ਰਜਨੀ ਵਾਲੀਆ
ਸਦਾ ਵਿੱਚ ਜਿਸਮ ਦੇ ਜਾਨ ਹੁੰਦੀ ਏ,
ਸਾਹਾਂ ਦੇ ਕਰਕੇ |
ਹਿੰਮਤੀ ਨੂੰ ਮਿਲਦੀ ਏ ਮੰਜਿ਼ਲ ਉਸਦੇ,
ਰਾਹਾਂ ਦੇ ਕਰਕੇ |
ਸਦਾ ਵਿੱਚ ਜਿਸਮ ਦੇ ਜਾਨ ਹੁੰਦੀ ਏ,
ਸਾਹਾਂ ਦੇ ਕਰਕੇ |
ਕੀਤੇ ਨਾ ਹੋਣ ਗੁਨਾਂਹ ਤੇ ਮਿਲਣ,
ਸਜਾਵਾਂ ਭਾਰੀ ਕਿਉਂ |
ਇਸ਼ਕੇ ਅੰਦਰ ਲਗਦੀ ਵਿੱਚ ਝਨਾ,
ਦੇ ਤਾਰੀ ਕਿਉਂ |
ਮਜ਼ਲੂਮ ਹੀ ਚੜਦੇ ਫਾਂਸੀ,
ਗਲਤ ਗਵਾਹਾਂ ਦੇ ਕਰਕੇ |
ਸਦਾ ਵਿੱਚ ਜਿਸਮ ਦੇ ਜਾਨ ਹੁੰਦੀ ਏ,
ਸਾਹਾਂ ਦੇ ਕਰਕੇ |
ਚੰਗੀ ਹੋਵੇ ਸੋਚ ਤਾਂ,
ਸਭ ਕੁਝ ਹੀ ਚੰਗਾ ਲਗਦਾ ਏ |
ਹੋਵੇ ਜੇ ਵਿਸ਼ਵਾਸ ਘਰ ਦਾ,
ਵੀ ਜਲ ਗੰਗਾ ਲਗਦਾ ਏ |
ਕਰਜੇ ਵਿੱਚ ਡੁੱਬ ਜਾਏ ਬੰਦਾ,
ਬੁਰਿਆਂ ਸ਼ਾਹਾਂ ਦੇ ਕਰਕੇ |
ਸਦਾ ਵਿੱਚ ਜਿਸਮ ਦੇ ਜਾਨ ਹੁੰਦੀ ਏ,
ਸਾਹਾਂ ਦੇ ਕਰਕੇ |
ਜੋ ਕਰਦਾ ਹੰਕਾਰ ਤੇ,
ਸਮਝੇ ਨਾ ਜ਼ਜ਼ਬਾਤਾਂ ਨੂੰ |
ਕਰੇ ਚਾਨਣ ਦੇ ਨਾਲ ਨਫਰਤ,
ਆਪਣਾ ਆਖੇ ਰਾਤਾਂ ਨੂੰ |
ਫਿਰ ਪਛਤਾਵੇ ਜਦ ਮਿਲਣ,
ਸਜਾਵਾਂ ਗੁਨਾਹਾਂ ਦੇ ਕਰਕੇ |
ਸਦਾ ਵਿੱਚ ਜਿਸਮ ਦੇ ਜਾਨ ਹੁੰਦੀ ਏ,
ਸਾਹਾਂ ਦੇ ਕਰਕੇ |
ਵੱਡੇ-ਵੱਡੇ ਤਾਰੂ ਵੀ,
ਕਈ ਵਾਰੀ ਡੁੱਬ ਜਾਂਦੇ |
ਕਈ ਵਾਰੀ ਤਾਂ ਫੁੱਲ ਵੀ,
ਕੰਡੇ ਬਣਕੇ ਖੁਭ ਜਾਂਦੇ |
ਤੇ ਬੇੜੀ ਡੁੱਬ ਜਾਂਦੀ,
ਕਈ ਵਾਰ ਮਲਾਹਾਂ ਦੇ ਕਰਕੇ |
ਸਦਾ ਵਿੱਚ ਜਿਸਮ ਦੇ ਜਾਨ ਹੁੰਦੀ ਏ,
ਸਾਹਾਂ ਦੇ ਕਰਕੇ |
ਕਈ ਵਾਰੀ ਤਾਂ ਖੁਦ ਦਾ ਵੀ,
ਅਕਸ ਮਿਟਾਉਣਾ ਪੈਂਦਾ ਏ |
ਕਈ ਵਾਰੀ ਤਾਂ ਖੁਦ ਨੂੰ,
ਬੁੱਤ ਬਣਾਉਣਾ ਪੈਂਦਾ ਏ |
ਖੁਦ ਨੂੰ ਘੱਟਾ ਕਰਨਾ,
ਪਏ ਸਵਾਹਾਂ ਦੇ ਕਰਕੇ |
ਸਦਾ ਵਿੱਚ ਜਿਸਮ ਦੇ ਜਾਨ ਹੁੰਦੀ ਏ,
ਸਾਹਾਂ ਦੇ ਕਰਕੇ |
ਰਜਨੀ ਮਿਹਨਤ ਕਰਦੀ,
ਤੇ ਮੰਜਿਲ ਦਾ ਜਾਪ ਕਰੇ |
ਨਾਮ ਕਮਾਵਣ ਖਾਤਿਰ ਉਹ,
ਹਰ ਕੰਮ ਖੁਦ ਆਪ ਕਰੇ |
ਸ਼ਕਤੀ ਮਿਲੇ ਅਦੁੱਤੀ,
ਦੋ ਬਸ ਬਾਹਵਾਂ ਦੇ ਕਰਕੇ |
ਸਦਾ ਵਿੱਚ ਜਿਸਮ ਦੇ ਜਾਨ ਹੁੰਦੀ ਏ,
ਸਾਹਾਂ ਦੇ ਕਰਕੇ |