ਗਗਨਦੀਪ ਧਾਲੀਵਾਲ
ਕਾਫ਼ੀ ਸਮੇਂ ਤੋਂ ਭਾਰਤ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਜੋ ਕਿ ਤਿੰਨ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਿਹਾ ਹੈ।ਇਸ ਅੰਦੋਲਨ ਵਿੱਚ ਜਿੱਥੇ ਭਾਰਤ ਦੇਸ਼ ਦੇ ਨੌਜਵਾਨ ਕਿਸਾਨ,ਬੱਚੇ,ਬਜ਼ੁਰਗ ਭੂਮਿਕਾ ਨਿਭਾ ਰਹੇ ਹਨ ਨਾਲ ਹੀ ਔਰਤ ਵੀ ਬਰਾਬਰ ਦੀ ਭੂਮਿਕਾ ਨਿਭਾ ਰਹੀ ਹੈ।ਭਾਰਤ ਦੀਆਂ ਔਰਤਾਂ ਖੇਤੀ ਵਿੱਚ ਕੇਂਦਰੀ ਧੁਰਾ ਹਨ, ਅਤੇ ਇਸ ਸਮੇਂ ਕਿਸਾਨ ਅਤੇ ਗ਼ੈਰ-ਕਿਸਾਨ, ਨੌਜਵਾਨ ਅਤੇ ਬਜ਼ੁਰਗ, ਵੱਖੋ-ਵੱਖ ਜਮਾਤਾਂ ਅਤੇ ਜਾਤੀਆਂ ਨਾਲ਼ ਸਬੰਧ ਰੱਖਣ ਵਾਲ਼ੀਆਂ ਬਹੁਤ ਸਾਰੀਆਂ ਔਰਤਾਂ ਦਿੱਲੀ ਦੇ ਚੁਫ਼ੇਰੇ ਕਿਸਾਨੀ ਧਰਨਿਆਂ ਦੀਆਂ ਥਾਵਾਂ ‘ਤੇ ਪੱਕੇ-ਪੈਰੀਂ ਮੌਜੂਦ ਹਨ।ਅੰਦੋਲਨ ਵਿੱਚ ਸ਼ੁਰੂ ਤੋਂ ਹੀ ਭਾਵੇਂ ਔਰਤਾਂ ਆ ਰਹੀਆਂ ਸਨ ਪਰ ਹੁਣ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਔਰਤਾਂ ਨੇ ਇਕੱਠ ਨੇ ਕਿਸਾਨੀ ਸੰਘਰਸ਼ ਨੂੰ ਨਵੀਂ ਆਸ ਦਿਖਾਈ ਹੈ। ਇਸ ਇਕੱਠ ਨੇ ਸੰਘਰਸ਼ ਵਿਚ ਨਵੀਂ ਜਾਨ ਫੂਕੀ ਹੈ।ਸੰਘਰਸ਼ ਹੋਰ ਵੀ ਤਿੱਖਾ ਹੋ ਗਿਆ ਹੈ ਕਿਉਕਿ ਜਿੱਥੇ ਹਰ ਦੇਸ਼ ਦੇ ਬੱਚੇ ਤੋ ਲੈਕੇ ਬਜ਼ੁਰਗ ਤੱਕ ਸੰਘਰਸ਼ ਵਿੱਚ ਸਾਮਿਲ ਹੋ ਜਾਣ ਤਾ ਇਹ ਏਕਤਾ ਆਉਣਾ ਸੁਭਾਵਿਕ ਹੀ ਹੈ।ਨਾਲ ਹੀ ਜਿੱਥੇ ਔਰਤ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਗਈ ਹੋਵੇ ਤਾਂ ਅਜਿਹੇ ਅੰਦੋਲਨ ਵਿੱਚ ਨਵੀਂ ਆਸ ਦੀ ਕਿਰਨ ਜਗਾਈ ਜਾ ਸਕਦੀ ਹੈ।
ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਦਿੱਲੀ ਬਾਰਡਰਾਂ ‘ਤੇ ਪਹੁੰਚੀਆਂ ਹੋਈਆਂ ਹਨ।ਤੇ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਹੋ ਰਹੇ ਧਰਨਾ-ਪ੍ਰਦਰਸ਼ਨ ਦੌਰਾਨ ਅੱਜ ਔਰਤ ਟਿਕਰੀ ਤੇ ਸਿੰਘੂ ਬਾਰਡਰਾਂ ‘ਤੇ ਕਿਸਾਨ ਔਰਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ।ਔਰਤਾਂ ਤੇ ਮਰਦਾਂ ਦਾ ਬਰਾਬਰ ਦਾ ਯੋਗਦਾਨ ਰਿਹਾ ਹੈ ਕਿਉਂਕਿ ਜਿੱਥੇ ਔਰਤਾਂ ਕਿਸਾਨਾਂ ਨਾਲ ਖੇਤੀਬਾੜੀ ਕਰਨ ਵਿੱਚ ਸਹਿਯੋਗ ਕਰਦੀਆਂ ਹਨ ਉੱਥੇ ਕਿਸਾਨੀ ਘੋਲਾਂ ਵਿੱਚ ਅਹਿਮ ਰੋਲ ਨਿਭਾਅ ਰਹੀਆਂ ਹਨ ਅਤੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੀਆਂ ਹਨ ।
ਇੱਕ ਔਰਤ ਕਿਸਾਨ ਦੇ ਵਿਚਾਰ ਅਨੁਸਾਰ ਕਿਸਾਨ ਜਥੇਬੰਦੀਆਂ ਨੇ ਇਹ ਅਹਿਸਾਸ ਕੀਤਾ ਹੈ ਕਿ ਸਮਾਜ ਦੀ 50 ਫੀਸਦੀ ਅਬਾਦੀ ਨੂੰ ਪਿੱਛੇ ਛੱਡ ਕੇ ਸੰਘਰਸ਼ ਜ਼ਿਆਦਾ ਲੰਬਾ ਸਮਾਂ ਨਹੀਂ ਲੜਿਆ ਜਾ ਸਕਦਾ। ਉਨ੍ਹਾਂ ਕਿਹਾ ਔਰਤ ਕਿਸਾਨਾਂ ਦਾ ਅੱਜ ਇਕੱਠ ਲਾਸਾਨੀ ਤੇ ਇਤਿਹਾਸਕ ਹੈ।ਪੰਜਾਬ ਦੀ ਧਰਤੀ 113 ਸਾਲ ਬਾਦ ਫਿਰ ਮਹਾਨ ਕਿਸਾਨ ਅੰਦੋਲਨ ਦੀ ਗਵਾਹ ਬਣੀ ਹੈ। ਸੰਨ 1907 ਵਿਚ ਅੰਗਰੇਜਾਂ ਵਲੋਂ ਬਣਾਏ ਕਿਸਾਨ ਮਾਰੂ ਕਾਨੂੰਨਾਂ ਖਿਲਾਫ ਸਰਦਾਰ ਅਜੀਤ ਸਿੰਘ(ਚਾਚਾ ਸ਼ਹੀਦ ਭਗਤ ਸਿੰਘ) ਨੇ “ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ” ਲਹਿਰ ਦੀ ਅਗਵਾਈ ਕੀਤੀ। ਗਿਆਰਾਂ ਮਹੀਨੇ ਦੀ ਲੰਬੀ ਜਦੋਜਹਿਦ ਤੋਂ ਬਾਦ ਅੰਗਰੇਜਾਂ ਨੂੰ ਉਹ ਕਾਨੂੰਨ ਰੱਦ ਕਰਨ ਲਈ ਮਜਬੂਰ ਹੋਣਾ ਪਿਆ। ਇਸ ਤੋਂ ਬਿਨਾਂ ਪੰਜਾਬ ਦੀ ਧਰਤੀ ਕੂੰਜੀਆਂ ਦਾ ਮੋਰਚਾ,ਗੁਰੂ ਕੇ ਬਾਗ ਦਾ ਮੋਰਚਾ,ਜੈਤੋ ਦਾ ਮੋਰਚਾ,ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਦਾ ਮੋਰਚਾ,ਹਰਸਾ ਛੀਨਾ ਮੋਰਚਾ, ਪਰਜਾ ਮੰਡਲ ਲਹਿਰ,ਬੇਦੀ ਫਾਰਮ ਦਾ ਮੋਰਚਾ,ਖੁਸ਼ ਹੈਸੀਅਤ ਮੋਰਚਾ ਅਤੇ ਮੁਜਾਰਾ ਲਹਿਰ ਦੇ ਮੋਰਚਿਆਂ ਦੀ ਗਵਾਹ ਬਣ ਚੁੱਕੀ ਹੈ ਜਿਹਨਾਂ ਵਿੱਚੋਂ ਬਹੁਤ ਸਾਰੇ ਸਿੱਧੇ ਅਤੇ ਅਸਿੱਧੇ ਤੌਰ ਤੇ ਕਿਸਾਨੀ ਸੰਕਟ ਨਾਲ ਹੀ ਸਬੰਧਤ ਸਨ। ਹੁਣ ਤੱਕ ਬਹੁਤ ਅੰਦੋਲਨ ਹੋ ਚੁੱਕੇ ਹਨ ਜਿੰਨਾ ਦਾ ਇਤਿਹਾਸ ਗਵਾਹ ਹੈ ।ਜਿਸ ਵਿੱਚ ਔਰਤਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।ਜਿੱਥੇ ਮਰਦ ਤੇ ਔਰਤ ਇੱਕੱਠੇ ਹੋ ਜਾਣ ਤਾਂ ਸੰਘਰਸ਼ੀ ਅਖਾੜਿਆਂ ਵਿੱਚ ਸਾਂਝੀਵਾਲਤਾ ਦਾ ਅਹਿਸਾਸ ਹੁੰਦਾ ਹੈ, ਆਪਸੀ ਭਾਈਚਾਰੇ ਦੀਆਂ ਤੰਦਾਂ ਮੁੜ ਜੁੜ ਰਹੀਆਂ ਪ੍ਰਤੀਤ ਹੁੰਦੀਆਂ ਹਨ ਅਤੇ ਇੱਕ ਦੂਜੇ ਦੇ ਦੁੱਖ-ਸੁੱਖ, ਜੋ ਅਕਸਰ ਅਸੀ ਇਕੱਲੀਆਂ-ਇਕਹਿਰੀਆਂ ਬੈਠੀਆਂ ਸੋਚ ਰਹੀਆਂ ਸੀ ਅਤੇ ਪ੍ਰੇਸ਼ਾਨ ਹੁੰਦੀਆਂ ਸੀ, ਹੁਣ ਸੰਘਰਸ਼ ਵਿੱਚ ਬੈਠਿਆਂ ਇਹ ਮਹਿਸੂਸ ਕਰਨ ਲੱਗੀਆ ਹਨ ਕਿ ਸਾਡੇ ਸਾਰਿਆਂ ਦੇ ਦੁੱਖ ਸਾਂਝੇ ਹਨ, ਤਕਲੀਫਾਂ ਸਾਡੀਆਂ ਤੇ ਮਸਲੇ ਇੱਕੋ ਜਿਹੇ ਹਨ। ਮੁਕਤੀ ਦਾ ਰਾਹ ਵੀ ਇੱਕ ਜਿਹਾ ਹੈ ਜਿਹੜਾ ਸਿਰਫ ਤੇ ਸਿਰਫ ਇੱਕ ਜੁੱਟ ਹੋ ਕੇ ,ਆਪਸੀ ਸਹਿਯੋਗ ਨਾਲ ਇਕੱਠੇ ਸੰਘਰਸ਼ ਰਾਹੀਂ ਹੀ ਹਾਸਿਲ ਕੀਤਾ ਜਾ ਸਕਦਾ ਹੈ।ਬੇਸੱਕ ਸਾਡਾ ਸਮਾਜ ਮਰਦ ਪ੍ਰਧਾਨ ਰਿਹਾ ਹੈ ਪਰ ਔਰਤਾਂ ਦੀਆਂ ਕੁਰਬਾਨੀਆਂ ਇਸ ਗੱਲ ਦਾ ਸਬੂਤ ਹਨ ਕਿ ਸਮਾਜ ਵਿੱਚ ਔਰਤਾਂ ਤੋ ਬਿਨਾਂ ਹਰ ਰਿਸ਼ਤਾ ਕੰਮ ਅਧੂਰਾ ਹੈ ।ਔਰਤ ਸ਼ਮਾਜ ਦਾ ਮੁੱਢ ਹੈ ।ਕਿਸਾਨੀ ਮਰਦ ਤੇ ਕਿਸਾਨੀ ਔਰਤਾਂ ਦੇ ਅਨੁਸਾਰ ਸਾਡੀ ਜ਼ਮੀਨ ਸਾਡਾ ਕਾਲਜਾ ਹੈ ਅਤੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿ ਕੋਈ ਸਾਡਾ ਕਾਲਜਾ ਸਾਡੇ ਤੋਂ ਦੂਰ ਲੈ ਜਾਵੇ,”
ਕਿਸਾਨ ਮਰਦ ਅਤੇ ਔਰਤਾਂ ਨੇ ਮੋਢੇ ਨਾਲ ਮੋਢਾ ਜੋੜ ਕੇ 26 ਨਵੰਬਰ 2020 ਨੂੰ ਸੰਵਿਧਾਨ ਦਿਵਸ ਵਾਲੇ ਦਿਨ ਪੰਜਾਬ ਦੇ ਵੱਖ ਵੱਖ ਪਿੰਡਾਂ ਅਤੇ ਕਸਬਿਆਂ ਤੋਂ ਦਿੱਲੀ ਵੱਲ ਕੂਚ ਕੀਤਾ ਸੀ ਜੋ ਕਿ ਸਤੰਬਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਵੱਖਰੇ ਵੱਖਰੇ ਟੋਲ ਪਲਾਜਿਆਂ ਅਤੇ ਰੇਲਵੇ ਸਟੇਸ਼ਨਾਂ ਉੱਤੇ ਧਰਨੇ ਲਗਾ ਕੇ ਕਿਸਾਨਾਂ ਵਿੱਰੁਧ ਲਿਆਂਦੇ ਕਾਲੇ ਕਾਨੂੰਨਾਂ ਨੂੰ ਖਤਮ ਕਰਾਉਣ ਲਈ ਹੁਣ ਤੱਕ ਸੰਘਰਸ਼ ਕਰ ਰਹੇ ਹਨ।ਉਦਾਹਰਨ ਦੇ ਤੌਰ ਤੇ ਜਿਵੇ ਕਿ ਲੁਧਿਆਣਾ ਜਿਲਾ ਵਿੱਚ ਗ੍ਰਾਮੀਣ ਭਾਰਤ ਦੀਆਂ ਘੱਟ ਤੋਂ ਘੱਟ 65 ਫੀਸਦੀ ਔਰਤਾਂ ਵਾਂਗ (2011 ਦੀ ਮਰਦਮਸ਼ੁਮਾਰੀ ਅਨੁਸਾਰ), ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਵੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਖੇਤੀ ਦੀਆਂ ਸਰਗਰਮੀਆਂ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਵਿੱਚੋਂ ਬਹੁਤੀਆਂ ਔਰਤਾਂ ਕੋਲ਼ ਜ਼ਮੀਨ ਤੱਕ ਨਹੀਂ ਹੈ, ਪਰ ਉਹ ਖੇਤੀ ਵਿੱਚ ਕੇਂਦਰੀ ਭੂਮਿਕਾ ਅਦਾ ਕਰਦੀਆਂ ਹਨ ਅਤੇ ਜ਼ਿਆਦਾਤਰ ਕੰਮ ਉਹੀ ਕਰਦੀਆਂ ਹਨ- ਜਿਵੇਂ ਬਿਜਾਈ, ਗੋਡੀ, ਵਾਢੀ, ਛਟਾਂਈ, ਫ਼ਸਲ ਨੂੰ ਖੇਤ ਤੋਂ ਘਰ ਤੱਕ ਲਿਜਾਣਾ, ਭੋਜਨ ਪ੍ਰਕਿਰਿਆ, ਡੇਅਰੀ ਅਤੇ ਹੋਰ ਆਦਿ।ਅਜਿਹਾ ਕਰਨਾ ਇੱਕ ਔਰਤ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲਾ ਦਿੰਦਾ ਹੈ।ਭਾਰਤ ਦੇ ਇਤਿਹਾਸ ਵਿੱਚ ਇਹ ਅੰਦੋਲਨ ਇੱਕ ਪ੍ਰਤੀਕ ਬਣ ਗਿਆ ਹੈ -ਆਜਾਦੀ ਦਾ,ਬੇਖੌਫ ਅਵਾਜਾਂ ਅਤੇ ਵਿਚਾਰਾਂ ਦਾ,ਵਿਰੋਧਾਂ ਦਾ, ਨਾਹਰਿਆਂ ਦਾ,ਐਲਾਨਾਂ ਦਾ। ਇਹ ਹੁਣ ਕੇਵਲ ਕਿਸਾਨ ਅੰਦੋਲਨ ਹੀ ਨਹੀਂ ਰਿਹਾ,ਇਹ ਲੋਕਤੰਤਰੀ ਪ੍ਰਬੰਧ ਵਾਲੇ ਦੇਸ਼ ਵਿੱਚ ਤਾਨਾਸ਼ਾਹੀ ਤਰੀਕੇ ਦੇ ਅਮਲ ਦੇ ਵਿੱਰੁਧ ਕਿਰਤੀਆਂ,ਕਿਸਾਨਾਂ, ਮਹਿਲਾਵਾਂ, ਨੌਜਵਾਨਾਂ, ਬਜੁਰਗਾਂ ਅਤੇ ਬੱਚਿਆਂ ਦੀ ਸ਼ਮੂਲੀਅਤ ਨਾਲ ਜਨ ਅੰਦੋਲਨ ਦਾ ਰੂਪ ਧਾਰਨ ਚੁੱਕਿਆ ਹੈ। ਇਸ ਅੰਦੋਲਨ ਨੇ ਸੰਸਾਰ ਭਰ ਦੀਆਂ ਸਰਕਾਰਾ ਦਾ ਧਿਆਨ ਖਿੱਚਿਆ ਹੈ। ਭਾਰਤ ਦੇਸ਼ ਤਾਂ ਕੀ ਇਸ ਅੰਦੋਲਨ ਨੇ ਦੇਸ਼-ਪ੍ਰਦੇਸ਼ਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਸ ਅੰਦੋਲਨ ਨੇ ਹਿੰਦੁਸਤਾਨ ਦੇ ਆਮ ਨਾਗਰਿਕਾਂ ਵਿਚ ਇਕ ਉਮੀਦ ਦੀ ਕਿਰਨ ਜਗਾਈ ਹੈ।ਜੇਕਰ ਦੇਖਿਆਂ ਜਾਵੇ ਤਾਂ ਇੰਨਾਂ ਕਾਨੂੰਨੀ ਦਾ ਮਾੜਾ ਪ੍ਰਭਾਵ ਕਿਸਾਨਾਂ ਤੇ ਹੀ ਪੈਣਾ ਹੈ।ਨਵੇਂ ਖੇਤੀ ਕਨੂੰਨਾਂ ਤੋਂ ਸਭ ਤੋਂ ਜ਼ਿਆਦਾ ਪੀੜਤ ਔਰਤਾਂ ਹੀ ਹੋਣ ਵਾਲ਼ੀਆਂ ਹਨ। ਖੇਤੀ ਕਾਰਜਾਂ ਵਿੱਚ ਇੰਨੀ ਜ਼ਿਆਦਾ ਸ਼ਮੂਲੀਅਤ ਰੱਖਣ ਦੇ ਬਾਵਜੂਦ ਵੀ ਉਨ੍ਹਾਂ ਕੋਲ਼ ਫ਼ੈਸਲਾ ਲੈਣ ਦੀ ਤਾਕਤ ਨਹੀਂ ਹੈ। ਲਾਜ਼ਮੀ ਵਸਤ ਐਕਟ (ਉਦਾਹਰਣ ਵਜ਼ੋਂ) ਵਿੱਚ ਬਦਲਾਵਾਂ ਸਦਕਾ ਭੋਜਨ ਪਦਾਰਥਾਂ ਵਿੱਚ ਘਾਟ ਹੋਵੇਗੀ ਅਤੇ ਔਰਤਾਂ ਨੂੰ ਵੀ ਇਹਦਾ ਖਾਮਿਆਜਾ ਭੁਗਤਣਾ ਪਵੇਗਾ,” ਕੁੱਲ ਭਾਰਤੀ ਲੋਕਤੰਤਰਿਕ ਔਰਤ ਸੰਘ ਦੀ ਮਹਾਂ-ਸਕੱਤਰ ਮਰਿਅਮ ਧਾਵਾਲੇ ਕਹਿੰਦੀ ਹਨ।ਅਤੇ ਇਨ੍ਹਾਂ ਵਿੱਚੋਂ ਕਈ ਔਰਤਾਂ-ਨੌਜਵਾਨ ਅਤੇ ਬਜ਼ੁਰਗ-ਦਿੱਲੀ ਅਤੇ ਉਹਦੇ ਚੁਫ਼ੇਰੇ ਧਰਨਿਆਂ ‘ਤੇ ਪੱਕੇ-ਪੈਰੀਂ ਮੌਜੂਦ ਹਨ, ਜਦੋਂਕਿ ਕਈ ਹੋਰ ਔਰਤਾਂ ਜੋ ਕਿਸਾਨ ਨਹੀਂ ਵੀ ਹਨ, ਉਹ ਵੀ ਆਪਣੀ ਹਿਮਾਇਤ ਦਰਜ਼ ਕਰਾਉਣ ਲਈ ਉੱਥੇ ਆ ਰਹੀਆਂ ਹਨ। ਅਤੇ ਕਈ ਔਰਤਾਂ ਅਜਿਹੀਆਂ ਵੀ ਹਨ ਜੋ ਉੱਥੇ ਕੁਝ ਵਸਤਾਂ ਵੇਚ ਕੇ ਦਿਹਾੜੀ ਕਮਾਉਂਦੀਆਂ ਹਨ ਜਾਂ ਲੰਗਰਾਂ ਵਿੱਚ ਵਰਤਾਏ ਜਾਣ ਵਾਲ਼ੇ ਭੋਜਨ ਨਾਲ਼ ਢਿੱਡ ਭਰਦੀਆਂ ਹਨ।ਕਿਸਾਨ ਅੰਦੋਲਨ ਵਿੱਚ”ਪੰਜਾਬ ਨਾਰੀ ਸਮੂਹ” ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਦੀਆਂ ਔਰਤਾਂ(ਪੰਜਾਬ ਇਸਤਰੀ ਸਭਾ, ਜਨਵਾਦੀ ਇਸਤਰੀ ਸਭਾ ਪੰਜਾਬ, ਇਸਤਰੀ ਜਾਗਰਤੀ ਮੰਚ,ਆਲ ਇੰਡੀਆ ਪ੍ਰੋਗਰੈਸਿਵ ਵੋਮੈਨ ਐਸੋਸੀਏਸ਼ਨ, ਆਲ ਇੰਡੀਆ ਡੈਮੋਕਰੇਟਿਕ ਵੋਮੈਨ ਐਸੋਸੀਏਸ਼਼ਨ ਅਤੇ ਭਾਰਤੀਆ ਮਹਿਲਾ ਫੈਡਰੇਸ਼ਨ,) ਉਭਰਵੇਂ ਰੂਪ ਵਿੱਚ ਸਿੰਘੂ-ਕੁੰਡਲੀ ,ਟਿੱਕਰੀ,ਸਾਹਜਹਾਂਪੁਰ, ਬਹਾਦਰਗੜ੍ਹ ਅਤੇ ਗਾਜੀਪੁਰ ਬਾਰਡਰਾਂ ਉਤੇ ਬੈਠੀਆਂ ਹਿੱਸਾ ਪਾ ਰਹੀਆਂ ਹਨ ਔਰਤਾਂ ਬੜੇ ਜਜ਼ਬੇ ਨਾਲ ਕਹਿ ਰਹੀਆਂ ਹਨ ਕਿ ਅਸੀਂ ਅੰਦੋਲਨ ਦੀ ਜਿੱਤ ਦੀ ਪੈਰਵੀ ਲਈ ਇੱਕਜੁਟ ਹੋ ਕੇ ਤੁਹਾਡੇ ਨਾਲ ਹਾਂ। ਤੁਸੀਂ ਇਹ ਦਿਖਾ ਦਿੱਤਾ ਹੈ ਕਿ ਸਰਕਾਰ ਆਪਣੀ ਮਨਮਾਨੀ ਨਾਲ ਲੋਕਤੰਤਰੀ ਪ੍ਰਬੰਧ ਵਾਲੇ ਦੇਸ਼ ਵਿੱਚ ਲੋਕ ਮਾਰੂ ਨੀਤੀਆਂ ਥੋਪ ਨਹੀਂ ਸਕਦੀ ਅਤੇ ਉਸ ਦਾ ਵਿਰੋਧ ਕਰਨਾ ਹਰ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ।ਪਿਛਲੇ ਅੱਠ ਮਾਰਚ ਨੂੰ ਬਹੁਤ ਹੀ ਔਰਤ ਆਗੂਆ ਵੱਲੋਂ ਧਰਨੇ ਦਿੱਤੇ ਗਏ ।ਬਰਨਾਲਾ ਵਿੱਚ ਸਭ ਤੋ ਵੱਡੀ ਰੈਲੀ ਵੀ ਕੀਤੀ ਗਈ।ਨਾਰੀਵਾਦੀ ਕਾਰਕੁਨ ਲੰਬੇ ਸਮੇਂ ਤੋਂ ਕਹਿੰਦੇ ਆਏ ਹਨ ਕਿ ਦੁਨੀਆਂ ਭਰ ‘ਚ ਸਮਾਜਿਕ ਅਤੇ ਵਾਤਾਵਰਣ ਤੇ ਜਲਵਾਯੂ ਸਬੰਧੀ ਇਨਸਾਫ਼ ਦੀ ਲੜਾਈ ਔਰਤਾਂ ਹੀ ਲੜਨਗੀਆਂ।ਔਰਤਾਂ ਨੇ ਇਨਸਾਫ ਦੀ ਲੜਾਈ ਦਾ ਬੀੜਾਂ ਮਰਦ ਦੇ ਬਰਾਬਰ ਆਪਣੇ ਮੋਢਿਆਂ ਉੱਪਰ ਚੁੱਕ ਲਿਆ ਹੈ।ਦਿੱਲੀ ਕੂਚ ਅੰਦੋਲਨ’ ਵਿੱਚ ਔਰਤਾਂ ਦੀ ਸ਼ਮੂਲੀਅਤ ਇਸ ਗੱਲ ਦਾ ਪ੍ਰਤੀਕ ਹੈ। ਪਰ ਇਹ ਲੜਾਈ ਬੇਹੱਦ ਔਖੀ ਅਤੇ ਦਰਦ ਭਰੀ ਹੋਣ ਵਾਲੀ ਹੈ।ਇਸ ਦਾ ਕਾਰਨ ਇਹ ਹੈ ਕਿ ਸਾਡੇ ਸਮਾਜ ਵਿੱਚ ਪੁਰਖਵਾਦੀ ਸੋਚ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਪੁਰਖਵਾਦੀ ਸੋਚ ਇਹ ਮੰਨਦੀ ਹੀ ਨਹੀਂ ਕਿ ਔਰਤਾਂ ਦੀ ਆਪਣੀ ਵੀ ਕੋਈ ਹਸਤੀ ਹੈ। ਕਿਸਾਨ ਕਾਨੂੰਨਾਂ ਵਿੱਚ ਮੌਜੂਦ ਔਰਤਾਂ ਬਾਰੇ ਆ ਰਹੇ ਬਿਆਨ ਅਤੇ ਟਿੱਪਣੀਆਂ ਇਸ ਗੱਲ ਦੀਆਂ ਸਬੂਤ ਹਨ।ਸਾਡਾ ਸਮਾਜ ਹਰ ਗੱਲ ਨੂੰ ਮਰਦਾਂ ਦੀ ਨਿਗ੍ਹਾ ਨਾਲ ਦੇਖਦਾ ਹੈ।ਪਰ ਔਰਤਾਂ ਨੇ ਅੰਦੋਲਨ ਵਿੱਚ ਸ਼ਾਮਿਲ ਹੋ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਵੀ ਬਰਾਬਰ ਹੱਕਦਾਰ ਹਨ।ਹਰਿਆਣਾ ਅਤੇ ਪੰਜਾਬ ਵਿੱਚ ਸਾਡੇ ਅੰਦੋਲਨ ਦੀ ਅਗਵਾਹੀ ਔਰਤਾਂ ਹੀ ਕਰ ਰਹੀਆਂ ਹਨ। ਜਿੰਨਾ ਦਾ ਕਹਿਣਾ ਹੈ ਕਿ ਅਸੀਂ ਕੋਈ ਕਮਜ਼ੋਰ ਔਰਤਾਂ ਨਹੀਂ ਹਾਂ। ਅਸੀਂ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕੀਤੀ ਹੈ।””ਉਹ ਇਹ ਕਿਸ ਤਰ੍ਹਾਂ ਸੋਚ ਸਕਦੇ ਹਨ ਕਿ ਔਰਤਾਂ ਕਮਜ਼ੋਰ ਹਨ? ਜੇ ਅਸੀਂ ਮਰਦ ਨੂੰ ਜਨਮ ਦੇ ਸਕਦੀਆਂ ਹਾਂ, ਤਾਂ ਅਸੀਂ ਆਪਣੀ ਲੜਾਈ ਵੀ ਲੜ ਸਕਦੀਆਂ ਹਾਂ। ਮਾਂ ਦੀ ਤਾਕਤ ਬੇਹੱਦ ਅਹਿਮ ਹੈ। ਅੰਦੋਲਨ ਵਿੱਚ ਅਮਨ ਸਾਡੇ ਨਾਲ ਹੀ ਹੈ।ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵੀ ਇਹ ਕਹਿੰਦੀ ਹੈ ਕਿ ਜਦੋਂ ਕਿਸੇ ਅੰਦੋਲਨ ਵਿੱਚ ਔਰਤਾਂ ਸ਼ਾਮਲ ਹੁੰਦੀਆਂ ਹਨ ਤਾਂ ਉਸ ਦੇ ਸ਼ਾਂਤਮਈ ਬਣੇ ਰਹਿਣ ਦੀ ਸੰਭਾਵਨਾਂ ਵੱਧ ਜਾਂਦੀ ਹੈ।ਸੰਯੁਕਤ ਰਾਸ਼ਟਰ ਦਾ ਇਹ ਵੀ ਕਹਿਣਾ ਹੈ ਕਿ ਵਿਰੋਧ ਪ੍ਰਦਰਸ਼ਨਾਂ ਵਿੱਚ ਔਰਤਾਂ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਂਦੀਆਂ ਹਨ। ਉਹ ਅੰਦੋਲਨ ਦੀਆਂ ਪ੍ਰਬੰਧਕ ਹੁੰਦੀਆਂ ਹਨ।
ਪ੍ਰਦਰਸ਼ਨਕਾਰੀ ਔਰਤਾਂ ਲੋਕਾਂ ਦਾ ਧਿਆਨ ਰੱਖਦੀਆਂ ਹਨ ਅਤੇ ਉਨ੍ਹਾਂ ਦੀ ਰੱਖਿਆ ਕਰਦੀਆਂ ਹਨ। ਪਰ, ਜਦੋਂ ਗੱਲ ਸਿਆਸੀ ਪ੍ਰਕਿਰਿਆ, ਸੱਤਾ ਪਰਿਵਰਤਨ ਅਤੇ ਗੱਲਬਾਤ ਦੀ ਆਉਂਦੀ ਹੈ ਤਾਂ ਔਰਤਾਂ ਨੂੰ ਹਾਸ਼ੀਏ ‘ਤੇ ਧੱਕ ਦਿੱਤਾ ਜਾਂਦਾ ਹੈ। ।ਗੱਲਬਾਤ ਦੀ ਮੇਜ਼ ‘ਤੇ ਬਹੁਤ ਘੱਟ ਔਰਤਾਂ ਨਜ਼ਰ ਆਉਣਗੀਆਂ। ਪਰ ਔਰਤਾਂ ਦੇ ਸਹਿਯੋਗ ਨਾਲ ਹੀ ਹਰ ਇੱਕ ਸੰਘਰਸ਼ ਨੂੰ ਕਾਮਯਾਬ ਕੀਤਾ ਜਾ ਸਕਦਾ ਹੈ।ਉਨ੍ਹਾਂ ਨੂੰ ਸ਼ਾਇਦ ਇਹ ਅਹਿਸਾਸ ਨਹੀਂ ਕਿ ਪੂਰੀ ਦੁਨੀਆਂ ਵਿੱਚ ਹੋਣ ਵਾਲੇ ਅੰਦੋਲਨਾਂ ਵਿੱਚ ਔਰਤਾਂ ਸ਼ਾਮਲ ਹੁੰਦੀਆਂ ਰਹੀਆਂ ਹਨ। ਇਹ ਔਰਤ ਅੰਦੋਲਨਕਾਰੀ ਹਨ, ਜੋ ਵਿਰੋਧ ਪ੍ਰਦਰਸ਼ਨਾਂ ਨੂੰ ਸ਼ਾਂਤਮਈ ਬਣਾਈ ਰੱਖਦੀਆਂ ਹਨ।”
ਜਦੋਂ ਅਸੀਂ ਕਿਸਾਨ ਦੀ ਗੱਲ ਕਰਦੇ ਹਾਂ ਤਾਂ ਸਾਡੇ ਮਨ ਵਿੱਚ ਹਮੇਸ਼ਾ ਪੁਰਸ਼ ਕਿਸਾਨ ਹੀ ਆਉਂਦਾ ਹੈ,ਪਰ ਕਿਸਾਨੀ ਦੀ ਅੱਧੀ ਆਬਾਦੀ ਮਹਿਲਾ ਕਿਸਾਨਾਂ ਦੀ ਹੈ।ਸਾਡਾ ਮੰਨਣਾ ਹੈ ਕਿ ਮਹਿਲਾ ਕਿਸਾਨ ਖੇਤੀਬਾੜੀ ਪਰੰਪਰਾ ਅਤੇ ਖੇਤੀਬਾੜੀ ਆਰਥਿਕਤਾ ਦੀ ਆਧਾਰਸ਼ਿਲਾ ਹਨ। ਪੇਂਡੂ ਔਰਤਾਂ ਦਾ 85%ਹਿੱਸਾ ਖੇਤੀਬਾੜੀ ਵਿੱਚ ਹੀ ਲੱਗਾ ਹੋਇਆ ਹੈ ਪਰ ਖੇਤੀਬਾੜੀ ਵਾਲੀ ਜ਼ਮੀਨ ਦੇ ਸਿਰਫ 12-13% ਹਿੱਸੇ ਉੱਤੇ ਔਰਤਾਂ ਦੀ ਮਾਲਕੀ ਹੈ। ਪੁਰਸ਼ ਕਿਸਾਨ ਦੀ ਆਤਮ ਹੱਤਿਆ ਦੀ ਸਥਿਤੀ ਵਿੱਚ ਔਰਤ ਦੇ ਨਾਂ ਉੱਤੇ ਜਮੀਨ ਦੀ ਮਾਲਕੀ ਕਰਨ ਦੀ ਪ੍ਰਕ੍ਰਿਆ ਬਹੁਤ ਜਟਿਲ ਹੈ । ਆਤਮ ਹੱਤਿਆ ਪੀੜਤ 29% ਕਿਸਾਨ ਪਤਨੀਆਂ ਯਾਨੀ ਮਹਿਲਾ ਕਿਸਾਨ ਪਤੀ ਦੀ ਜਮੀਨ ਦੇ ਹਿੱਸੇ ਨੂੰ ਅਤੇ 65 % ਪਤੀ ਦੇ ਨਾਂ ਉਤਲੇ ਘਰਾਂ ਨੂੰ ਆਪਣੇ ਨਾਂ ਵਿੱਚ ਕਰਨ ਵਿੱਚ ਅਸਫਲ ਰਹਿੰਦੀਆਂ ਹਨ। ਮਹਿਲਾ ਕਿਸਾਨ ਨੂੰ ਖੇਤੀਬਾੜੀ ਕਰਜੇ ,ਕਰਜ ਮਾਫੀ,ਬਿਜਲੀ ,ਪਾਣੀ ਅਤੇ ਬੀਜ ਵਿੱਚ ਮਿਲਣ ਵਾਲੀ ਸਬਸਿਡੀ ਵਿੱਚ ਵੀ ਕਠਿਨਾਈ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਇਹਨਾਂ ਕਾਲੇ ਕਾਨੂੰਨਾ ਦਾ ਔਰਤਾਂ ਉੱਤੇ ਵੱਧ ਘਾਤਕ ਅਸਰ ਪਵੇਗਾ।ਭਾਰਤ ਦਾ ਮਹਿਲਾ ਅੰਦੋਲਨ ਸਮੁੱਚੇ ਤੌਰ ਤੇ ਅਤੇ ਪੰਜਾਬ ਦਾ ਨਾਰੀ ਅੰਦੋਲਨ ਵਿਸ਼ੇਸ਼ ਤੌਰ ਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਸੰਘਰਸ਼ ਨੂੰ ਪੂਰਾ ਸਮਰਥਨ ਦਿੰਦਾ ਹੈ। ਪੰਜਾਬ ਮਹਿਲਾ ਸਮੂਹ ਦੀਆਂ ਔਰਤਾਂ ਅੰਦੋਲਨਕਾਰੀ ਬਹਾਦਰ ਕਿਸਾਨ ਭੈਣਾਂ ਭਰਾਵਾਂ ਵਿੱਚ ਇਕ ਜੁੱਟ ਹੋ ਕੇ ਬਾਡਰ ਉਤੇ ਬੈਠੀਆਂ ਹਨ । ਪੰਜਾਬ ਵੋਮੈਨ ਕੁਲੈਕਟਿਵ ਦੀ ਮੰਗ ਹੈ ਕਿ ਸਰਕਾਰ ਬਗੈਰ ਸਰਤ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਿਸ ਲਵੇ।ਇਸੇ ਲੜੀ ਵਿੱਚ ਸਦੀਆਂ ਤੋਂ ਸਮਾਜ ਵਿੱਚ ਨਿਤਾਣੇ ਵਰਗ ਨਾਲ਼ ਸੰਬੰਧਤ ਨੌਦੀਪ ਕੌਰ ਜੋ ਫੈਕਟਰੀਆਂ ਵਿੱਚ ਕੰਮ-ਕਾਜ ਕਰਦੀ-ਕਰਦੀ, ਕਿਸਾਨ ਅੰਦੋਲਨ ਤੋਂ ਹੌਸਲਾ ਲੈ ਕੇ ਮਜ਼ਦੂਰਾਂ ਨੂੰ ਜ੍ਰਾਗਿਤ ਕਰਦੀ ਹੋਈ ਹਕੂਮਤੀ ਜਬਰ ਦੀ ਸ਼ਿਕਾਰ ਹੋਈ। ਨੌ ਦੀਪ ਦੀ ਰਿਹਾਈ ਲਈ ਲਗਭਗ ਪੂਰੇ ਦੇਸ਼ ਨੇ ਆਪਣੀ ਭੂਮਿਕਾ ਨਿਭਾਈ ।ਵੱਖ ਵੱਖ ਥਾਵਾਂ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਇਸ ਔਰਤ ਸ਼ਕਤੀ ਵਿੱਚ ਵੱਡਾ ਹਿੱਸਾ ਉਨਾਂ ਔਰਤਾਂ ਦਾ ਵੀ ਹੈ ਜਿਹਨਾਂ ਦੇ ਕਮਾਊ ਪਤੀ ਜਾਂ ਪੁੱਤ ਖੇਤੀ ਤੇ ਆਏ ਆਰਥਿਕ ਸੰਕਟ ਦੀ ਭੇਂਟ ਚੜ ਗਏ ਹਨ। ਵੱਡੀ ਗੱਲ ਹੈ ਕਿ ਇਹਨਾਂ ਔਰਤਾਂ ਨੇ ਮਹਿਸੂਸ ਕਰ ਲਿਆ ਹੈ ਕਿ ਉਹਨਾਂ ਕੋਲ ਹੁਣ ਹੋਰ ਗੁਆਉਣ ਲਈ ਕੁੱਝ ਨਹੀਂ ਬਲਕਿ ਪੈਲੀਆਂ ਦੀ ਰਾਖੀ ਕਰਕੇ ਕਿਸਾਨਾਂ ਲਈ ਪ੍ਰਾਪਤ ਕਰਨ ਵਾਸਤੇ ਸਾਰਾ ਜਹਾਨ ਪਿਆ ਹੈ। ਇਸ ਸੰਘਰਸ਼ ਦੀ ਕਾਮਯਾਬੀ ਲਈ ਕਿਸਾਨ ਤੇ ਮਜ਼ਦੂਰ ਔਰਤਾਂ ਨੂੰ ਵੀ ਮੋਰਚਿਆਂ ’ਚ ਸ਼ਾਮਲ ਹੋਣ ਦੀ ਵੱਡੀ ਜਰੂਰਤ ਮਹਿਸੂਸ ਹੋਈ ਹੈ। ਇਹ ਔਰਤਾਂ ਜਾਣਦੀਆਂ ਹਨ ਕਿ ਇਸ ਲੜਾਈ ’ਚ ਹੁਣ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜਕੇ ਅੱਗੇ ਵਧਣਾ ਵਕਤ ਦੀ ਅਣਸਰਦੀ ਲੋੜ ਬਣ ਗਿਆ ਹੈ।ਔਰਤਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਜੇਕਰ ਸੰਘਰਸ਼ ਲੜਨਾ ਹੈ ਤਾਂ ਸਾਰਿਆਂ ਨੂੰ ਇੱਕਜੁੱਟ ਹੋਕੇ ਲੜਨਾ ਪਵੇਗਾ ਤਾਂ ਹੀ ਸਾਰੇ ਜਾਣੇ ਜਿੱਤ ਹਾਸਿਲ ਕਰ ਸਕਦੇ ਹਾਂ ਜੇਕਰ ਦੇਸ਼ ਦੇ ਬੱਚੇ ਤੋਂ ਲੈ ਕੇ ਹਰ ਵਰਗ ਦਾ ਵਿਅਕਤੀ ਅੰਦੋਲਨ ਵਿੱਚ ਵੱਧ ਚੜ ਕੇ ਹਿੱਸਾ ਲਵੇ ਤਾਂ ਉਹ ਦਿਨ ਦੂਰ ਨਹੀਂ ਕਿ ਇਹਨਾਂ ਕਾਨੂੰਨਾਂ ਤੋਂ ਛੁਟਕਾਰਾ ਮਿਲ ਜਾਵੇਗਾ ਤਾ ਜੋ ਆਸ ਦੀ ਨਵੀਂ ਕਿਰਨ ਜਾਗ ਸਕੇ।
ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ।
9988933161