀਂ ਕਰਨਗੇ ਬਲਕਿ ਆਪਣੇ ਪ੍ਰੋਗਰਾਮ ਤਹਿਤ ਸ਼ਾਂਤਮਈ ਵਿਰੋਧ ਕੀਤਾ ਜਾਏਗਾ। ਜਦੋਂ ਪੁਲਿਸ ਨਾਂ ਮੰਨੀ ਤਾਂ ਕਿਸਾਨ ਆਗੂਆਂ ਨੇ ਇਕਦਮ ਰਣਨੀਤੀ ’ਚ ਤਬਦੀਲੀ ਕਰਦਿਆਂ ਪੁਰਸ਼ ਪੁਲਿਸ ਮੁਲਾਜਮਾਂ ਵੱਲ ਵਧਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਵੱਲੋਂ ਅਚਾਨਕ ਬੋਲੇ ਹੱਲੇ ਕਾਰਨ ਪੁਲਿਸ ਮੁਲਾਜਮ ਸੰਭਲ ਨਾਂ ਸਕੇ ਅਤੇ ਕਿਸਾਨ ਉਨ੍ਹਾਂ ਨੂੰ ਦੂਰ ਤੱਕ ਖਿੱਚ੍ਹ ਕੇ ਲੈ ਗਏ। ਇਸੇ ਦੌਰਾਨ ਡੀਐਸਪੀ ਨੇ ਕਿਸਾਨਾਂ ਨੂੰ ਰਾਜੀ ਕਰ ਲਿਆ ਅਤੇ ਬੈਠਣ ਲਈ ਕਿਹਾ ਪਰ ਰੋਸ ਨਾਲ ਭਰੇ ਕਿਸਾਨ ਲਗਾਤਾਰ ਭਾਜਪਾ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਰਹੇ। ਕਿਸਾਨਾਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਤੇ ਡਾਂਗ ਚਲਾਈ ਹੈ ਅਤੇ ਧੱਕੇਮਾਰੇ ਹਨ ਪਰ ਪੁਲਿਸ ਇਸ ਤੋਂ ਇਨਕਾਰ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਵਿਰੋਧ ਕਰ ਰਹੇ ਕਿਸਾਨਾਂ ਤੇ ਭਾਜਪਾ ਆਗੂਆਂ ਵੱਲੋਂ ਫੁੱਲ ਬਰਸਾਏ ਜਾ ਰਹੇ ਸਨ ਅਤੇ ਹੁਣ ਪੁਲਿਸ ਡਾਂਗਾਂਚਲਾ ਰਹੀ ਹੈ। ਪੁਲਿਸ ਵੱਲੋਂ ਕੀਤੇ ਲਾਠੀ ਚਾਰਜ ਅਤੇ ਧੱਕਾ ਮੁੱਕੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨ 4 ਅਪ੍ਰੈਲ ਤੋਂ ਆਪਣੀਆਂ ਹੱਕੀ ਮੰਗਾਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਦੀ ਅਗਵਾਈ ਹੇਠ ਬਠਿੰਡਾ ਡੀਸੀ ਦਫਤਰ ਅੱਗੇ ਧਰਨਾ ਦੇ ਰਹੇ ਹਨ ਪਰ ਸਰਕਾਰ ਵੱਲੋਂ ਵਿਰੋਧ ਕਰਨ ਦੇ ਜਮਹੂਰੀ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ। ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਦੇ ਕਹਿਣ ਤੇ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨਾਲ ਮੀਟਿੰਗ ’ਚ ਕੀਤੇ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਫਸਲਾਂ ਦੇ ਹੋਏ ਖਰਾਬੇ ਦੇ ਨੁਕਸਾਨ ਸਬੰਧੀ ਪੜਤਾਲ ਦੀਆਂ ਲਿਸਟਾਂ ਨਹੀਂ ਦਿੱਤੀਆਂ ਅਤੇ ਪਿੰਡ ਲੇਲੇ ਵਾਲੇ ਦੇ ਕਿਸਾਨਾਂ ਨੂੰ ਮੁਆਵਜੇ ਦੇ ਚੈੱਕ ਨਹੀਂ ਦਿੱਤੇ ਹਨ । ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮਝੌਤਾ ਲਾਗੂ ਨਾਂ ਕੀਤਾ ਤਾਂ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਅੱਜ ਦੇ ਇਕੱਠ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ , ਜਗਦੇਵ ਸਿੰਘ ਜੋਗੇਵਾਲਾ,ਨਛੱਤਰ ਸਿੰਘ ਢੱਡੇ, ਸੁਖਦੇਵ ਸਿੰਘ ਰਾਮਪੁਰਾ, ਕਾਲਾ ਸਿੰਘ ਚੱਠੇ ਵਾਲਾ, ਦੀਨਾ ਸਿੰਘ ਸਿਵੀਆਂ, ਰਣਜੋਧ ਸਿੰਘ ਮਾਹੀ ਨੰਗਲ ਵੀ ਸ਼ਾਮਲ ਸਨ।