9.8 C
United Kingdom
Monday, June 8, 2026

More

    ਸਕਾਟਲੈਂਡ ਰੋਸ ਪ੍ਰਦਰਸ਼ਨ: ਯੂਕੇ ਭਰ ਵਿੱਚੋਂ ਪੈਦਾ ਕੀਤੀ ਅਨੁਸਾਸ਼ਨ ਤੇ ਜਾਬਤੇ ਦੀ ਮਿਸਾਲ

    ਸੈਂਕੜੇ ਕਾਰਾਂ ਰਾਹੀਂ ਪਹੁੰਚ ਕੇ ਕੌਂਸਲੇਟ ਜਨਰਲ ਦਫਤਰ ਅੱਗੇ ਰੋਸ ਮੁਜ਼ਾਹਰਾ 

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਨਾਅਰੇਬਾਜ਼ੀ ਦਾ ਦ੍ਰਿਸ਼
    ਸੇਵਾਦਾਰ ਨੌਜਵਾਨ
    ਐਡਿਨਬਰਾ ਵਿਖੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ
    ਐਡਿਨਬਰਾ ਵਿਖੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ
    ਪ੍ਰਦਰਸ਼ਨ ਸਮਾਪਤੀ ਤੋਂ ਬਾਅਦ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਪ੍ਰਧਾਨ ਸੁਰਜੀਤ ਸਿੰਘ ਚੌਧਰੀ
    ਪ੍ਰਧਾਨ ਲਭਾਇਆ ਸਿੰਘ ਮਹਿਮੀ ਸੰਬੋਧਨ ਕਰਦਿਆਂ

    ਦਿੱਲੀ ਬੈਠੇ ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਨੂੰ ਇਹ ਖਬਰ ਹੌਸਲਾ ਦੇਵੇਗੀ ਕਿ ਸਕਾਟਲੈਂਡ ਵਿੱਚ ਉਹਨਾਂ ਦੇ ਹੱਕ ਵਿੱਚ ਹੋਇਆ ਰੋਸ ਪ੍ਰਦਰਸ਼ਨ ਨਿਰੋਲ ਰੂਪ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਸਮਰਪਿਤ ਰਿਹਾ। ਰੋਸ ਪ੍ਰਦਰਸ਼ਨ ਨੂੰ ਲੈ ਕੇ ਪਹਿਲਾਂ ਦੋ ਵੱਖਰੇ ਦਿਨਾਂ ਦਾ ਸੁਨੇਹਾ ਸੰਗਤ ਤੱਕ ਪਹੁੰਚਿਆ। ਫਿਰ ਸੰਗਤ ਵਿੱਚ ਇਹ ਦੁਬਿਧਾ ਬਣ ਗਈ ਕਿ ਕਾਰਾਂ ਨਾਲ ਰੋਸ ਪ੍ਰਦਰਸ਼ਨ ਗਲਾਸਗੋ ਹੋਵੇਗਾ ਜਾਂ ਐਡਿਨਬਰਾ? ਪਰ ਸੰਗਤਾਂ ਦੇ ਤੁਰਨ ਲਈ ਐਲਬਰਟ ਡਰਾਈਵ ਗੁਰਦੁਆਰਾ ਸਾਹਿਬ ਹੀ ਸ਼ੁਰੂਆਤੀ ਸਥਾਨ ਸੀ। ਇੱਕ ਧਿਰ ਵੱਲੋਂ ਰੋਸ ਪ੍ਰਦਰਸ਼ਨ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਵਿੱਚ ਕਰਨਾ ਮਿਥਿਆ ਤਾਂ ਐਡਿਨਬਰਾ ਸਥਿਤ ਭਾਰਤੀ ਕੌਂਸਲ ਜਨਰਲ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਬਜਿਦ ਨੌਜਵਾਨਾਂ ਵੱਲੋਂ ਦੋ ਦਿਨਾਂ ਦੀ ਸਖਤ ਮਿਹਨਤ ਨਾਲ ਪੁਲਿਸ ਅਧਿਕਾਰੀਆਂ ਨੂੰ ਆਪਣੀਆਂ ਦਲੀਲਾਂ ਨਾਲ ਸਹਿਮਤ ਕਰਵਾ ਕੇ ਐਡਿਨਬਰਾ ਜਾ ਕੇ ਰੋਸ ਪ੍ਰਦਰਸ਼ਨ ਕਰਨ ਦੀ ਪ੍ਰਵਾਨਗੀ ਹਾਸਲ ਕਰ ਲਈ। ਸੰਗਤਾਂ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਪਹੁੰਚਣੀਆਂ ਸ਼ੁਰੂ ਹੋ ਗਈਆਂ ਪਰ ਮੌਕੇ ਸਿਰ ਦੋਵੇਂ ਪ੍ਰਦਰਸ਼ਨਾਂ ਦੇ ਪ੍ਰਬੰਧਕਾਂ ਦੀ ਕੁਸ਼ਲ ਰਣਨੀਤੀ ਕਾਰਨ ਦੋਵੇਂ ਥਾਵਾਂ ‘ਤੇ ਹੀ ਰੋਸ ਪ੍ਰਦਰਸ਼ਨ ਕਾਬਿਲੇ ਤਾਰੀਫ਼ ਹੋਏ। ਜ਼ੋਰੋ ਜ਼ੋਰ ਪੈਂਦੇ ਮੀਂਹ ‘ਚ ਨੌਜਵਾਨਾਂ ਦਾ ਜੋਸ਼ ਮਾਹੌਲ ਨੂੰ ਗਰਮਾਹਟ ਦੇ ਰਿਹਾ ਸੀ। ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਵਿੱਚ ਤਕਰੀਰਾਂ ਨਾਅਰਿਆਂ ਦਾ ਦੌਰ ਚੱਲਿਆ ਪਰ ਸ਼ਬਦਾਵਲੀ ਤੇ ਨਾਅਰਿਆਂ ਦੀ ਚੋਣ ਵਧੇਰੇ ਕਰਕੇ ਕਿਸਾਨ ਸੰਘਰਸ਼ ਹਿਮਾਇਤੀ ਰਹੀ। ਇਸ ਸਮੇਂ ਗੁਰਦੁਆਰਾ ਪ੍ਰਬੰਧਕੀ ਕਮੇਟੀ ਪ੍ਰਧਾਨ ਲਭਾਇਆ ਸਿੰਘ ਮਹਿਮੀ, ਸੈਂਟਰਲ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਚੌਧਰੀ, ਜਸਪਾਲ ਸਿੰਘ ਖਹਿਰਾ ਤੇ ਨਿਰੰਜਨ ਸਿੰਘ ਬਿਨਿੰਗ ਵੱਲੋਂ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਆਈਆਂ ਸੰਗਤਾਂ ਨੂੰ ਇਸ ਇਤਿਹਾਸਕ ਕਾਰਜ ਦਾ ਹਿੱਸਾ ਬਣਨ ਦੀ ਮੁਬਾਰਕਬਾਦ ਪੇਸ਼ ਕੀਤੀ। ਇਸ ਉਪਰੰਤ ਨਾਅਰਿਆਂ ਦੀ ਗੂੰਜ ਹੇਠ ਸੈਂਕੜਿਆਂ ਦੀ ਤਾਦਾਦ ਵਿੱਚ ਕਾਰਾਂ ਦਾ ਕਾਫਲਾ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਪੜਾਅ ਕਰਨ ਉਪਰੰਤ ਐਡਿਨਬਰਾ ਵੱਲ ਨੂੰ ਰਵਾਨਾ ਹੋਇਆ। ਕਾਰਾਂ ਉੱਪਰ ਲੱਗੇ ਕੇਸਰੀ ਹਰੇ ਝੰਡੇ, ਕੇਸਰੀ ਤੇ ਹਰੀਆਂ ਦਸਤਾਰਾਂ ਚੁੰਨੀਆਂ ਤੇ ਬੈਨਰ ਪੋਸਟਰ ਰਾਹਗੀਰਾਂ ਦਾ ਧਿਆਨ ਖਿੱਚਦੇ ਰਹੇ। ਮੀਲਾਂ ਲੰਮੇ ਕਾਫਲੇ ਰਾਹੀਂ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਵੱਲੋਂ ਮੁਜਾਹਰੇ ਲਈ ਮਿਲੇ ਦੋ ਘੰਟੇ ਤਕਰੀਰਾਂ ਤੇ ਨਾਅਰਿਆਂ ਰਾਹੀਂ ਮਾਹੌਲ ਨੂੰ ਇੰਨਾ ਰੋਹ ਭਰਪੂਰ ਬਣਾ ਦਿੱਤਾ ਕਿ ਕਿਸੇ ਨੂੰ ਮੀਂਹ ਯਾਦ ਹੀ ਨਾ ਰਿਹਾ। ਸਮੁੱਚੇ ਪ੍ਰਦਰਸ਼ਨ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ। ਐਡਿਨਬਰਾ ਵਿਖੇ ਮੁਕੰਮਲ ਤੌਰ ‘ਤੇ ਅਨੁਸਾਸ਼ਨਬੱਧ ਤੇ ਸ਼ਾਂਤੀਪੂਰਵਕ ਹੋਏ ਰੋਸ ਪ੍ਰਦਰਸ਼ਨ ਉਪਰੰਤ ਸੈਂਟਰਲ ਗੁਰਦੁਆਰਾ ਸਿੰਘ ਸਭਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਚੌਧਰੀ, ਬਖਸੀਸ਼ ਸਿੰਘ ਦੀਹਰੇ, ਨਿਰੰਜਨ ਸਿੰਘ ਬਿਨਿੰਗ, ਜਸਪਾਲ ਸਿੰਘ ਖਹਿਰਾ, ਇਤਿਹਾਸ ਯੂਕੇ ਦੇ ਮੁੱਖ ਬੁਲਾਰੇ ਹਰਪਾਲ ਸਿੰਘ ਆਦਿ ਵੱਲੋਂ ਜਿੱਥੇ ਸਮੂਹ ਪ੍ਰਬੰਧਕ ਨੌਜਵਾਨਾਂ ਨੂੰ ਵਧਾਈ ਦਿੱਤੀ ਉੱਥੇ ਸ਼ਮੂਲੀਅਤ ਕਰਨ ਵਾਲੇ ਹਿੰਦੂ, ਮੁਸਲਿਮ, ਇਸਾਈ ਤੇ ਸਿੱਖ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਸਾਥ ਦਿੱਤਾ। 

    ਐਡਿਨਬਰਾ ਜਾਣ ਸਮੇਂ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ ਕਾਰਾਂ ਦਾ ਕਾਫਲਾ
    ਨਾਅਰੇਬਾਜ਼ੀ ਦਾ ਦ੍ਰਿਸ਼
    ਬੱਚਿਆਂ ਤੇ ਔਰਤਾਂ ਦੀ ਸ਼ਮੂਲੀਅਤ ਮਾਣਯੋਗ ਰਹੀ
    ਐਲਬਰਟ ਡਰਾਈਵ ਗੁਰਦੁਆਰਾ ਸਾਹਿਬ ਵਿਖੇ ਪ੍ਰਦਰਸ਼ਨ ਦੌਰਾਨ ਬੁਲਾਰਾ ਸੰਬੋਧਨ ਦੌਰਾਨ
    ਪ੍ਰਦਰਸ਼ਨ ਦੌਰਾਨ ਛੋਟੇ ਛੋਟੇ ਬੱਚੇ
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!