ਰਜਨੀ ਵਾਲੀਆ
ਜੰਗ ਲੜਨ ਦਾ ਨਾਂ ਏ ਔਰਤ,
ਔਰਤ ਸਦਵਾਉਣਾ ਸੌਖਾ ਨਈਂ |
ਔਰਤ ਦੀ ਆਵਾਜ਼ ਨੂੰ ਵੀ ਤਾਂ,
ਦਬਾਉਣਾ ਸੌਖਾ ਨਈਂ |
ਜੰਗ ਲੜਨ ਦਾ ਨਾਂ ਏ ਔਰਤ,
ਔਰਤ ਸਦਵਾਉਣਾ ਸੌਖਾ ਨਈਂ |
ਸੀ਼ਸੇ ਅੱਗੇ ਬਹਿਕੇ ਸੁਰਮ ਸਲਾਈਆਂ,
ਪਾਵਣ ਨੂੰ ਹੀ ਤਾਂ ਸਿ਼ੰਗਾਰ ਆਖਦੇ ਨੇਂ |
ਜੋ-ਜੋ ਜਾਨੀ ਲਈ ਕੀਤਾ ਜਾਵੇ,
ਉਸਨੂੰ ਹੀ ਤਾਂ ਪਿਆਰ ਆਖਦੇ ਨੇਂ |
ਜੋ ਮਹਿਰਮ ਉੱਤੇ ਕੀਤਾ ਜਾਵੇ,
ਉਸਨੂੰ ਹੀ ਤਾਂ ਇਤਬਾਰ ਆਖਦੇ ਨੇਂ |
ਖੁਦ ਮੁਕੰਮਲ ਹੁੰਦਿਆਂ ਹੋਇਆਂ,
ਖੁਦ ਨੂੰ ਖੁਦ ਚੋਂ ਘਟਾਉਣਾ ਸੌਖਾ ਨਈਂ |
ਜੰਗ ਲੜਨ ਦਾ ਨਾਂ ਏ ਔਰਤ,
ਔਰਤ ਸਦਵਾਉਣਾ ਸੌਖਾ ਨਈਂ |
ਔਰਤ ਤਾਂ ਮਾਂ ਦੀ ਕੁੱਖ ਆੰਦਰ ਹੀ,
ਖਤਰੇ ਦਰ ਖਤਰੇ ਝੱਲਦੀ ਏ |
ਔਰਤ ਜਿਸਨੇ ਚਾਨਣ ਕਰਨਾ ਹੁੰਦਾ,
ਉਹ ਖੁਦ ਹੀ ਬੁਝ-ਬੁਝ ਬਲਦੀ ਏ |
ਔਰਤ ਧੀ ਹੋ ਕੇ ਜਨਮ ਲੈਣ ਦੇ ਮਗਰੋਂ,
ਹੀ ਅਸਲ ਵਿੱਚ ਪਲਦੀ ਏ |
ਖੁਦ ਦਾ ਦੁੱਖ ਨਾ ਦੱਸਣਾ ਤੇ ਅੱਗੇ,
ਹੋ ਸਭ ਦਾ ਦੁੱਖ ਵੰਡਾਉਣਾ ਸੌਖਾ ਨਈਂ |
ਜੰਗ ਲੜਨ ਦਾ ਨਾਂ ਏ ਔਰਤ,
ਔਰਤ ਸਦਵਾਉਣਾ ਸੌਖਾ ਨਈਂ |
ਇੱਜ਼ਤਾਂ,ਸ਼ਰਮਾਂ ਲੱਜਾਂ,ਪੱਤਾਂ,ਪਰਦੇ,
ਔਰਤ ਨਾਵੇਂ ਤੇ ਸਭ ਔਰਤ ਦੇ ਹਿੱਸੇ |
ਸਾਹਿਬਾਂ ਨੂੰ ਲੈ ਕੇ ਬਦਨਾਮੀ ਪਾਈ,
ਕਿੱਸਾਕਾਰਾਂ ਨੇ ਲਿਖ-ਲਿਖ ਕੇ ਕਿੱਸੇ |
ਸੱਸੀ,ਹੀਰ ਤੇ ਸੋਹਣੀ ਵਰਗੀ ,
ਕਵੀਆਂ ਨੂੰ ਭਲਾ ਕਿਉਂ ਨਾ ਦਿੱਸੇ |
ਹੋਏ ਇਸ਼ਕ ਹਕੀਕੀ ਦਾ ਕਦੇ,
ਮਾਣ ਵਧਾਉਣਾ ਸੌਖਾ ਨਈਂ |
ਜੰਗ ਲੜਨ ਦਾ ਨਾਂ ਏ ਔਰਤ,
ਔਰਤ ਸਦਵਾਉਣਾ ਸੌਖਾ ਨਈਂ |
ਕਿਉ ਔਰਤ ਹੋਣ ਤੇ ਰੋਕਾਂ-ਟੋਕਾਂ,
ਕਿਉਂ ਮਰਦ ਔਰਤ ਤੇ ਬੰਦਿਸ਼ਾਂ ਜੜਦੇ |
ਔਰਤ ਨਾਲ ਮੁਕੱਦਰ ਰੁੱਸੇ ਰਹਿਣ,
ਕਿਉਂ ਔਰਤ ਦੇ ਲੇਖ ਈ ਔਰਤ ਨਾਲ ਲੜਦੇ |
ਚਾਅ ਔਰਤ ਦੇ ਬਸ ਮਰ-ਮਰ ਜਾਂਦੇ ਤੇ,
ਫਿਰ ਔਰਤ ਦੀ ਬੋਰ ਝਾਂਜਰ ਦੇ ਝੜਦੇ |
ਹਰ ਕਿਸੇ ਦਾ ਖੇਡਣਾ ਤੇ ਔਰਤ ਦਾ,
ਬਣ ਜਾਣਾ ਖਿਡੌਣਾ ਸੌਖਾ ਨਈਂ |
ਜੰਗ ਲੜਨ ਦਾ ਨਾਂ ਏ ਔਰਤ,
ਔਰਤ ਸਦਵਾਉਣਾ ਸੌਖਾ ਨਈਂ |
ਆਪਣੇ ਜੋ ਘਰ ਵਿੱਚ ਜਨਮ,
ਲਵੇ ਲੋਕੀ ਉਸਨੂੰ ਧੀ ਕਹਿੰਦੇ ਨੇ |
ਤੇ ਦੱਸੋ ਜੋ ਪੁੱਤ ਵਿਆਹ ਕੇ ਲਿਆਵੇ,
ਲੋਕੀ ਫਿਰ ਉਸਨੂੰ ਕੀ ਕਹਿੰਦੇ ਨੇ |
ਮਾਪੇ ਵੀ ਜਰ ਜਾਵੀਂ ਕਹਿਕੇ ਤੋਰ,
ਦਿੰਦੇ ਤੇ ਕਰੀਂ ਨਾ ਸੀ ਕਹਿੰਦੇ ਨੇਂ |
ਘਰ ਪਰਾਏ ਆ ਕੇ ਜਜਬਾਤਾਂ ਦਾ,
ਹੱਥੀਂ ਕਤਲ ਕਰਾਉਣਾ ਸੌਖਾ ਨਈਂ |
ਜੰਗ ਲੜਨ ਦਾ ਨਾਂ ਏ ਔਰਤ,
ਔਰਤ ਸਦਵਾਉਣਾ ਸੌਖਾ ਨਈਂ |
ਔਰਤ ਹੈ ਸਨਮਾਨ ਦੀ ਪਾਤਰ,
ਮੌਕਾ ਮਿਲਿਆ ਤਾਂ ਰਜਨੀ ਬੋਲੇਗੀ |
ਮਰਦਾਂ ਦੇ ਮੂੰਹੋਂ ਮੁਖੋਟੇ ਲਾਹਵੇਗੀ,
ਤੇ ਉਲਝੀਆਂ ਗੰਢਾਂ ਨੂੰ ਵੀ ਖੋਲੇਗੀ |
ਜੇ ਹੱਥ ਆ ਗਈ ਇਨਸਾਫ ਦੀ,
ਤੱਕੜੀ ਤਾਂ ਤੇਰਾ ਈ ਤੇਰਾ ਤੋਲੇਗੀ |
ਆਪਣੇ ਹੀ ਹੱਥੀਂ ਆਪਣੇ ਨਰਮ,
ਮਾਸ ਤੇ ਖਾਰ ਖੁਭੋਣਾਂ ਸੌਖਾ ਨਈਂ |
ਜੰਗ ਲੜਨ ਦਾ ਨਾਂ ਏ ਔਰਤ,
ਔਰਤ ਸਦਵਾਉਣਾ ਸੌਖਾ ਨਈਂ