10.2 C
United Kingdom
Saturday, April 19, 2025

More

    ਤੀਆਂ ਤੀਜ ਦੀਆਂ

    ਡਾ. ਕਰਮਜੀਤ ਸਿੰਘ

    ਪੰਜਾਬ ਦੀਆਂ ਤੀਆਂ ਕਿਸੇ ਵੀ ਦੇਵੀ ਦੇਵਤੇ ਨਾਲ ਸਬੰਧ ਨਹੀਂ ਰੱਖਦੀਆਂ, ਭਾਵੇਂ ਮੂਲ ਰੂਪ ਵਿਚ ਇਸਦਾ ਸਬੰਧ ਪਾਰਬਤੀ ਦੀ ਭਾਰਤੀ ਸਭਿਆਚਾਰਕ ਮਿੱਥ ਨਾਲ ਜਾ ਜੁੜਦਾ ਹੈ। ਹਿੰਦੁਸਤਾਨ ਵਿਚ ਤੀਜ ਦੇ ਤਿਉਹਾਰਾਂ ਉਪਰ ਸੰਖੇਪ ਵਿਚਾਰ ਤੋਂ ਬਾਅਦ ਅਸੀਂ ਪੰਜਾਬ ਦੀਆਂ ਤੀਆਂ ਦਾ ਮਹੱਤਵ ਸਮਝ ਸਕਾਂਗੇ। ਅਸਲ ਵਿਚ ਪੰਜਾਬ ਦੀ ਤੀਜ ਨੂੰ ਹੀ ਹਰਿਆਲੀ ਤੀਜ ਕਿਹਾ ਜਾਂਦਾ ਹੈ, ਜਿਸ ਉਪਰ ਆਮ ਤੌਰ ਤੇ ਹਰੇ ਕੱਪੜੇ ਪਾਏ ਜਾਂਦੇ ਹਨ। ਕੁਝ ਅਨੁਸਾਰ ਪੀਲੇ ਕਪੜੇ ਵੀ ਪਾਏ ਜਾਂਦੇ ਹਨ ਪਰ ਪੀਲੇ ਕਪੜੇ ਬਸੰਤ ਲਈ ਰਾਖਵੇਂ ਹਨ। ਇਕ ਤਰ੍ਹਾਂ ਨਾਲ ਤੀਜ ਬਰਸਾਤ ਦੇ ਮੌਸਮ ਨੂੰ ਮਾਨਣ ਦਾ ਤਿਉਹਾਰ ਹੈ; ਨਾਲ ਹੀ ਵਿਆਹੀਆਂ ਦਾ ਤਿਉਹਾਰ ਵੀ ਹੈ।  

    ਕੁਝ ਪੰਜਾਬੀ ਵਿਦਵਾਨਾਂ ਨੇ ਇਸਨੂੰ ਰਾਜਸਥਾਨ ਦੇ ਗੌਰੀ ਤ੍ਰਿਤਿਆ ਨਾਲ ਜੋੜਨ ਦੀ ਭੁੱਲ ਕੀਤੀ ਹੈ। ਪਰ ਗੌਰੀ ਤ੍ਰਿਤਿਆ ਚੇਤ ਦੀ ਪਹਿਲੀ ਤੋਂ ਲੈ ਕੇ ਅਠਾਰਾਂ ਦਿਨ ਤੱਕ ਮਨਾਇਆ ਜਾਂਦਾ ਹੈ। ਇਹ ਹੋਲੀ ਤੋਂ ਬਾਅਦ ਆਉਂਦਾ ਹੈ। ਇੱਥੇ ਸ਼ਿਵ-ਗੌਰੀ ਜਾਂ ਈਸਰ ਗੌਰੀ ਦੀਆਂ ਮਿੱਟੀ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਇਕ ਹੋਰ ਪਰਵ ਨੂੰ ਵੀ ਗੌਰੀ ਤ੍ਰਿਤੀਆ ਕਿਹਾ ਜਾਂਦਾ ਹੈ ਜੋ ਚੇਤਰ ਦੇ ਚਾਨਣ ਪੱਖ ਦੀ ਤੀਜੀ ਤਿਥੀ ਤੋਂ ਲੈ ਕੇ ਵਿਸਾਖ ਦੇ ਚਾਨਣ ਪੱਖ ਦੀ ਤੀਜੀ ਤਿਥੀ ਤੱਕ ਪੂਰਾ ਇਕ ਮਹੀਨਾ ਚਲਦਾ ਹੈ। ਦੱਖਣ ਵਿਚ ਇਹ ਉਤਸਵ ਕੇਥਾਰਾ ਗੌਰੀ ਵ੍ਰਿਤਮ ਨਾਮ ਨਾਲ ਦੀਵਾਲੀ ਤੋਂ ਬਾਅਦ ਨਵੇਂ ਚੰਦ ਨਾਲ ਮਨਾਇਆ ਜਾਂਦਾ ਹੈ।  “ਗੌਰੀ ਹੱਬਾ’’ ਭਾਦੋਂ ਦੇ ਚਾਨਣੀ ਪੱਖ ਦੀ ਸੱਤਵੀਂ ਅੱਠਵੀਂ ਅਤੇ ਨੌਵੀਂ ਤਿਥੀ ਨੂੰ ਮਨਾਇਆ ਜਾਂਦਾ ਹੈ। ਇਉਂ ਇਕ ਤੱਥ ਸਰਵ ਪ੍ਰਵਾਨਿਤ ਹੈ ਕਿ ਇਹ ਸਾਰੇ ਤਿਉਹਾਰ ਦੇਸੀ ਮਹੀਨੇ ਦੇ ਚਾਨਣ ਪੱਖ ਵਿਚ ਮਨਾਏ ਜਾਂਦੇ ਹਨ। ਦੂਜੇ ਇਹ ਸਾਰੇ ਮਨਾਏ ਜਾਂਦੇ ਤਿਉਹਾਰ ਬਹੁਤੇ ਵਿਆਹੀਆਂ ਵਰੀਆਂ ਔਰਤਾਂ ਨਾਲ ਜੁੜੇ ਹੋਏ ਹਨ। ਕਿਤੇ ਇਹ ਫਸਲਾਂ ਦੇ ਤਿਉਹਾਰ ਵਜੋਂ ਵੀ ਮਨਾਏ ਜਾਂਦੇ ਹਨ।  

    ਪੰਜਾਬ ਵਿਚ ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ ਪੂਰੇ ਤੇਰਾਂ ਦਿਨ ਮਨਾਇਆ ਜਾਂਦਾ ਹੈ। ਤੀਆਂ ਤੋਂ ਪਹਿਲਾਂ ਪਹਿਲਾਂ ਭਰਾ ਵਿਆਹੀਆਂ ਭੈਣਾਂ ਨੂੰ ਘਰ ਲੈ ਆਉਂਦੇ ਹਨ। ਜੋ ਨਹੀਂ ਆ ਸਕਦੀਆਂ ਤਾਂ ਉਨ੍ਹਾਂ ਲਈ ‘ਸੰਧਾਰਾ’ ਭੇਜਿਆ ਜਾਂਦਾ ਹੈ। ’ਸੰਧਾਰਾ’ ਜਾਂ ਸੰਧਉਰਾ ਦਾ ਅਰਥ ਸੰਧੂਰ ਹੈ ਜੋ ਵਿਆਹੇ ਹੋਣ ਦੀ ਨਿਸ਼ਾਨੀ ਹੈ ਤੇ ਜਿਸਨੂੰ ਸਿਰ ਦੇ ਚੀਰ ਵਿਚ ਪਾਇਆ ਜਾਂਦਾ ਹੈ। ਪਰ ਸੰਧਾਰੇ ਵਿਚ ਕੇਵਲ ਸੰਧੂਰ ਹੀ ਨਹੀਂ ਹੁੰਦਾ ਸਗੋਂ ਕਪੜੇ, ਸ਼ਿੰਗਾਰ ਦਾ ਸਾਰਾ ਸਮਾਨ ਅਤੇ ਗਹਿਣਾ-ਗੱਟਾ ਵੀ ਹੁੰਦਾ ਹੈ। ਵਿਆਹ ਬਾਅਦ ਪਹਿਲੀ ਤੀਜ ਕੁੜੀਆਂ ਮਾਪਿਆਂ ਦੇ ਘਰ ਮਨਾਉਂਦੀਆਂ ਹਨ। ਕੁੜੀਆਂ ਖੁੱਲ੍ਹੀਆਂ ਥਾਵਾਂ ਵਿਚ ਬੋਹੜਾਂ ਪਿੱਪਲਾਂ ਉਪਰ ਪੀਂਘਾਂ ਪਾਉਂਦੀਆਂ ਹਨ। ਇੱਥੇ ਹੀ ਗਿੱਧੇ ਦਾ ‘ਪਿੜ’ ਬੱਝਦਾ ਹੈ। ਪੀਂਘਾਂ ਝੂਟਣਾ ਇਕ ਤਰ੍ਹਾਂ ਨਾਲ ਸ਼ਗਨ ਵੀ ਮੰਨਿਆ ਜਾਂਦਾ ਹੈ ਪਰ ਜਵਾਨ ਕੁੜੀਆਂ ਏਨੀ ਊਚੀ ਪੀਂਘਾਂ ਹੰਘਾਉਂਦੀਆਂ ਹਨ ਕਿ ਬੋਹੜਾਂ, ਪਿੱਪਲਾਂ ਦੇ ਪੱਤਿਆਂ ਤੱਕ ਜਾ ਪਹੁੰਚਦੀਆਂ ਹਨ। ਕੁਝ ਪੱਤੇ ਤੋੜ ਲਿਆਉਂਦੀਆਂ ਹਨ ਜਿਹਨਾਂ ਨੂੰ ‘ਸੱਸ ਦਾ ਚੂੰਡਾ ਪੁੱਟਣਾ’ ਵੀ ਕਿਹਾ ਜਾਂਦਾ ਹੈ। ਸੱਸਾਂ ਤੋਂ ਦੂਰ ਅਜਿਹਾ ਕਰਨ ਦਾ ਕੋਈ ਮਿਹਣਾ ਵੀ ਨਹੀਂ ਹੈ। ਤੇਰਾਂ ਦਿਨ ਪੂੜੇ, ਗੁਲਗੁਲੇ, ਖੀਰਾਂ ਤੇ ਪਕਵਾਨ ਪੱਕਦੇ ਹਨ ਤੇ ਖਾਧੇ ਜਾਂਦੇ ਹਨ। 

    ਗਿੱਧੇ ਦੇ ਪਿੜ ਵਿਚ ਕੇਵਲ ਤੇ ਕੇਵਲ ਔਰਤਾਂ ਹੀ ਸ਼ਾਮਲ ਹੁੰਦੀਆਂ ਹਨ ਤੇ ਕੁਦਰਤੀ ਹੈ ਕਿ ਜਿਵੇਂ ਮੁੰਡਿਆਂ ਦੇ ਅਖਾੜੇ ਵਿਚ ਲੁੱਚੀਆਂ ਬੋਲੀਆਂ ਤੱਕ ਪਾਈਆਂ ਜਾਂਦੀਆਂ ਹਨ, ਇਵੇਂ ਹੀ ਔਰਤਾਂ ਬੋਲੀਆਂ ਅਤੇ ਸਾਂਗਾਂ ਰਾਹੀਂ ਆਪਣੇ ਜਿਨਸੀ ਮਨੋਭਾਵਾਂ ਨੂੰ ਖੁੱਲ੍ਹ ਕੇ ਪ੍ਰਗਟਾਉਂਦੀਆਂ ਹਨ। ਜੇ ਕੋਈ ਮੁੰਡਾ/ਮਰਦ ਗਲਤੀ ਨਾਲ ਵੀ ਉਧਰ ਆ ਜਾਵੇ ਤਾਂ ਉਸਦੀ ਭੁਗਤ ਸੁਆਰੀ ਜਾਂਦੀ ਹੈ। ਕਈ ਥਾਈਂ ਭਾਈਚਾਰਾ ਮੁੰਡਿਆਂ ਕੁੜੀਆਂ ਨੂੰ ਇਕੱਠੇ ਹੋ ਕੇ ਵੀ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ, ਪਰ ਤੀਆਂ ਵਿਚ ਔਰਤ ਦੀ ਸਰਦਾਰੀ ਹੁੰਦੀ ਹੈ। ਪੂਰੇ ਪਿੰਡ ਦੀਆਂ ਔਰਤਾਂ ਇਕ ਜਾਂ ਵਾਧੂ ਪਿੜ ਮੱਲ ਕੇ ਗਿੱਧੇ ਵਿਚ ਬੋਲੀਆਂ ਦੀ ਛਹਿਬਰ ਲਾਉਂਦੀਆਂ ਹਨ। ਪੂਰਾ ਪਿੰਡ ਤੇਰਾਂ ਦਿਨ ਜਸ਼ਨਾਂ ਵਿਚ ਡੁੱਬ ਜਾਂਦਾ ਹੈ। ਪੁੰਨਿਆ ਵਾਲੇ ਦਿਨ ਬੱਲੋ ਪਾਈ ਜਾਂਦੀ ਹੈ। ਜੇ ਇਹ ਸ਼ਬਦ ਬਲਾਉ ਤੋਂ ਬਣਿਆ ਹੈ ਤਾਂ ਇਸਦਾ ਅਰਥ ਕਾਹਨ ਸਿੰਘ ਨਾਭਾ ਅਨੁਸਾਰ ਹੈ ‘ਬਲ ਛਲ਼’ ਹੈ। ਬੱਲੋ ਵਿਚ ਵਿਆਹ ਰਚਾਉਣ ਦਾ ਨਾਟਕ ਕੀਤਾ ਜਾਂਦਾ ਹੈ ਜਿਸ ਵਿਚ ਵਲ ਛਲ ਦੀ ਪ੍ਰਧਾਨਤਾ ਹੈ। ਗਿਆਨੀ ਗੁਰਦਿੱਤ ਸਿੰਘ ਅਨੁਸਾਰ, “ਇਕ ਕੁੜੀ ਨੂੰ ਲਾੜੀ, ਦੂਜੀ ਨੂੰ ਲਾੜਾ ਬਣਾ ਕੇ ਚੰਗੇ ਵਿਆਹ ਵਾਲੀਆਂ ਪੂਰੀਆਂ ਰਸਮਾਂ ਰੀਤਾਂ ਕੀਤੀਆਂ ਜਾਂਦੀਆਂ ਹਨ। ਜੰਞ ਦੇ ਢੁਕਾਉ ਵੇਲੇ ਕੁੜੀਆਂ ਦੀ ਇਕ ਢਾਣੀ ਮੂੰਹ ਨਾਲ ਵਾਜੇ ਵਜਾਉਂਦੀ ਜੰਞ ਮੂਹਰੇ ਨੱਚਦੀ ਟੱਪਦੀ ਜਾਂਦੀ ਹੈ। ਢੁਕਾ ਹੋਣ ਵੇਲੇ ਪੈਸਿਆਂ ਟਕਿਆਂ ਦੀ ਥਾਂ ਠੀਕਰੀਆਂ ਦੇ ਗੋਲ਼ ਗੋਲ਼ ਬਣਾਏ ਟਹੂਆਂ ਦੀ ਸਿੱਟ (ਸੋਟ) ਕੀਤੀ ਜਾਂਦੀ ਹੈ।  

    “ਵਿਆਹ ਦੀਆਂ ਰਸਮਾਂ ਪਿੱਛੋਂ ਜੰਞ ਦੀ ਵਿਦਾਇਗੀ ਵੇਲੇ ਪੈਸਿਆਂ ਦੀ ਥਾਂ ਠੀਕਰੀਆਂ ਰੋੜ ਸ਼ਗਨਾਂ ਭਰੇ ਡੋਲ੍ਹੇ ਉਤੋਂ ਦੀ ਸੁੱਟੇ ਜਾਂਦੇ ਹਨ। ਇਹਨਾਂ ਠੀਕਰੀਆਂ ਨੂੰ ਹੱਲੇ ਨਾਲ ਚੁਗਣ ਨੂੰ ‘ਤੀਆਂ ਲੁੱਟਣਾ’ ਕਿਹਾ ਜਾਂਦਾ ਹੈ। “ਕੁੜੀਆਂ ਦੀ ਇਕ ਢਾਣੀ ਡਾਂਗਾਂ ਤੇ ਹਥਿਆਰ ਲੈ ਕੇ ਡਾਕੂਆਂ ਵਾਂਗ ਜੰਞ ਦਾ ਰਾਹ ਰੋਕਣ ਲਈ ਪਹਿਲਾਂ ਹੀ ਤਿਆਰ ਖੜ੍ਹੀ ਹੁੰਦੀ ਹੈ। ਜੰਞ ਤੋਂ ਡੋਲਾ ਖੋਹ ਲੈਣਾ, ਜਾਂ ਲੁੱਟ ਮਚਾ ਦੇਣੀ, ਇਹ ਤੀਆਂ ਦੀ ਅੰਤਿਮ ਰਸਮ ਹੈ।

    ’’(ਮੇਰਾ ਪਿੰਡ, ਪੰਨਾ, 226-27)

    ਇਸ ਨਾਟਕ ਦਾ ਪਹਿਲਾ ਹਿੱਸਾ ਤਾਂ ਵਿਆਹ ਦਾ ਹੀ ਰੂਪ ਹੈ। ਪਰ ਦੂਸਰਾ ਹਿੱਸਾ ਡੋਲ਼ਾ ਲੁੱਟਣ ਨਾਲ ਸਬੰਧਤ ਹੈ। ਇਸ ਹਿੱਸੇ ਨੂੰ ਕੁਝ ਲੇਖਕਾਂ ਨੇ ਅਬਦਾਲੀ ਦੇ ਹੱਲਿਆਂ ਨਾਲ ਜੋੜਿਆ ਹੈ, ਪਰ ਇਹ ਕਬੀਲਾਈ ਲੜਾਈਆਂ ਦਾ ਰੂਪ ਲੱਗਦਾ ਹੈ ਜਿਸ ਉਪਰ ਹੋਰ ਵਿਚਾਰ ਕੀਤੀ ਜਾ ਸਕਦੀ ਹੈ।  ਸਾਉਣ ਵਿਚ ਸਾਉਣ ਦੇ ਲੰਮੇ ਗਾਉਣ ਵੀ ਗਾਏ ਜਾਂਦੇ ਹਨ ਤੇ ਗਿੱਧੇ ਦੇ ਪਿੜ ਵਿਚ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ। ਗੀਤਾਂ ਦਾ ਵਿਸ਼ਾ ਬਿਰਹਾ ਹੈ। ਜੋ ਪਤੀ ਤੋਂ ਦੂਰ ਪਤਨੀ ਦਾ ਬਿਰਹਾ ਹੈ ਤਾਂ ਮੇਲ਼ ਵੀ ਹੈ ਤੇ ਖੁਸ਼ੀ ਦਾ ਕਾਰਣ ਵੀ ਹੈ। ਇੱਥੇ ਇਕ ਗੀਤ ਦੇ ਕੁਝ ਬੋਲ ਸਾਂਝੇ ਕੀਤੇ ਜਾ ਸਕਦੇ ਹਨ।

    ਚੁਣ ਚੁਣ ਮੋਤੀ ਦਾਲ ਰਿੰਨਾਂ ਨੀ ਮੈਂ, 

    ਲੌਂਗਾਂ ਦਾ ਤੜਕਾ ਮੈਂ ਲਾਵਾਂ,

    ਬਾਰੀਂ ਵਰੀਏਂ ਘਰ ਸ਼ਾਮ ਆਇਆ।

    ਕੱਢ ਕਲ਼ੇਜਾ ਆਟਾ ਗੁੰਨਾਂ ਨੀ ਮੈਂ ਦਿਲ ਦਾ ਤੰਦੂਰ ਤਪਾਵਾਂ,

    ਬਾਰੀ ਵਰੀਏ ਘਰ ਸ਼ਾਮ ਆਇਆ…

    ਇਕ ਖਾਵੀਂ ਵੇ ਤੂੰ ਦੂਜੀ ਖਾਵੀਂ,

    ਮੇਰੀ ਤੀਜੀ ਨੂੰ ਹੱਥ ਨਾ ਲਾਵੀਂ, ਬਾਰੀ…..

    ਇਕ ਅਰਜ ਮੰਨੀ ਕਾਲੀ ਬਦਲੀ ਨੇ,

    ਨੀ ਉਹ ਜਾਏ ਬਰਸੀ ਅੰਬੇ ਹੇਠ ਬਾਰੀਂ ….

    ਚੱਕ ਮੰਜੀ ਨੀ ਉਹ ਘਰ ਨੂੰ ਆਇਆ,

    ਕੁੰਡਾ ਖੋਲ੍ਹ ਦੇ ਕਪੱਤੀਏ ਨਾਰੇ, ਬਾਰੀਂ …..

    ਇਕ ਅਰਜ ਮੰਨੀ ਕਾਲ਼ੀ ਬਦਲੀ ਨੇ,

    ਮੇਰਾ ਰੁੱਠੜਾ ਸ਼ਾਮ ਮੰਨਾਇਆ…

    ਬਾਰੀਂ ਵਰ੍ਹੀਏਂ ਘਰ ਸ਼ਾਮ ਆਇਆ। 

    ਇਕ ਅੱਧ ਲੇਖਕ ਨੇ ਕਿਹਾ ਹੈ ਕਿ ਬੱਲੋ ਦੇ ਗਿੱਧੇ ਵਿਚ ਇਕ-ਤੁਕੀਆਂ ਬੋਲੀਆਂ ਹੀ ਪਾਈਆਂ ਜਾਂਦੀਆਂ ਹਨ ਪਰ ਇਸ ਵਿਚ ਕੋਈ ਸੱਚਾਈ ਨਹੀਂ। ਲੰਮੀਆਂ, ਦੋ-ਤੁਕੀਆਂ, ਇਕ-ਤੁਕੀਆਂ ਹਰ ਤਰ੍ਹਾਂ ਦੀਆਂ ਬੋਲੀਆਂ ਹੁੰਦੀਆਂ ਹਨ। ਬੋਲੀਆਂ ਦਾ ਵਿਸ਼ਾ ਉਹੀ ਹੁੰਦਾ ਹੈ ਜੋ ਬਾਕੀ ਲੋਕ ਗੀਤਾਂ ਦਾ ਹੁੰਦਾ ਹੈ। ਸਹੁਰੇ ਘਰ ਦੇ ਜੀਆਂ ਦੀ ਬਦਖੋਈ, ਔਰਤ-ਮਰਦ ਦਾ ਪਿਆਰ, ਪ੍ਰੇਮੀ, ਦਿਓਰ ਤੇ ਹੋਰ ਰਿਸ਼ਤੇ। ਮਨ ਦੇ ਜਿਨਸੀ ਭਾਵਾਂ ਦਾ ਪ੍ਰਗਟਾ ਇੱਥੇ ਨਿਸੰਗਤਾ ਨਾਲ ਕੀਤਾ ਜਾਂਦਾ ਹੈ। ਕੁਝ ਬੋਲੀਆਂ ਇੱਥੇ ਦੇਣੀਆਂ ਸ਼ਾਇਦ ਜ਼ਰੂਰੀ ਹਨ।

    1. ਦੁਆਬੇ ਦੀ ਮੈਂ ਜੰਮੀ ਜਾਈ, ਜੰਗਲ ਵਿਚ ਵਿਆਹੀ।

    ਡਾਰ ਵਿਛੁੰਨੀ ਕੰਜ ਮੈਂ ਭੈਣੋਂ, ਜੰਗ ਨੂੰ ਗਿਆ ਮੇਰਾ ਮਾਹੀ।

    ਹਰ ਦਮ ਨੀਰ ਵੱਗੇ ਮੇਰੀ ਅੱਖੀਂ, ਔਣ ਦੀ ਚਿੱਠੀ ਨਾ ਪਾਈ।

    ਆ ਜਾ ਸਿਪਾਹੀਆ ਵੇ ਜਿੰਦੜੀ ਘੋਲ ਘੁਮਾਈ।


    2. ਨੌਕਰ ਨੂੰ ਨਾ ਦੇਈਂ ਬਾਬਲਾ, ਹਾਲ਼ੀ ਪੁੱਤ ਬਥੇਰੇ।

    ਨੌਕਰ ਪੁੱਤ ਤਾਂ ਘਰ ਨਹੀਂ ਰਹਿੰਦੇ ਵਿਚ ਪਰਦੇਸਾਂ ਡੇਰੇ।

    ਨੌਕਰ ਨਾਲੋਂ ਐਵੇਂ ਚੰਗੀ ਦਿਨ ਕੱਟ ਲਊਂ ਘਰ ਤੇਰੇ।

    ਮੈਂ ਤੈਨੂੰ ਵਰਜ ਰਹੀ ਦੇਈਂ ਨਾ ਬਾਬਲਾ ਫੇਰੇ।


    3. ਸਾਉਣ ਮਹੀਨੇ ਦਿਨ ਵੇ ਗਿੱਧੇ ਦੇ,ਸਭੇ ਸਹੇਲੀਆਂ ਆਈਆਂ।

    ਭਿੱਜ ਗਈ ਰੂਹ ਮਿੱਤਰਾ,ਸ਼ਾਮ ਘਟਾ ਚੜ੍ਹ ਆਈਆਂ।

    4. ਹਾੜ ਮਹੀਨੇ ਬੋਲਣ ਚਿੜੀਆਂ, ਸਾਉਣ ਮਹੀਨੇ ਕੋਲਾਂ

    ਦਿਲ ਤੋਲੇਂ ਤੂੰ ਝੁਕਦੇ ਪਲੜੇ, ਮੈਂ ਝੁਕਦੇ ਨਾ ਤੋਲਾਂ,

    ਗਿੱਧੇ ਵਿਚ ਤੈਂ ਲਾਈ ਛਹਿਬਰ,

    ਕਿਵੇਂ ਮੈਂ ਤੈਨੂੰ ਮੋਹ ਲਾਂਸੁਣ ਲੈ ਹੀਰੇ ਨੀ ਦਿਲ ਦੀਆਂ ਘੁੰਡੀਆਂ ਖੋਲ੍ਹਾਂ।


    5. ਖੜੋਤੀ ਕੁੜੀਏ, ਭਿਉਂ ਬੱਠਲਾਂ ਵਿਚ ਦਾਣਾ,

    ਤੀਵੀਆਂ ਦਾ ਰਾਜ ਹੋ ਗਿਆ,

    ਚੱਕੀ ਛੁੱਟ ਗਈ, ਚੁਲ੍ਹੇ ਨੇ ਛੁੱਟ ਜਾਣਾ।

    ਇਸ ਤਰ੍ਹਾਂ ਦੀਆਂ ਹਜ਼ਾਰਾਂ ਬੋਲੀਆਂ ਅਤੇ ਗੀਤ ਤੀਆਂ ਨਾਲ ਸਬੰਧਤ ਹਨ।ਸਾਲ ਬਾਅਦ ਆਉਂਦਾ ਤੀਆਂ ਦਾ ਇਹ ਤਿਉਹਾਰ ਸੈਂਕੜੇ ਸਾਲਾਂ ਤੱਕ ਕੁੜੀਆਂ ਨੂੰ ਹੁਲਾਰੇ ਦਿੰਦਾ ਰਿਹਾ ਹੈ। ਉਹਨਾਂ ਨੂੰ ਮਨ ਦੀਆਂ ਕਹਿਣ ਦਾ ਮੌਕਾ ਦਿੰਦਾ ਰਿਹਾ ਹੈ। ਪਰ ਅਜੋਕੇ ਸਮੇਂ ਵਿਚ ਥੋੜ੍ਹੀ ਦੇਰ ਖੜੋਤ ਆਉਣ ਤੋਂ ਬਾਅਦ ਇਹ ਤਿਉਹਾਰ ਦੁਨੀਆਂ ਭਰ ਦੇ ਪੰਜਾਬੀਆਂ ਲਈ ਨਵਾਂ ਰੂਪ ਧਾਰ ਕੇ ਸਾਹਮਣੇ ਆਇਆ ਹੈ। ਲੋਹੜੀ ਤੋਂ ਬਾਅਦ ਤੀਆਂ ਅਜਿਹਾ ਦੂਜਾ ਤਿਉਹਾਰ ਹੈ ਜਿਸ ਨੂੰ ਫ਼ਿਰਕਾਪ੍ਰਸਤੀ ਨੇ ਨਹੀਂ ਪੋਹਿਆ। ਇਸੇ ਲਈ ਇਹ ਸਾਂਝਾ ਮਾਨਵੀ ਤਿਉਹਾਰ ਹੈ ਜਿਸਨੂੰ ਬਚਾਅ ਕੇ ਰੱਖਣਾ ਹਰ ਪੰਜਾਬੀ ਦਾ ਫਰਜ਼ ਹੈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!