11.4 C
United Kingdom
Tuesday, July 21, 2026

More

    ਕੀ ਸਰਦਾਰ ਢੀਂਡਸਾ ਆਪਣੀ ਨਵੀਂ ਰਾਜਨੀਤਿਕ ਪਾਰੀ ‘ਚ ਖਿਡਾਰੀਆਂ ਨੂੰ ਦੇਣਗੇ ਪ੍ਰਤੀਨਿਧਤਾ ?

    ਕੇਂਦਰ ਅਤੇ ਪੰਜਾਬ ਵਿੱਚ ਖੇਡ ਮੰਤਰੀ ਰਹਿਣ ਤੋਂ ਇਲਾਵਾ ਲੰਬੇ ਅਰਸੇ ਦਾ ਢੀਂਡਸਾ ਕੋਲ ਹੈ ਖੇਡ ਤਜ਼ਰਬਾ

    ਸੁਖਦੇਵ ਸਿੰਘ ਢੀਂਡਸਾ ਪੰਜਾਬ ਦੀਆਂ ਖੇਡਾਂ ਅਤੇ ਖਿਡਾਰੀਆਂ ਦੇ ਇੱਕ ਰਹਿਬਰ ਹਨ ਕਿਉਂਕਿ ਉਹ 80ਵੇਂ ਦਹਾਕੇ ਤੋਂ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਚੱਲੇ ਆ ਰਹੇ ਹਨ। ਪੰਜਾਬ ਦੇ 1977 ਤੋਂ 1980 ਤੱਕ ਦੀ ਅਕਾਲੀ ਸਰਕਾਰ ਵੇਲੇ ਪੰਜਾਬ ਦੇ ਉਹ ਖੇਡ ਮੰਤਰੀ ਰਹੇ ਅਤੇ ਫਿਰ ਕੇਂਦਰ ਦੀ ਸਰਕਾਰ ਦੇ ਵਿੱਚ ਖੇਡ ਮੰਤਰੀ ਰਹੇ। ਉਨ੍ਹਾਂ ਪੰਜਾਬ ਦੇ ਖੇਡ ਮੰਤਰੀ ਹੁੰਦਿਆਂ ਮਹਾਰਾਜਾ ਰਣਜੀਤ ਸਿੰਘ ਸਟੇਟ ਖੇਡ ਐਵਾਰਡ 1978 ਵਿੱਚ ਸ਼ੁਰੂ ਕੀਤਾ ਅਤੇ ਕੇਂਦਰ ਵਿੱਚ ਖੇਡ ਮੰਤਰੀ ਹੁੰਦਿਆਂ ਉਨ੍ਹਾਂ ਨੇ ਪੰਜਾਬ ਦੇ ਬਹੁਤ ਸਾਰੇ ਖਿਡਾਰੀਆਂ ਨੂੰ ਅਰਜਨਾ ਐਵਾਰਡ ਅਤੇ ਦਰੋਣਾਚਾਰੀਆ ਐਵਾਰਡ ਦੇ ਕੇ ਸਨਮਾਨਿਆ। ਇੱਥੋਂ ਤੱਕ ਕਿ ਉਨ੍ਹਾਂ ਨੇ ਕਬੱਡੀ ਖਿਡਾਰੀ ਨੂੰ ਵੀ ਅਰਜਨਾ ਐਵਾਰਡ ਦਿਵਾ ਦਿੱਤੇ ਸਨ। ਸੁਖਦੇਵ ਸਿੰਘ ਢੀਂਡਸਾ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਸਾਈਕਲਿੰਗ ਐਸੋਸੀਏਸ਼ਨ ਦੇ ਬਹੁਤ ਲੰਮਾ ਸਮਾਂ ਪ੍ਰਧਾਨ ਰਹੇ।

    ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਓਲੰਪਿਕ ਭਵਨ ਦੀ ਸਥਾਪਨਾ ਅਤੇ ਹੋਰ ਬਹੁਤ ਸਾਰੇ ਖੇਡਾਂ ਦੀ ਬਿਹਤਰੀ ਲਈ ਕੰਮ ਸਰਦਾਰ ਢੀਂਡਸਾ ਸਾਹਿਬ ਨੇ ਕੀਤੇ ਹਨ। ਜੋ ਪੰਜਾਬ ਦੇ ਕਿਸੇ ਹੋਰ ਰਾਜਨੀਤਿਕ ਆਗੂ ਨੇ ਰਾਜਸੀ ਤਾਕਤ ਮਿਲਣ ਦੇ ਬਾਵਜੂਦ ਵੀ ਨਹੀਂ ਕੀਤੇ ਹਨ ਸੁਖਦੇਵ ਸਿੰਘ ਢੀਂਡਸਾ ਖੁਦ ਹਾਕੀ ਦੇ ਆਪਣੇ ਸਮੇਂ ਦੇ ਵਧੀਆ ਖਿਡਾਰੀ ਰਹੇ ਹਨ। ਪਰ ਆਪਣੀ ਜ਼ਿੰਦਗੀ ਦੀ ਰਾਜਨੀਤਕ ਪਾਰੀ ਖੇਡਦਿਆਂ ਉਨ੍ਹਾਂ ਦਾ ਮੋਹ ਹਮੇਸ਼ਾ ਖੇਡਾਂ ਨਾਲ ਜੁੜਿਆ ਰਿਹਾ ਹੈ। ਰਾਜਨੀਤੀ ਵਿੱਚ ਉਹ ਮੁੱਢ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਰਹੇ ਵੱਖ ਵੱਖ ਅਹੁਦਿਆਂ ਤੋਂ ਇਲਾਵਾ ਉਹ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਰਹੇ। 1972 ਵਿੱਚ ਉਹ ਪਹਿਲੀ ਵਾਰ ਵਿਧਾਇਕ ਬਣੇ ਆਪਣੇ ਰਾਜਨੀਤਕ ਕੈਰੀਅਰ  ਦੌਰਾਨ ਪੰਜ ਵਾਰ ਵਿਧਾਇਕ, ਲੋਕ ਸਭਾ ਮੈਂਬਰ ਸੰਗਰੂਰ ਅਤੇ ਕਈ ਵਾਰ ਮੈਂਬਰ ਰਾਜ ਸਭਾ ਅਤੇ ਹੋਰ ਵੱਡੇ ਰਾਜਨੀਤਕ ਅਹੁਦਿਆਂ ਤੇ ਬਿਰਾਜਮਾਨ ਰਹੇ ਹਨ ਉਨ੍ਹਾਂ ਦੇ ਸੁਭਾਅ ਦੀ ਖਾਮੋਸ਼ੀ ਅਤੇ ਸਿਧਾਂਤਾਂ ‘ਤੇ ਖੜ੍ਹਨ ਦੀ ਪਹਿਰੇਦਾਰੀ ਪਹਿਲਾਂ ਤੋਂ ਹੀ ਮਜ਼ਬੂਤ ਰਹੀ ਹੈ। ਉਹ ਰਾਜਨੀਤੀ ਦੀ ਬੇਦਾਗ਼ ਅਤੇ ਸਾਫ਼ ਸੁਥਰੀ ਸ਼ਖ਼ਸੀਅਤ ਹਨ ਉਨ੍ਹਾਂ ਨੇ ਅੱਜ ਦੇ ਆਮ ਨੇਤਾਵਾਂ ਵਾਂਗ ਜ਼ਮੀਨਾਂ ‘ਤੇ, ਟਰਾਂਸਪੋਰਟਾਂ ‘ਤੇ, ਕੇਬਲਾਂ ਅਤੇ ਰੇਤਿਆਂ ‘ਤੇ ਕਬਜ਼ੇ ਨਹੀਂ ਕੀਤੇ ਹਨ। ਉਨ੍ਹਾਂ ਦੀ ਸ਼ਖ਼ਸੀਅਤ ਸਿਆਸਤ ਵਿੱਚ 16 ਕਲਾ ਸੰਪੂਰਨ ਕੇਸਰ ਵਾਂਗ ਚਮਕਦੀ ਰਹੀ ਹੈ ।

    ਪਿਛਲੇ ਕੁਝ ਅਰਸੇ ਤੋਂ ਬਾਦਲਾਂ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਉਨ੍ਹਾਂ ਦੇ ਸਿਧਾਂਤਕ ਮਤਭੇਦ ਚੱਲ ਰਹੇ ਸਨ। ਉਨ੍ਹਾਂ ਦੀ ਇਹ ਚੁੱਪ ਵੀ ਹਨੇਰੀ ਆਉਣ ਤੋਂ ਪਹਿਲਾਂ ਵਾਲੀ ਚੁੱਪ ਵਰਗੀ ਸੀ। ਲੱਗਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਇਹ ਧਮਾਕਾ ਹੁਣ ਆਮ ਨਹੀਂ ਸਗੋਂ ਬਗਾਵਤ ਦਾ ਇੱਕ ਖਾਸ ਹੀ ਧਮਾਕਾ ਹੋਵੇਗਾ। 7 ਜੁਲਾਈ ਨੂੰ ਲੁਧਿਆਣਾ ਵਿਖੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਸਿਆਸਤ ਦਾ ਝੰਡਾ ਬੁਲੰਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਨਵੇਂ ਸਿਰੇ ਤੋਂ ਸਥਾਪਨਾ ਕਰ ਦਿੱਤੀ ਹੈ। ਜਿਸ ਵਿੱਚ ਹਾਜ਼ਰ ਲੀਡਰਾਂ ਅਤੇ ਵਰਕਰਾਂ ਨੇ ਸਮੂਹ ਸਹਿਮਤੀ ਨਾਲ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣ ਲਿਆ ਹੈ ਅਤੇ ਬਾਦਲਾਂ ਨੂੰ ਅਕਾਲੀ ਦਲ ਤੋਂ ਲਾਂਭੇ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਨਵਾਂ ਬਣਿਆ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀਆਂ ਆਸਾਂ ਤੇ ਕਿੰਨਾ ਖਰਾ ਉੱਤਰੇਗਾ ਅਤੇ ਪੰਜਾਬ ਦੇ ਹਿੱਤਾਂ ਦੀ ਕਿੰਨੀ ਕੁ ਰਖਵਾਲੀ ਕਰੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਅਜੇ ਤਾਂ ਸਮਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਖ ਵੱਖ ਖੇਤਰਾਂ ਨਾਲ ਸਬੰਧਿਤ ਲੋਕਾਂ ਨੂੰ ਪ੍ਰਤੀਨਿਧਤਾ ਮਿਲਣ ਦਾ ਹੈ।

    ਸੁਖਦੇਵ ਸਿੰਘ ਢੀਂਡਸਾ ਜੋ ਪੰਜਾਬ ਦੇ ਖਿਡਾਰੀਆਂ ਦੇ ਰਹਿਬਰ ਹਨ ਕੀ ਉਹ ਆਪਣੀ ਪਾਰਟੀ ਵਿੱਚ ਖਿਡਾਰੀਆਂ ਖੇਡ ਪ੍ਰਮੋਟਰਾਂ ਨੂੰ ਸਹੀ ਪ੍ਰਤੀਨਿਧਤਾ ਦੇਣਗੇ ?

    ਕਿਉਂਕਿ ਕੁੱਝ ਪਾਰਟੀਆਂ ਛੱਡ ਕੇ ਬਹੁਤੀਆਂ ਪਾਰਟੀਆਂ ਨੇ ਖਿਡਾਰੀਆਂ ਨੂੰ ਹਮੇਸ਼ਾ ਅਣਗੌਲਿਆ ਹੀ ਕੀਤਾ ਹੈ ਇਸੇ ਕਰਕੇ ਹੀ ਬਹੁਤੇ ਖਿਡਾਰੀ ਸਿਆਸਤ ਵਿੱਚ ਆ ਨਹੀਂ ਸਕੇ ਅਤੇ ਖੇਡਾਂ ਦੀ ਬਿਹਤਰੀ ਲਈ ਬਹੁਤੇ ਵਧੀਆ ਕੰਮ ਹੋ ਨਹੀਂ ਸਕੇ। ਪੰਜਾਬ ਵਿੱਚ ਓਲੰਪੀਅਨ, ਅੰਤਰਰਾਸ਼ਟਰੀ, ਅਤੇ ਕੌਮੀ ਪੱਧਰ ਦੇ ਖਿਡਾਰੀਆਂ ਦਾ ਇੱਕ ਵੱਡਾ ਕਾਫ਼ਲਾ ਹੈ ਜਿਨ੍ਹਾਂ ਦੀ ਵੱਡੀ ਗਿਣਤੀ ਵਿੱਚ ਫੈਨ ਫਾਲੋਵਰ (ਪ੍ਰਸ਼ੰਸਕ) ਹੈ ਜੇ ਰਾਜਨੀਤਕ ਪਾਰਟੀਆਂ ਖਿਡਾਰੀਆਂ ਨੂੰ ਸਹੀ ਨੁਮਾਇੰਦਗੀ ਦੇਣ ਤਾਂ ਉਨ੍ਹਾਂ  ਵਿੱਚੋਂ ਕਈ ਨਵਜੋਤ ਸਿੰਘ ਸਿੱਧੂ ਅਤੇ ਓਲੰਪੀਅਨ ਪ੍ਰਗਟ ਸਿੰਘ ਵਰਗੇ ਸਿਆਸਤਦਾਨ ਪੈਦਾ ਹੋ ਸਕਦੇ ਹਨ ਕਿਉਂਕਿ ਸਿਆਸਤ ਵਿੱਚ ਵੀ ਬਹੁਤੇ ਲੀਡਰਾਂ ਨੇ ਪੁੱਤਰ ਮੋਹ ਅਤੇ ਭਾਈ ਭਤੀਜਾਵਾਦ ਨੂੰ ਹੀ ਤਰਜੀਹ ਦਿੱਤੀ ਹੈ। ਇਸੇ ਕਰਕੇ ਕਈ ਹੁਨਰਮੰਦ ਲੋਕ ਸਿਆਸਤ ਤੋਂ ਚੁੱਪ ਜਾਂ ਕਿਨਾਰਾਕਸ਼ੀ ਕਰ ਗਏ ਹਨ ਪਰ ਸੁਖਦੇਵ ਸਿੰਘ ਢੀਂਡਸਾ ਓੁੱਤੇ ਪੰਜਾਬ ਵਾਸੀਆਂ ਨੂੰ ਵੱਡੀਆਂ ਆਸਾਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਖਿਡਾਰੀਆਂ ਅਤੇ ਖੇਡ ਪ੍ਰਬੰਧਕਾਂ ਨੂੰ ਬਣਦੀ ਪ੍ਰਤੀਨਿਧਤਾ ਦੇਣਗੇ। ਇਸ ਨਾਲ ਪੰਜਾਬ ਤਾ ਉਸਾਰੂ ਲੀਹਾਂ ਵੱਲ ਵਧੇਗਾ ਹੀ ਸਗੋਂ ਖੇਡਾਂ ਦੇ ਖੇਤਰ ਵਿੱਚ ਵੀ ਹੋਰ ਵੱਡੀਆਂ ਪ੍ਰਾਪਤੀਆਂ ਹੋ ਸਕਦੀਆਂ ਹਨ। ਕਿਉਂਕਿ ਖਿਡਾਰੀ ਇੱਕ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ। ਪਰ ਇਹ ਸਮਾਂ ਦੱਸੇਗਾ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਖੇਡਾਂ ਪ੍ਰਤੀ ਆਪਣੀ ਕਿੰਨੀ ਵਫ਼ਾਦਾਰੀ ਨਿਭਾਉਂਦੇ ਹਨ। ਜੇਕਰ ਉਨ੍ਹਾਂ ਨੇ ਖਿਡਾਰੀਆਂ ਪ੍ਰਤੀ ਆਪਣਾ ਵਧੀਆ ਫ਼ਰਜ਼ ਨਿਭਾ ਦਿੱਤਾ ਤਾਂ ਪੰਜਾਬ ਦੀ ਸਿਆਸਤ ਵਿੱਚ ਨਾ ਸਿਰਫ਼ ਇੱਕ ਨਵੀਂ ਲਹਿਰ ਸਾਬਤ ਹੋਵੇਗੀ। ਸਗੋਂ ਉਨ੍ਹਾਂ ਦਾ ਸਿਆਸੀ ਬੇੜਾ ਸੌਖਿਆ ਹੀ ਜੇਤੂ ਕੰਢੇ ‘ਤੇ ਲੱਗ ਜਾਵੇਗਾ। ਦਾਤਾ ਖੇਡਾਂ ਵਾਲਿਆਂ ਪ੍ਰਤੀ ਸਵੱਲੀ ਨਿਗ੍ਹਾ ਰੱਖੇ, ਅਤੇ ਸਾਰੇ ਹੀ ਰਾਜਨੀਤਕ ਆਗੂਆਂ ਨੂੰ ਸਮੁੱਤ ਦੇਵੇ ਤਾ ਜੋ ਪੰਜਾਬ ਦੇ ਖਿਡਾਰੀ ਵੀ ਇੱਕ ਸੇਵਾ ਭਾਵਨਾ ਨਾਲ ਪੰਜਾਬ ਦੀ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਪਾ ਸਕਣ, ਵੈਸੇ ਤਾਂ ਪਰਮਾਤਮਾ ਹੀ ਭਲੀ ਕਰੇਗਾ ਕਿਉਂਕਿ ਹੁਣ ਤਾ ਪੰਜਾਬ ਦੀ ਰਾਜਨੀਤੀ ਦਾ ਬੱਸ  ਰੱਬ ਹੀ ਰਾਖਾ।   
    ਜਗਰੂਪ ਸਿੰਘ ਜਰਖੜ
    ਖੇਡ ਲੇਖਕ
    9814300722  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!