ਹੁਣ ਤੱਕ ਮੋਗਾ ਜਿਲ੍ਹੇ ਦੇ ਪੰਜ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਪੈਨਸ਼ਨ ਸ਼ੁਰੂ ਹੋਈ – ਚੁਗਾਵਾਂ, ਜਾਨੀਆਂ
ਮੋਗਾ (ਪੰਜ ਦਰਿਆ ਬਿਊਰੋ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਸਿੰਘੂ ਬਾਰਡਰ ਤੇ ਕੀਤੇ ਗਏ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਮੋਗਾ ਜਿਲ੍ਹੇ ਦੇ ਪਿੰਡ ਨੱਥੂਵਾਲਾ ਗਰਬੀ ਦੇ ਸ਼ਹੀਦ ਕਿਸਾਨ ਜੀਤ ਸਿੰਘ ਦੇ ਪਰਿਵਾਰ ਦੀ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਟਰੱਸਟ ਦੇ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫਤਰ ਵਿੱਚ ਸ਼ਹੀਦ ਜੀਤ ਸਿੰਘ ਦੀ ਪਤਨੀ ਗੁਰਮੇਲ ਕੌਰ ਨੂੰ ਪੈਨਸ਼ਨ ਦਾ ਪਹਿਲਾ ਚੈਕ ਸੌਂਪਿਆ ਗਿਆ। ਇਸ ਮੌਕੇ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਅਤੇ ਕਾਰਜਕਾਰੀ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਦੱਸਿਆ ਕਿ ਮੋਗਾ ਜਿਲ੍ਹੇ ਵਿੱਚ ਹੁਣ ਤੱਕ ਪੰਜ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਪੈਨਸ਼ਨ ਸ਼ੁਰੂ ਹੋ ਚੁੱਕੀ ਹੈ ਤੇ ਦੋ ਕੇਸ ਹੋਰ ਭੇਜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਚਾਰ ਲੋੜਵੰਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਈ ਮਹੀਨੇ ਪੈਨਸ਼ਨ ਸ਼ੁਰੂ ਕੀਤੀ ਗਈ ਸੀ ਜਿਨ੍ਹਾਂ ਵਿੱਚ ਸ਼ਹੀਦ ਮੇਵਾ ਸਿੰਘ ਖੋਟੇ, ਸ਼ਹੀਦ ਸੁਖਮੰਦਰ ਸਿੰਘ ਰਣਸੀਂਹ, ਸ਼ਹੀਦ ਦਰਸ਼ਨ ਸਿੰਘ ਰੌਲੀ, ਸ਼ਹੀਦ ਮੱਖਣ ਖਾਂ ਭਿੰਡਰ ਕਲਾਂ ਦੇ ਪਰਿਵਾਰ ਸ਼ਾਮਿਲ ਹਨ। ਉਹਨਾਂ ਇਹ ਵੀ ਦੱਸਿਆ ਕਿ ਅਗਲੇ ਮਹੀਨੇ ਤੋਂ ਇਹ ਪੈਨਸ਼ਨ ਸਿੱਧੀ ਉਹਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋਵੇਗੀ । ਇਸ ਮੌਕੇ ਆਪਣੇ ਸੰਬੋਧਨ ਦੌਰਾਨ ਟਰੱਸਟੀ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕਿਸਾਨ ਅੰਦੋਲਨ ਦੌਰਾਨ ਜੋ ਕਿਸਾਨ ਸ਼ਹੀਦ ਹੋਏ ਹਨ, ਉਹਨਾਂ ਵਿੱਚੋਂ, ਉਹ ਪਰਿਵਾਰ ਜਿਨ੍ਹਾਂ ਕੋਲ ਜਮੀਨ ਘੱਟ ਹੈ ਤੇ ਪਰਿਵਾਰਾਂ ਨੂੰ ਸਹਾਇਤਾ ਦੀ ਜਰੂਰਤ ਹੈ, ਨੂੰ ਟਰੱਸਟ ਵੱਲੋਂ ਦਸ ਹਜਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਦਿੱਤੀ ਜਾਵੇਗੀ । ਇਸ ਤਹਿਤ ਹੁਣ ਤੱਕ ਪੰਜਾਬ ਵਿੱਚ 221 ਲੋੜਵੰਦ ਪਰਿਵਾਰਾਂ ਨੂੰ ਪੈਨਸ਼ਨ ਜਾਰੀ ਕੀਤੀ ਜਾ ਚੁੱਕੀ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਸ ਪੈਨਸ਼ਨ ਲਈ ਸਿਰਫ ਉਹਨਾਂ ਕਿਸਾਨਾਂ ਜਾਂ ਮਜਦੂਰਾਂ ਨੂੰ ਵਿਚਾਰਿਆ ਗਿਆ ਹੈ, ਜਿਨ੍ਹਾਂ ਦੀ ਮੌਤ ਦਿੱਲੀ ਵਿਖੇ ਹੋਈ ਹੈ। ਉਹਨਾਂ ਦੱਸਿਆ ਕਿ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਡਾ. ਉਬਰਾਏ ਜੀ ਵੱਲੋਂ ਰਾਸ਼ਨ, ਜੈਕਟਾਂ, ਚੱਪਲਾਂ, ਦਵਾਈਆਂ, ਘੋੜਿਆਂ ਦੀ ਖੁਰਾਕ ਅਤੇ ਰਿਹਾਇਸ਼ ਲਈ ਟੈਂਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਦੋਨਾਂ ਬਾਰਡਰਾਂ ਤੇ ਮੈਡੀਕਲ ਕੈਂਪ ਚੱਲ ਰਿਹਾ ਹੈ, ਜਿਸ ਵਿੱਚ ਟਰੱਸਟ ਦੇ ਚਾਰ ਡਾਕਟਰ ਅਤੇ ਪੰਜ ਐਂਬੂਲੈਂਸਾਂ ਲਗਾਤਾਰ ਸੇਵਾਵਾਂ ਦੇ ਰਹੀਆਂ ਹਨ ਤੇ ਦਸ ਦਸ ਦਿਨਾਂ ਲਈ ਜਿਲਿਆਂ ਦੀਆਂ ਟੀਮਾਂ ਵੀ ਉਥੇ ਸੇਵਾ ਕਰ ਰਹੀਆਂ ਹਨ । ਇਸ ਮੌਕੇ ਟਰੱਸਟ ਦੇ ਕੈਸ਼ੀਅਰ ਦਵਿੰਦਰਜੀਤ ਸਿੰਘ ਗਿੱਲ ਨੇ ਡਾ. ਐਸ.ਪੀ. ਉਬਰਾਏ ਜੀ ਦਾ ਧੰਨਵਾਦ ਕਰਦਿਆਂ ਕਿਹਾ ਉਹ ਧਰਤੀ ਤੇ ਲੋੜਵੰਦਾਂ ਦੇ ਮਸੀਹਾ ਹਨ, ਜੋ ਹਰ ਲੋੜਵੰਦ ਦੀ ਅੱਗੇ ਹੋ ਕੇ ਮੱਦਦ ਕਰ ਰਹੇ ਹਨ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਪੰਜਾਬ ਵਿੱਚ ਹੁਣ ਤੱਕ 30 ਦੇ ਕਰੀਬ ਚੈਰੀਟੇਬਲ ਲਬਾਰਟਰੀਆਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ ਤੇ 25 ਹੋਰ ਲੈਬਾਂ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ 8500 ਦੇ ਕਰੀਬ ਵਿਧਵਾ ਔਰਤਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਪੈਨਸ਼ਨ ਦਿੱਤੀ ਜਾ ਰਹੀ ਹੈ । ਪੁਲਵਾਮਾ ਵਿੱਚ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਦੇ ਪਰਿਵਾਰਾਂ ਨੂੰ ਹਰ ਮਹੀਨੇ ਦਸ ਹਜਾਰ ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ, 200 ਦੇ ਕਰੀਬ ਕਿੱਤਾਮੁਖੀ ਸਿਖਲਾਈ ਕੇਂਦਰ ਚੱਲ ਰਹੇ ਹਨ ਤੇ ਸਕੂਲਾਂ ਵਿੱਚ ਆਰ.ਓ. ਲਗਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਡਾ. ਉਬਰਾਏ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਜਿੱਥੇ ਆਮ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ, ਉਥੇ ਸਿਹਤ ਵਿਭਾਗ ਨੂੰ ਵੈਂਟੀਲੇਟਰ, ਟਿ੍ਪਲ ਲੇਅਰ ਤੇ ਐਨ 95 ਮਾਸਕ, ਪੀ ਪੀ ਈ ਕਿੱਟਾਂ ਤੇ ਸੈਨੇਟਾਈਜ਼ਰ ਆਦਿ ਮੁਹੱਈਆ ਕਰਵਾਏ ਗਏ ਹਨ ਤੇ ਹੁਣ ਫਿਰ ਕਰੋਨਾ ਪ੍ਰਭਾਵਿਤ ਪਰਿਵਾਰਾਂ ਦੀ ਮੱਦਦ ਲਈ ਸਹਾਇਤਾ ਭੇਜ ਰਹੇ ਹਨ । ਇਸ ਮੌਕੇ ਸ਼ਹੀਦ ਕਿਸਾਨ ਦੇ ਪਰਿਵਾਰ ਨੇ ਡਾ. ਐਸ.ਪੀ. ਉਬਰਾਏ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਸਾਡੀ ਔਖੇ ਸਮੇਂ ਬਾਂਹ ਫੜੀ ਹੈ ਤੇ ਸਾਡੇ ਪਰਿਵਾਰ ਹਮੇਸ਼ਾਂ ਉਹਨਾਂ ਦੇ ਰਿਣੀ ਰਹਿਣਗੇ । ਇਸ ਮੌਕੇ ਉਕਤ ਤੋਂ ਇਲਾਵਾ ਟਰੱਸਟ ਦੇ ਚੇਅਰਮੈਨ ਹਰਜਿੰਦਰ ਚੁਗਾਵਾਂ, ਕੈਸ਼ੀਅਰ ਦਵਿੰਦਰਜੀਤ ਸਿੰਘ ਗਿੱਲ, ਮਹਿੰਦਰ ਪਾਲ ਲੂੰਬਾ, ਗੁਰਸੇਵਕ ਸਿੰਘ ਸੰਨਿਆਸੀ, ਨਰਜੀਤ ਕੌਰ, ਭਵਨਦੀਪ ਸਿੰਘ ਪੁਰਬਾ, ਸੁਖਦੇਵ ਸਿੰਘ ਬਰਾੜ, ਜਸਵੀਰ ਕੌਰ, ਰਾਮ ਸਿੰਘ ਜਾਨੀਆਂ, ਜਸਵੀਰ ਡਾਲਾ, ਜਸਵੰਤ ਸਿੰਘ ਪੁਰਾਣੇਵਾਲਾ ਆਦਿ ਤੋਂ ਇਲਾਵਾ ਸ਼ਹੀਦ ਜੀਤ ਸਿੰਘ ਦੇ ਪਰਿਵਾਰਕ ਮੈਂਬਰ ਹਾਜਰ ਸਨ ।
