
ਜਗਦੀਸ਼ ਪ੍ਰੀਤਮ
ਕਰਤਾਰ ਆਪਣੇ ਸਮੇਂ ਦਾ ਸਿਰ ਕੱਢ ਕਬੱਡੀ ਖਿਡਾਰੀ ਸੀ, ਅੱਜ ਭਾਵੇਂ ਉਹ ਦੋਹਤੇ ਪੋਤਰਿਆਂ ਵਾਲ਼ਾ ਹੋਗਿਆ ਸੀ ਪਰ ਉਹਨੇ ਆਪਣੀ ਦੇਹੀ ਨੂੰ ਸੰਭਾਲਿਆ ਹੋਇਆ ਸੀ ਅਤੇ ਹਰ ਪੱਖੋ ਤੰਦਰੁਸਤ ਵੀ ਸੀ। ਉਹ ਆਪਣੇ ਬੇਟੇ ਨਾਲ ਹੀ ਨਾਲ ਦੇ ਸ਼ਹਿਰ ਟਰੱਕਾਂ ਦੀ ਵਰਕਸ਼ਾਪ ਚਲਾਉਂਦਾ ਸੀ, ਮੋਟਰ ਲਾਈਨ ਦਾ ਕੰਮ ਤਾਂ ਨਵੀਂ ਮਸ਼ੀਨਰੀ ਆਉਣ ਕਰਕੇ ਪਹਿਲਾ ਹੀ ਮੰਦਾ ਸੀ ਪਰ ਤੋਰੀ ਫੁਲਕਾ ਚੱਲੀ ਜਾਂਦਾ ਸੀ ਪਰ ਹੁਣ ਆ ਫੈਲ ਰਹੀ ਅਜੀਬ ਜਹੀ ਬਿਮਾਰੀ ਨੇ ਤਾਂ ਸਾਰੇ ਹੀ ਛੋਟੇ ਮੋਟੇ ਧੰਦੇ ਠੱਪ ਕਰਕੇ ਰੱਖ ਦਿੱਤੇ ਸਨ। ਲੋਕ ਘਰੀਂ ਕੈਦ ਹੋਕੇ ਬੈਠਣ ਲਈ ਮਜ਼ਬੂਰ ਹੋ ਗਏ ਸਨ। ਸਾਰੇ ਭਾਰਤ ਵਿਚ ਲਾਕਡਾਉਣ ਹੋਣ ਕਰਕੇ ਪੰਜਾਬ ਦੇ ਲੋਕ ਵੀ ਆਪਣੇ ਆਪਣੇ ਘਰੀਂ ਕੈਦ ਹੋਏ ਬੈਠੇ ਸਨ। ਜਿਨ੍ਹਾ ਵਿਚ ਇਕ ਕਰਤਾਰ ਦਾ ਪਰਿਵਾਰ ਵੀ ਸੀ, ਘਰਬੰਦੀ ਦਾ ਅੱਜ ਪੰਦਰਵਾਂ ਦਿਨ ਸੀ। ਹੁਣ ਕਰਤਾਰ ਨੂੰ ਪਰਿਵਾਰ ਲਈ ਰਾਸ਼ਣ ਪਾਣੀ ਅਤੇ ਖਰਚੇ ਲਈ ਪੈਸਿਆਂ ਦੀ ਚਿੰਤਾ ਸਤਾਉਣ ਲੱਗੀ। ਬੇਸ਼ੱਕ ਸਰਕਾਰਾਂ ਵਲੋ ਐਲਾਨ ਤਾਂ ਬੜੇ ਹੋ ਰਹੇ ਸਨ ਪਰ ਜ਼ਮੀਨੀ ਹਕੀਕਤਾਂ ਕੁਝ ਹੋਰ ਸਨ, ਨਾਲੇ ਇਹ ਪਰਿਵਾਰ ਕਿਰਤੀ ਹੁੰਦੇ ਹੋਏ ਵੀ ਕਿਸੇ ਕਿਰਤੀ ਵਰਗ ਵਿਚ ਨਹੀ ਆਉਦਾ ਸੀ। ਇਸੇ ਕਰਕੇ ਕਿਸੇ ਸਰਕਾਰੀ ਇਮਦਾਦ ਦੀ ਇਹਨਾ ਨੂੰ ਕੋਈ ਉਮੀਦ ਨਹੀ ਸੀ, ਅਤੇ ਘਰ ਦੀ ਵਧੀਆ ਦਿੱਖ ਹੋਣ ਕਰਕੇ ਕੋਈ ਸੰਸਥਾ ਵੀ ਇਧਰ ਝਾਕਦੀ ਨਹੀ ਸੀ। ਉਹ ਸਾਰਾ ਦਿਨ ਇਹੀ ਸੋਚਾਂ ਸੋਚਦਾ ਰਹਿੰਦਾ, ਪਰ ਫਿਰ ਵੀ ਆਪਣੇ ਡੇਢ ਕੁ ਸਾਲ ਦੇ ਪੋਤੇ ਨਾਲ ਦੋਨੋ ਜੀਅ ਹੱਸਦੇ ਖੇਡਦੇ ਜੀ ਪਰਿਵਾਰ ਵੀ ਕਰੀਬ ਜਾਂਦੇ, ਅਤੇ ਦੱਸੇ ਮੁਤਾਬਕ ਕਰਤਾਰ ਬਾਰ ਬਾਰ ਸਾਰੇ ਪਰਿਵਾਰ ਅਤੇ ਆਪਣੇ ਪੋਤੇ ਦੇ ਹੱਥ ਧਵਾਉਂਦਾ ਰਹਿੰਦਾ, ਅਤੇ ਹੋਰ ਵੀ ਹਦਾਇਤਾਂ ਵਰਤਦਾ, ਪਰ ਉਸ ਮਾਸੂਮ ਨੂੰ ਜਿਵੇ ਹੱਥ ਧੋਣ ਦੀ ਲਤ ਹੀ ਲੱਗ ਗਈ।
ਹੁਣ ਜਿਵੇ ਜਿਵੇ ਬੰਦੀ ਦੇ ਦਿਨ ਬੀਤ ਰਹੇ ਸਨ, ਉਵੇ ਹੀ ਘਰ ਦੇ ਜੀਆਂ ਅੰਦਰ ਇਕ ਦੂਜੇ ਪ੍ਰਤੀ ਖਿੱਝ

ਵੀ ਵੱਧ ਰਹੀ ਸੀ। ਨਿੱਕੀ ਜਿਹੀ ਗੱਲ ‘ਤੇ ਵੀ ਤਨਾਅ ਪੈਦਾ ਹੋ ਜਾਂਦਾ। ਇਕ ਦਿਨ ਤਾਂ ਹੱਦ ਹੀ ਹੋ ਗਈ ਜਦ ਕਰਤਾਰ ਆਪਣੇ ਪੋਤੇ ਦੇ ਹੱਥ ਧਵਾਉਣ ਦੀ ਜਿੱਦ ਪੂਰੀ ਕਰਵਾ ਰਿਹਾ ਸੀ, ਅਤੇ ਪੋਤਾ ਕਾਫੀ ਦੇਰ ਇਹੀ ਖੇਡ ਖੇਡਦਾ ਰਿਹਾ। ਦਾਦੇ ਦੀਆਂ ਲੱਖ ਮਿੰਨਤਾਂ ‘ਤੇ ਵੀ ਉਸਨੇ ਪਾਣੀ ਵਾਲੇ ਡੱਬੇ ਚੋਂ ਹੱਥ ਬਾਹਰ ਨਾ ਕੱਢੇ ਸਗੋ ਤੋਤਲੀ ਬੋਲੀ ਬੋਲਦਾ ਕਰਤਾਰ ਦੇ ਹੱਥਾਂ ‘ਤੇ ਵੀ ਛਿੱਟੇ ਪਾਉਂਦਾ ਅਤੇ ਆਪਣੇ ਕਪੜੇ ਵੀ ਗਿੱਲੇ ਕਰੀ ਜਾਂਦਾ। ਹਾਲੇ ਦਾਦਾ ਪੋਤਾ ਇਕ ਦੂਜੇ ਨਾਲ ਕਲੋਲਾਂ ਕਰੀ ਜਾ ਰਹੇ ਸਨ ਕਿ ਅਚਾਨਕ ਕਰਤਾਰ ਦੀ ਨੂੰਹ ਖਿੱਝੀ ਹੋਈ ਆਈ ਅਤੇ ਬੱਚੇ ਦੇ ਚਪੇੜਾਂ ਮਾਰਦੀ ਹੋਈ ਚੁੱਕ ਕੇ ਲੈ ਗਈ। ਹੁਣ ਕਰਤਾਰ ਨੂੰ ਵੀ ਬੜਾ ਗੁੱਸਾ ਚੜਿਆ ਉਹ ਵੀ ਉੱਠਕੇ ਮਗਰ ਹੋ ਤੁਰਿਆ। ਉਹ ਅੰਦਰ ਜਾਕੇ ਆਪਣੇ ਪਤੀ ਨੂੰ ਕਹਿ ਰਹੀ ਸੀ, “ਤੁਹਾਨੂੰ ਇਹ ਪਤਾ ਨਹੀ ਲੱਗਦਾ ਆਪਣਾ ਹੈਰੀ ਸਾਰਾ ਦਿਨ ਡੈਡੀ ਦੀ ਬੁੱਕਲ ਚ ਵੜਿਆ ਰਹਿੰਦਾ ਉਤੋਂ ਕਿੰਨੀ ਭੈੜੀ ਬਿਮਾਰੀ ਫੈਲੀ ਹੋਈ ਐ ਨਾਲੇ ਉਹ ਪੈਂਹਟ ਸਾਲ਼ਾ ਦੇ ਹਨ, ਜੇ ਨੇ ਜਾਣੀਏ……..? ਜਦ ਪਿਛੇ ਖੜੇ ਕਰਤਾਰ ਦੇ ਕੰਨੀ ਇਹ ਬੋਲ ਪਏ ਤਾਂ ਉਹ ਮੰਜੇ ਤੇ ਬੈਠੀ ਆਪਣੀ ਘਰਵਾਲੀ ਕੋਲ ਧੜੰਮ ਕਰਕੇ ਮੰਜੇ ਤੇ ਡਿੱਗ ਪਿਆ ਜਿਵੇਂ ਉਹਨੂੰ ਸੱਚੀ ਮੁੱਚੀ ਕਰੋਨਾ ਚਿੰਬੜ ਗਿਆ ਹੋਵੇ !!