ਲੇਬਨਾਨ-ਇਜ਼ਰਾਇਲੀ ਹਮਲੇ ’ਚ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਮਾਰਿਆ ਗਿਆ ਹੈ। ਇਸ ਖਬਰ ਦਾ ਇਜ਼ਰਾਈਲ ਡਿਫੈਂਸ ਫੋਰਸ ਨੇ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਆਈਡੀਐਫ ਨੇ ਕਿਹਾ ਕਿ ਉਨ੍ਹਾਂ ਨੇ 27 ਸਤੰਬਰ ਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਹਿਜ਼ਬੁੱਲਾ ਦੇ ਹੈੱਡਕੁਆਰਟਰ ’ਤੇ ਬੰਕਰ ਬਸਟਰ ਬੰਬ ਨਾਲ ਹਵਾਈ ਹਮਲਾ ਕੀਤਾ, ਜਿੱਥੇ ਨਸਰੁੱਲਾ ਵੀ ਮੌਜੂਦ ਸੀ। ਆਈਡੀਐਫ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ ਕਿ ਦੁਨੀਆ ਨੂੰ ਹੁਣ ਨਸਰੁੱਲਾ ਤੋਂ ਡਰਨ ਦੀ ਲੋੜ ਨਹੀਂ ਹੈ। ਉਹ ਦਹਿਸ਼ਤ ਨਹੀਂ ਫੈਲਾ ਸਕੇਗਾ। ਹਾਲਾਂਕਿ ਹਿਜ਼ਬੁੱਲਾ ਵੱਲੋਂ ਅਜੇ ਤੱਕ ਨਸਰੁੱਲਾ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ’ਚ ਭਾਸ਼ਣ ਦੇਣ ਤੋਂ ਬਾਅਦ ਆਪਣੇ ਹੋਟਲ ਦੇ ਕਮਰੇ ਤੋਂ ਹਿਜ਼ਬੁੱਲਾ ਦੇ ਹੈੱਡਕੁਆਰਟਰ ’ਤੇ ਹਮਲਾ ਕਰਨ ਦੀ ਇਜਾਜ਼ਤ ਦਿੱਤੀ ਸੀ। ਹਮਲੇ ਤੋਂ ਬਾਅਦ, ਇਜ਼ਰਾਈਲ ਦੇ ਪੀਐਮ ਦਫਤਰ ਨੇ ਨੇਤਨਯਾਹੂ ਦੀ ਇੱਕ ਤਸਵੀਰ ਜਾਰੀ ਕੀਤੀ, ਜਿਸ ਵਿਚ ਉਹ ਇੱਕ ਲੈਂਡਲਾਈਨ ਫੋਨ ਤੋਂ ਲੇਬਨਾਨ ਵਿੱਚ ਹਮਲੇ ਦਾ ਆਦੇਸ਼ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਹਿਜ਼ਬੁੱਲਾ ਦੇ ਹੈੱਡਕੁਆਰਟਰ ‘ਤੇ 60 ਬੰਕਰ ਰਾਕੇਟ ਦਾਗੇ ਗਏ। ਇਸ ਦੌਰਾਨ ਇਜ਼ਰਾਇਲੀ ਫੌਜ ਨੇ ਹਿਜ਼ਬੁੱਲਾ ਦੇ ਕਈ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਇਜ਼ਰਾਇਲੀ ਫੌਜ ਦਾ ਦਾਅਵਾ ਹੈ ਕਿ ਇਸ ਭਿਆਨਕ ਹਮਲੇ ‘ਚ ਹਿਜ਼ਬੁੱਲਾ ਦਾ ਹੈੱਡਕੁਆਰਟਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ। ਹਿਜ਼ਬੁੱਲਾ ਹੈੱਡਕੁਆਰਟਰ ਵਿੱਚ ਕੋਈ ਵੀ ਜ਼ਿੰਦਾ ਨਹੀਂ ਬਚਿਆ ਹੈ। ਜੋ ਅੰਦਰ ਸੀ ਸਾਰੇ ਮਾਰੇ ਗਏ। ਮੀਡੀਆ ਰਿਪੋਰਟਾਂ ਅਨੁਸਾਰ ਕੱਲ੍ਹ ਸ਼ਾਮ ਤੋਂ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਨਾਲ ਸੰਪਰਕ ਟੁੱਟ ਗਿਆ ਸੀ।