ਰਜਨੀ ਵਾਲੀਆ, ਕਪੂਰਥਲਾ
ਏਨੀ ਗਹਿਰੀ ਸੱਟ ਲਾ ਕੇ,
ਤੁਰ ਗਿਓਂ ਦੂਰ ਵੇ |
ਕੱਚੇ ਘੜੇ ਵਾਂਗੂ ਟੁੱਟੀ,
ਹੋਈ ਕੱਚ ਵਾਂਗੂ ਚੂਰ ਵੇ |
ਤੱਤੜੀ ਨੇ ਤੇਰੇ ਨਾਲ,
ਲਾ ਸਜਾਵਾਂ ਪਾ ਲਈਆਂ,
ਹੁਣ ਪਛਤਾਵਾਂ ਬਹਿ ਕੇ ,
ਸੌਹਾਂ ਕਾਹਤੋਂ ਖਾ ਲਈਆਂ
ਦਰਦਾਂ ਦਾ ਸਿਰ ਤੋਂ ਦੀ,
ਲੰਘੇ ਰੋਜ਼ ਪੂਰ ਵੇ |
ਏਨੀ ਗਹਿਰੀ ਸੱਟ ਲਾ ਕੇ,
ਤੁਰ ਗਿਓਂ ਦੂਰ ਵੇ |
ਖੇਡਦਾ ਏਂ ਨੀਂਦਰਾਂ ਨਾ,
ਚੈਨ ਲੁੱਟੀ ਜਾਨਾ ਏਂ |
ਚਾਵਾਂ ਦੇ ਬੂਟੜੇ ਨੂੰ,
ਜੜੋਂ ਪੁੱਟੀ ਜਾਨਾ ਏਂ |
ਜਜਬਾਤਾਂ ਨਾਲ ਖੇਡ ਕੇ,
ਨਾ ਹੋ ਮਸ਼ਹੂਰ ਵੇ |
ਏਨੀ ਗਹਿਰੀ ਸੱਟ ਲਾ ਕੇ,
ਤੁਰ ਗਿਓਂ ਦੂਰ ਵੇ |
ਨਾਪੀਆਂ ਮੈਂ ਜੋ-ਜੋ ਵੀ,
ਕੰਧੀਂ ਲੀਕਾਂ ਵਾਹੀਆ ਸੀ |
ਹਿਰਖ ਦੇ ਬਨੇਰੜੇ ਤੇ,
ਯਾਦਾਂ ਮੁੜ ਆਈਆਂ ਸੀ |
ਓਈਓ ਕਿਉਂ ਤੂੰ ਕਰੇਂ ਜੋ,
ਵੀ ਤੈਨੂੰ ਮਨਜੂਰ ਵੇ |
ਏਨੀ ਗਹਿਰੀ ਸੱਟ ਲਾ ਕੇ,
ਤੁਰ ਗਿਓਂ ਦੂਰ ਵੇ |
ਰੱਬ ਤੈਨੂੰ ਯਾਦ ਹੋਣੈਂ,
ਉਹ ਵੀ ਬੜਾ ਡਾਢਾ ਏ |
ਲੈ ਕੇ ਜਾ ਨਈ ਤੈਥੋਂ ਹੋਣਾ,
ਜੋ-ਜੋ ਵੀ ਸਾਡਾ ਏ |
ਸਾੜੇ ਨਿੱਤ ਫਿਕਰਾਂ ਚ,
ਰੰਗ ਤੇਰੀ ਹੂਰ ਵੇ|
ਏਨੀ ਗਹਿਰੀ ਸੱਟ ਲਾ ਕੇ,
ਤੁਰ ਗਿਓਂ ਦੂਰ ਵੇ |
ਮੈਂ ਨੀਦੋਂ ਹੱਥ ਧੋ ਲਏ,
ਬਹਿ-ਬਹਿ ਕੱਟਾਂ ਰਾਤ ਵੇ |
ਸੁੰਨੇਂ ਆਲਿਆਂ ਚ ਬੈਠੇ,
ਰਹਿੰਦੇ ਮੇਰੇ ਜਜਬਾਤ ਵੇ |
ਲੋਚਾਂ ਤੇਰੀ ਦੀਦ ਚੰਨਾਂ,
ਮੈਨੂੰ ਤੇਰਾ ਏ ਸਰੂਰ ਵੇ |
ਏਨੀ ਗਹਿਰੀ ਸੱਟ ਲਾ ਕੇ,
ਤੁਰ ਗਿਓਂ ਦੂਰ ਵੇ |
ਮੈਂ ਸਫਰੋਂ ਨਾ ਹਾਰੀ ਚੰਨਾਂ,
ਤੇਰੇ ਕੋਲੋਂ ਹਾਰ ਗਈ |
ਰਜਨੀ ਤੇਰੇ ਵੱਸ ਪੈ ਗਈ,
ਤੇ ਖੁਦ ਵੱਸੋਂ ਬਾਹਰ ਗਈ |
ਅੰਬੀਅਾਂ ਨੂੰ ਰੁੱਤ ਵੇਲੇ,
ਮਿਲਿਆ ਨਾ ਬੂਰ ਵੇ |
ਏਨੀ ਗਹਿਰੀ ਸੱਟ ਲਾ ਕੇ,
ਤੁਰ ਗਿਓਂ ਦੂਰ ਵੇ |