ਰਜਨੀ ਵਾਲੀਆ
ਮੇਰੀ ਮਾਂ ਨੂੰ ਰਹਿੰਦੀ ਹੈ,
ਮੇਰੀ ਫਿਕਰ |
ਉਸਦੇ ਜ਼ਹਿਨ ਚ ਹੁੰਦਾ ਹੈ,
ਅਕਸਰ ਹੀ ਮੇਰਾ ਜਿਕਰ |
ਕਿ ਕਿਵੇਂ ਧੀ ਮੇਰੀ,
ਚੁੱਲਾ-ਚੌਂਕਾ,
ਘਰ-ਬਾਹਰ,
ਨੌਕਰੀ-ਚਾਕਰੀ,
ਬਾਲ-ਬੱਚੇ,
ਕਿਵੇਂ ਸਾਂਭਦੀ ਹੋਵੇਗੀ,
ਥੱਕ ਜਾਂਦੀ ਹੋਵੇਗੀ |
ਜਿੰਦਗੀ ਦਾ ਬੋਝ ਚੁੱਕ-ਚੁੱਕ,
ਅੱਕ ਜਾਂਦੀ ਹੋਵੇਗੀ |
ਮੇਰੀ ਮਾਂ ਨੂੰ ਰਹਿੰਦੀ ਹੈ ਮੇਰੀ ਫਿਕਰ,
ਪਰ ਉਹਨੂੰ ਨਹੀਂ ਪਤਾ,
ਕਿ ਕੁੜੀਆਂ ਕਦੇ ਥੱਕਦੀਆਂ ਨਹੀਂ |
ਰਸਤੇ ਹੋਵਣ ਟੇਢੇ ਮੇਢੇ,
ਉਹ ਕਦੇ ਅੱਕਦੀਆਂ ਨਹੀਂ |
ਮੇਰੀ ਮਾਂ ਨੂੰ ਰਹਿੰਦੀ ਹੈ ਮੇਰੀ ਫਿਕਰ,
ਉਹਨੂੰ ਤੇ ਸਿਰਫ,
ਏਹੀ ਦਿਸ ਰਿਹਾ ਏ ਨਾ,
ਕਿ ਕਿੰਨਾਂ ਕੁਝ ਸਾਂਭੀ ਫਿਰਦੀ ਏ,
ਉਸਦੀ ਧੀ ਕਿੰਨਾਂ ਕੁਝ ਕਿੰਨੇਂ,
ਜਿੰਦਗੀ ਦੇ ਝੋਲ ਝਮੇਲੇ |
ਸੁੱਖ ਹੋਵੇ ਤਾਂ ਚੈਨ ਮਿਲਦਾ,
ਕਿਸੇ ਕੰਮ ਨਹੀ ਆਉਂਦੇ ਪੈਸੇ-ਧੇਲੇ |
ਮੇਰੀ ਮਾਂ ਨੂੰ ਰਹਿੰਦੀ ਹੈ ਮੇਰੀ ਫਿਕਰ,
ਪਰ ਮੇਰੀ ਮਾਂ ਨੂੰ ਕੀ ਪਤਾ,
ਇਸ ਤੋਂ ਬਿਨਾਂ ਵੀ ਬੜਾ ਕੁਝ,
ਜ਼ਜ਼ਬ ਕਰਨਾ ਪੈਂਦਾ ਏ ਧੀਆਂ ਨੂੰ,
ਆਪਣੇਂ ਅੰਦਰ |
ਖੰਡਰ ਬਣਾ ਕੇ ਰੱਖ ਦੇਂਦੇ ਨੇ,
ਕੁਝ ਕਿਰਦਾਰ ਦਿਲ ਦਾ ਮੰਦਰ |
ਮੇਰੀ ਮਾਂ ਨੂੰ ਰਹਿੰਦੀ ਹੈ ਮੇਰੀ ਫਿਕਰ,
ਬੜਾ ਕੁਝ,
ਅਣ ਕਹਿਆ,
ਅਣ ਸੁਲਝਿਆ,
ਉਲਝਿਆ ਤੇ ਬੜਾ ਹੀ,
ਬੇਰਹਿਮ ਨਾਜਾਇਜ਼ ਧੱਕਾ ਬੜਾ ਕੁਝ,
ਬਰਦਾਸ਼ਤ ਕਰਦੀਆਂ ਨੇਂ |
ਵਿਚਾਰੀਆਂ ਕੈਦ ਹੋ ਕੇ ਰਹਿ ਜਾਂਦੀਆਂ ਨੇਂ,
ਕੰਧਾਂ ਅੰਦਰ,
ਨਾ ਕੁਝ ਬੋਲਦੀਆਂ ਨੇਂ,
ਨਾ ਸੁਣਦੀਆਂ ਨੇਂ,
ਸਹਿੰਦੀਆਂ ਨੇਂ,
ਤੇ ਬਸ ਅੰਦਰੇ-ਅੰਦਰ ਮਰਦੀਆਂ ਨੇਂ |
ਮੇਰੀ ਮਾਂ ਨੂੰ ਰਹਿੰਦੀ ਹੈ ਮੇਰੀ ਫਿਕਰ,
ਫੇਰ ਵੀ ਲੋਕਾ ਚਾਰੀ ਹੱਸਦੀਆਂ ਨੇਂ,
ਖੁਸੀ਼ ਦਾ ਝੂਠਾ ਵਿਖਾਵਾ ਕਰਦੀਆਂ ਨੇਂ |
ਆਪਣਾ ਦੁੱਖ ਲੁਕੋਂਦੀਆਂ ਨੇਂ,
ਮੱਥੇ ਤੇ ਹੱਥ ਰੱਖਕੇ ਰੱਬ ਨਾਲ ਗਿਲਾ,
ਕਰਦੀਆਂ ਨੇਂ ਤੇ ਪਛਤਾਉਂਦੀਆਂ ਨੇਂ |
ਮੇਰੀ ਮਾਂ ਨੂੰ ਰਹਿੰਦੀ ਹੈ ਮੇਰੀ ਫਿਕਰ,
ਰਜਨੀ,
ਤੇ ਜਿੰਨੀਆਂ ਮਰਜੀ ਪੜ-ਲਿਖ ਜਾਣ,
ਏ ਤਾਂ ਔਰਤ ਦੇ ਨਸੀਬਾਂ ਵਿੱਚ,
ਏਨੀਆਂ ਕੂ ਔਕੜਾਂ,
ਸੂਲੋਂ ਤਿੱਖੀਆਂ ਤਲਖੀਆਂ,
ਤਸੀਹੇ ਆ ਕੇ ਹੀ ਰਹਿੰਦੀਆਂ,
ਵਿਚਾਰੀਆਂ ਧੀਆਂ ਭਰੀਆਂ ਰਹਿੰਦੀਆਂ ਨੇਂ,
ਤੇ ਟੁੱਟੇ ਘੜੇ ਵਾਂਗੂ ,
ਟਿਪ,
ਟਿਪ ਵਹਿੰਦੀਆਂ ਨੇਂ |
ਮੇਰੀ ਮਾਂ ਨੂੰ ਰਹਿੰਦੀ ਹੈ ਮੇਰੀ ਫਿਕਰ,
ਉਸਦੇ ਜ਼ਹਿਨ ਚ ਹੁੰਦਾ ਹੈ,
ਅਕਸਰ ਹੀ ਮੇਰਾ ਜਿਕਰ