6.8 C
United Kingdom
Monday, April 21, 2025

More

    ਕਮੇਡੀ ਕਿੰਗ ਗੁਰਪ੍ਰੀਤ ਘੱਗੀ ਦੀ ਇਕ ਦਿਲਚਸਪ ਮੁਲਾਕਾਤ –

    ਤੇਜਿੰਦਰ ਮਨਚੰਦਾ (ਪੈਰਿਸ)

    ?ਅੱਜ-ਕੱਲ੍ਹ ਟੀ.ਵੀ, ਫ਼ਿਲਮਾਂ ਵਿੱਚ ਧੱਕੇ ਨਾਲ ਬਣੇ ਕਮੇਡੀ ਕਲਾਕਾਰਾਂ ਦੀ ਭਰਮਾਰ ਹੈ,ਕੀ ਇਹ ਕਮੇਡੀ ਦਾ ਮਜ਼ਾਕ ਨਹੀਂ ਉਡਾ ਰਹੇ ?

    -ਦੇਖੋ ਜੀ ਦੁਨੀਆਂ ਦਾ ਕੋਈ ਵੀ ਪ੍ਰਭਾਵਸ਼ਾਲੀ ਖੇਤਰ ਹੈ, ਉਸ ਵਿੱਚ ‘ਹਿੱਕੜ ਚੌਧਰੀ’ ਹੁੰਦੇ ਹੀ ਨੇ,ਜਿਸ ਤਰ੍ਹਾਂ ਹਰ ਸ਼ਹਿਰ,ਗਲੀ,ਮੁਹੱਲੇ ‘ਚ ਲੀਡਰ,ਪ੍ਰਧਾਨ ਬਣੇ ਹੁੰਦੇ ਨੇ,ਉਸ ਵਿੱਚ ਲੋਕਾਂ ਦੀ ਭਰਮਾਰ ਹੁੰਦੀ ਹੀ ਹੈ।ਪਹਿਲਾ ਕਮੇਡੀ ਦਾ ਬਹੁਤਾ ਜ਼ੋਰ ਨਹੀਂ ਸੀ,ਹੁਣ ਲੋਕਾਂ ਦਾ ਜ਼ਿਆਦਾ ਰੁਝਾਨ ਕਮੇਡੀ ਵੱਲ ਹੈ,ਇਸ ਵਿੱਚ ਵੀ ‘ਘੁਸਪੈਠੀਏ’ ਆ ਗਏ ਹਨ।ਪਰ ਮੁੱਲ ਕਾਬਲੀਅਤ ਦਾ ਹੀ ਪੈਂਦਾ ਹੈ, ‘ਫ਼ਸਲੀ ਬਟੇਰੇ’ ਆਉਂਦੇ ਰਹਿੰਦੇ ਨੇ, ਚੰਗੇ ਲੋਕਾਂ ਨੇ ਚੰਗਾ ਕੰਮ ਕਰਦੇ ਰਹਿਣਾ ਹੈ,ਬਾਕੀ ਸਮੇਂ ਨਾਲ ਹੈਰ ਫੈਰ ਹੂੰਦੇ ਰਹਿੰਦੇ ਹਨ ।

    ?ਕਿਸ ਤਰ੍ਹਾਂ ਦਾ ਵਿਅੰਗ ਕਰਨਾ ਪਸੰਦ ਹੈ ?

    -ਉਸ ਤਰ੍ਹਾਂ ਦਾ ਵਿਅੰਗ, ਜਿਸ ‘ਤੇ ਵਿਅੰਗ ਕੀਤਾ ਹੋਵੇਂ,ਉਸ ਨੂੰ ਸੁੱਖਦ ਲੱਗੇ ।ਕਿਸੇ ਦੀ ਸਰੀਰਕ ਮਜਬੂਰੀ ‘ਤੇ ਵਿਅੰਗ ਨਹੀਂ ਹੋ ਸਕਦਾ।

    ?ਹੁਣ ਤੱਕ ਕਿੰਨੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹੋ?

    -ਤਕਰੀਬਨ 70 ‘ਤੋਂ ਵੱਧ ਫ਼ਿਲਮਾਂ ।

    ?ਜਲੰਧਰ ਦੂਰਦਰਸ਼ਨ ਤੋਂ ਪਾਲੀਵੁੱਡ,ਬਾਲੀਵੁੱਡ ‘ਤੇ ਇੱਕ ਹਾਲੀਵੁੱਡ ਦੀ ਫ਼ਿਲਮ ਤੱਕ ਆਏ ਉਤਰਾਅ ਚੜਾਅ ਦੇ ਸਫ਼ਰ ਬਾਰੇ ਕੁਝ ਸਾਝਾਂ ਕਰੋ ?

    -ਜਲੰਧਰ ਦੂਰਦਰਸ਼ਨ ਤੋਂ ਪਾਲੀਵੁੱਡ,ਬਾਲੀਵੁੱਡ,ਹਾਲੀਵੁੱਡ ਦੀ ਫ਼ਿਲਮ ਤੱਕ ਦਾ ਇੱਕੋ ਹੀ ਅੰਤਰ ਸੀ ‘ਹੋਲੀਵੁੱਡ’ ਹੌਲੀ ਹੌਲੀ ਤੁਰੇ ਜਾਓ,’ਸਹਿਜ ਪਕੇ ਸੋ ਮੀਠਾ ਹੋਏ’।ਜਲੰਧਰ ਦੂਰਦਰਸ਼ਨ ਤੋਂ ਬੂਟਾ ਲਾਇਆ ਸੀ,ਉਹਨੂੰ ਪਾਣੀ ਦਿੰਦੇ ਰਹੇ,ਉਹ ਪਾਲੀਵੁੱਡ ‘ਚ ਆ ਗਿਆ ‘ਤੇ ਵੱਡਾ ਹੋਇਆ ਉਸ ਨੂੰ ਬਾਲੀਵੁੱਡ ਦੇ ਪੱਤੇ ਵੀ ਨਿਕਲੇ ,ਫਿਰ ਥੋੜਾ ਜਿਹਾ ਹਾਲੀਵੁੱਡ ਦਾ ਵੀ ਫਲ ਲੱਗਾ ।
    ਇਸ ਤਰ੍ਹਾਂ ਸਫ਼ਰ ਯਤਨਸ਼ੀਲ ਹੈ,ਮਿਹਨਤ ਕਰੀ ਜਾ ਰਹੇ ਹਾ,ਬੰਦਾ ਕਿਹੜੀ ਮੰਜ਼ਿਲ ‘ਤੇ ਪਹੁੰਚਿਆ ,ਉਸ ਨਾਲੋਂ ਮਹੱਤਵਪੂਰਨ ਹੁੰਦਾ ਹੈ,’ਕਿ ਉਹ ਪੈੜਾਂ ਕਿਸ ਤਰ੍ਹਾਂ ਦੀਆਂ ਛੱਡ ਕੇ ਗਿਆ,ਪੈੜਾਂ ਵੀ ਉਤਨੀ ਹੀ ਮਹਤੱਤਾ ਰੱਖਦੀਆਂ ਨੇ ਮੰਜ਼ਿਲ ਤੇ ਪਹੁੰਚਣ ਲਈ, ਜਿੰਨੀ ਮਹੱਤਤਾ ਪੈਰਾਂ ਦੀ ਹੈ।

    ?ਅੱਜ ਇਸ ਮੁਕਾਮ ‘ਤੇ ਪਹੁੰਚਣ ਤੱਕ ਤੁਸੀਂ ਕਿਸ ਸ਼ਖਸੀਅਤ ਦਾ ਸਭ ‘ਤੋਂ ਵੱਧ ਯੋਗਦਾਨ ਸਮਝਦੇ ?

    -ਸ਼ਖਸੀਅਤ ਮੈਂ ਇਕ ਨਹੀਂ ਕਹਿ ਸਕਦਾ ,ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਹਨਾਂ ਦਾ ਮੇਰੀ ਜ਼ਿੰਦਗੀ ‘ਚ ਯੋਗਦਾਨ ਹੈ, ਜਿਸ ਤਰ੍ਹਾਂ ਰੋਟੀ ਵੀ ਖਾਣੀ ਹੋਵੇਂ,ਰੋਟੀ ਦੇ ਨਾਲ ਦਾਲ,ਸਬਜੀ,ਪਾਣੀ ਜ਼ਰੂਰੀ ਹੈ,ਇਸੇ ਤਰ੍ਹਾਂ ਜ਼ਿੰਦਗੀ ਵਿੱਚ ਹਰ ਪੱਖ ‘ਤੇ ਅਲਗ ਅਲਗ ਸ਼ਖਸੀਅਤਾਂ ਤੁਹਾਡੇ’ਚ ਨਿਖਾਰ ਲੈ ਕੇ ਆਉਂਦੀਆਂ ਨੇ,ਕਿਸੇ ਨੇ ਮੇਰੀ ਜ਼ਿੰਦਗੀ ‘ਚ ਛਾਂ ਦਾ ਕੰਮ ਕੀਤਾ,ਕਿਸੇ ਨੇ ਧੁੱਪ ਦਾ ਕੰਮ ਕੀਤਾ,ਕਿਸੇ ਨੇ ਪਾਣੀ ਦਾ ਕੰਮ ਕੀਤਾ ’ਤੇ ਹੌਲੀ ਹੌਲੀ ਨਿਖਾਰ ਆਇਆ।

    ?ਦਿਲੀ ਤਮੰਨਾਂ ?
    -ਸਦੀਵੀ ਯਾਦ ਬਣ ਜਾਣ ਵਾਲੇ ਵਿਅਕਤੀ ਵਾਲਾ ਮੁਕਾਮ ਹਾਸਿਲ ਕਰਨਾ ।

    ?ਕੋਈ ਅਭੁੱਲ ਯਾਦ ?

    -ਪੰਜਾਬ ਦੇ ਮਾੜੇ ਹਾਲਾਤਾਂ ਦੌਰਾਨ ਮੁਸੀਬਤਾ ‘ਚ ਲੰਘੇ ਮੇਰੇ ਕੁਝ ਦਿਨ,ਮੈਨੂੰ ਕਦੀ ਨਹੀਂ ਭੁੱਲਦੇ।

    ?ਕੀ ਅੱਜ-ਕੱਲ੍ਹ ਪੰਜਾਬੀ ਗਾਇਕ ਗੀਤਾਂ ਵਿੱਚ ‘ਬੰਦਾ ਮਾਰਤਾ’ ‘ਬੰਦਾ ਵੱਢ ਤਾ’,’ਧੱਕਾ ਚਲਦਾ’ ਹਿੰਸਾ ਦਿਖਾ ਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ ?
    -ਹਾਂਜੀ ਬਿਲਕੁਲ ! ਇਹ ਗਾਇਕ ਪੰਜਾਬੀ ਸੱਭਿਆਚਾਰ ,ਪੰਜਾਬੀਆਂ ਦੀ ‘ਸੇਵਾ’ ਹੀ ਕਰ ਰਹੇ ਹਨ ਜੀ,ਕਿਉਂਕਿ ਇਹਨਾਂ ਦੇ ਗੀਤ ਸੁਣ ਕੇ ਲੋਕ ਆਪਸ ਵਿੱਚ ਮਾਰ,ਵੱਢ ਕਰਦੇ ਨੇ,ਇਹਨਾਂ ਨੂੰ ਦੇਖ ਕੇ ਗੰਡਾਸੇ, ਗੋਲੀਆਂ ਚਲਦੀਆਂ ਨੇ,ਸਿਰ ਪੜਵਾ ਕੇ ,ਲੱਤਾ ਤੁੜਵਾ ਕੇ, ਫਿਰ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਸੇਵਾ ਹੁੰਦੀ ਹੈ।ਇਸ ਤਰ੍ਹਾਂ ਹੀ ਇਹ ਗੀਤ ਪੰਜਾਬੀਆਂ ਦੀ ‘ਸੇਵਾ’ ਕਰਵਾ ਰਹੇ ਹਨ ।

    ?ਡਰ ਕਿਸ ਚੀਜ਼ ‘ਤੋਂ ਲਗਦਾ ਹੈ ?
    -ਕਿਸੇ ਦੀ ਆਤਮਾ ਦਿਖਾਉਣ ‘ਤੋਂ ਬਹੁਤ ਡਰ ਲਗਦਾ ਹੈ ।

    ?ਫ਼ਿਲਮਾਂ ਤੋਂ ਇਲਾਵਾ ਅੱਜ-ਕੱਲ੍ਹ ਹੋਰ ਕੀ ਕਰ ਰਹੇ ਹੋ ?

    -ਜ਼ੀ-ਪੰਜਾਬੀ ਚੈਨਲ ‘ਤੇ ਇੱਕ ਸ਼ੋਅ ‘ਹੱਸਦਿਆਂ ਦੇ ਘਰ ਵੱਸਦੇ’ ਕਰ ਰਿਹਾ ਹਾ, ਜੋ ਸ਼ਨੀਵਾਰ–ਐਤਵਾਰ ਰਾਤ 08:30 ਵਜੇ ਪ੍ਰਸਾਰਿਤ ਹੁੰਦਾ ਹੈ।

    ?ਆਪਣੇ ਚਹੇਤਿਆਂ ਨੂੰ ਕੋਈ ਸੁਨੇਹਾ ?
    -ਸੁਨੇਹਾ! ਅੱਜ-ਕੱਲ੍ਹ ਕੋਈ ਲੈ ਕੇ ਹੀ ਨਹ੍ਹੀਂ ਰਾਜ਼ੀ।ਮੈਂ ਤਾਂ ਬਸ ਸ਼ੁਕਰੀਆ ਹੀ ਅਦਾ ਕਰ ਸਕਦਾ ਹਾਂ, ਜਿਹੜੇ ਸਾਨੂੰ ਸੁਣਦੇ ਨੇ,ਦੇਖਦੇ ਨੇ,ਪਿਆਰ ਕਰਦੇ ਨੇ,ਸਾਨੂੰ ਪਿਆਰ ਇਸੇ ਤਰ੍ਹਾਂ ਮਿਲਦਾ ਰਹੇ,ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਮੇਰੇ ਇੱਕਲੇ ਨਾਲ ਨਹੀਂ! ਹਰ ਚੰਗੇ ਕਲਾਕਾਰ ਨਾਲ ਜੁੜੋ, ਜਿਹੜਾ ਮਿਆਰ ਤੋਂ ਗਿਰਿਆਂ ਕੰਮ ਨਹੀਂ ਕਰ ਰਿਹਾ।ਮੈਚ ਫਿਕਸ ਕਰਨ ਵਾਲੇ ਖਿਡਾਰੀ,ਘਟੀਆਂ ਸਾਹਿਤ,ਗੀਤ ਪ੍ਰਦਾਨ ਕਰਨ ਵਾਲੇ ਕਈ ਗੀਤਕਾਰ,ਗਾਇਕਾਂ ਦੀ ਮੈਂ ਗੱਲ ਨਹੀਂ ਕਰ ਰਿਹਾ।
    ਚੰਗੇ ਫ਼ਨਕਾਰ,ਅਦਾਕਾਰ,ਸਾਹਿਤਕਾਰ,ਗੀਤਕਾਰ,ਗਾਇਕ,ਚਿਤੱਰਕਾਰ,ਸਮਾਜ ਸੇਵੀ,ਖਿਡਾਰੀ, ਅਗਰ ਗਲਤੀ ਨਾਲ ਕੋਈ ਚੰਗਾ ਸਿਆਸਤਦਾਨ ਹੈ,ਤਾਂ ਉਸ ਦਾ ਵੀ ਸਤਿਕਾਰ ਕਰੋ ਤਾਂ ਕਿ ਤੁਹਾਡੇ ਬੱਚੇ ਵੀ ਉਹਨਾਂ ਤੋਂ ਸਿੱਖਿਆ ਲੈ ਸਕਣ,ਇਹ ਕੱਲ੍ਹ ਨੂੰ ਤੁਹਾਡੇ ਬੱਚਿਆਂ ਦੇ ਰੋਲ ਮਾਡਲ ਬਣ ਸਕਦੇ ਹਨ।

    ​ ​ ​ ​ ​ ​ ​ ​ ​ ​ ​ ​ ​ ​ ​ ​ ​ ​ ​ ​ ​ ​ ​

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!