ਬੈਂਗਲੌਰ-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿਰੁੱਧ ਬੈਂਗਲੁਰੂ ਦੀ ਇਕ ਵਿਸ਼ੇਸ਼ ਅਦਾਲਤ ਨੇ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ। ਜਾਣਕਾਰੀ ਮੁਤਾਬਕ ਆਦਰਸ਼ ਅਈਅਰ, ਜੋ ਕਿ ਜਨਾਧਿਕਾਰ ਸੰਘਰਸ਼ ਸੰਗਠਨ ਦਾ ਮੈਂਬਰ ਹੈ, ਨੇ ਨਿਰਮਲਾ ਸੀਤਾਰਮਨ ਅਤੇ ਕੁਝ ਹੋਰ ਵਿਅਕਤੀਆਂ ਵਿਰੁੱਧ ਨਿੱਜੀ ਸ਼ਿਕਾਇਤ (ਪੀਸੀਆਰ) ਦਰਜ ਕਰਵਾਈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਚੋਣ ਬਾਂਡ ਰਾਹੀਂ ਸਿਆਸੀ ਪਾਰਟੀਆਂ ਨੂੰ ਚੰਦੇ ਦੇ ਨਾਂ ’ਤੇ ਜਬਰੀ ਵਸੂਲੀ ਕੀਤੀ ਜਾਂਦੀ ਹੈ। ਅਈਅਰ ਦਾ ਕਹਿਣਾ ਹੈ ਕਿ ਇਹ ਜਬਰੀ ਵਸੂਲੀ ਨਾ ਸਿਰਫ਼ ਅਨੈਤਿਕ ਹੈ, ਸਗੋਂ ਇਹ ਲੋਕਤੰਤਰੀ ਪ੍ਰਕਿਰਿਆਵਾਂ ਨੂੰ ਵੀ ਕਮਜ਼ੋਰ ਕਰ ਰਹੀ ਹੈ। ਜਿਸ ਤੋਂ ਬਾਅਦ ਰਿਪੋਰਟ ਅਨੁਸਾਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਬੈਂਗਲੁਰੂ ਦੇ ਤਿਲਕ ਨਗਰ ਪੁਲਿਸ ਸਟੇਸ਼ਨ ਨੂੰ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ। ਅਗਲੀ ਸੁਣਵਾਈ 10 ਅਕਤੂਬਰ ਨੂੰ ਹੋਵੇਗੀ। ਬੈਂਗਲੁਰੂ ‘ਚ ਜਨ ਪ੍ਰਤੀਨਿਧੀਆਂ ਦੀ ਵਿਸ਼ੇਸ਼ ਅਦਾਲਤ ਨੇ ਆਦਰਸ਼ ਅਈਅਰ ਦੀ ਸ਼ਿਕਾਇਤ ‘ਤੇ ਵਿਚਾਰ ਕਰਦੇ ਹੋਏ ਐੱਫ.ਆਈ.ਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਹ ਨਿਰਦੇਸ਼ 42ਵੀਂ ਏ.ਸੀ.ਐੱਮ.ਐੱਮ. ਅਦਾਲਤ ਰਾਹੀਂ ਜਾਰੀ ਕੀਤਾ। ਹੁਣ ਤਿਲਕ ਨਗਰ ਪੁਲਸ ਨੂੰ ਇਸ ਹੁਕਮ ਅਨੁਸਾਰ ਕਾਰਵਾਈ ਕਰਨੀ ਪਵੇਗੀ ਅਤੇ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰਨੀ ਪਵੇਗੀ। ਅਦਾਲਤ ਦਾ ਇਹ ਹੁਕਮ ਸਿਆਸੀ ਹਲਕਿਆਂ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਤੇ ਹੁਣ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਪੁਲਿਸ ਇਸ ਮਾਮਲੇ ‘ਚ ਕੀ ਕਾਰਵਾਈ ਕਰਦੀ ਹੈ।