2.9 C
United Kingdom
Sunday, April 6, 2025

More

    ‘ਕੋਹਿਨੂਰ ਫੋਕ ਆਰਟਸ ਕਲੱਬ’ ਵਲੋਂ ਆਪਣੇ ਸਲਾਨਾ ਪ੍ਰੋਗਰਾਮ ਦਾ ਆਯੋਜਨ ‘ਬੈਲ ਸੈਂਟਰ ਸਰੀ ਵਿਖੇ ਸ਼ਾਨੋ ਸ਼ੌਕਤ ਨਾਲ ਸੰਪੰਨ

    ਸਰੀ /ਵੈਨਕੂਵਰ (ਕੁਲਦੀਪ ਚੁੰਬਰ )-ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਆਪਣੀ ਰੂਹ ਵਿੱਚ ਪਿਰੋਕੇ ਰੱਖਣ ਵਾਲੀ ਇਸ ਸੰਸਥਾ ਵਲੋਂ ਪੰਜਾਬੀ ਲੋਕ ਨਾਚਾਂ ਦੀਆਂ ਪ੍ਰਸਿੱਧ ਵੰਨਗੀਆਂ ਨੂੰ ਬਿਹਤਰੀਨ ਢੰਗ ਨਾਲ ਪੇਸ਼ ਕਰਦਿਆਂ ਸਰੋਤਿਆਂ ਨੂੰ ਆਪਣੀ ਕਲਾ ਰਾਹੀਂ ਝੂਮਣ ਲਾ ਦਿੱਤਾ। ਬੱਚੀਆਂ ਤੇ ਮੁਟਿਆਰਾਂ ਨੇ ਜਦੋਂ ਢੋਲ ਦੀ ਥਾਪ ਉੱਤੇ ਲੈਅ ਅਨੁਸਾਰ ਪੈਂਦੀਆਂ ਲੋਕ ਬੋਲੀਆਂ ਉੱਤੇ ਪੰਜਾਬ ਦੇ ਲੋਕ ਨਾਚ ਭੰਗੜੇ ਦੀ ‘ਵਿਸ਼ਵ ਪੱਧਰੀ’ ਪੇਸ਼ਕਾਰੀ ਕੀਤੀ ਤਾਂ ਇਹਨਾਂ ਮੁਟਿਆਰਾਂ ਨੇ ਸਾਬਿਤ ਕਰ ਦਿੱਤਾ ਕਿ ਕੁੜੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋਂ ਪਿੱਛੇ ਨਹੀਂ। ਕੋਹਿਨੂਰ ਕਲੱਬ ਦੀਆਂ ਬੱਚੀਆਂ ਦੀਆਂ ਵੱਖ ਵੱਖ ਟੀਮਾਂ (ਵਿਹੜੇ ਦੀਆਂ ਰੌਣਕਾਂ, ਤ੍ਰਿਝੰਣ, ਅੱਲੜ੍ਹ ਮੁਟਿਆਰਾਂ)  ਨੇ ਚੋਣਵੇਂ ਪ੍ਰਸਿੱਧ ਗੀਤਾਂ ਉੱਤੇ ਸ਼ਾਨਦਾਰ ਤਰੀਕੇ ਨਾਲ ‘ਆਧੁਨਿਕ  ਭੰਗੜੇ’ ਨੂੰ ਰੂਪਮਾਨ ਕੀਤਾ । ‘ਕੋਹਿਨੂਰ ਦੀਆਂ ਰਾਣੀਆਂ’ ਨਾਮ ਹੇਠ ਬੱਚਿਆਂ ਦੀਆਂ ਮਾਵਾਂ ਨੇ ਵੀ ਪੰਜਾਬੀ ਗੀਤਾਂ ਉੱਤੇ ਬੇਮਿਸਾਲ ਭੰਗੜਾ ਪੇਸ਼ ਕੀਤਾ. ਦਰਜਨਾਂ ਮਾਵਾਂ ਨੇ ਆਪਣੀ ਕਲਾ ਰਾਹੀਂ ਦਰਸਾਇਆ ਕਿ ਦਿਲ ਵਿੱਚ ਜੇਕਰ ਚਾਅ ਅਤੇ ਉਮੀਦਾਂ ਹੋਣ ਫਿਰ ਉਮਰ ਕੋਈ ਰੁਕਾਵਟ ਨਹੀਂ ਹੁੰਦੀ.ਚਿਹਰੇ ਉੱਤੇ ਆਈ ਰੌਣਕ ਤੇ ਨੱਚਣ ਦਾ ਸੋਹਣਾ ਤਰੀਕਾ ਇਹਨਾਂ ਮਾਵਾਂ/ਭੈਣਾਂ ਦੀ ਰੂਹ ਦੀ ਸੰਤੁਸ਼ਟੀ ਨੂੰ ਪ੍ਰਗਟਾ ਰਿਹਾ ਸੀ,ਜਿਹਦੀ ਦੁਨੀਆਂ ਭਰ ਵਿੱਚ ਕੋਈ ਕੀਮਤ ਨਹੀਂ। ‘ਝੂਮਰ’ ਪਾਉਂਦੇ ਸਮੇਂ ਇੱਥੋਂ ਦੇ ਜੰਮਪਲ ਇਵੇਂ ਝੂਮ ਰਹੇ ਸਨ, ਜਿਵੇਂ ‘ਸਾਉਣ ਦੇ ਮਹੀਨੇ’ ਵੱਗਦੀਆਂ ਠੰਢੀਆਂ ਹਵਾਵਾਂ ਦਰੱਖਤਾ ਨੂੰ ਝੂਮਣ ਲਾ ਦਿੰਦੀਆਂ ਹਨ. ਚੜ੍ਹਦੀ ਜਵਾਨੀ ਦੇ ਗੱਬਰੂਆ ਨੇ ਆਨੰਦ ਨਾਲ ਨੱਚਦਿਆਂ ਰੌਣਕ ਬੰਨ੍ਹ ਦਿੱਤੀ ।’ਮਲਵਈ ਗਿੱਧਾ’ ਪ੍ਰੋਗਰਾਮ ਦੀ ਆਖਰੀ ਵੰਨਗੀ ਸੀ । ਜਿਹਦੇ ਵਿੱਚ ‘ਪੰਜਾਬ ਦੇ ਜੰਮਿਆਂ’ ਨੇ ਪੁਰਾਤਨ ਲੋਕ ਸਾਜਾਂ ਨਾਲ ਬੋਲੀਆਂ ਪਾਉਂਦਿਆਂ ਮਲਵਈ ਗਿੱਧੇ ਦੀ ਅਸਲ ਆਤਮਾ ਨੂੰ ਪੇਸ਼ ਕੀਤਾ. ‘ਮਲਵਈ ਗਿੱਧਾ’ ਦੀ ਅਜਿਹੀ ਬੇਮਿਸਾਲ ਪੇਸ਼ਕਾਰੀ ਕਦੀ ਕਦਾਈਂ ਹੀ ਦੇਖਣ ਨੂੰ ਮਿਲਦੀ ਹੈ, ਸਾਰੀ ਟੀਮ ਨੇ ਲਾਜਵਾਬ ਢੰਗ ਨਾਲ ‘ਮੇਲਾ ਲੁੱਟਣ’ ਵਾਲੇ ਰੂਪ ਵਿੱਚ ਰੰਗ ਬੰਨਿਆ.ਅਜੋਕੇ ਦੌਰ ਦੀਆਂ ਸਮੱਸਿਆਵਾਂ, ਪ੍ਰਵਾਸੀ ਜੀਵਣ ਦੀਆਂ ਤੰਗੀਆਂ ਤੁਰਸ਼ੀਆ ਤੇ ਚੰਗੇ ਜੀਵਣ ਜਿਉਣ ਲਈ ਪ੍ਰੇਰਨਾ ਦੇਣ ਵਾਲੀਆਂ ਬੋਲੀਆਂ ਇਸ ਲੋਕ ਵੰਨਗੀ ਦੀ ਵਿਸ਼ੇਸ਼ਤਾ ਰਹੀ। ਬਹੁਤ ਵੱਡੇ ਪ੍ਰੋਗਰਾਮ ਦੇ ਮੇਜ਼ਬਾਨ ‘ਅਮਰਦੀਪ ਢੇਸੀ’ ਨੇ  ਦਰਸ਼ਕਾਂ ਨਾਲ ਰਾਬਤਾ ਕਾਇਮ ਰੱਖਦਿਆਂ ਸਟੇਜ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ. ਢੁੱਕਵੀਂ ਸ਼ੇਅਰੋ-ਸ਼ਾਇਰੀ, ਲੋਕ ਬੋਲੀਆਂ ਤੇ ਕਹਾਵਤਾਂ ਨਾਲ ਉਹਨਾਂ ਨੇ ਪ੍ਰੋਗਰਾਮ ਦੀ ਰਵਾਨਗੀ ਸੰਤੁਲਤ ਤਰੀਕੇ ਨਾਲ ਬਣਾਈ ਰੱਖੀ।ਪੰਜਾਬੀਆਂ ਦਾ ਮਹਿਬੂਬ ਸਾਜ਼,ਢੋਲ ‘ਜਿੱਕੀ ਔਲਖ’ ਵਲੋਂ ਲਾਜਵਾਬ ਤਰੀਕੇ ਨਾਲ ਵਜਾਇਆ ਗਿਆ.ਵੱਜਦਾ ਢੋਲ ਦੱਸਦਾ ਸੀ ਕਿ ਜਦੋਂ ਪੰਜਾਬੀ ਢੋਲ ਦੀ ਥਾਪ ਉੱਤੇ ਮਸਤੀ ਵਿੱਚ ਝੂਮਦੇ ਹਨ ਤਾਂ ਉਹ ਸੱਚੀਓਂ ਹੀ ਆਪਣੇ ਪੱਟਾਂ ਦੇ ਜ਼ੋਰ ਨਾਲ ‘ਅੰਬਰੀ ਧੂੜ’ ਚਾੜ ਦਿੰਦੇ ਹਨ. ਔਲਖ ਸਾਬ੍ਹ,ਜਿੱਥੇ ਢੋਲ ਵਜਾਉਣ ਦੇ ਬਿਹਤਰੀਨ ਕਲਾਕਾਰ ਨੇ ਉੱਥੇ ਨਾਲ ਦੀ ਨਾਲ ਉਹ ਇੱਥੋਂ ਦੀ ਇੱਕ ਮਸ਼ਹੂਰ ਟਰੱਕ ਕੰਨਟੇਨਰ ਕੰਪਨੀ ਦੇ ਮਾਲਿਕ ਵੀ ਨੇ।’ਸੈਮ ਸਿੱਧੂ’ ਜਦੋਂ ਢੋਲ ਦੀ ਥਾਪ ਨਾਲ ਬੋਲੀਆਂ ਪਾਉਂਦਾ ਹੈ ਤਾਂ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੰਦਾ ਹੈ. ਉਹਨਾਂ ਦੀ ਅਵਾਜ ਇੱਕ ਪਾਸੇ ਇੰਨੀ ਰਸਮਈ ਹੈ ਕਿ ਉਹ ‘ਮੋਰਾਂ ਨੂੰ ਨੱਚਣ’ ਲਾ ਸਕਦੇ ਹਨ ਤੇ ਦੂਜੇ ਪਾਸੇ ਉਹਨਾਂ ਦੇ ਬੋਲਾਂ ਵਿੱਚ ਇੰਨਾ ‘ਜੋਸ਼, ਹਿੰਮਤ ਤੇ ਦਲੇਰੀ ਵੀ’ ਹੈ ਕਿ ਉਹ ‘ਮਰੀਆਂ ਆਤਮਾਵਾਂ’ ਵਿੱਚ ਵੀ ਰੂਹ ਫੂਕ ਦੇਣ. ਬਿਨਾਂ ਸ਼ੱਕ ਸੈਮ ਸਿੱਧੂ ਜੀ ਅੱਜ ਦੇ ਦੌਰ ਦੇ ਪੰਜਾਬੀ ਬੋਲੀਆਂ ਦੇ ‘ਸਿਰਮੌਰ ਗਾਇਕ’ ਹਨ. ਉਹਨਾਂ ਦੀ ਜਿੰਨੀ ਵੀ ਸਿਫਤ ਕਰੀ ਜਾਵੇ ਉਹ ਘੱਟ ਹੈ। ਗੁਰਜੰਟ ਸਿੰਘ ਨੇ ਗਾਇਕੀ ਵਿੱਚ ਉਹਨਾਂ ਦਾ ਬਾਖੂਬੀ ਸਾਥ ਦਿੱਤਾ।ਰਵਾਇਤੀ ਸਾਜ਼ ‘ਤੂੰਬੀ’ ਵਜਾਉਣ ਦੀ ਸੇਵਾ ਰਾਜੂ ਭਾਜੀ ਨੇ ਨਿਭਾਈ. ਭੰਗੜੇ ਸਮੇਂ ਢੋਲ, ਲੋਕ ਬੋਲੀਆਂ ਤੇ ਤੂੰਬੀ ਦਾ ਸੁਮੇਲ ਅਲੌਕਿਕ ਸੀ । ਪੱਗਾਂ ਬੰਨ੍ਹਣ ਦੀ ਸੇਵਾ ‘ਸੋਨੀ ਹੇਅਰ’ ਨੇ ਨਿਭਾਈ, ਜਿੰਨਾ ਸੋਹਣਾ ਸੁਨੱਖਾ ਇਹ ਗੱਬਰੂ ਆਂ ਪੱਗਾਂ ਉਸ ਤੋਂ ਜਿਆਦਾ ਸੋਹਣੀਆਂ ਚਿਣ ਦਿੰਦਾ ਹੈ. ਅਜਿਹਾ ਗੁਣ ਵੀ ਕੁਦਰਤ ਕਿਸੇ ਵਿਰਲੇ ਦੇ ਹੀ ਹੱਥ ਦਿੰਦੀ ਹੈ ਤੇ ਸੋਨੀ ਆਪਣੇ ਇਸ ਗੁਣ ਨੂੰ ਬਾਕਮਾਲ ਤਰੀਕੇ ਨਾਲ ਰੰਗ ਲਾ ਰਿਹਾ ਹੈ । ਭੰਗੜੇ ਦੇ ਮਹਾਂਰਥੀ ‘ਨੀਤੀਰਾਜ’ ਤੇ ਸਾਜ਼ੀ ‘ਮੱਘਰ ਅਲੀ’ ਜੀ ਦਾ ਪ੍ਰੋਗਰਾਮ ਦੌਰਾਨ ਭੰਗੜੇ ਪ੍ਰਤੀ ਉਹਨਾਂ ਦੀਆਂ ਵੱਡਮੁਲੀਆਂ ਸੇਵਾਵਾਂ ਕਾਰਨ ਉਹਨਾਂ ਨੂੰ ਸਨਮਾਨ ਦੇਕੇ ਨਿਵਾਜਿਆ ਗਿਆ। ਪੰਜਾਬੀ ਮੂਲ ਦੇ ਵਪਾਰਿਕ, ਸਮਾਜਿਕ ਤੇ ਰਾਜਨੀਤਕ ਖੇਤਰ ਦੀਆਂ ਪ੍ਰਸਿੱਧ ਸਖਸ਼ੀਅਤਾਂ ਨੇ ਇਸ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਲਵਾਕੇ ਇਸ ਬਿਹਤਰੀਨ ਉਪਰਾਲੇ ਲਈ ਪ੍ਰਵਧਕਾਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ । ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਦੋਂ ਹਰ ਰਿਸ਼ਤੇ ਦੀ ਬੁਨਿਆਦ ਪੈਸੇ ਅਤੇ ਮਤਲਬ ਉੱਤੇ ਟਿਕੀ ਹੋਈ ਹੈ. ਉਸ ਸਮੇਂ ‘ਕੋਹਿਨੂਰ ਫੋਕ ਆਰਟਸ ਕਲੱਬ’ ਵਲੋਂ ਕੈਨੇਡਾ ਦੀ ਧਰਤੀ ਉੱਤੇ ਸੈਕੜੇ ਬੱਚੇ ਤੇ ਨੌਜਵਾਨਾਂ ਨੂੰ ਮੁਫ਼ਤ ਵਿੱਚ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣਾ ਇੱਕ ਮਾਣਮੱਤੀ ਪ੍ਰਾਪਤੀ ਹੈ. ਕਲੱਬ ਦੇ ਮੈਂਬਰ (ਜੋ ਕਿ ਆਪੋ-ਆਪਣੇ ਖਿੱਤੇ ਦੇ  ਬੇਹੱਦ ਕਾਮਯਾਬ ਲੋਕ ਹਨ ) ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਕੇ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਲੋਕ ਨਾਚ, ਬੋਲੀ, ਭਾਸ਼ਾ, ਵਿਰਸੇ ਤੇ ਸੱਭਿਆਚਾਰ ਨਾਲ ਜੋੜਕੇ ਬਹੁਤ ਹੀ ਨੇਕ ਉੱਦਮ ਕਰ ਰਹੇ ਹਨ। ਇਹ ਕਲੱਬ ਦੇ ਹੋਣਹਾਰ ਮੈਂਬਰ ਜਿਹੜੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾ ਬਰਦਾਰ ਹਨ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ:- ਜਿੱਕੀ ਔਲਖ, ਰਾਜੂ ਤੱਖਰ, ਅਮਨਦੀਪ ਢੇਸੀ, ਮਨਦੀਪ ਗਿੱਲ, ਸੋਨੀ ਹੇਅਰ, ਕੁਲਵੀਰ ਸਿੰਘ ਡਾਨਸੀਵਾਲ ਜੋਤਾ ਸੰਧੂ, ਅੰਮ੍ਰਿਤ ਸੰਘੇੜਾ, ਗੈਰੀ ਸੀਹਰਾ, ਜਗਦੀਪ ਗਿੱਲ, ਜਤਿੰਦਰ ਥਾਂਦੀ, ਪ੍ਰੀਤ ਬਾਈ, ਖੁਸ਼ ਉੱਪਲ, ਜਿੰਮੀ ਸ਼ਰਮਾ, ਹੈਪੀ ਚਾਹਲ, ਵਿੱਕੀ ਪਬਿਆਲ, ਅੰਮ੍ਰਿਤ, ਇੰਦਰ, ਗੁਰਜੰਟ ਸਮਰਾ. ਇਹ ਪੰਜਾਬੀ ਦੇ ‘ਸੱਚੇ ਸਪੁੱਤਰ’ ਆਪਣੇ ਤਨ, ਮਨ ਤੇ ਧਨ ਨਾਲ ਯੋਗਦਾਨ ਪਾਕੇ ਸਾਡੇ ਅਮੀਰ ਵਿਰਸੇ ਤੇ ਸੱਭਿਆਚਾਰ ਪ੍ਰਤੀ ਆਪਣਾ ਫਰਜ਼ ਤਨਦੇਹੀ ਨਾਲ ਨਿਭਾਅ ਰਹੇ ਹਨ। ਰੱਬ ਇਹਨਾਂ ਨੂੰ ਹੋਰ ਹਿੰਮਤ,ਦਲੇਰੀ ਤੇ ਕਾਮਯਾਬੀ ਬਖਸ਼ੇ ਤਾਂ ਜੋ ਇਹ ਦੂਣੀ ਚੌਣੀ ਮਿਹਨਤ ਨਾਲ ਆਪਣੇ ਵਿਰਸੇ ਤੇ ਸੱਭਿਆਚਾਰ ਦੀ ਸੇਵਾ ਕਰਦੇ ਹੋਏ ਸਾਡੇ ਅਮੀਰ ਪੰਜਾਬੀ ਵਿਰਸੇ ਨੂੰ ਦੁਨੀਆਂ ਭਰ ਵਿੱਚ ਰੁਸ਼ਨਾਉਂਦੇ ਰਹਿਣ। ਆਮੀਨ! ਪੇਸ਼ਕਸ਼ : ਹਰਿੰਦਰ ਸਿੰਘ ਸਾਬੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!