ਸਿੱਕੀ ਝੱਜੀ ਪਿੰਡ ਵਾਲਾ ( ਇਟਲੀ )
ਗਾਇਕੀ ਉਹ ਜੋ ਸਰੋਤਿਆਂ ਨੂੰ ਕੀਲ ਕੇ ਰੱਖ ਦੇਵੇ, ਇਹੋ ਜਿਹੀ ਮਾਖਿਓਂ ਮਿੱਠੀ ਅਵਾਜ ਦਾ ਮਾਲਿਕ ਗਾਇਕ ਨਵਜੀਤ ਗਿੱਲ ਜੋ ਕਿ ਜਿਲ੍ਹੇ ਜਲੰਧਰ ਦੇ ਨਕੋਦਰ ਚ ਪੈਂਦੇ ਪਿੰਡ ਉੱਘੀ ਦਾ ਜੰਮਪਲ ਹੈ। ਪਿਤਾ ਸਰਦਾਰ ਰਵਿੰਦਰ ਮਾਨ ਤੇ ਮਾਤਾ ਕਮਲਜੀਤ ਕੌਰ ਦੇ ਘਰ ਪੈਦਾ ਹੋਇਆ ਨਵਜੀਤ ਦੋ ਭੈਣਾਂ ਦਾ ਛੋਟਾ ਵੀਰ ਹੈ। ਪਿਤਾ ਜੀ ਵੀ ਗਾਉਣ ਦਾ ਸ਼ੌੰਕ ਰੱਖਣ ਕਰਕੇ ਨਵਜੀਤ ਨੂੰ ਗਾਇਕੀ ਦੀ ਗੁੜਤੀ ਘਰ ਚੋਂ ਹੀ ਮਿਲੀ। ਪੜਾਈ ਦੇ ਨਾਲ ਨਾਲ ਸੰਗੀਤ ਦੀਆਂ ਬਾਰੀਕੀਆਂ ਸਿੱਖ ਕੇ ਪੱਕੇ ਪੈਰੀਂ ਗਾਇਕੀ ਚ ਨਵਜੀਤ ਨੇ ਕਾਮਯਾਬੀ ਹਾਸਿਲ ਕੀਤੀ। ਜਿਕਰਯੋਗ ਹੈ ਕਿ ਅਵਾਜ ਪੰਜਾਬ ਦੀ ਪ੍ਰੋਗਰਾਮ ਚ ਸੈਮੀਫਾਈਨਲ ਤੱਕ ਆਪਣੀ ਗਾਇਕੀ ਦੇ ਜੌਹਰ ਵਿਖਾ ਚੁੱਕੇ ਨਵਜੀਤ ਗਿੱਲ ਦੀ ਗਾਇਕੀ ਚ ਹੁਣ ਆਪਣੀ ਅਲੱਗ ਪਹਿਚਾਣ ਹੈ। ਖਾਲਸਾ ਕਾਲਜ ਜਲੰਧਰ ਬੀਏ ਦੀ ਪੜ੍ਹਾਈ ਕਰਦਿਆਂ ਯੂਥ ਫੈਸਟੀਵਲ ਚ ਲਗਾਤਾਰ ਤਿੰਨ ਵਾਰ ਹਰ ਸਾਲ ਫੋੋਕ ਗੀਤ ਦੇ ਕੰਪੀਡੀਸ਼ਨ ਚ ਪਹਿਲੀ ਪੋਜੀਸ਼ਨ ਰਹਿ ਕੇ ਇਨਾਮ ਜਿੱਤੇ। ਪ੍ਰੋਫੈਸਰ ਸਵ: ਕਿ੍ਪਾਲ ਸਿੰਘ ਅਤੇ ਸੁਖਦੇਵ ਸਾਗਰ ਜੀ ਹੋਣਾਂ ਤੋਂ ਸੰਗੀਤ ਬਾਰੇ ਬਹੁਤ ਜਾਣਕਾਰੀ ਹਾਸਿਲ ਕੀਤੀ। ਅੰਤਰਾਸ਼ਟਰੀ ਗਾਇਕ ਲੈੰਹਿੰਬਰ ਹੂਸੈਨਪੁਰੀ ਜਿਨ੍ਹਾਂ ਦਾ ਅਸ਼ੀਰਵਾਦ ਹਮੇਸ਼ਾਂ ਨਵਜੀਤ ਗਿੱਲ ਦੇ ਨਾਲ ਹੈ ਉਨਾਂ ਨੇ ਹਰ ਪਲ ਬਹੁਤ ਸਾਥ ਦਿੱਤਾ ਜਿਸ ਦਾ ਸ਼ੁਕਰਾਨਾ ਕਰਨ ਲਈ ਨਵਜੀਤ ਦੱਸਦਾ ਹੈ ਕਿ ਉਸ ਕੋਲ ਸ਼ਬਦ ਨਹੀਂ ਹਨ। ਅੱਜਕਲ੍ਹ ਵੀ ਜਿੰਦਗੀ ਦੇ ਰੁਝੇਵਿਆਂ ਚੋਂ ਵਿਹਲ ਕੱਢ ਕੇ ਨਵਜੀਤ ਲੇਂਹਿੰਬਰ ਹੂਸੈਨਪੁਰੀ ਜੀ ਕੋਲੋਂ ਸੰਗੀਤਕ ਬਾਰੀਕੀਆਂ ਸਿੱਖਦਾ ਰਹਿੰਦਾ ਹੈ ਜਿਸ ਦਾ ਉਸ ਦੀ ਗਾਇਕੀ ਨੂੰ ਸੁਣ ਕੇ ਪ੍ਰਭਾਵ ਝਲਕਦਾ ਹੀ ਹੈ। ਕੋਈ ਜਾ ਕੇ ਦੱਸੋ ਨਸ਼ੇਂ ਦੇ ਵਪਾਰੀ ਨੂੰ ਮਾਵਾਂ ਰੌਂਦੀਆਂ ਨਹੀਂ ਵੇਖ ਹੁੰਦੀਆਂ, ਨਸ਼ਿਆਂ ਚ ਡੁੱਬ ਕੇ ਘਰ ਬਰਬਾਦ ਕਰਨ ਵਾਲਿਆਂ ਨੂੰ ਚੰਗੇ ਰਾਹ ਪੈਣ ਦਾ ਸੁਨੇਹਾ ਦਿੰਦੇ ਨਵਜੀਤ ਦੇ ਇਸ ਗੀਤ ਨੂੰ ਬਹੁਤ ਪਿਆਰ ਮਿਲਿਆ। ਫਤਿਹਸ਼ੇਰ ਗਿੱਲ ਦੇ ਲਿਖੇ ਗੀਤ ਰਾਤਾਂ, ਉਸ ਤੋਂ ਬਾਅਦ ਨੱਚਦੀ ਬਰਾਤ, ਫਿਰ ਮਿਲਾਂਗੇ, ਅਤੇ ਡੈਅਰੀ ਗੀਤ ਇਨਾਂ ਸਭ ਗੀਤਾਂ ਨੂੰ ਜਪਸ ਮਿਊਜਿਕ ਵਲੋਂ ਬਹੁਤ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ ਤੇ ਨਵਜੀਤ ਗਿੱਲ ਦੀ ਅਵਾਜ ਨੂੰ ਪਸੰਦ ਕਰਨ ਵਾਲੇ ਹਰ ਵਰਗ ਦੇ ਸਰੋਤਿਆਂ ਨੇ ਪਿਆਰ ਬਖਸ਼ਿਆ। ਗੀਤਕਾਰ ਨੇਕ ਬੇਰੰਗ ਦਾ ਲਿਖਿਆ ਗੀਤ ਵੀ ਆਉਣ ਵਾਲੇ ਸਮੇਂ ਚ ਨਵਜੀਤ ਦੀ ਆਵਾਜ ਚ ਜਲਦ ਰਿਲੀਜ਼ ਕੀਤਾ ਜਾਵੇਗਾ। ਲੇਂਹਿੰਬਰ ਹੂਸੈਨਪੁਰੀ, ਨੀਟੂ ਕੰਗ ਕਨੇਡਾ,ਪੁਰੇਵਾਲ ਯੂਕੇ, ਸੋਨੂੰ ਰਾਂਵਲਾ, ਅਮਰ ਜੀਦੋਵਾਲੀਆ, ਅੰਤਰਾਸ਼ਟਰੀ ਕਬੱਡੀ ਖਿਡਾਰੀ ਮੰਗਤ ਰਾਮ ਜਿਹਨਾਂ ਦਾ ਇਹਨਾਂ ਸਭਨਾਂ ਦਾ ਹਮੇਸ਼ਾਂ ਸਾਥ ਰਿਹਾ। ਨਵੇਂ ਆ ਰਹੇ ਗੀਤ ਤੇਰੀਆਂ ਕਮੀਆਂ ਜਿਸ ਨੂੰ ਗੀਤਕਾਰ ਸੁਨੀਲ ਮੱਟੂ ਨੇ ਲਿਖਿਆ ਹੈ ਤੇ ਸੰਗੀਤਕ ਧੁਨਾਂ ਚ ਯੰਗ ਬੀਟ ਫੋਰਸ ਵਲੋਂ ਸ਼ਿੰਗਾਰਿਆ ਗਿਆ ਹੈ ਦਾ ਵੀਡੀਓ ਜਲਦ ਵੱਡੇ ਪੰਜਾਬੀ ਚੈਨਲਾਂ ਅਤੇ ਯੂ ਟਿਊਬ ਤੇ ਵੇਖਣ ਨੂੰ ਮਿਲੇਗਾ। ਅਮਰ ਜਿਦੋਂਵਾਲੀਆ ਦੀ ਪੇਸ਼ਕਸ਼ ਚ ਜਪਸ ਮਿਊਜਿਕ ਵਲੋਂ ਵੱਡੇ ਪੱਧਰ ਤੇ ਰਿਲੀਜ਼ ਕੀਤੇ ਜਾ ਰਹੇ ਇਸ ਗੀਤ ਤੋਂ ਨਵਜੀਤ ਗਿੱਲ ਨੂੰ ਬੇਹੱਦ ਆਸਾਂ ਹਨ। ਰੱਬ ਕਰੇ ਸੰਗੀਤ ਦੀ ਦੁਨੀਆਂ ਦਾ ਇਹ ਚਮਕਦਾ ਸਿਤਾਰਾ ਹਮੇਸ਼ਾਂ ਇਸੇ ਤਰਾਂ ਟਿਮਟਿਮਾਉਂਦਾ ਰਹੇ।