ਮਹਿਲ ਕਲਾਂ 31 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

ਅੱਜਕਲ ਦੀ ਭੱਜ ਦੌੜ ਅਤੇ ਬੇਲੋੜੀਂਦੇ ਤਣਾਅ ਭਰੀ ਜ਼ਿੰਦਗੀ ਵਿੱਚ ਕਿਸੇ ਕੋਲ ਵੀ ਪਰਿਵਾਰ ਨਾਲ ਇੱਕਠੇ ਬੈਠਣ ਲਈ ਇੱਕ ਮਿੰਟ ਦਾ ਵੀ ਸਮਾਂ ਨਹੀਂ ਹੈ। ਅਜਿਹੇ ਦੌਰ ਵਿੱਚ ਪਰਿਵਾਰਿਕ ਸਾਂਝ ਅਤੇ ਪਿਆਰ ਨੂੰ ਹੋਰ ਡੂੰਘਾ ਅਤੇ ਗੂੜਾ ਬਣਾਉਣ ਦੀ ਸੋਚ ਅਤੇ ਮੰਤਵ ਨਾਲ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ ਇੱਕ ਅਨੋਖਾ, ਨਿਵੇਕਲਾ ਅਤੇ ਵਿਲੱਖਣ ਢੰਗ ਦਾ ਮੁਕਾਬਲਾ ‘ ਫੈਮਿਲੀ ਮੀਲ ਟਾਈਮ ਕੰਟੈਸਟ ‘ ਕਰਵਾਉਣ ਜਾ ਰਿਹਾ ਹੈ । ਇਹ ਪ੍ਰਗਟਾਵਾ ਸਕੂਲ ਦੇ ਪ੍ਰਿੰਸੀਪਲ ਮੈਡਮ ਮਿਸਜ਼ ਨਵਜੋਤ ਕੌਰ ਨੇ ਗੱਲਬਾਤ ਕਰਦਿਆਂ ਕੀਤਾ । ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਕਾਬਲੇ ਵਿੱਚ ਵਿਦਿਆਰਥੀ ਨੇ ਆਪਣੇ ਸੰਯੁਕਤ ਪਰਿਵਾਰ ਜਿਵੇਂ ਕਿ ਦਾਦਾ-ਦਾਦੀ, ਮਾਤਾ -ਪਿਤਾ,ਤਾਇਆ-ਤਾਈ ,ਚਾਚਾ-ਚਾਚੀ ਅਤੇ ਭੈਣ- ਭਰਾ ਨਾਲ ਖਾਣਾ ਖਾਂਦੇ ਹੋਏ ਦੀ ਤਸਵੀਰ ਸਕੂਲ ਨੂੰ ਭੇਜਣੀ ਹੈ । ਇਹ ਮੁਕਾਬਲਾ ਨਾ ਸਿਰਫ ਇੱਕ ਪਰਿਵਾਰ ਨੂੰ ਇਕੱਠੇ ਹੋ ਕੇ ਸਮਾਂ ਬਤੀਤ ਕਰਨ ਦਾ ਮੌਕਾ ਦੇਵੇਗਾ, ਬਲਕਿ ਅੱਜ ਦੇ ਸਵਾਰਥ ਭਰੇ ਦੌਰ ਵਿੱਚ ਜਦੋਂ ਸਕੇ ਭੈਣ- ਭਰਾਵਾਂ ਅਤੇ ਖੂਨ ਦੇ ਰਿਸ਼ਤਿਆਂ ਦਾ ਪਿਆਰ ਵੀ ਕਿਤੇ ਖਤਮ ਹੋਣ ਦੇ ਕੰਢੇ ਹੈ । ਉਥੇ ਸਾਡੀ ਅਗਲੀ ਪੀੜੀ ਭਾਵ ਸਾਡੇ ਬੱਚਿਆਂ ਨੂੰ ਰਿਸ਼ਤਿਆਂ ਦੀ ਮਹੱਤਤਾ ਸਮਝਣ ਅਤੇ ਭਵਿੱਖ ਵਿੱਚ ਇਹਨਾਂ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣ ਦੀ ਸੋਚ ਪ੍ਰਦਾਨ ਕਰਨ ਵਿੱਚ ਵੀ ਮਦਦਗਾਰ ਸਾਬਿਤ ਹੋਵੇਗਾ । ਇਹ ਕੰਟੈਸਟ 30 ਅਗਸਤ ਤੋਂ 5 ਸਤੰਬਰ, 2020 ਤੱਕ ਚੱਲੇਗਾ । ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਸਾਡੀ ਤਹਿ ਦਿਲੋਂ ਇਹ ਤਮੰਨਾ ਹੈ ਕਿ ਗੁਰਪ੍ਰੀਤ ਹੋਲੀ ਹਾਰਟ ਨਾਲ ਜੁੜਿਆ ਹੋਇਆ ਹਰ ਇੱਕ ਪਰਿਵਾਰ ਇਸ ਮੁਕਾਬਲੇ ਵਿੱਚ ਹਿੱਸਾ ਲੈਂਦੇ ਹੋਏ ਸਾਡੇ ਇਸ ਨੇਕ ਵਿਚਾਰ ਅਤੇ ਇਸ ਸੋਚ ਨੂੰ ਅੱਗੇ ਵਧਾਵੇ ।