14.1 C
United Kingdom
Thursday, May 8, 2025

ਟੋਕੀਓ ਓਲੰਪਿਕਸ ਅਮਰੀਕਾ, ਚੀਨ,ਜਪਾਨ, ਇੰਗਲੈਂਡ ਅਤੇ ਰੂਸ ਦੀ ਸਰਦਾਰੀ

ਭਾਰਤ ਨੇ ਸੋਨ ਮੈਡਲ ਸਮੇਤ ਜਿੱਤ ਕੁੱਲ ਸੱਤ ਮੈਡਲ

ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”

ਟੋਕੀਓ ਓਲੰਪਿਕਸ ਦੀ ਸਮਾਪਤੀ ਹੋ ਚੁੱਕੀ ਹੈ। ਅਮਰੀਕਾ, ਚੀਨ, ਜਪਾਨ, ਇੰਗਲੈਂਡ , ਆਸਟਰੇਲੀਆ, ਨੀਦਰਲੈਂਡ, ਫਰਾਂਸ, ਜਰਮਨੀ, ਕਨੇਡਾ ,ਇਟਲੀ ਅਤੇ ਰੂਸ ਆਦਿ ਦੇਸ਼ਾਂ ਨੇ ਕ੍ਰਮਵਾਰ ਮੈਡਲਾਂ ਦੀ ਝੜੀ ਲਾਕੇ ਦੱਸ ਦਿੱਤਾ ਕਿ ਅਸੀਂ 8-10 ਮੁਲਕ ਅੱਜ ਵੀ ਦੁਨੀਆਂ ਦੇ ਸਭ ਤੋਂ ਤਾਕਤਵਰ ਮੁੱਲਕ ਹਾਂ। ਦੁਨੀਆਂ ਦੇ ਬਹੁਤ ਸਾਰੇ ਛੋਟੇ ਮੁਲਕ ਜਿੰਨਾਂ ਦੀ ਅਬਾਦੀ ਭਾਰਤ ਦੇ ਮੁਕਾਬਲੇ ਆਟੇ ਵਿੱਚ ਲੂਣ ਬਰਾਬਰ ਹੈ, ਦਰਜਨਾਂ ਮੈਡਲ ਜਿੱਤਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ। ਭਾਰਤ ਨੇ ਟੋਕੀਓ ਓਲੰਪਿਕ ਵਿਚ ਸੋਨ ਤਮਗੇ ਸਮੇਤ ਕੁੱਲ 7 ਤਮਗੇ ਜਿੱਤ ਕੇ ਇਨ੍ਹਾਂ ਖੇਡਾਂ ’ਚ ਆਪਣਾ ਹੁਣ ਤੱਕ ਦਾ ਸਭ ਤੋ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਪ੍ਰਦ੍ਰਸ਼ਨ ਨੂੰ ਅਸੀਂ ਕੋਈ ਬਹੁਤ ਚੰਗਾ ਪ੍ਰਦ੍ਰਸ਼ਨ ਤਾਂ ਨਹੀਂ ਮੰਨ ਸਕਦੇ ਪਰ ਫੇਰ ਵੀ ਅੱਗੇ ਨਾਲ਼ੋਂ ਹੌਲੀ ਹੌਲੀ ਸੁਧਾਰ ਆ ਰਿਹਾ ਹੈ। ਸਰਕਾਰੀ ਸਹਾਇਤਾ ਤੋਂ ਬਿਨਾਂ ਖਿਡਾਰੀ ਮਾਮੂਲੀ ਘਰਾਂ ਚੋਂ ਉੱਠਕੇ ਆਪਣੇ ਬਲਬੂਤੇ ਤੇ ਮੈਡਲ ਜਿੱਤ ਰਹੇ ਹਨ, ਇਹ ਵੀ ਉਹਨਾਂ ਲਈ ਵੱਡੀ ਪ੍ਰਾਪਤੀ ਹੈ। ਜੇ ਆਪਾ ਭਾਰਤ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਭਾਰਤ ਨੇ 2012 ਦੇ ਲੰਡਨ ਓਲੰਪਿਕਸ ਵਿਚ 6 ਤਮਗੇ ਜਿੱਤੇ ਸਨ ਪਰ ਕੋਈ ਸੋਨ ਤਮਗਾ ਨਹੀਂ ਆਇਆ। ਭਾਰਤ ਨੇ 13 ਸਾਲ ਬਾਅਦ ਸੋਨ ਤਮਗਾ ਜਿੱਤਿਆ ਹੈ। ਟੋਕੀਓ ਓਲੰਪਿਕ ਵਿਚ ਭਾਰਤ ਲਈ ਤਮਗਾ ਜਿੱਤਣ ਵਾਲੇ ਖ਼ਿਡਾਰੀਆਂ ਦੇ ਪ੍ਰਦਰਸ਼ਨ ਅਤੇ ਕਰੀਅਰ ’ਤੇ ਪੇਸ਼ ਹੈ ਇਕ ਨਜ਼ਰ-

ਨੀਰਜ ਚੋਪੜਾ: ਸੋਨ ਤਮਗਾ

ਭਾਲਾ ਸੁੱਟ ਐਥਲੀਟ ਨੀਰਜ ਚੋਪੜਾ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਹਨ। ਨੀਰਜ ਨੂੰ ਓਲੰਪਿਕ ਵਿਚ ਤਮਗੇ ਦਾ ਸਭ ਤੋਂ ਵੱਡਾ ਭਾਰਤੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਅਤੇ ਸ਼ਨੀਵਾਰ ਨੂੰ ਉਨ੍ਹਾਂ ਨੇ 87.58 ਮੀਟਰ ਦੇ ਥ੍ਰੋਅ ਨਾਲ ਭਾਰਤ ਨੂੰ ਟਰੈਕ ਅਤੇ ਫੀਲਡ ਮੁਕਾਬਲੇ ਵਿਚ ਪਹਿਲਾ ਓਲੰਪਿਕ ਤਮਗਾ ਜੇਤੂ ਬਣਾਇਆ। ਦਿਲਚਸਪ ਗੱਲ ਇਹ ਹੈ ਕਿ ਹਰਿਆਣਾ ’ਚ ਪਾਨੀਪਤ ਕੋਲ ਖਾਂਦਰਾ ਪਿੰਡ ਦੇ ਇਕ ਕਿਸਾਨ ਦਾ ਪੁੱਤਰ, ਨੀਰਜ ਵਜ਼ਨ ਘੱਟ ਕਰਨ ਲਈ ਖੇਡਾਂ ਨਾਲ ਜੁੜੇ ਸਨ। ਇਕ ਦਿਨ ਉਨ੍ਹਾਂ ਦੇ ਚਾਚਾ ਉਨ੍ਹਾਂ ਨੂੰ ਪਿੰਡ ਤੋਂ 15 ਕਿਲੋਮੀਟਰ ਦੂਰ ਪਾਨੀਪਤ ਸਥਿਤ ਸ਼ਿਵਾਜੀ ਸਟੇਡੀਅਮ ਲੈ ਕੇ ਗਏ। ਨੀਰਜ ਨੂੰ ਦੌੜਨ ’ਚ ਕੋਈ ਦਿਲਚਸਪੀ ਨਹੀਂ ਸੀ ਅਤੇ ਜਦੋਂ ਉਨ੍ਹਾਂ ਨੇ ਸਟੇਡੀਅਮ ਵਿਚ ਕੁਝ ਖ਼ਿਡਾਰੀਆਂ ਨੂੰ ਭਾਲਾ ਸੁੱਟਣ ਦਾ ਅਭਿਆਸ ਕਰਦੇ ਵੇਖਿਆ ਤਾਂ ਉਨ੍ਹਾਂ ਨੂੰ ਇਸ ਖੇਡ ਨਾਲ ਪਿਆਰ ਹੋ ਗਿਆ। ਫਿਰ ਕੀ ਸੀ ਨੀਰਜ ਨੇ ਇਸ ’ਚ ਹੱਥ ਅਜਮਾਉਣ ਦਾ ਫ਼ੈਸਲਾ ਕੀਤਾ ਅਤੇ ਹੁਣ ਉਹ ਐਥਲੈਟਿਕਸ ’ਚ ਦੇਸ਼ ਦੇ ਸਭ ਤੋਂ ਵੱਡੇ ਖ਼ਿਡਾਰੀਆਂ ਵਿਚੋਂ ਇਕ ਬਣ ਗਏ ਹਨ। ਉਹ 2016 ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ 86.48 ਮੀਟਰ ਦੇ ਅੰਡਰ-20 ਵਿਸ਼ਵ ਰਿਕਾਰਡ ਨਾਲ ਇਤਿਹਾਸਕ ਸੋਨ ਤਮਗਾ ਜਿੱਤਣ ਤੋਂ ਬਾਅਦ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਹ ਇਸੇ ਸਾਲ ਯਾਨੀ ਕਿ 2016 ’ਚ ਭਾਰਤੀ ਫ਼ੌਜ ਵਿਚ ‘ਚਾਰ ਰਾਜਪੂਤਾਨਾ ਰਾਈਫਲਜ਼’ ਵਿਚ ਸੂਬੇਦਾਰ ਦੇ ਅਹੁਦੇ ’ਤੇ ਨਿਯੁਕਤ ਹੋਏ। ਉਨ੍ਹਾਂ ਦੀਆਂ ਹੋਰ ਉਪਲੱਬਧੀਆਂ ਵਿਚ 2018 ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਵਿਚ ਸੋਨ ਤਮਗੇ ਸ਼ਾਮਲ ਹਨ। ਉਨ੍ਹਾਂ ਨੇ 2017 ਏਸ਼ੀਆਈ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਹਾਸਲ ਕੀਤਾ।

ਮੀਰਾਬਾਈ ਚਾਨੂ: ਚਾਂਦੀ ਤਮਗਾ

ਮਣੀਪੁਰ ਦੇ ਛੋਟੇ ਕੱਦ ਦੀ ਇਸ ਖ਼ਿਡਾਰਣ ਨੇ ਟੋਕੀਓ 2020 ’ਚ ਮੁਕਾਬਲੇ ਦੇ ਪਹਿਲੇ ਦਿਨ 24 ਜੁਲਾਈ ਨੂੰ ਹੀ ਤਮਗਾ ਸੂਚੀ ’ਚ ਭਾਰਤ ਦਾ ਨਾਂ ਰੌਸ਼ਨ ਕਰਵਾ ਦਿੱਤਾ ਸੀ। ਉਨ੍ਹਾਂ ਨੇ 49 ਕਿਲੋਗ੍ਰਾਮ ਵਰਗ ’ਚ ਚਾਂਦੀ ਤਮਗਾ ਜਿੱਤ ਕੇ 21 ਸਾਲ ਦੇ ਤਮਗੇ ਦੇ ਸੋਕੇ ਦਾ ਅੰਤ ਕੀਤਾ। 26 ਸਾਲਾ ਖ਼ਿਡਾਰਣ ਨੇ ਕੁੱਲ 202 ਕਿਲੋਗ੍ਰਾਮ ਦਾ ਭਾਰ ਚੁੱਕ ਕੇ ਰਿਓ ਓਲੰਪਿਕ (2016) ਵਿਚ ਮਿਲੀ ਨਿਰਾਸ਼ਾ ਨੂੰ ਦੂਰ ਕੀਤਾ। ਇੰਫਾਲ ਤੋਂ ਲੱਗਭਗ 20 ਕਿਲੋਮੀਟਰ ਦੂਰ ਨੋਂਗਪੋਕ ਕਾਕਜਿੰਗ ਪਿੰਡ ਦੀ ਰਹਿਣ ਵਾਲੀ ਮੀਰਾਬਾਈ 6 ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੀ ਹੈ। ਉਨ੍ਹਾਂ ਦਾ ਬਚਪਨ ਪਹਾੜੀਆਂ ’ਚ ਲੱਕੜਾਂ ਕੱਟਦੇ ਅਤੇ ਤਾਲਾਬ ’ਚੋਂ ਪਾਣੀ ਭਰਦੇ ਹੋਏ ਬੀਤਿਆ। ਉਹ ਤੀਰਅੰਦਾਜ਼ ਬਣਨਾ ਚਾਹੁੰਦੀ ਸੀ ਪਰ ਮਣੀਪੁਰ ਦੀ ਪ੍ਰਸਿੱਧ ਵੇਟਲਿਫਟਰ ਕੁੰਜਰਾਣੀ ਦੇਵੀ ਬਾਰੇ ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਇਸ ਖੇਡ ਨਾਲ ਜੁੜਨ ਦਾ ਫ਼ੈਸਲਾ ਕੀਤਾ।

ਰਵੀ ਦਹੀਆ: ਚਾਂਦੀ ਤਮਗਾ

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਨਾਹਰੀ ਪਿੰਡ ’ਚ ਜਨਮੇ ਰਵੀ ਨੇ ਪੁਰਸ਼ਾਂ ਦੇ 57 ਕਿਲੋਗ੍ਰਾਮ ਫਰੀਸਟਾਈਲ ਕੁਸ਼ਤੀ ਵਿਚ ਚਾਂਦੀ ਤਮਗਾ ਜਿੱਤ ਕੇ ਆਪਣੀ ਤਾਕਤ ਅਤੇ ਤਕਨੀਕ ਦਾ ਲੋਹਾ ਮਨਵਾਇਆ। ਕਿਸਾਨ ਪਰਿਵਾਰ ਵਿਚ ਜਨਮੇ ਰਵੀ ਕੁਮਾਰ ਦਹੀਆ ਦਿੱਲੀ ਦੇ ਛਤਰਸਾਲ ਸਟੇਡੀਅਮ ਵਿਚ ਸਿਖਲਾਈ ਲੈਂਦੇ ਹਨ, ਜਿੱਥੋਂ ਪਹਿਲਾਂ ਹੀ ਭਾਰਤ ਦੇ ਦੋ ਓਲੰਪਿਕ ਤਮਗਾ ਜੇਤੂ- ਸੁਸ਼ੀਲ ਕੁਮਾਰ ਅਤੇ ਯੋਗੇਸ਼ਵਰ ਦੱਤ ਮਿਲ ਚੁੱਕੇ ਹਨ। ਉਨ੍ਹਾਂ ਦੇ ਪਿਤਾ ਰਾਕੇਸ਼ ਕੁਮਾਰ ਨੇ ਉਨ੍ਹਾਂ ਨੂੰ 12 ਸਾਲ ਦੀ ਉਮਰ ਵਿਚ ਛਤਰਸਾਲ ਸਟੇਡੀਅਮ ਭੇਜਿਆ ਸੀ। ਉਨ੍ਹਾਂ ਦੇ ਪਿਤਾ ਰੋਜ਼ ਆਪਣੇ ਘਰ ਤੋਂ 60 ਕਿਲੋਮੀਟਰ ਦੂਰ ਛਤਰਸਾਲ ਸਟੇਡੀਅਮ ਤੱਕ ਦੁੱਧ ਅਤੇ ਮੱਖਣ ਲੈ ਕੇ ਪਹੁੰਚਦੇ ਸਨ। ਉਨ੍ਹਾਂ ਨੇ 2019 ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਤਮਗਾ ਜਿੱਤ ਕੇ ਓਲੰਪਿਕ ਦਾ ਟਿਕਟ ਪੱਕਾ ਕੀਤਾ ਅਤੇ ਫਿਰ 2020 ਵਿਚ ਦਿੱਲੀ ’ਚ ਏਸ਼ੀਆਈ ਚੈਂਪੀਅਨਸ਼ਿਪ ਜਿੱਤੀ। 

ਪੀ. ਵੀ. ਸਿੰਧੂ: ਕਾਂਸੀ ਤਮਗਾ

ਟੋਕੀਓ 2020 ਲਈ ਸਿੰਧੂ ਨੂੰ ਪਹਿਲਾਂ ਤੋਂ ਤਮਗਾ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਅਤੇ ਉਨ੍ਹਾਂ ਨੇ ਕਾਂਸੀ ਤਮਗਾ ਜਿੱਤ ਕੇ ਕਿਸੇ ਨੂੰ ਨਿਰਾਸ਼ ਨਹੀਂ ਕੀਤਾ। ਇਸ 26 ਸਾਲ ਦੀ ਖ਼ਿਡਾਰਣ ਨੇ ਇਸ ਤੋਂ ਪਹਿਲਾਂ 2016 ਰਿਓ ਓਲੰਪਿਕ ਵਿਚ ਚਾਂਦੀ ਤਮਗਾ ਜਿੱਤਿਆ ਸੀ। ਉਹ ਓਲੰਪਿਕ ’ਚ 2 ਤਮਗੇ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਹੈ। ਟੋਕੀਓ ਖੇਡਾਂ ਵਿਚ ਉਨ੍ਹਾਂ ਦੇ ਪ੍ਰਦਰਸ਼ਨ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੈਮੀਫਾਈਨਲ ’ਚ ਤਾਈ ਜ਼ੂ ਯਿੰਗ ਖ਼ਿਲਾਫ਼ ਦੋ ਗੇਮ ਗੁਆਉਣ ਤੋਂ ਪਹਿਲਾਂ ਉਨ੍ਹਾਂ ਨੇ ਇਕ ਵੀ ਗੇਮ ਵਿਚ ਹਾਰ ਦਾ ਸਾਹਮਣਾ ਨਹੀਂ ਕੀਤਾ ਸੀ। ਹੈਦਰਾਬਾਦ ਦੀ ਸ਼ਟਲਰ ਨੇ 2014 ’ਚ ਵਿਸ਼ਵ ਚੈਂਪੀਅਨਸ਼ਿਪ, ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਚੈਂਪੀਅਨਸ਼ਿਪ ’ਚ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਕੌਮਾਂਤਰੀ ਪੱਧਰ ’ਤੇ ਆਪਣੀ ਪਹਿਚਾਣ ਬਣਾਈ।

ਪੁਰਸ਼ ਹਾਕੀ ਟੀਮ: ਕਾਂਸੀ ਤਮਗਾ

ਭਾਰਤੀ ਪੁਰਸ਼ ਹਾਕੀ ਟੀਮ ਨੇ ਕਾਂਸੀ ਤਮਗਾ ਜਿੱਤ ਕੇ ਇਸ ਖੇਡ ’ਚ 41 ਸਾਲ ਦੇ ਸੋਕੇ ਨੂੰ ਖਤਮ ਕੀਤਾ। ਇਹ ਤਮਗਾ ਹਾਲਾਂਕਿ ਸੋਨ ਤਮਗਾ ਨਹੀਂ ਸੀ ਪਰ ਦੇਸ਼ ਵਿਚ ਹਾਕੀ ਨੂੰ ਮੁੜ ਤੋਂ ਲੋਕਪਿ੍ਰਅ ਬਣਾਉਣ ਲਈ ਕਾਫੀ ਹੈ। ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗਰੁੱਪ ਪੜਾਅ ਦੇ ਦੂਜੇ ਮੈਚ ਵਿਚ ਆਸਟਰੇਲੀਆ ਵਿਰੁੱਧ 1-7 ਦੀ ਕਰਾਰੀ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਸੈਮੀਫਾਈਨਲ ’ਚ ਬੈਲਜੀਅਮ ਤੋਂ ਹਾਰਨ ਮਗਰੋਂ ਟੀਮ ਨੇ ਕਾਂਸੀ ਤਮਗੇ ਦੇ ਪਲੇਅ ਆਫ਼ ਵਿਚ ਜਰਮਨੀ ਨੂੰ 5-4 ਨਾਲ ਮਾਤ ਦਿੱਤੀ। ਪੂਰੇ ਟੂਰਨਾਮੈਂਟ ਦੌਰਾਨ ਮਨਪ੍ਰੀਤ ਦੀ ਪ੍ਰੇਰਣਾਦਾਇਕ ਕਪਤਾਨੀ ਨਾਲ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਸ਼ਨਾਦਾਰ ਪ੍ਰਦਰਸ਼ਨ ਕੀਤਾ। 

ਲਵਲੀਨਾ ਬੋਰਗੋਹੇਨ: ਕਾਂਸੀ ਤਮਗਾ

ਆਸਾਮ ਦੀ ਲਵਲੀਨਾ ਨੇ ਆਪਣੇ ਪਹਿਲੇ ਓਲੰਪਿਕ ਵਿਚ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਉਹ ਵਜਿੰਦਰ ਸਿੰਘ ਅਤੇ ਮੈਰੀ ਕਾਮ ਤੋਂ ਬਾਅਦ ਮੁੱਕੇਬਾਜ਼ੀ ਵਿਚ ਤਮਗਾ ਜਿੱਤਣ ਵਾਲੀ ਤੀਜੀ ਭਾਰਤੀ ਖਿਡਾਰਣ ਹੈ। 23 ਸਾਲਾ ਲਵਲੀਨਾ ਦਾ ਖੇਡਾਂ ਨਾਲ ਸਫ਼ਰ ਆਸਾਮ ਦੇ ਗੋਲਾਘਾਟ ਜ਼ਿਲ੍ਹੇ ਦੇ ਬਰੋ ਮੁਖੀਆ ਪਿੰਡ ਤੋਂ ਸ਼ੁਰੂ ਹੋਈ, ਜਿੱਥੇ ਬਚਪਨ ਵਿਚ ਉਹ ‘ਕਿੱਕ-ਬਾਕਸਰ’ ਬਣਨਾ ਚਾਹੁੰਦੀ ਸੀ। ਓਲੰਪਿਕ ਦੀਆਂ ਤਿਆਰੀਆਂ ਲਈ 52 ਦਿਨਾਂ ਲਈ ਯੂਰਪ ਦੌਰ ’ਤੇ ਜਾਣ ਤੋਂ ਪਹਿਲਾਂ ਉਹ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਈ ਪਰ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 69 ਕਿਲੋਗ੍ਰਾਮ ਵਰਗ ਵਿਚ ਚੀਨੀ ਤਾਈਪੇ ਦੀ ਸਾਬਕਾ ਵਿਸ਼ਵ ਚੈਂਪੀਅਨਸ਼ਿਪ ਨਿਏਨ-ਸ਼ਿਨ-ਚੇਨ ਨੂੰ ਮਾਤ ਦਿੱਤੀ।

ਬਜਰੰਗ ਪੂਨੀਆ: ਕਾਂਸੀ ਤਮਗਾ

ਇਨ੍ਹਾਂ ਖੇਡਾਂ ਤੋਂ ਪਹਿਲਾਂ ਬਜਰੰਗ ਨੂੰ ਸੋਨ ਤਮਗੇ ਦਾ ਸਭ ਤੋਂ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਸੈਮੀਫਾਈਨਲ ’ਚ ਹਾਰ ਮਗਰੋਂ ਉਹ ਸੋਨ ਤਮਗੇ ਦੇ ਸੁਫ਼ਨੇ ਨੂੰ ਪੂਰਾ ਨਹੀਂ ਕਰ ਸਕੇ ਪਰ ਕਾਂਸੀ ਤਮਗਾ ਜਿੱਤ ਕੇ ਉਨ੍ਹਾਂ ਨੇ ਦੇਸ਼ ਦਾ ਨਾਂ ਉੱਚਾ ਜ਼ਰੂਰ ਕੀਤਾ। ਉਹ ਬਚਪਨ ਤੋਂ ਹੀ ਕੁਸ਼ਤੀ ਨੂੰ ਲੈ ਕੇ ਜਨੂੰਨੀ ਸਨ ਅਤੇ ਅੱਧੀ ਰਾਤ 2 ਵਜੇ ਹੀ ਉਠ ਕੇ ਅਖਾੜੇ ਵਿਚ ਪਹੁੰਚ ਜਾਂਦੇ ਸਨ। ਕੁਸ਼ਤੀ ਦਾ ਜਨੂੰਨ ਅਜਿਹਾ ਸੀ ਕਿ 2008 ਵਿਚ ਖ਼ੁਦ 34 ਕਿਲੋ ਦੇ ਹੁੰਦੇ ਹੋਏ 60 ਕਿਲੋ ਦੇ ਪਹਿਲਵਾਨ ਨਾਲ ਭਿੜ ਗਏ ਅਤੇ ਉਸ ਨੂੰ ਚਿਤ ਕਰ ਦਿੱਤਾ। 


ਮਹਿਲਾ ਹਾਕੀ ਟੀਮ ਨੇ ਜੋ ਕ੍ਰਿਸ਼ਮਾਂ ਐਤਕੀਂ ਚੌਥੇ ਸਥਾਨ ਤੇ ਰਹਿਕੇ ਕੀਤਾ ਉਸਦੀ ਸ਼ਲਾਘਾ ਕਰਨੀ ਬਣਦੀ ਹੈ। ਜਿੱਤ ਹਾਰ ਚਲਦੀ ਰਹਿੰਦੀ ਹੈ ‘ਲੇਕਿਨ ਭਾਰਤ ਦੀਆਂ ਸ਼ੇਰ ਬੱਚੀਆਂ ਨੇ ਜੋ ਜਜ਼ਬਾ ਅਤੇ ਬੇਹਤਰੀਨ ਖੇਡ ਵਿਖਾਈ ਉਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਆਸਟਰੇਲੀਆ ਵਰਗੀ ਟੀਮ ਨੂੰ ਫਸਵੇ ਮੁਕਾਬਲੇ ਦੌਰਾਨ 1-0 ਨਾਲ ਹਰਾਉਣਾ ਕੋਈ ਖਾਲ੍ਹਾ ਜੀ ਦਾ ਵਾੜਾ ਨਹੀਂ। ਇੰਗਲੈਂਡ ਨਾਲ 3-4 ਦਾ ਫਸਵਾਂ ਮੁਕਾਬਲਾ ਕਿਸੇ ਮੈਡਲ ਜਿੱਤਣ ਤੋਂ ਘੱਟ ਨਹੀਂ ਹੈ। ਭਾਰਤ ਸਰਕਾਰ ਵੱਲੋਂ ਕੁੜੀਆਂ ਨੂੰ ਇੱਕ ਇੱਕ ਕਰੋੜ ਰੁਪਏ ਦਾ ਇਨਾਮ ਤੇ ਸਰਕਾਰੀ ਨੌਕਰੀ ਜ਼ਰੂਰ ਦੇਣੀ ਚਾਹੀਦੀ ਹੈ, ਕਿਉਕੇ ਟੀਮ ਦੀਆਂ ਜ਼ਿਆਦਾ ਖਿਡਾਰਨਾਂ ਬੇਹੱਦ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ। ਅਗਰ ਇਸ ਹਾਕੀ ਟੀਮ ਨੂੰ ਸਾਂਭਿਆ ਜਾਂਦਾ ਹੈ ਤਾਂ ਭਾਰਤੀ ਹਾਕੀ ਦੇ ਸੁਨਹਿਰੀ ਦੌਰ ਦੀ ਇੱਕ ਚੰਗੀ ਸ਼ੁਰੂਆਤ ਹੋਵੇਗੀ। ਭਾਰਤ ਸਰਕਾਰ ਨੇ ਹਾਕੀ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਸੀ। ਪਰ ਉੁੜੀਸਾ ਦੇ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕਰਨਾ ਚਾਹੀਦਾ ਜਿੰਨਾਂ ਨੇ ਹਾਕੀ ਨੂੰ ਗੋਦ ਲੈਕੇ ਸਾਡੀ ਮਾਂ ਖੇਡ ਨੂੰ ਜਿਉਂਦਾ ਰੱਖਣ ਲਈ ਹਿੰਮਤ ਵਿਖਾਈ ਗਈ ।ਬਾਕੀ ਸਮੂਹ ਜੇਤੂ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁੱਭਇੱਛਾਵਾਂ।


ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”
ਫਰਿਜ਼ਨੋ ਕੈਲੀਫੋਰਨੀਆਂ

Punj Darya

LEAVE A REPLY

Please enter your comment!
Please enter your name here

Latest Posts

error: Content is protected !!
17:48