ਹਰਮਨਦੀਪ (ਬ੍ਰਿਸਬੇਨ)
ਅਸੀਂ ਜਿੰਦਗੀ ਵਿੱਚ ਸਾਲ ਦੇ ਕਈ ਦਿਨਾਂ ਨੂੰ ਜ਼ਿੰਦਗੀ ਦੇ ਸ਼ੁਰੂਆਤੀ ਦਿਨ ਮੰਨ ਕੇ ਹਰ ਵਾਰ ਨਵੇਂ ਸਿਰੇ ਤੋਂ ਚੱਲਣ ਦਾ ਹੌਸਲਾ ਕਰਦੇ ਹਾਂ । ਅਜਿਹੇ ਦਿਨ ਨਿੱਜੀ ਤੌਰ ਉੱਤੇ , ਪਰਿਵਾਰਕ ਤੇ ਸਮੂਹਿਕ ਤੌਰ ਵਜੋਂ ਨਿਸ਼ਚਿਤ ਕੀਤੇ ਜਾਂਦੇ ਆ ਰਹੇ ਹਨ । ਇਹ ਦਿਨ ਜਨਮ ਦਿਨ, ਵਿਆਹ ਦਾ ਦਿਨ , ਸਥਾਪਨਾ ਦਿਵਸ ਅਤੇ ਸਭ ਤੋਂ ਵੱਡੇ ਸਮੂਹ ਵਿੱਚ ਨਵੀਂ ਸ਼ੁਰੂਆਤ ਕਰਨ ਵਾਲਾ ‘ਹਰ ਨਵੇਂ ਸਾਲ ਦਾ ਪਹਿਲਾ ਦਿਨ’ ਹਨ। ਅਸੀਂ ਆਰਥਿਕ , ਰਾਜਨੀਤਕ ਤੇ ਸਮਾਜਿਕ ਤੌਰ ਉੱਤੇ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਵਾਲੇ ਖਤਰਿਆਂ ਨੂੰ ਝੇਲਦੇ ਹੋਏ , 2020 ਚੋਂ 2021 ਵਿੱਚ ਪ੍ਰਵੇਸ਼ ਕਰ ਰਹੇ ਹਾਂ। ਕਰੋਨਾ ਵਰਗੀ ਬਿਮਾਰੀ ਦੇ ਨਵੇਂ ਤੇ ਖ਼ਤਰਨਾਕ ਰੂਪ ਨੇ ਸਾਰੀ ਦੁਨੀਆਂ ਦੇ ਆਰਥਿਕ, ਰਾਜਨੀਤਕ ਤੇ ਸਮਾਜਿਕ ਬਦਲਾਂ ਨੂੰ ਜੜ੍ਹ ਤੱਕ ਪ੍ਰਭਾਵਿਤ ਕੀਤਾ ਹੈ। ਇਸ ਬਦਲਦੇ ਕੁਦਰਤੀ ਸੰਸਾਰ ਨੇ ਮਨੁੱਖੀ ਸਮਾਜ ਨੂੰ ਵੱਡੀਆਂ ਚਣੌਤੀਆਂ ਸਾਹਮਣੇ ਖੜ੍ਹਾ ਕਰ ਦਿੱਤਾ ਹੈ। ਆਰਥਿਕ ਮੰਦੀ ਨੇ ਸੰਸਾਰ ਪੱਧਰ ਉੱਤੇ ਦੋ ਜਮਾਤਾਂ ਦੇ ਸਘੰਰਸ਼ ਨੂੰ ਹਰ ਦੇਸ ਅਤੇ ਸੰਸਾਰ ਪੱਧਰ ਉੱਤੇ ਦੇਸ਼ਾਂ ਵਿਚਕਾਰ ਤਿੱਖਾ ਤੇ ਸਪੱਸ਼ਟ ਵਿਰੋਧ ਖੜ੍ਹਾ ਕਰਨ ਦਾ ਕੰਮ ਕੀਤਾ ਹੈ। ਇਸਤੋਂ ਵੀ ਅੱਗੇ ਦਾਰਸ਼ਨਿਕਤਾ ਦੇ ਦੋ ਮੁੱਖ ਕੈਂਪਾਂ ਉੱਤੇ ਆਧਾਰਿਤ ਢਾਂਚਿਆਂ ਦੇ ਲੋਕਾਈ ਪ੍ਰਤੀ ਅਸਰਾਂ ਨੂੰ ਤੇ ਵਿਚਾਰਧਾਰਕ ਵਖਰੇਵੇਂ ਨੂੰ ਦਰਸਾਉਂਦਿਆਂ ਦੋਹਾਂ ਦੇ ਆਪਣੀ ਆਪਣੀ ਜਮਾਤ ਦੀ ਸੇਵਾ ਵਿੱਚ ਲੱਗੇ ਹੋਣ ਦਾ ਸਪੱਸ਼ਟ ਤੇ ਸਾਫ ਰੂਪ ਪੇਸ਼ ਕੀਤਾ ਹੈ। ਇਸ ਸਾਰੇ ਵਰਤਾਰੇ ਦੁਆਰਾ ਸੰਸਾਰ ਪੱਧਰ ਉੱਤੇ ਬੁਰਜੂਆ ਲੋਕਤੰਤਰ ਦਾ ਚੇਹਰਾ ਨੰਗਾ ਕਰਨ ਤੇ ਅਸਲ ਲੋਕਤੰਤਰ ਦੀ ਬਹਾਲੀ ਦੀ ਲੜਾਈ ਵਿੱਚ ਵੀ ਆਮ ਲੋਕਾਂ ਦੀ ਸ਼ਮੂਲੀਅਤ ਵਿੱਚ ਵਾਧਾ ਹੋਣ ਦੇ ਨਾਲ ਅਗਲੇ ਵੱਡੇ ਬਦਲ ਵੱਲ ਮੋੜਾ ਕੱਟਣ ਦੇ ਆਸਾਰ ਦਿਖਣ ਲੱਗੇ ਹਨ। ਮਿਹਨਤਕਸ਼ਾਂ ਦਾ ਜੀਵਨ ਪੱਧਰ ਹੋਰ ਵੀ ਨੀਵੇਂ ਪੱਧਰ ਵੱਲ ਵਧਿਆ ਹੈ ਤੇ ਦੁਨੀਆਂ ਪੱਧਰ ਉੱਤੇ ਦੌਲਤ ਹੋਰ ਵੀ ਘੱਟ ਗਿਣਤੀ ਲੋਕਾਂ ਦੇ ਨਾਮ ਹੇਠ ਤੇਜੀ ਨਾਲ ਇਕੱਠੀ ਹੋ ਰਹੀ ਹੈ। ਵਿਕਸਤ ਦੇਸ਼ਾਂ ਵਿੱਚ ਵੀ ਮਿਹਨਤਕਸ਼ਾਂ ਦੇ ਹੱਕਾਂ ਨੂੰ ਕੁਚਲ ਕੇ , ਨਿੱਜੀ ਕਾਰਪੋਰੇਸ਼ਨਾਂ ਦੇ ਮੁਨਾਫੇ ਪੂਰੇ ਕੀਤੇ ਗਏ ਹਨ। ਪੂਰੀ ਦੁਨੀਆ ਵਿੱਚ ਆਮ ਜੰਨਤਾ ਦਾ ਜੀਵਨ ਢੰਗ ਇਸ ਪ੍ਰਕਾਰ ਹੋ ਚੁੱਕਾ ਹੈ ਕਿ ਉਹ ਸਿਰਫ ਕੰਮ ਕਰਨ ਦਾ ਸੰਦ ਬਣਕੇ ਰਹਿ ਗਏ ਮਹਿਸੂਸ ਕਰ ਰਹੇ ਹਨ ਤੇ ਜਦੋਂ ਨਿਯਮਤ ਉਮਰ ਅਨੁਸਾਰ ਕੰਮ ਤੋਂ ਬਾਹਰ ਹੁੰਦੇ ਹਨ ਤਾਂ ਬਿਲਕੁੱਲ ਕੰਡਮ ਮਸ਼ੀਨ ਵਾਂਗ ਹੋ ਜਾਂਦੇ ਹਨ। ਵਿਕਸਤ ਦੇਸ਼ਾਂ ਵਿੱਚ ਮੁਸ਼ੱਕਤ ਭਰੀ ਜ਼ਿੰਦਗੀ ਵਿੱਚ ਦਾਖਲ ਹੋ ਰਹੀ ਨਵੀਂ ਪੀੜ੍ਹੀ ਜਦੋਂ ਆਪਣੇ ਵਡੇਰਿਆਂ ਦੇ ਜੀਵਨ ਵੱਲ ਝਾਤੀ ਮਾਰਦੀ ਹੈ ਤਾਂ ਖਾਸੀ ਪ੍ਰਤਿਸ਼ਤ ਇਹ ਐ ਕਿ ਉਹ ਜੀਵਨ ਨੂੰ ਬੋਝ ਸਮਝਦੇ ਹੋਏ ਜੀਵਨ ਖਤਮ ਕਰਨ ਵੱਲ ਤੁਰਦੇ ਹਨ। ਦੂਜੇ ਪਾਸੇ ਵਿਕਾਸਸ਼ੀਲ ਤੇ ਹੋਰ ਕਾਰਪੋਰੇਸ਼ਨਾਂ ਦੇ ਮਾਂਜੇ ਦੇਸ਼ਾਂ ਦੇ ਵਸਨੀਕ ਆਪਣੀਆਂ ਮਿਹਨਤਾਂ ਦੇ ਮੁੱਲ ਨਾ ਪੈਂਦੇ ਦੇਖ ਕੇ ਹੋਰ ਦੇਸ਼ਾਂ ਦੇ ਦਰ ਖੜਕਾਉਂਦੇ ਹਨ ਜਾਂ ਰੁਜ਼ਗਾਰ ਨਾ ਹੋਣ ਦੇ ਫਿਕਰ ਵਿੱਚ ਹੋਰ ਅਲਾਮਤਾਂ ਨੂੰ ਸੁਹੇੜ ਲੈਂਦੇ ਹਨ । ਜਿਸ ਤਰ੍ਹਾਂ ਕੰਮ ਤੋਂ ਬਾਹਰ ਵਾਲਿਆਂ ਦਾ ਜਿਊਣਾ ਦੁੱਭਰ ਹੋ ਗਿਆ ਹੈ ਉਸੇ ਤਰ੍ਹਾਂ ਹੀ ਉਜਰਤੀ ਕਾਮੇ ਦਾ ਜੀਵਨ ਵੀ ਖੁਸ਼ਹਾਲ ਨਜਰ ਨਹੀਂ ਪੈ ਰਿਹਾ ਹੈ।
ਇਹ ਸਾਲ ਆਮ ਲੋਕਾਂ ਲਈ ਲੱਗਭਗ ਸਲਾਬਾ ਜਿਹਾ ਸ਼ੁਰੂ ਹੋਇਆ ਐ । ਲੋਕ ਝੂਠੀਆਂ ਖੁਸ਼ੀਆਂ ਨੂੰ ਤਿਲਾਂਜਲੀ ਦੇ ਰਹੇ ਲੱਗਦੇ ਹਨ।ਜਿੱਥੇ ਭਾਰਤ ਵਿੱਚ ਸਾਰਾ ਭਾਰਤ ਹਕੂਮਤ ਦੀ ਤਾਨਾਸ਼ਾਹੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਵਿਚ ਬੈਠਾ ਹੈ ,ਉਸੇ ਤਰ੍ਹਾਂ ਅਮਰੀਕੀ ਲੋਕ ਵੀ ਤਾਨਾਸ਼ਾਹੀ ਸਰਮਾਏਦਾਰੀ ਢਾਂਚੇ ਵਿੱਚ ਲੱਖਾਂ ਵਿੱਛੜ ਗਏ ਪਿਆਰਿਆਂ ਨੂੰ ਬੈਠੇ ਯਾਦ ਕਰ ਰਹੇ ਹਨ। ਆਸਟ੍ਰੇਲੀਅਨ ਮਿਹਨਤਕਸ਼ਾਂ ਦੀ ਜ਼ਿੰਦਗੀ ਵਿੱਚ ਵੀ ਵੱਡੀ ਤਬਦੀਲੀ ਆਉਣ ਜਾ ਰਹੀ ਐ। ਕੰਮ ਦੀ ਗਰੰਟੀ ਤਾਂ ਪਹਿਲਾਂ ਹੀ ਨਾ ਮਾਤਰ ਜਿਹੀ ਐ ਪਰ ਉਸ ਤੋਂ ਵੀ ਅੱਗੇ ਜੋ ਥੋੜੇ ਬਹੁਤ ਹੱਕ ਹਨ ਉਹ ਵੀ ਖੋਹੇ ਜਾ ਰਹੇ ਹਨ। ਖੁੱਲ੍ਹੀ ਮੰਡੀ ਦੇ ਅਸੂਲਾਂ ਹੇਠ, ਜ਼ਿੰਦਗੀ ਨੂੰ ਵਪਾਰ ਦੀ ਭੇਂਟ ਚਾੜ੍ਹ ਦਿੱਤਾ ਗਿਆ ਹੈ। ਸੰਵੇਦਨਸ਼ੀਲਤਾ, ਅਹਿਸਾਸ, ਪਿਆਰ ,ਸਨੇਹ ਜਾਂ ਰੂਹਾਨੀਅਤ ਵਰਗੇ ਸ਼ਬਦ ਲੋਕਾਂ ਦੀ ਜ਼ਿੰਦਗੀ ਵਿੱਚੋਂ ਮਨਫੀ ਹੋ ਚੁੱਕੇ ਹਨ। ਸਾਰੀ ਉਮਰ ਪੈਸੇ ਦੇ ਮਗਰ ਭੱਜਣ ਨੂੰ ਜਾਂ ਦੋ ਵਕਤ ਦੀ ਰੋਟੀ , ਤੇ ਕੱਪੜੇ ਦੀ ਪ੍ਰਾਪਤੀ ਨੂੰ ਹੀ ਜਿੰਦਗੀ ਕਿਹਾ ਜਾ ਰਿਹਾ ਹੈ।ਅੱਜ ਸਰਮਾਏ ਦੀ ਦੌੜ ਵਿੱਚ ਪੈ ਕੇ ਅਜਿਹੀ ਘੜੀ ਲਿਆ ਦਿੱਤੀ ਗਈ ਹੈ ਕਿ ਸਭ ਤੋਂ ਵੱਡਾ ਦਾਨ ਵੀ ਪੈਸਾ ਹੀ ਗਿਣਿਆ ਜਾ ਰਿਹਾ ਹੈ । ਇਨਸਾਨ ਜਾਂ ਇਨਸਾਨੀਅਤ ਵਰਗੇ ਸ਼ਬਦਾਂ ਨੂੰ “ਪ੍ਰੈਕਟੀਕਲ ਜ਼ਿੰਦਗੀ” ਦੇ ਨਾਮ ਹੇਠ ਦੱਬ ਕੇ ਸਰਮਾਏ ਦੀ ਗੁਲਾਮੀ ਕਬੂਲਣ ਵਿੱਚ ਲੋਕ ਭੋਰਾ ਵੀ ਹਿਚਕਚਾਉਂਦੇ ਨਹੀਂ।
ਦੁਨੀਆਂ ਪੱਧਰ ਉੱਤੇ ‘ਮੁੱਠੀਭਰ ਲੋਕ ਪੱਖੀ ਦਾਰਸ਼ਨਿਕਤਾ’, ਲੋਕਾਂ ਨੂੰ ਰੂਹਾਨੀਅਤ ਵੱਲ ਖਿੱਚਣ ਦਾ ਉਜ਼ਰ ਕਰਦੀ ਹੈ । ਸਰਕਾਰੀਤੰਤਰ ਦੁਆਰਾ ਕਾਰਪੋਰੇਸ਼ਨਾਂ ਦੇ ਹੱਕ ਵਿੱਚ ਲੋਕ ਮਾਰੂ ਨੀਤੀਆਂ ਵਿਰੁੱਧ ਆਵਾਜ਼ ਉੱਠਦੀ ਹੈ । ਨਵੀਂ ਦੁਨੀਆਂ ਸੰਭਵ ਹੋਣ ਦਾ ਨਾਹਰਾ ਬੁਲੰਦ ਹੋਣ ਲਗਦਾ ਹੈ । ਉਸੇ ਵਕਤ ਲੋਕ ਵਿਰੋਧੀ ਧਿਰ ਵੱਲੋਂ ਵਿਤਕਰਿਆਂ ਦੇ ਮਹੌਲ ਦੀ ਸਿਰਜਣਾ ਹੋਣੀ ਸ਼ੁਰੂ ਹੋ ਜਾਂਦੀ ਹੈ । ਪੂਰੀ ਦੁਨੀਆ ਵਿੱਚ ਕੁੱਝ ਕੁ ਸੈਕਿੰਡਾਂ ਵਿਚ ਵੱਡੇ ਵੱਡੇ ਝੂਠ ਸੱਚ ਸਾਬਤ ਕਰ ਦਿੱਤੇ ਜਾਂਦੇ ਹਨ ਤੇ ਲੋਕਾਈ ਲਈ ਵਰਦਾਨ ਸਾਬਿਤ ਹੋਣ ਵਾਲੀਆਂ ਕੋਸ਼ਿਸਾਂ ਨੂੰ ਸ਼ਰਾਪ ਕਰਾਰ ਦੇ ਦਿੱਤਾ ਜਾਂਦਾ ਹੈ। ਸਾਡੇ ਮਨਾਂ ਵਿਚ ਜ਼ਹਿਰ ਇਸ ਕਦਰ ਭਰ ਦਿੱਤੀ ਗਈ ਹੈ ਕਿ ਅਸੀਂ ਸਾਂਝੀਵਾਲਤਾ ਦੇ ਨਾਹਰੇ ਹੇਠ ਆਉਣੋਂ ਝਿਜਕਦੇ ਹਾਂ , ਇਨਸਾਨੀਅਤ ਇਸ ਕਦਰ ਗ਼ਾਇਬ ਕਰ ਦਿੱਤੀ ਗਈ ਹੈ ਕਿ ਵਿਲਕਦੇ ਤੇ ਮਜ਼ਬੂਰ ਲੋਕਾਂ ਤੋਂ ਅੱਖਾਂ ਮੀਚ ਕੇ ਲੰਘਣਾ ਲੋਕ ਠੀਕ ਸਮਝਣ ਲੱਗੇ ਹਨ। ਦੁਨੀਆਂ ਪੱਧਰ ਉੱਤੇ ਕਰੋਨਾ ਦਾ ਪ੍ਰਕੋਪ ਆਇਆ , ਅਸੀ ਤਾਂ ਇਹ ਮੁਲਾਂਕਣ ਕਰਨੋ ਵੀ ਝਿਜਕਦੇ ਹਾਂ ਕਿ
ਕਿਹੜੇ ਦੇਸ ਦੇ ਸਿਸਟਮ ਨੇ ਆਪਣੇ ਲੋਕਾਂ ਦੀ ਸੇਵਾ ਨਿੱਠ ਕੇ ਕੀਤੀ ?
ਕਿੱਥੇ ਕਿੱਥੇ ਕਰੋਨਾ ਦਾ ਸਾਰਾ ਬੋਝ ਆਮ ਲੋਕਾਂ ਦੇ ਉੱਪਰ ਨਹੀਂ ਲੱਦਿਆ ਗਿਆ ?
ਆਸਟ੍ਰੇਲੀਆ ਵਿੱਚ ਤਾਂ ਇਸ ਵਰਤਾਰੇ ਨੂੰ ਸ਼ਰੇਆਮ ਇੰਨਜਾਮ ਦਿੱਤਾ ਗਿਆ ਸੀ ਤੇ ਅੱਜ ਵੀ ਜਾਰੀ ਹੈ। ਇਸ ਤਰ੍ਹਾਂ ਦੀ ਹੈਵਾਨੀਅਤ ਦਾ ਨੰਗਾ ਨਾਚ ਕਿਸੇ ਨਾ ਕਿਸੇ ਰੂਪ ਵਿੱਚ ਸਾਰੇ ਸਰਮਾਏਦਾਰੀ ਦੇਸ਼ਾਂ ਵਿੱਚ ਦੇਖਣ ਨੂੰ ਮਿਲਿਆ ਤੇ ਇਸ ਨੂੰ ਸਭ ਤੋਂ ਅਹਿਮ ਹਥਿਆਰ ਵਜੋਂ ਵਰਤਿਆ ਗਿਆ ।ਅਜਿਹਾ ਹੀ ਹਥਿਆਰ ਸੀ ਜੋ ਆਸਟ੍ਰੇਲੀਆ ਵਿੱਚ “ਚੀਨ ਵਿਰੁੱਧ ਨਸਲੀ ਵਿਤਕਰਾ” ਸਰਕਾਰੀ ਤੌਰ ਉੱਤੇ ਸ਼ੁਰੂ ਕਰਕੇ ਵਰਤਿਆ ਗਿਆ ਸੀ ।
ਸਵਾਲ ਇਹ ਉੱਠਦਾ ਐ ਕਿ ਕਿਸ ਲਈ ? ਉਸ ਅਮਰੀਕੀ ਸਿਸਟਮ ਦੀ ਤਰਫਦਾਰੀ ਦਿਖਾਉਣ ਲਈ,ਜਿੱਥੇ ਲੱਖਾਂ ਲੋਕਾਂ ਨੂੰ ਪੈਸਾ ਬਚਾਉਣ ਲਈ ਮੌਤ ਦੇ ਘਾਟ ਉਤਾਰਿਆ ਗਿਆ। ਹਕੂਮਤੀ ਦਬਦਬਾ ਐਨਾ ਵਧਿਆ ਹੋਇਆ ਹੈ ਕਿ ਉਸ ਦੇਸ਼ ਦੀ ਗੱਲ ਕਰਨ ਤੋਂ ਲੋਕ ਡਰਦੇ ਹਨ । ਜਿੱਥੋਂ ਦੇ ਡਾਕਟਰਾਂ ਨੇ ਪੂਰੀ ਦੁਨੀਆਂ ਵਿੱਚ ਲੋਕਾਂ ਦੀ ਸੇਵਾ ਕਰਕੇ ਇਨਸਾਨੀਅਤ ਜਿਉਂਦੀ ਰੱਖੀ , ਉਹਨਾਂ ਦੇ ਇਸ ਮਹਾਨ ਕਾਰਜ ਨੂੰ ਫਰਜ਼ੀ ਮੀਡੀਏ ਰਾਹੀਂ ਸਿਰਫ ਇਸੇ ਕਰਕੇ ਰੋਲ਼ ਦਿੱਤਾ ਗਿਆ ਕਿਉਂਕਿ ਉਹ ਕਾਰਪੋਰੇਸ਼ਨਾਂ ਦੇ ਹਿਤ ਪੂਰਨ ਵਾਲੇ ਸਰਮਾਏਦਾਰੀ ਢਾਂਚਿਆਂ ਦੇ ਉਲਟ ਨਵੀਂ ਦੁਨੀਆਂ ਵਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ । ਅਮਰੀਕਾ ਨੂੰ ਛੱਡੋ ਆਸਟ੍ਰੇਲੀਆ ਵਰਗੇ ਦੇਸ ਤੱਕ ਦੇ ਪਿਛਲੇ ਪ੍ਰਧਾਨਮੰਤਰੀ ਨੇ ਤਾਂ ਇਹ ਵੀ ਸਵੀਕਾਰ ਕਰ ਲਿਆ ਸੀ ਕਿ ਜੇ ਬਜ਼ੁਰਗ ਲੋਕਾਂ ਨੂੰ ਮਾਰ ਕੇ ਪੈਸੇ ਬਚਾਏ ਜਾ ਸਕਦੇ ਹਨ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।
ਸਾਨੂੰ ਹੈਵਾਨੀਅਤ ਤੇ ਇਨਸਾਨੀਅਤ ਦੇ ਬੀਜ ਲੱਭਣੇ ਪੈਣਗੇ ਕਿ ਇਹ ਕਿੱਥੋਂ ਉਪਜਦੀ ਹੈ ? ਇਹ ਸਾਡੇ ਲੋਕਾਂ ਵਿੱਚ ਕਿਵੇਂ ਹਰੀ ਰਹਿੰਦੀ ਹੈ ? ਜੇ ਇਹ ਪੈਸੇ ਦੀ ਅਮੀਰੀ ਵਿੱਚੋਂ ਨਿਕਲਦੀ ਹੁੰਦੀ ਤਾਂ ਆਸਟ੍ਰੇਲੀਆ ਵਿੱਚ ਆਮ ਪਾਈ ਜਾਂਦੀ ,ਪਰ ਜੋ ਵਿਤਕਰਾ ਚੀਨੀ ਲੋਕਾਂ ਤੇ ਹੋਰ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਵਿਰੁੱਧ ਲੋਕਾਂ ਤੇ ਸਰਕਾਰ ਵੱਲੋਂ ਕੀਤਾ ਗਿਆ ਉਸਨੇ ਇਹ ਸਾਬਤ ਕਰ ਦਿੱਤਾ ਕਿ ਇਨਸਾਨੀਅਤ ਦਾ ਪੈਸੇ ਦੀ ਅਮੀਰੀ ਨਾਲ ਕੋਈ ਸਬੰਧ ਨਹੀਂ ਹੈ। ਕਿਊਬਾ ਦੇ ਡਾਕਟਰਾਂ ਨੇ ਉਸ ਅਮਰੀਕਾ ਦੇ ਵਸਨੀਕਾਂ ਦੀ ਵੀ ਸੇਵਾ ਕੀਤੀ ਜਿਸ ਨੇ ਉਸ ਦੇ ਵਪਾਰ ਉਪਰ ਸਾਲਾਂ ਤੋਂ ਲਗਾਤਾਰ ਪਬੰਦੀ ਲਗਾ ਕੇ ਰੱਖੀ ਹੋਈ ਹੈ। ਇਸ ਨਵੇਂ ਸਾਲ ਵਿੱਚ ਇਹ ਹੁਣ ਤੁਸੀਂ ਲੱਭਣਾ ਐ ਕਿ ਇਨਸਾਨੀਅਤ ਅਤੇ ਹੈਵਾਨੀਅਤ ਨੂੰ ਜਨਮ ਕਿੰਨਾ ਹਾਲਤਾਂ ਨੇ ਦਿੱਤਾ ਹੈ ? ਕੀ ਇਹ ਇਕੱਲੇ ਮਨੁੱਖ ਦਾ ਰਵੱਈਆ ਐ ਜਾਂ ਇੱਕ ਦੇਸ਼ ਦਾ ਢਾਂਚਾ ਤੇ ਉੱਥੋਂ ਦੇ ਆਰਥਿਕ ਸਬੰਧਾਂ ਦਾ ਵੀ ਇਸ ਵਿੱਚ ਕੋਈ ਰੋਲ਼ ਹੈ ?
ਹਰਮਨਦੀਪ (ਬ੍ਰਿਸਬੇਨ)
0430018118
imgill79@ymail.com