3.8 C
United Kingdom
Friday, March 6, 2026

More

    ਬਿੱਟੂ ਦੀ ਕਲਮ (4)

    ਮੌਤ ਦਾ ਸਬੰਧ ਗਿਣਤੀ ਨਾਲ ਨਹੀਂ, ਬਲਕਿ ਨੇੜਤਾ ਨਾਲ ਹੈ। ਹਰ ਰੋਜ ਇਸ ਦੁਨੀਆ ਤੇ ਹਜਾਰਾ ਲੋਕ ਮਰਦੇ ਨੇ ਕੌਣ ਪਰਵਾਹ ਕਰਦਾ, ਪਤਾ ਉਦੋਂ ਲਗਦਾ ਜਦੋ ਕੋਈ ਆਪਣਾ ਜਾਂਦਾ। ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ। ਅੱਜਕੱਲ ਲੋਕ ਚਾਰ ਕੁ ਵਜੇ ਪੁੱਛਣ ਲੱਗ ਜਾਂਦੇ ਨੇ ਅੱਜ ਕਿੰਨੇ ਮਰੇ। ਇਹ ਸੁਣਕੇ ਅੱਸੀ ਦੇ ਦਹਾਕੇ ਖਾੜਕੂਵਾਦ ਵਾਲਾ ਪੰਜਾਬ ਚੇਤੇ ਆ ਜਾਂਦਾ, ਜਦੋ ਸਵੇਰੇ ਲੋਕ ਅਖਬਾਰ ਖੋਹਲਕੇ ਪੁੱਛਦੇ ਸੀ ਅੱਜ ਦਾ ਸਕੋਰ ਕਿੰਨਾ? ਨਾ ਮਨੁੱਖ ਨਾ ਸਰਕਾਰਾਂ ਲਾਸ਼ਾ ਦੀ ਗਿਣਤੀ ਤੋਂ ਨਹੀ ਡਰਦੀਆਂ, ਅਸੀਂ ਸਿਰਫ ਆਪਣੇ ਘਰੇ ਪਈ ਇੱਕ ਲਾਸ਼ ਨੂੰ ਰੋਨੇ ਆ। ਜਿੰਨਾ ਦਾ ਕੋਈ ਆਪਣਾ ਮਰਦਾ, ਪਤਾ ਸਿਰਫ ਉਹਨਾ ਨੂੰ ਲਗਦਾ, ਬਾਕੀਆਂ ਲਈ ਤਾਂ ਸਿਰਫ ਇੱਕ ਖਬਰ ਹੁੰਦੀ ਆ, ਉਹ ਵੀ ਅੱਜ ਦੀ ਤਾਜਾ ਕੱਲ ਦੀ ਬੇਹੀ। ਅੱਗ ਉੱਨੀ ਦੇਰ ਬਸੰਤਰ ਹੁੰਦੀ ਆ, ਜਿੰਨੀ ਦੇਰ ਸਾਡੀ ਆਪਣੀ ਝੁੱਗੀ ਨਹੀਂ ਸਾੜਦੀ। ਵੈਸੇ ਨਾ ਤਾਂ ਮੌਤ ਦੀ ਉਡੀਕ ਕਰਨ ਦੀ ਜਰੂਰਤ ਆ ਨਾ ਫਿਕਰ। ਨਾ ਇਸ ਲਈ ਕੋਈ ਉਚੇਚ ਕਰਨਾ ਪੈਂਦਾ ਨਾ ਤਰੱਦਦ, ਬਿਨਾ ਬੁਲਾਏ ਮਹਿਮਾਨਾ ਦੀ ਬਹੁਤੀ ਪਰਵਾਹ ਕਰਨੀ ਵੀ ਨਹੀਂ ਚਾਹੀਦੀ। ਜ਼ਿੰਦਗੀ ਜਿਉਣ ਦਾ ਸਵਾਦ ਲਉ, ਇੱਥੇ ਇਸ ਤਰ੍ਹਾ ਰਹੋ ਜਿਵੇਂ ਤੁਸੀ ਹਮੇਸ਼ਾ ਰਹਿਣਾ ਤੇ ਹਰ ਦਿਨ ਇੱਦਾਂ ਜਿਉ ਜਿਵੇ ਇਹ ਤੁਹਾਡਾ ਆਖਰੀ ਦਿਨ ਹੋਵੇ। ਸੱਪ ਦੇ ਜਹਿਰ ਨਾਲ ਮਰੋ ਨਾਕਿ ਕੱਟਣ ਦੇ ਡਰ ਤੋਂ ਹੋਏ ਹਾਰਟ ਅਟੈਕ ਨਾਲ। ਮੌਤ ਤੋਂ ਪਹਿਲਾਂ ਬਾਰ ਬਾਰ ਮਰਨ ਦੇ ਦੌਰੇ ਨਾ ਪਾਉ। ਇਸਨੂੰ ਚੇਤੇ ਰੱਖੋ ਪਰ ਹਰ ਸਮੇਂ ਇਸਦਾ ਜਾਪ ਨਾ ਕਰੋ। ਜੋ ਵੀ ਤੁਹਾਡੇ ਕੋਲ ਹੈ ਇਹ ਨਾਸ਼ਵਾਨ ਹੈ ਪਰ ਇਸਦਾ ਤਿਆਗ ਨਾ ਕਰੋ, ਬਲਕਿ ਭਰਪੂਰ ਮਾਣੋ। ਕੱਪੜੇ ਅਲਮਾਰੀਆਂ ਵਿੱਚ ਸਾਂਭਕੇ ਨਾ ਰੱਖੋ, ਇਨ੍ਹਾ ਨੂੰ ਪਹਿਨਕੇ ਸੋਹਣੇ ਲੱਗੋ। ਚੀਜਾਂ ਆਉਣ ਜਾਣ ਵਾਸਤੇ ਜਾਂ ਆਏ ਗਏ ਵਾਸਤੇ ਸੰਭਾਲਕੇ ਨਾ ਰੱਖੋ। ਖੁਦ ਵਰਤੋ ਤੇ ਹੁਣੇ ਵਰਤੋ। ਮਿੱਤਰਾਂ ਸਨੇਹੀਆ ਸਕੇ ਸਬੰਧੀਆ ਨਾਲ ਮੇਲਜੋਲ ਰੱਖੋ, ਪਿਆਰ ਕਰੋ ਤੇ ਵੰਡੋ। ਐਵੇ ਜ਼ਿਦਾ ਪਾਲਕੇ ਜਹਿਰਾਂ ਨਾ ਘੋਲੋ, ਅੱਜ ਹੀ ਕਰਲੋ ਨਿੱਘੀਆ ਪਿਆਰ ਭਰੀਆਂ ਗੱਲਾਬਾਤਾ, ਮਹਿਫਲ ਵਿੱਚ ਰੰਗ ਭਰ ਦਿਉ, ਕੱਲ ਦਾ ਕੀ ਭਰੋਸਾ, ਇਹ ਮਹਿਫਲ ਮੁੜਕੇ ਜੁੜੇ ਨਾ ਜੁੜੇ, ਜੇ ਜੁੜੇ ਵੀ ਤਾਂ ਪਤਾ ਨਹੀ ਇੰਨਾ ਵਿੱਚੋ ਕੌਣ ਹੋਵੇ, ਕੌਣ ਨਾ ਹੋਵੇ, ਜਾਂ ਸ਼ਾਇਦ ਆਪਾਂ ਖੁਦ ਹੀ ਨਾ ਹੋਈਏ।

    ਬਿੱਟੂ ਖੰਗੂੜਾ

    +447877792555

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!