ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਵਿੱਚ ਕੋਲੇ ਦੁਆਰਾ ਬਿਜਲੀ ਪੈਦਾ ਕਰਨ ਦਾ ਕੰਮ ਇਸਦੀ ਮਿੱਥੀ ਹੋਈ ਮਿਆਦ ਤੋਂ ਤਕਰੀਬਨ ਇੱਕ ਸਾਲ ਪਹਿਲਾਂ ਅਕਤੂਬਰ 2024 ਵਿੱਚ ਬੰਦ ਹੋ ਸਕਦਾ ਹੈ। ਯੂਕੇ ਸਰਕਾਰ ਦੁਆਰਾ ਕੋਪ 26 ਦੇ ਸਿਖਰ ਸੰਮੇਲਨ ਦੌਰਾਨ ਕੋਲੇ ਦੀ ਵਰਤੋਂ ਨਾਲ ਬਿਜਲੀ ਉਤਪਾਦਨ ਨੂੰ ਬੰਦ ਕਰਨ ਲਈ ਸੋਚਣ ਬਾਰੇ ਵੀ ਪ੍ਰੇਰਿਤ ਕੀਤਾ ਜਾਵੇਗਾ ਜੋ ਕਿ ਵਿਸ਼ਵ ਭਰ ਵਿੱਚ ਮੌਸਮੀ ਐਮਰਜੈਂਸੀ ਨੂੰ ਰੋਕਣ ਦਾ ਇੱਕ ਮੌਕਾ ਹੈ। ਯੂਕੇ ਵਿੱਚ ਕੋਲੇ ਦੁਆਰਾ ਬਿਜਲੀ ਉਤਪਾਦਨ ਵਿੱਚ ਯੋਗਦਾਨ ਇੱਕ ਦਹਾਕੇ ਪਹਿਲਾਂ ਨਾਲੋਂ ਲੱਗਭਗ 40 ਪ੍ਰਤੀਸ਼ਤ ਤੋਂ ਘੱਟ ਕੇ ਪਿਛਲੇ ਸਾਲ ਸਿਰਫ 1.8 ਪ੍ਰਤੀਸ਼ਤ ਰਹਿ ਗਿਆ ਹੈ, ਜਦਕਿ ਹੁਣ ਇੱਕ ਤਿਹਾਈ ਤੋਂ ਵੱਧ ਹਵਾ ਦੀ ਵਰਤੋਂ ਬਿਜਲੀ ਬਨਾਉਣ ਲਈ ਕੀਤੀ ਜਾਂਦੀ ਹੈ। ਇਸ ਨਵੀਂ ਯੋਜਨਾ ਦਾ ਸੰਕੇਤ ਇਸ ਸਾਲ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੁਆਰਾ ਦਿੱਤਾ ਗਿਆ ਸੀ, ਜਿਸ ਦਾ ਉਦੇਸ਼ ਕੋਲ ਪਾਵਰ ਨੂੰ ਗੈਰ-ਕਾਨੂੰਨੀ ਬਣਾਉਣਾ ਅਤੇ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰਘਟਾਉਣਾ ਹੈ। ਪਰ ਕੋਲੇ ਦੀ ਵਰਤੋਂ ਸਿਰਫ ਬਿਜਲੀ ਉਤਪਾਦਨ ਲਈ ਬੰਦ ਹੋਵੇਗੀ, ਹੋਰ ਉਦਯੋਗਾਂ ਜਿਵੇਂ ਕਿ ਸਟੀਲ ਉਦਯੋਗ ਆਦਿ ‘ਤੇ ਨਹੀਂ। 2050 ਤੱਕ “ਸ਼ੁੱਧ ਜ਼ੀਰੋ” ਨਿਕਾਸ ਦੀ ਉਪਲੱਬਧੀ ਲਈ ਕੋਈ ਵਿਹਾਰਕ ਯੋਜਨਾ ਨਾ ਹੋਣ ਕਾਰਨ ਸਰਕਾਰ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਜਦਕਿ ਕੋਪ 26 ਦੇ ਪ੍ਰਧਾਨ ਅਲੋਕ ਸ਼ਰਮਾ ਅਨੁਸਾਰ ਅਗਲਾ ਦਹਾਕਾ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰਭਾਵਸ਼ਾਲੀ ਹੋਵੇਗਾ। ਯੂਕੇ ਵਿੱੱਚ ਸਿਰਫ ਤਿੰਨ ਕਾਰਜਸ਼ੀਲ ਕੋਲੇ ਦੀ ਊਰਜਾ ਦੇ ਪਲਾਂਟ ਹਨ, ਅਤੇ ਸਾਰਿਆਂ ਦੀ ਅਕਤੂਬਰ 2024 ਵਿੱਚ ਬੰਦ ਹੋਣ ਦੀ ਉਮੀਦ ਹੈ। ਜਿਸ ਨਾਲ ਲੰਡਨ ਦੇ ਹੋਲਬਰਨ ਵਾਇਆਡਕਟ ਵਿੱਚ 1882 ‘ਚ ਖੋਲ੍ਹੇ ਪਹਿਲੇ ਕੋਲ ਪਾਵਰ ਪਲਾਂਟ ਦੇ ਯੁੱਗ ਦਾ ਅੰਤ ਹੋਵੇਗਾ।