3.8 C
United Kingdom
Friday, March 6, 2026

More

    ਕਹਾਣੀ- ਆਜ਼ਾਦੀ????

    ਹਰਪ੍ਰੀਤ ਸਿੰਘ “ਦੈਹਿੜੂ”

    “ਸਾਰੇ ਜਹਾਂ ਸੇ ਅੱਛਾ, ਹਿੰਦੋਸਿਤਾਂ ਹਮਾਰਾ” ਗਾਉਂਦਾ ਗਾਉਂਦਾ ਸੋਨੂੰ ਹੱਥ ‘ਚ ਤਿਰੰਗਾ ਫੜ੍ਹੀ, ਮੋਢਿਆਂ ‘ਚ ਸਕੂਲ ਵਾਲਾ ਬਸਤਾ ਪਾਈ, ਖੁਸ਼ੀ ਖੁਸ਼ੀ ਘਰ ‘ਚ ਦਾਖ਼ਲ ਹੁੰਦੈ। ਉਹਦੀਆਂ ਕਿਲਕਾਰੀਆਂ ਕਰਕੇ ਕੋਨੇ ‘ਚ ਬੈਠੀ ਦਾਦੀ ਅਤੇ ਹੋਰਨਾਂ ਸਾਰਿਆਂ ਘਰਦਿਆਂ ਦਾ ਧਿਆਨ ਉਹਦੇ ਵੱਲ ਚਲਾ ਜਾਂਦਾ। ਸਕੂਲ ਵਾਲਾ ਬਸਤਾ ਘੁਮਾ ਕੇ ਪਰ੍ਹਾਂ ਵਗ੍ਹਾ ਮਾਰ, ਆਪਣੀ ਮਾਂ ਦੇ ਗਲ ਆਣ ਲਿਪਟ ਜਾਂਦਾ ਅਤੇ ਕਹਿੰਦਾ

    -“ਸਾਨੂੰ ਕੱਲ੍ਹ ਦੀ ਛੁੱਟੀ, ਬੁੜੇ ਨੇ ਬੁੜੀ ਕੁੱਟੀ, ਸਾਨੂੰ ਕੱਲ੍ਹ ਦੀ ਛੁੱਟੀ” ਸਾਰਾ ਕੁਝ ਦੇਖ ਰਹੀ ਮਾਂ ਆਖਦੀ ਹੈ,

    -“ਆ ਤਾਂ ਮੇਰਾ ਰਾਜਾ ਬੇਟਾ, ਕਿਉਂ, ਕਾਹਦੀ ਛੁੱਟੀ ਕੱਲ੍ਹ ਦੀ?”, ਮਾਂ ਨੇ ਸਕੂਲ ਦੀ ਵਰਦੀ ਦੇ ਬਟਨ ਖੋਲ੍ਹਦਿਆ ਸੋਨੂੰ ਨੂੰ ਸਵਾਲ ਪੁੱਛਿਆ।

    -“ਓ ਹੋ! ਮਾਂ, ਤੁਹਾਨੂੰ ਪਤਾ ਨੀ? ਕੱਲ੍ਹ ਪੰਦਰਾਂ ਅਗਸਤ ਆ,ਪੰਦਰਾਂ ਅਗਸਤ।” ਯਕਦਮ ਤਰੀਕ ਸੁਣ ਦਾਦੀ ਮਾਂ ਦਾ ਧਿਆਨ ਸੋਨੂੰ ਦੀਆਂ ਗੱਲਾਂ ਵੱਲ੍ਹ ਚਲਾ ਗਿਆ ਤੇ ਗੌਰ ਨਾਲ ਉਹਦੀਆ ਗੱਲਾਂ ਸੁਣਨ ਲੱਗੀ।

    -“ਕੱਲ੍ਹ ਨੂੰ ਪੰਦਰਾਂ ਅਗਸਤ ਆ, ਸਾਨੂੰ ਕੱਲ੍ਹ ਦੀ ਛੁੱਟੀ, ਬੁੜੇ ਨੇ ਬੁੜੀ ਕੁੱਟੀ, ਸਾਨੂੰ ਕੱਲ੍ਹ ਦੀ ਛੁੱਟੀ” ਸੋਨੂੰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਸੀ ਬਸ ਇਕੋ ਸਾਹੀ ਇਹੀ ਗਾਈ ਜਾ ਰਿਹਾ ਸੀ। ਮਾਂ ਨੇ ਟੋਕਦਿਆਂ ਕਿਹਾ, “ਲੈ ਇਹਦੇ ‘ਚ ਕਿਹੜੀ ਵੱਡੀ ਗੱਲ ਆ, ਪਰਸੋਂ ਨੂੰ ਸੋਲਾਂ ਤਰੀਕ ਹੋਊ।” ਮਾਂ ਨੇ ਵੀ ਅਣਜਾਣ ਜਿਹੀ ਬਣ ਸੋਨੂੰ ਨੂੰ ਕਿਹਾ।

    -“ਓ ਹੋ ! ਮਾਂ ਤੁਹਾਨੂੰ ਐਨਾ ਵੀ ਨੀ ਪਤਾ, ਪੰਦਰਾਂ ਅਗਸਤ ਨੂੰ ਸਾਡਾ ਦੇਸ਼ ਅਜ਼ਾਦ ਹੋਇਆ ਸੀ, ਸਾਨੂੰ ਅਜ਼ਾਦੀ ਮਿਲੀ ਸੀ।”

    ਸਾਰਾ ਕੁਝ ਸੁਣ ਰਹੀ ਦਾਦੀ ਦੀਆਂ ਅੱਖਾਂ ‘ਚੋਂ ਪਾਣੀ ਵਗਣ ਲੱਗਿਆ ਤੇ ਉਹ ਆਪਣੇ ਆਪ ਨਾਲ ਹੀ ਗੱਲਾਂ ਕਰਨ ਲੱਗੀ।

    -“ਮਿਲੀ ਹੋਊ ਪੁੱਤਰਾ, ਜਿਹਨਾਂ ਨੂੰ ਮਿਲੀ ਹੋਊ। ਪਰ ਮੈਂ ਤਾਂ ਓਸ ਦਿਨ ਵਿਧਵਾ ਹੋਈ ਸੀ।” ਸੋਚਦੀ ਸੋਚਦੀ ਦਾਦੀ ਆਪਣੀਆਂ ਪੁਰਾਣੀਆਂ ਯਾਦਾਂ ‘ਚ ਗਵਾਚ ਗਈ।

    ਲੇਖਕ-ਹਰਪ੍ਰੀਤ ਸਿੰਘ “ਦੈਹਿੜੂ”

    ਪਿੰਡ ਅਤੇ ਡਾਕ:ਦੈਹਿੜੂ, ਖੰਨਾ(ਲੁਧਿ)
    +919780400751(ਵਟਸਐਪ) 0016479790345(ਕੈਨੇਡਾ )

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!