3.4 C
United Kingdom
Sunday, March 8, 2026

More

    ਸੁੱਕੇ ਹੋਏ ਪੱਤੇ

    ਦੁੱਖਭੰਜਨ ਰੰਧਾਵਾ
    0351920036369

    ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
    ਸੁੱਕੀ ਹੋਈ ਆਸ |
    ਨੀ ਮੈਂ ਪੁੱਛਣਾਂ ਏ ਤੈਨੂੰ ਕਿਉਂ ਮੈਂ,
    ਰਹਿੰਦਾ ਹਾਂ ਉਦਾਸ |
    ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
    ਸੁੱਕੀ ਹੋਈ ਆਸ |

    ਪੁੱਠ ਚੜੀ ਪੀੜ ਦੀ,
    ਸਾਹਾਂ ਮੇਰਿਆਂ ਨੂੰ |
    ਕੰਡਿਓ-ਕੰਡੀ ਹੋਣਾ ਪੈਣਾਂ,
    ਰਾਹਾਂ ਮੇਰਿਆਂ ਨੂੰ |
    ਅੰਦਰ ਖਾਈ ਜਾਵੇ ਮੇਰਾ,
    ਤੇਰੀ ਦਿੱਤੀ ਪੀੜ ਖਾਸ |
    ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
    ਸੁੱਕੀ ਹੋਈ ਆਸ |

    ਤੇਰੀ ਦੀਦ ਦੀ ਤੇਹ,
    ਤੇਰੇ ਬੋਲਾਂ ਦੀ ਭੁੱਖ |
    ਤੂੰ ਟਹਿਕੇਂ ਤੇ ਮੈਂ ਟਹਿਕਾਂ,
    ਤੇਰਾ ਦੁੱਖ ਮੇਰਾ ਦੁੱਖ |
    ਤੈਨੂੰ ਵੇਖਾਂ,ਤੈਨੂੰ ਸੁਣਾਂ,
    ਮੇਰੀ ਮੁੱਕਦੀ ਨਹੀਂ ਪਿਆਸ |
    ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
    ਸੁੱਕੀ ਹੋਈ ਆਸ |

    ਨੀ ਮੈਂ ਸਹਿਣ ਜੋਗਾ ਹੋਇਆ,
    ਦਰਦ ਦਰਦਾਂ ਦਾ ਹਾਣੀਂ |
    ਨੀ ਮੈਂ ਰੋਵਾਂ ਜ਼ਾਰੋ-ਜ਼ਾਰ,
    ਕਦੇ ਹੋਵਾਂ ਪਾਣੋਂ-ਪਾਣੀਂ |
    ਸਾਹੋਂ ਨਿਕਲੇ ਜੋ ਟੀਸ ਮੈਨੂੰ,
    ਆਈ ਬੜੀ ਰਾਸ |
    ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
    ਸੁੱਕੀ ਹੋਈ ਆਸ |

    ਜਿੱਦਾਂ ਅੰਨੀ-ਬੋਲੀ ਰਾਤ,
    ਓਦਾਂ ਹੋ ਗਈ ਉਦਾਸੀ |
    ਮੈਨੂੰ ਚੁਭਦੀ ਏ ਟੀਸ,
    ਮੇਰੀ ਕਰੇ ਨਾ ਖਲਾਸੀ |
    ਮੇਰਾ ਟੁੱਕ-ਟੁੱਕ ਯਾਦਾਂ ,
    ਨਿੱਤ ਖਾਂਦੀਆਂ ਨੇਂ ਮਾਸ |
    ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
    ਸੁੱਕੀ ਹੋਈ ਆਸ |

    ਮੈਂ ਮਿੱਟੀ ਤੋਂ ਵੀ ਦੂਰ,
    ਮੈਂ ਰੂਹ ਤੋਂ ਵੀ ਦੂਰ |
    ਆਪਣੇਂ ਇਸ਼ਕ ਤੋਂ ਵੀ ਦੂਰ,
    ਆਪਣੀ ਜੂਹ ਤੋਂ ਵੀ ਦੂਰ |
    ਚਾਹਿਆ ਨਹੀ ਸੀ ਮੈਂ ਕਿ,
    ਮੈਨੂੰ ਮਿਲੇ ਬਨਵਾਸ |
    ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
    ਸੁੱਕੀ ਹੋਈ ਆਸ |

    ਨੀ ਜਿੱਦਾਂ ਰਹਿ ਨਾ ਤੇਥੋਂ,
    ਹੋਵੇ ਏ ਪਿਆਰ ਦੀ ਨਿਸ਼ਾਨੀ |
    ਨੀ ਮੈਂ ਤੇਰਾ ਹਾਂ ਦੀਵਾਨਾ,
    ਤੇ ਤੂੰ ਮੇਰੀ ਏਂ ਦੀਵਾਨੀ |
    ਮੇਰੀ ਰੂਹ ਦਾ ਤੇਰੀ ਰੂਹ,
    ਦੇ ਵਿੱਚ ਹੋਇਆ ਵਾਸ |
    ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
    ਸੁੱਕੀ ਹੋਈ ਆਸ |

    ਦੁੱਖਭੰਜਨ ਨੇ ਤੇਰੇ ਪਿੱਛੇ,
    ਕੀ-ਕੀ ਨਹੀ ਗਵਾਇਆ |
    ਦੁੱਖਭੰਜਨ ਨੇ ਤੇਰੇ ਪਿੱਛੇ,
    ਜ਼ਲਜ਼ਲਾ ਹੰਢਾਇਆ |
    ਤੂੰ ਮੇਰਾ ਅੱਲਾ-ਮੌਲਾ ,
    ਤੇ ਨੀ ਮੈਂ ਤੇਰਾ ਹਾਂ ਦਾਸ |
    ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
    ਸੁੱਕੀ ਹੋਈ ਆਸ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!