ਨਿੰਦਰ ਘੁਗਿਆਣਵੀ

ਸਰਕਾਰ ਕਾਂਗਰਸ ਦੀ। ਬਰਾੜ ਸਾਹਬ ਦੀ ਜੱਦੀ ਪੁਸ਼ਤੀ ਪਾਰਟੀ ਦਾ ਰਾਜ ਤੇ ਇਹ ਹੋਏ ਫਿਰਨ ਮਹਾਰਾਜੇ ਤੋਂ ਨਾਰਾਜ। ਮਹਾਰਾਜਾ ਆਪ ਹੀ ਖੁਸ਼ ਨਹੀਂ ਸੀ ਇਨਾਂ ਉਤੇ। ਉਚ ਅਫਸਰਾਂ ਨੂੰ ਮਹਾਰਾਜੇ ਨੇ ਹਿਦਾਇਤਾਂ ਵੀ ਕਰ ਰੱਖੀਆਂ ਸਨ, ਜਿਵੇਂ ਪਹਿਲਾਂ ਵੀ ਜਿਕਰ ਕੀਤਾ ਹੈ। ਦੋਸਤਾਂ ਮਿੱਤਰਾਂ ਤੇ ਨੇੜੂਆਂ ਦੇ ਆਖਣ ਉਤੇ ਇਕ ਦਿਨ ਬਰਾੜ ਸਾਹਬ ਮਹਾਰਾਜੇ ਨੂੰ ਮਿਲਣ ਮੋਤੀ ਮਹੱਲ ਗਏ। ਆਥਣ ਦਾ ਵੇਲਾ ਸੀ, ਤੇ ਮਹਾਰਾਜਾ ਜੀ ਮਹੱਲ ਵਿਚ ਹੀ ਸੈਰ ਕਰਨ ਲੱਗੇ ਸਨ। ਹੱਥ ਵਿਚ ਡੰਡਾ ਤੇ ਬੈਟਰੀ ਸੀ, “ਆਓ ਅਵਤਾਰ ਜੀ, ਆਓ ਅਵਤਾਰ ਜੀ, ਮੇਰਾ ਤਾਂ ਹੁਣ ਸੈਰ ਦਾ ਵਕਤ ਹੈ।” ਕਹਿਕੇ ਮੋੜ ਦਿੱਤਾ। (ਇਹ ਗੱਲ ਬਰਾੜ ਸਾਹਬ ਨੇ ਭਰੀ ਮਹਿਫਿਲ ਵਿਚ ਮਿੱਤਰਾਂ ਨੂੰ ਉਦਾਸ ਹੋਕੇ ਦੱਸੀ ਸੀ)। ਬਰਾੜ ਸਾਹਬ ਬੋਲੇ, “ਹੁਣ ਮੈਨੂੰ ਬਿਲਕੁਲ ਨਾ ਕਿਹੋ ਜਾਣ ਨੂੰ, ਮੈਂ ਨੀ ਜਾਣਾ ਰਾਜੇ ਕੋਲੇ, ਚਾਹੇ ਮੈਨੂੰ ਜਹਿਰ ਦੇਕੇ ਮਾਰ ਦਿਓ। ” ਸਾਰੇ ਹੋਰ ਵੀ ਉਦਾਸ ਹੋ ਗਏ।
ਏ ਡੀਸੀ ਹਰਕੇਸ਼ ਸਿੰਘ ਸਿੱਧੂ ਬਰਾੜ ਦੀ ਦਿਲੋਂ ਹਮਦਰਦੀ ਕਰਦਾ ਤੇ ਉਹਦੇ ਅੜੇ ਥੁੜੇ ਕੰਮ ਵੀ ਕਰੀ ਜਾਂਦਾ। ਬਰਾੜ ਨੂੰ ਇਹ ਗੱਲ ਹਮੇਸ਼ਾ ਚੇਤੇ ਰਹੀ ਕਿ ਇਹ ਉਹੀ ਸਿੱਧੂ ਹੈ ਜਿਸ ਨੇ ਫਰੀਦਕੋਟ ਦੀਆਂ ਕਚਹਿਰੀਆਂ ਵਿਚ ਸਰਕਾਰੀ ਵਕੀਲ ਹੁੰਦਿਆਂ ਬਰਾੜ ਨੂਂ ਉਦੋਂ ਪੰਜ ਸੌ ਰੁਪਏ ਚੋਣ ਫੰਡ ਦਿੱਤਾ ਸੀ, ਤਾਂ ਬਰਾੜ ਸਾਹਬ ਕਹਿੰਦੇ ਕਿ ਛੋਟੇ ਭਾਈ ਤੂੰ ਕਿਹੜਾ ਰਿਸ਼ਵਤ ਖਾਨੈ, ਆਪਣੀ ਨੌ ਸੌ ਰੁਪੱਈਏ ਚੋਂ ਅਧੀ ਤਨਖ਼ਾਹ ਮੈਨੂੰ ਦੇਈ ਜਾਨੈ। ਸਿੱਧੂ ਨੇ ਕਿਹਾ ਕਿ ਵੱਡੇ ਭਰਾ ਓ ਤੁਸੀਂ ਮੇਰੇ।
****
ਬਾਬੇ ਫਰੀਦ ਦਾ ਮੇਲਾ ਆ ਗਿਆ। ਮੈਨੂੰ ਸਰਕਾਰੀ ਤੌਰ ਉਤੇ ਕਮੇਟੀ ਮੈਂਬਰ ਹੋਣ ਕਰਕੇ ਹਰ ਮੀਟਿੰਗ ਤੇ ਸਮਾਗਮ ਵਿਚ ਜਾਣਾ ਪੈਂਦਾ ਸੀ। ਡਿਪਟੀ ਕਮਿਸ਼ਨਰ ਉਦੋਂ ਸ਼੍ਰੀ ਏ ਵੀਨੂੰ ਪ੍ਰਸਾਦ ਸਨ ਤੇ ਐਸ ਐਸ ਪੀ ਸ੍ਰ ਹਰਿੰਦਰ ਸਿੰਘ ਚਾਹਲ ਸਨ। ਰਾਤ ਨੂੰ ਸਟੇਡੀਅਮ ਵਿਚ ਸੰਗੀਤਕ ਸ਼ਾਮ ਹੋਈ। ਮੁੱਖ ਮਹਿਮਾਨ ਦੇ ਤੌਰ ਉਤੇ ਕੈਪਟਨ ਸਰਕਾਰ ਦੇ ਮੰਤਰੀ ਸ੍ਰ ਅਮਰਜੀਤ ਸਿੰਘ ਸਮਰਾ ਤੇ ਜਸਜੀਤ ਸਿੰਘ ਰੰਧਾਵਾ ਆਏ ਤੇ ਨਾਲ ਸ੍ਰ ਅਵਤਾਰ ਸਿੰਘ ਬਰਾੜ ਵੀ , ਹਲਕਾ ਲੀਡਰ ਵਜੋ ਹਾਜਰ ਸੀ। ਏ ਡੀ ਸੀ ਡਾ ਹਰਕੇਸ਼ ਸਿੰਘ ਸਿੱਧੂ ਆਪਣੀ ਡੀਊਟੀ ਸਾਂਭਦੇ ਹੋਏ ਸਭ ਮਹਿਮਾਨਾਂ ਨੂੰ ਥਾਓਂ ਥਾਂ ਬਿਠਾ ਰਹੇ ਸਨ। ਹੰਸ ਰਾਜ ਹੰਸ ਆ ਗਿਆ ਤਾਂ ਲੋਕਾਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸ਼ੋਰ ਪੈਣ ਲੱਗਿਆ। ਹੰਸ ਚਿੱਟੀ ਮਿੰਨੀ ਬੱਸ ਵਿਚ ਬੈਠਾ ਸੀ ਤੇ ਬਾਹਰ ਨਹੀਂ ਸੀ ਆ ਰਿਹਾ। ਉਹਨੀਂ ਦਿਨੀਂ ਕਿਸੇ ਬਿਆਨ ਤੋਂ ਉਸਨੂੰ ਕਿਸੇ ਨੇ ਧਮਕੀ ਵਗੈਰਾ ਦਿੱਤੀ ਹੋਈ ਸੀ। ਚਹਿਲ ਸਾਹਬ ਨੂੰ ਉਹ ਜਲੰਧਰ ਪੋਸਟਿੰਗ ਵੇਲੇ ਤੋਂ ਜਾਣਦਾ ਸੀ। ਚਹਿਲ ਸਾਹਬ ਉਹਦੀ ਬਸ ਕੋਲ ਗਏ ਤੇ ਆਖਿਆ, “ਛੋਟੇ ਭਾਈ, ਆਜਾ, ਖੁੱਲਕੇ ਪ੍ਰੋਗਰਾਮ ਕਰ, ਚਹਿਲ ਤੇਰਾ ਵੱਡਾ ਭਰਾ ਖੜਾ ਤੇਰੇ ਅੱਗੇ, ਕੋਈ ਤੇਰੀ ਵਾਅ ਵੱਲ ਨੀ ਦੇਖੂਗਾ।” ਹੰਸ ਨੇ ਅੱਖਾਂ ਮੁੰਦੀਆਂ ਤੇ ਕੰਨਾਂ ਤੇ ਮੱਥੇ ਨੂੰ ਹੱਥ ਛੁਹਾਏ। ਬਸ ਚੋਂ ਉਤਰ ਆਇਆ। ਗੀਤ ਸੰਗੀਤ ਸ਼ੁਰੂ ਹੋ ਗਿਆ। ਲੋਕੀ ਦਾਰੂ ਬਾਹਰੋਂ ਵੀ ਪੀ ਕੇ ਵੀ ਆਏ ਤੇ ਸਟੇਡੀਅਮ ਦੇ ਅੰਦਰ ਵੀ ਦਾਰੂ ਲੈਕੇ ਆਏ ਸਨ। ਉਹਨੀ ਦਿਨੀਂ ਰੋਕ ਟੋਕ ਕੋਈ ਖਾਸ ਨਹੀਂ ਸੀ ਹੁੰਦੀ। ਲੋਕ ਬਾਬੇ ਦੇ ਨਾਂ ਉਤੇ ਮਨ ਬਹਿਲਾਉਣ ਤੇ ਮੰਨੋਰੰਜਨ ਕਰਨ ਆਉਂਦੇ ਸਨ। ਖੈਰ!
ਜੇ ਆਮ ਲੋਕ, ਜੋ ਸਰੋਤੇ ਸਨ, ਉਹ ਦਾਰੂ ਪੀਕੇ ਆਏ ਸਨ, ਤਾਂ ਮੁੱਖ ਮਹਿਮਾਨ ਤੇ ਹੋਰ ਮਹਿਮਾਨ ਕਿਵੇਂ ਬੁੱਲ ਭਚੀੜ ਕੇ ਆ ਬਹਿੰਦੇ ਸੁੱਕਮ ਸੁੱਕੇ ? ਬਾਬੇ ਫਰੀਦ ਦੀ ਨਗਰੀ ਸੀ ਭਾਈ! (ਕਿਸੇ ਨੇ ਕਿਹਾ ਸੀ: ਫਰੀਦਕੋਟ, ਪਾਣੀ ਦੀ ਤੋਟ। ਮਨਾਂ ਵਿਚ ਖੋਟ। ਸੋ, ਫਰੀਦਕੋਟ ਵਾਲੇ ਹੁਣ ਇਹ ਕਹੌਤ ਝੂਠੀ ਕਰ ਚੁੱਕੇ ਨੇ। ਨਾ ਪਾਣੀ ਦੀ ਤੋਟ ਹੈ ਤੇ ਨਾ ਮਨਾਂ ਵਿਚ ਖੋਟ ਹੈ। ਖੁੱਲੇ ਡੁੱਲੇ ਭੰਡਾਰੇ ਹਨ ਫਰੀਦਕੋਟੀਆਂ ਦੇ ਤੇ ਜੈ ਜੈ ਕਾਰੇ ਹਨ ਫਰੀਦਕੋਟੀਆਂ ਦੇ। ਪਾਣੀ ਦੀ ਕਾਹਦੀ ਤੋਟ, ਅਸੀਂ ਤੇ ਦਾਰੂ ਨੂੰ ਵੀ ਪਾਣੀ ਵਾਂਗ ਵਹਾ ਦੇਈਏ! ਮੇਹਨਤੀ ਫਰੀਦਕੋਟੀਏ ਹੁਣ ਦੇਸ਼ਾਂ ਬਦੇਸ਼ਾਂ ਵਿਚ ਵੀ ਛਾਅ ਗਏ ਨੇ। ਪਹਿਲੀਆਂ ਕਹਾਵਤਾਂ ਹੁਣ ਲੱਦ ਗਈਆਂ ਨੇ)।
ਚਲੋ, ਹੁਣ ਅਗਾਂਹ ਚੱਲੀਏ। ਹੰਸ ਗਾਈ ਗਿਆ। ਲੋਕ ਚੀਕਾਂ ਮਾਰੀ ਗਏ। ਮਹਿਮਾਨ ਵੀ ਸਰੋਤਿਆਂ ਵਾਂਗ ਥੋੜਾ ਥੋੜਾ ਮਸਤਣ ਜਿਹੇ ਲੱਗੇ। ਮੰਤਰੀ ਰੰਧਾਵਾ ਨੇ ਕਿਹਾ, “ਬਰਾੜ ਸਾਹਬ, ਏਹ ਮੇਲਾ ਸਾਲ ਪਿਛੋਂ ਨਹੀਂ, ਹਰ ਛੇ ਮਹੀਨੇ ਤੋਂ ਹੋਇਆ ਕਰੇਗਾ, ਏਹ ਸਾਡੀ ਸਰਕਾਰ ਦਾ ਹੁਕਮ ਐਂ।” ਰਾਤ ਦੇ ਵਪਾਰੀ ਬੋਲ ਰਹੇ ਸਨ ਤੇ ਸੋਫਿਆਂ ਉਤੇ ਬੈਠੇ ਜਿੰਨੇ ਕੁ ਜਣੇ ਸੁਣ ਸਕਦੇ ਸਨ, ਉਨਾ ਤਾੜੀਆਂ ਵੀ ਵਜਾਈਆਂ। ਮੈਂ ਨਿੰਮੋਝੂਣਾ ਜਿਹਾ ਹੋਇਆ ਸਭਨਾਂ ਦੇ ਮੂੰਹਾਂ ਵੱਲ ਵੇਖਾਂ, ਹੈਅੰ, ਛੇ ਮਹੀਨੇ ਮਗਰੋਂ ਮੇਲਾ? ਸਰਕਾਰ ਦਾ ਹੁਕਮ? ਨਾਲ ਬੈਠੇ ਐਸ ਐਸ ਪੀ ਚਹਿਲ ਸਾਹਬ ਬੋਲੇ, “ਯਾਰ,ਤੁਸੀ ਕੀ ਗੱਲਾਂ ਕਰਦੇ ਓ, ਮੈਂ ਕੱਲ ਜਸੋਵਾਲ ਸਾਹਬ ਨੂੰ ਬੁਲਾਵਾਂ ਫੇਰ? ਮੈਂ ਕੱਲਾ ਈ ਏਹੋ ਜੇ ਸੌ ਮੇਲੇ ਲਾਦੂੰ,ਸਾਰੇ ਜਿਲੇ ਵਿਚ ਮੇਲੇ ਲਾਦੂੰ ਤੇ ਹਰ ਬੱਚੇ ਦੀ ਜੁਬਾਨ ਉਤੇ ਬਾਬਾ ਫਰੀਦ ਬਾਬਾ ਫਰੀਦ ਹੁੰਦੀ ਫਿਰੂਗੀ।” ਅਵਤਾਰ ਸਿੰਘ ਬਰਾੜ ਚਹਿਲ ਜੀ ਦੇ ਮੂੰਹ ਵੱਲ ਦੇਖਣ ਲੱਗੇ, ” ਵਾਹ ਬਾਈ ਵਾਹ ਸਹੀ ਗੱਲ ਕੀਤੀ ਐ।” ਡਿਪਟੀ ਕਮਿਸ਼ਨਰ ਨੇ ਦੇਖਿਆ ਕਿ ਹੁਣ ਏਹ ਸਾਰੇ ਮਾਹੌਲ ਖਰਾਬ ਕਰਨਗੇ ਤੇ ਇੰਨਾ ਦੀਆਂ ਸੂਈਆਂ ਤੇਜ ਤੇਜ ਹੋ ਗਈਆਂ ਨੇ। ਉਨਾ ਇਸ਼ਾਰੇ ਜਿਹੇ ਨਾਲ ਹੰਸ ਰਾਜ ਹੰਸ ਨੂੰ ਸਟੇਜ ਤੋਂ ਹੇਠਾਂ ਸੱਦ ਲਿਆ। ਹੰਸ ਹੇਠਾਂ ਆਇਆ ਤੇ ਕਹਿੰਦਾ ਕਿ ਮੈਂ ਪਿਸ਼ਾਬ ਕਰਨਾ ਏਂ। ਚਹਿਲ ਸਾਹਬ ਨੇ ਹਾਸੇ ਹਾਸੇ ਆਖਿਆ, “ਸੱਚ ਸੱਚ ਦੱਸ ਕੀ ਕਰਨਾ ਐਂ? ਪਿਸ਼ਾਬ ਜਾਂ –ਦਸ–?” ਮਹਿਮਾਨ ਹੱਸਣ ਲੱਗੇ।
ਹੰਸ ਬਾਥਰੂਮ ਵੱਲ ਚਲਾ ਗਿਆ। ਬਰਾੜ ਸਾਹਬ ਦਾ ਮੂੰਹ ਲੱਥਾ ਹੋਇਆ ਸੀ ਤੇ ਏਧਰ ਓਧਰ ਝਾਕ ਰਹੇ ਸਨ। ਮੈਨੂੰ ਤਰਸ ਤਾਂ ਆਵੇ ਪਰ ਮੈਂ ਕਰ ਕੁਛ ਨਹੀ ਸੀ ਸਕਦਾ।
ਲੋਕ ਰੌਲੀ ਪਾਉਣ ਤੇ ਚੀਕਾਂ ਮਾਰਨ। ਆਖਿਰ ਡੀ ਸੀ ਸਾਹਿਬ ਨੇ ਹੰਸ ਨੂੰ ਫਿਰ ਸਟੇਜ ਉਤੇ ਚਾੜ ਦਿੱਤਾ। ਹੰਸ ਗੀਤ ਗਾ ਰਿਹਾ ਸੀ: ਦਿਲ ਲੈਕੇ ਮੁਕਰ ਗੇ ਓ, ਪਰਦੇਸ ਨੂੰ ਤੁਰਗੇ ਓ।
ਹਾਏ ਓ ਮੇਰਾ ਦਿਲ।
ਹਾਏ ਓ ਮੇਰਾ ਦਿਲ।
ਚਹਿਲ ਸਾਹਬ ਤੋਂ ਹੰਸ ਦੀ ਜਿਆਦਾ ‘ਹਾਏ ਹਾਏ’ ਸਹਿਣ ਨਾ ਹੋਈ ਤਾਂ ਉਹ ਸੋਫੇ ਉਤੋਂ ਬੈਠੇ ਬੋਲੇ, “ਨਾ ਹਾਏ ਹਾਏ ਕਰਕੇ ਸਾਨੂੰ ਦੁਖੀ ਕਰ, ਅਸੀਂ ਤਾਂ ਪਹਿਲਾਂ ਈ ਬੜੇ ਦੁਖੀ ਆਂ,ਯਾਰ ਬਾਬੇ ਫਰੀਦ ਦਾ ਕੋਈ ਕਲਾਮ ਸੁਣਾ।” ਅਵਤਾਰ ਸਿੰਘ ਬਰਾੜ ਨੇ ਲਾਗਿਓ ਆਵਾਜਾ ਕੱਸਿਆ, ” ਜੇ ਨਹੀਂ ਤਾਂ ਬਾਬਾ ਬੁੱਲਾ ਈ ਸੁਣਾਦੇ।” ਹੰਸ ਗਾਉਣ ਲੱਗਿਆ: ਕੱਤ ਚਰਖਾ ਨਾਲ ਧਿਆਨ ਕੁੜੇ।
ਤੇਰੀ ਹੈ ਉਮਰ ਨਿਦਾਨ ਕੁੜੇ।
ਹੁਣ ਗੱਲ ਬਣ ਨਹੀਂ ਸੀ ਰਹੀ। ਛੋਟੇ ਵੱਡੇ ਅਫਸਰ ਵੀ ਚਾਹੁੰਦੇ ਸਨ ਕਿ ਛੇਤੀ ਛੇਤੀ ਕੰਮ ਨਿੱਬੜੇ ਤੇ ਜਾਕੇ ਜਸ਼ਨ ਕਰੀਏ। ਖਿੱਚਾ ਧੂਹੀ ਵਿਚ ਹੰਸ ਨੂੰ ਲੋਈ ਤੇ ਬਾਬੇ ਫਰੀਦ ਦੀ ਫੋਟੋ ਦੇਕੇ ਸਨਮਾਨਿਤ ਕੀਤਾ ਗਿਆ ਤੇ ‘ਅਹੁ ਗਿਆ ਅਹੁ ਗਿਆ’ ਹੋਣ ਲੱਗੀ। ਸਾਰੇ ਅਫਸਰ ਤੇ ਮੰਤਰੀ ਖਾਣਾ ਖਾਣ ਦਰਬਾਰ ਗੰਜ ਵੱਲ ਚੱਲ ਪਏ ਤੇ ਮੈਂ ਬਰਜਿੰਦਰਾ ਕਾਲਜ ਦੀ ਪਾਰਕਿੰਗ ਚੋਂ ਆਪਣਾ ਸਕੂਟਰ ਕੱਢਕੇ ਪਿੰਡ ਦੇ ਰਾਹੇ ਪਾ ਲਿਆ।
***
ਬਰਾੜ ਸਾਹਬ ਨਾਲ ਮੇਰੇ ਕਾਫੀ ਸਾਰੇ ਕੌੜੇ ਤੇ ਖੱਟੇ ਸਮੇਂ ਵੀ ਰਹੇ ਪਰ ਉਹ ਘਰ ਦੇ ਇਕ ਵੱਡੇ ਜੀਅ ਵਾਂਗ ਮੈਨੂੰ ਛੋਟਾ ਸਮਝਕੇ ਮਨਾ ਲੈਂਦੇ ਸਨ ਤੇ ਮੈਂ ਬੱਚਿਆਂ ਵਾਂਗ ਵਿਰ ਜਾਂਦਾ ਸਾਂ। (ਉਨਾ ਗੱਲਾਂ ਦੇ ਵੇਰਵੇ ਇਥੇ ਦੇਕੇ ਮੁਰਦਿਆਂ ਦੇ ਸਿਵੇ ਨਹੀਂ ਪੱਟਣੇ ਚਾਹੁੰਦਾ)।
***
ਇਕ ਹੋਰ ਯਾਦ ਸਾਂਝੀ ਕਰੀਏ। ਪਿੰਡ ਬੁੱਟਰੀਂ ਸਾਡੇ ਮਿੱਤਰ ਬੋਹੜ ਸੰਧੂ ਦੀ ਦਾਦੀ ਦਾ ਭੋਗ ਸੀ। ਮੈਂ ਔਖਾ ਸੌਖਾ ਪਟਿਆਲਿਓਂ ਭੋਗ ਉਤੇ ਬੁੱਟਰ ਪੁੱਜਿਆ। ਗਰਮੀ ਵਿਚ ਮੱਤ ਮਾਰੀ ਗਈ। ਬਰਾੜ ਸਾਹਬ ਆਏ ਬੈਠੇ ਸੀ ਗੁਰੂ ਸਾਹਬ ਦੀ ਤਾਬਿਆ ਵਿਚ। ਬਾਬਾ ਵਾਕ ਲੈ ਰਿਹਾ ਸੀ ਤੇ ਬੋਹੜ ਮੇਰੇ ਕੰਨ
‘ਚ ਕਹਿੰਦਾ ਕਿ ਤੂੰ ਦੋ ਮਿੰਟ ਸ਼ਰਧਾਂਜਲੀ ਭੇਟ ਕਰਦੇ ਤੇ ਫਿਰ ਬਰਾੜ ਸਾਹਬ ਨੂੰ ਬੁਲਾਦੇ। ਸੰਗਤ ਖਾਸਾ ਬੈਠੀ ਸੀ ਤੇ ਸਬਕਾ ਮੁੱਖ ਮੰਤਰੀ ਸ੍ਰ ਹਰਚਰਨ ਸਿੰਘ ਬਰਾੜ ਦੀ ਨੂੰਹ ਵਿਧਾਇਕਾ ਕਰਨ ਕੌਰ ਬਰਾੜ ਵੀ ਬੈਠੀ ਸੀ। ਮੈਂ ਬੋਲਿਆ ਤੇ ਬਰਾੜ ਸਾਹਬ ਨੂੰ ਬੁਲਾਉਣ ਵੇਲੇ ਮੂੰਹੋਂ ਨਿਕਲ ਗਿਆ ਕਿ ਸਾਡੇ ਹਲਕੇ ਦੇ ਸਾਬਕਾ ਵਿਧਾਇਕ ਬਰਾੜ ਸਾਹਬ ਦੋ ਮਿੰਟ ਵਾਸਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਬਰਾੜ ਸਾਹਬ ਬੋਲੇ। ਦੇਗ ਵਰਤਾਈ ਗਈ। ਮੈਂ ਦੋਸਤ ਦੀ ਕਾਰ ਵਿਚ ਬਹਿਕੇ ਸਾਦਿਕ ਨੂੰ ਚੱਲ ਪਿਆ ਤਾਂ ਪੰਜਾਂ ਮਿੰਟਾਂ ਬਾਅਦ ਹੀ ਬਰਾੜ ਸਾਹਬ ਦਾ ਫੋਨ ਸੀ, “ਓ ਮਾਂ– ਭਤੀਜ ਅੱਜ ਆਵਦੇ ਚਾਚੇ ਨੂੰ ਮੌਜੂਦਾ ਤੋਂ ਸਾਬਕਾ ਬਣਾਤਾ ਉਏ, ਲਗਦਾ ਦਿਮਾਗ ਚਕਰਾਇਆ ਪਿਐ ਤੇਰਾ ਮਾਂ ਦਿਆ ਪੁੱਤਾ, ਆਉਣਾ ਥੋਡੇ ਘਰੇ ਦਿੰਨਾ ਤੇਰੀ ਮਾਂ ਨੂੰ ਉਲਾਂਭਾ ਆਕੇ।” ਇਕੋ ਸਾਹੇ ਆਖ ਉਹ ਹੱਸਣ ਲੱਗੇ। ਉਨਾ ਦੇ ਦੱਸਣ ਉਤੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਕਿਹਾ, “ਚਾਚਾ ਜੀ ਮਾਫ ਕਰਦੋ, ਉੱਕ ਗਿਆ ਅੱਜ ਮੈਂ, ਥੋਡੇ ਦੱਸਣ ‘ਤੇ ਪਤਾ ਲੱਗਿਆ ਐ।” ” ਕੋਈ ਨਾ ਕੋਈ ਨਾ ਪੁੱਤ, ਮੈਂ ਤਾਂ ਹਸਦਾ ਐਂ।” ਸੋ,ਹੱਸਦਿਆਂ-ਹੱਸਦਿਆਂ ਉਨਾ ਫੋਨ ਬੰਦ ਕਰਿਆ।
(ਜਾਰੀ)
(ਇਹ ਫੋਟੋ ਸਾਡੇ ਘਰ ਦੀ ਹੈ, ਨਾਲ ਤੇਜੀ ਗਿੱਲ ਬਾਬਾ ਬਿਰਲਾ ਸਿੰਘ ਤੇ ਮੇਰਾ ਭਰਾ ਸ਼ਿੰਦਰ ਹਨ)