4 C
United Kingdom
Friday, March 6, 2026

More

    ਐ ਮੇਰੀ ਪਿਆਰੀ ਨਜ਼ਮ!

    ਐ ਮੇਰੀ ਪਿਆਰੀ ਨਜ਼ਮ!
    ਤੇਰੀ ਸ਼ਰਣ ਵਿੱਚ ਆਉਂਦਿਆਂ
    ਮਿਟ ਜਾਂਦੇ ਨੇ ਰੂਹ ਦੇ ਹਨੇਰ।
    ਤੇਰੇ ਨਕਸ਼
    ਇੰਨ ਬਿੰਨ ਕਦੇ ਕਦੇ
    ਜਿਸਮ ਦੀਆਂ ਮਹੀਨ ਪਰਤਾਂ ਦੇ ਆਰ ਪਾਰ
    ਧੁਖ ਰਹੀ ਪੀੜ ਨਾਲ ਮਿਲ ਜਾਂਦੇ ਆ।

    ਤੂੰ ਰੇਤਲੇ ਟਿੱਬਿਆਂ ਚ ਖੁੰਭ ਵਾਂਗ
    ਦੂਧੀਆ ਕਰੂੰਬਲ ਬਣ ਕੇ ਫੁੱਟੀ।

    ਤੈਨੂੰ ਜਨਮ ਦੇਣ ਤੋਂ ਬਾਅਦ
    ਮੈਂ ਨਿਰਮਲ ਹੋ ਜਾਨੀ ਆਂ
    ਨਿਰਛਲ, ਨਿਰਕਪਟ, ਵਿਕਾਰ ਹੀਣ
    ਨਿੱਤਰੇ ਆਕਾਸ਼ ਵਾਂਗ ਮੈਲ ਮੁਕਤ
    ਇੰਜ ਲੱਗਦਾ
    ਜਿਵੇਂ ਸਦੀਆਂ ਦਾ ਗਰਦ ਗੁਬਾਰ
    ਅੰਧਕਾਰ ਦੂਰ ਹੋ ਜਾਵੇ।

    ਤੇਰੇ ਮੌਲਿਕ ਬਿੰਬਾਂ ਦੀ ਮਹਿਫਲ
    ਮੈਨੂੰ ਨੇਕ ਤੇ ਹਲੀਮ ਕਰ ਦੇਂਦੀ ਹੈ।
    ਮਨ ਦੀ ਕਿਆਰੀ ਫੁੱਲਾਂ ਨਾਲ ਭਰ ਦੇਂਦੀ ਹੈ।

    ਬਰਕਤਾਂ ਨਾਲ ਮਹਿਕ ਜਾਂਦੀ ਐ
    ਮਨ ਦੀ ਬਸਤੀ
    ਤੇਰੀ ਸੁਗੰਧੀ ਵਿੱਚ
    ਵਿਸਮਾਦ ਵੀ,
    ਹੁਲਾਸ ਵੀ, ਵਿਗਾਸ ਵੀ
    ਹੂਕ ਵੀ, ਕੂਕ ਵੀ
    ਮਿੱਠੀ ਮਿੱਠੀ ਕਸਕ ਵੀ ।

    ਤੂੰ ਥੱਕਿਆਂ ਦਾ!
    ਮਾਂ ਦੀ ਗੋਦ ਵਰਗਾ
    ਆਸਰਾ ਵੀ ਬਣ ਜਾਨੀ ਏਂ ਕਵਿਤਾ।
    ਗੀਤ ਗ਼ਜ਼ਲ ਰੁਬਾਈਆਂ
    ਧੀਆਂ ਪੁੱਤਰਾਂ ਵਾਂਗ
    ਟਾਹਣੀ ਟਾਹਣੀ ਪੱਤੇ ਪੱਤੇ
    ਲਹਿਰਾਉਂਦੀਆਂ ਲਗਰਾਂ ਤੇ ਕਰੂੰਬਲਾਂ।

    ਭਟਕਿਆਂ ਦਾ ਰਹਿਨੁਮਾ ਬਣਕੇ
    ਤੂੰ ਲਾਡ ਵੀ ਦੁਲਾਰਦੀਂ ਏਂ।
    ਕਈ ਵਾਰ ਰਿਸ਼ਮਾਂ ਦੀ
    ਨਿਰਛਲ ਤੇ ਨਿਰਮਲ ਕਲਮ
    ਜਦੋਂ ਤੈਨੂੰ ਸੰਵਾਰਦੀ।
    ਤੂੰ ਸਾਡੇ ਅੰਦਰੋਂ ਦਰਦ ਬੁਹਾਰਦੀ।

    ਲੱਖ ਸਿਆਣਪਾਂ
    ਛੂ ਮੰਤਰ ਹੋ ਜਾਂਦੀਆਂ।
    ਗਯਾ ਦੇ ਬੋਧ ਬਿਰਖ ਥੱਲ੍ਹੇ
    ਬਹਿਣ ਵਰਗਾ ਅਹਿਸਾਸ ਹੁੰਦਾ।

    ਐ ਨਜ਼ਮ!
    ਤੇਰੀ ਸ਼ਰਣ ਵਿੱਚ ਆਉਂਦਿਆ
    ਮਿਟ ਜਾਂਦੇ ਆ ਹਨ੍ਹੇਰ।
    ਚੜ੍ਹਦੀ ਜਿਵੇਂ ਸਵੇਰ।
    ਕਿਰਨਾਂ ਦਾ ਪਹਿਲਾ ਪੂਰ
    ਧਰਤੀ ਮਾਂ ਦੀ ਮਾਂਗ ‘ਚ ਸੰਧੂਰ।
    ਮੈਂ ਸਹਿਜ ਹੋ ਕੇ
    ਵਿਚਰਨ ਲੱਗਦੀ ਆਂ
    ਕਿਰਨਾਂ ਨੂੰ ਪਿੰਡੇ ਤੇ ਮਲਦੀ ਹਾਂ
    ਸੂਰਜੀ ਦੰਦਾਸਾ,
    ਹੋਠਾਂ ਦਾ ਹਾਸਾ ਬਣਦਾ।
    ਸੱਚਮੁੱਚ ਰੂਹ ਹਲਕੀ ਫੁੱਲ ਹੋ
    ਬ੍ਰਹਿਮੰਡ ਚ ਤਾਰੀਆਂ ਲਾਉੰਦੀ ਹੈ।

    ਨਵਗੀਤ ਕੌਰ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!