ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ 2 ਨੇ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨਾਲ ਮੰਗਲਵਾਰ ਨੂੰ ਐਡਿਨਬਰਾ ਦੇ ਪੈਲੇਸ ਆਫ਼ ਹੋਲੀਰੂਡ ਹਾਊਸ ਵਿੱਚ ਆਪਣੇ ਸਕਾਟਲੈਂਡ ਦੌਰੇ ਦੌਰਾਨ ਮੁਲਾਕਾਤ ਕੀਤੀ। ਸਕਾਟਲੈਂਡ ਵਿੱਚ ਮਹਾਰਾਣੀ ਦੀ ਸਰਕਾਰੀ ਰਿਹਾਇਸ਼ ‘ਤੇ ਇਹ ਮੀਟਿੰਗ ਹੋਲੀਰੂਡ ਹਫਤੇ ਦੀ ਰਵਾਇਤੀ ਯਾਤਰਾ ਦਾ ਇੱਕ ਹਿੱਸਾ ਸੀ। ਇਸ ਦੌਰਾਨ ਮਹਾਰਾਣੀ ਨੇ ਐਲਿਸਨ ਜੋਹਨਸਟਨ ਐੱਮ ਐੱਸ ਪੀ ਨਾਲ ਵੀ ਗੱਲਬਾਤ ਕੀਤੀ, ਜੋ ਕਿ ਮਈ ਦੀਆਂ ਚੋਣਾਂ ਤੋਂ ਬਾਅਦ ਸਕਾਟਲੈਂਡ ਦੀ ਸੰਸਦ ਦੀ ਪ੍ਰਜ਼ੀਡਿੰਗ ਅਧਿਕਾਰੀ ਦੀਆਂ ਸੇਵਾਵਾਂ ਨਿਭਾ ਰਹੀ ਹੈ। ਮਹਾਰਾਣੀ ਆਪਣੇ ਚਾਰ ਦਿਨਾਂ ਦੌਰੇ ਦੌਰਾਨ ਸਕਾਟਿਸ਼ ਸਭਿਆਚਾਰ, ਪ੍ਰਾਪਤੀਆਂ ਅਤੇ ਕਮਿਊਨੀਟੀਜ਼ ਨੂੰ ਵੇਖਣਗੇ। ਮਹਾਰਾਣੀ ਸੋਮਵਾਰ ਨੂੰ ਆਪਣੇ ਪੋਤੇ, ਡਿਊਕ ਆਫ ਕੈਮਬ੍ਰਿਜ ਜੋ ਕਿ ਸਕਾਟਲੈਂਡ ਵਿੱਚ ਅਰਲ ਆਫ ਸਟ੍ਰੇਟਨ ਵਜੋਂ ਜਾਣੇ ਜਾਂਦੇ ਹਨ, ਦੇ ਨਾਲ ਸਨ। ਜਦੋਂਕਿ ਉਹਨਾਂ ਦੀ ਧੀ, ਰਾਜਕੁਮਾਰੀ ਰਾਇਲ, ਬੁੱਧਵਾਰ ਅਤੇ ਵੀਰਵਾਰ ਨੂੰ ਉਹਨਾਂ ਦੇ ਨਾਲ ਹੋਣਗੇ।