ਮਨਦੀਪ ਕੌਰ ਭੰਮਰਾ
ਹਨ੍ਹੇਰੀ ਗੁਫ਼ਾ ‘ਚ ਰਹਿ ਕੇ ਕਦੀ ਉਦਾਸ ਨਾ ਹੋਵੀਂ,
ਚਾਨਣ ਦੀ ਲੀਕ ਦਿਸੇਗੀ ਕਦੀ ਬੇਆਸ ਨਾ ਹੋਵੀਂ!
ਉਮੀਦ ‘ਚ ਜਗਦੇ ਜੁਗਨੂੰ ਦੀ ਜਗਮਗ੍ਹਾਟ ਦੇਖੀਂ,
ਟੁਟਦੇ ਹੋਏ ਪਰਾਂ ਨੂੰ ਦੇਖ ਕੇ ਤੂੰ ਨਿਰਾਸ਼ ਨਾ ਹੋਜੀਂ!
ਆਕਾਸ਼ੀਂ ਉੱਡਣ ਦਾ ਹੌਸਲਾ ਰੱਖੀਂ ਹਸਤੀ ਵਿੱਚ,
ਮਨੁੱਖਤਾ ਅਜ਼ੀਮ ਹੈ ਤੂੰ ਇਹ ਧਰਵਾਸ ਨਾ ਖੋਵ੍ਹੀਂ!
ਮੰਜ਼ਿਲ ਦੂਰ ਹੋਵੇ ਜੇ ਤੂੰ ਹੌਸਲਾ ਬਾਰੂਦ ਬਣਾ ਰੱਖੀਂ,
ਇਸ਼ਟ ਜਾਣੀਂ ਮੰਜ਼ਿਲ ਨੂੰ ਅਤੇ ਆਕਾਸ਼ ਜਾ ਛੋਵ੍ਹੀਂ!
ਪੱਥਰ ਰਾਹਾਂ ‘ਚ ਹੋਣ ਭਾਵੇਂ ਬੀਆਬਾਨ ਰੋਹੀ ਹੋਵੇ,
ਮੁਸ਼ਕਲ ‘ਚ ਘਿਰ ਜਾਵੇਂ ਤਦ ਵੀ ਹਰਾਸ ਨਾ ਹੋਈਂ!
ਪਿਆਸ, ਭੁੱਖ ਅਤੇ ਡਿੱਗਣੋਂ ਘਬਰਾਈ ਨਾ ਕਦੀ,
ਹਿੰਮਤ ਤੇ ਉੱਦਮ ਕਰੀਂ ਨਾ ਹੋਵੀਂ ਹਤਾਸ਼ ਨਾ ਰੋਵੀਂ!
ਮਾਨਵ ਹੈ ਤੂੰ ਮਹਾਨ ਮਾਨਵ ਤੇਰੇ ਪੁਰਖੇ ਮਹਾਨ,
ਕਾਲਖ ਬਚੀ ਹੋਈ ਜਦ ਮਿਲੇ ਤੈਨੂੰ ਸ਼ਾਬਾਸ਼ ਧੋਵ੍ਹੀਂ!