ਸੁੱਖੀ ਸਾਂਤ 9878118303
ਨੰਗੇ ਪੈਰੀਂ ਸੜਕਾਂ ਤੇ ਕੌਣ ਤੁਰੇ ਜਾਂਦੇ ਨੇ?
ਨਿੰਮੋਝੂਣੇ ਨੀਵੀਂ ਪਾਕੇ ਧੌਣ ਤੁਰੇ ਜਾਂਦੇ ਨੇ?
ਕਿੰਨੀ ਦੂਰੋਂ ਆਏ ਖੌਰੇ ਕਿੰਨੀ ਦੂਰ ਜਾਣਾ ਏਂ
ਭੁੱਖਾਂ ਦੁੱਖਾਂ ਮਾਰਿਆ ਦਾ ਕਿੱਥੇ ਕੁ ਟਿਕਾਣਾ ਏਂ
ਕਿਹੜੀ ਖੂੰਨੀ ਪੱਟੜੀ ਤੇ ਸੌਣ ਤੁਰੇ ਜਾਂਦੇ ਨੇ
ਨੰਗੇ ਪੈਰੀਂ ………………….!
ਸਿਰਾਂ ਉੱਤੇ ਚੁੱਕੀਆਂ ਸਮਾਨ ਦੀਆਂ ਪੰਡਾਂ ਨੇ
ਮਨਾਂ ਵਿੱਚ ਉੱਜੜੇ ਜਹਾਨ ਦੀਆਂ ਗੰਢਾਂ ਨੇ
ਉੱਜੜੀ ਵੀ ਦੁਨੀਆਂ ਵਸਾਉਣ ਤੁਰੇ ਜਾਂਦੇ ਨੇ
ਨੰਗੇ ਪੈਰੀਂ ………………….!
ਕਿਸੇ ਨੇ ਉਠਾਇਆ ਗੋਦੀ ਫੁੱਲ ਭਰ ਬਾਲ ਨੂੰ
ਹਿੱਕ ਨਾਲ ਘੁੱਟੀ ਕੋਈ ਤੁਰੀ ਜਾਂਦੀ ਲਾਲ ਨੂੰ
ਦੰਦਾਂ ਹੇਠਾਂ ਪੀੜ੍ਹ ਦੱਬੀ ਮੌਨ ਤੁਰੇ ਜਾਂਦੇ ਨੇ
ਨੰਗੇ ਪੈਰੀਂ ………………….!
ਮੌਢਿਆਂ ਤੇ ਕਿਸੇ ਬੁੱਢੇ ਬਾਪ ਨੂੰ ਬਿਠਾਇਆ ਏ
ਕਿਸੇ ਨੇ ਬੀਮਾਰ ਮਾਂ ਨੂੰ ਬਾਹਵਾਂ ਚ ਉਠਾਇਆ ਏ
ਸ਼ਰਵਣ ਨੇਕੀਆਂ ਕਮਾਉਣ ਤੁਰੇ ਜਾਂਦੇ ਨੇ
ਨੰਗੇ ਪੈਰੀਂ ………………….!
ਪਿੰਡਿਆਂ ਤੇ ਡੰਡੇ ਵੀ ਵਰ੍ਹਾਏ ਲੱਠਮਾਰਾਂ ਨੇ
ਰੋਕਿਆ ਵਥੇਰਾ ਡਾਗਾਂ ਮਾਰ ਸਰਕਾਰਾਂ ਨੇ
ਬਚੀ ਖੁਚੀ ਜਿੰਦਗੀ ਜਿਉਣ ਤੁਰੇ ਜਾਂਦੇ ਨੇ
ਨੰਗੇ ਪੈਰੀਂ ………………….!
ਕੇਹੀ ਰਾਜਨੀਤੀ ਕਿੰਨਾ ਚੰਦਰਾ ਸਮਾਜ ਏ
ਆਪਣੇ ਘਰੀਂ ਵੀ ਜਾਣ ਉੱਤੇ ਇਤਰਾਜ਼ ਏ
ਭੁੱਖੇ ਪੇਟ ਹੱਡ ਕੁੱਟਵਾਉਣ ਤੁਰੇ ਜਾਂਦੇ ਨੇ
ਨੰਗੇ ਪੈਰੀਂ ………………….!
ਕੌਣ ਕੌਣ ਘਰਾਂ ਵਿੱਚ ਹੋਣਗੇ ਉਡੀਕਦੇ
ਲਹੂ ਨਾਲ ਸ਼ਾਇਰਾਂ ਪੰਨੇ ਲਿਖਣੇ ਤਾਰੀਖ਼ ਦੇ
ਪਾਟੇ ਝੀਟੇ ਰਿਸ਼ਤੇ ਸਿਉਣ ਤੁਰੇ ਜਾਂਦੇ ਨੇ
ਨੰਗੇ ਪੈਰੀਂ ………………….!
ਕੋਈ ਤਾਂ ਲਿਖੂਗਾ ਕਾਰੇ ਹਾਕਮ ਸ਼ੈਤਾਨਾਂ ਦੇ
ਚੀਥ੍ਹੜੇ ਉਡਾਗੀ ਕਿਵੇਂ ਰੇਲ ਇਨਸਾਨਾਂ ਦੇ
ਕਾਫ਼ਲੇ ਆਹੂਤੀਆਂ ਜੋ ਪਾਉਣ ਤੁਰੇ ਜਾਂਦੇ ਨੇ
ਨੰਗੇ ਪੈਰੀਂ ………………….!
ਦਿਆ ਕਿਉਂ ਨਹੀਂ ਆਉਂਦੀ ਰਾਮ ਸ਼ਾਮ ਤੇ ਗਣੇਸ਼ ਨੂੰ
ਸ਼ਰਮਾ ਨਾ ਆਈਆਂ ਬਾਬੇ ਨਾਨਕ ਦੇ ਦੇਸ਼ ਨੂੰ
ਲਾਲੋ ਬਾਜੀ ਮੌਤ ਵਾਲੀ ਲਾਉਣ ਤੁਰੇ ਜਾਂਦੇ ਨੇ
ਨੰਗੇ ਪੈਰੀਂ ………………….!
ਪੀੜਾਂ ਨਾਲ ਝੰਬੇ ਚਿਹਰੇ ਪਏ ਕੁਮਲਾਏ ਨੇ
ਕਿੰਨੇ ਕੁ ਤਸੀਹੇ ਖੌਰੇ ਰੂਹਾਂ ਤੇ ਹੰਢਾਏ ਨੇ
ਕਿਸਮਤ ਖੋਟੀ ਅਜਮੌਣ ਤੁਰੇ ਜਾਂਦੇ ਨੇ
ਨੰਗੇ ਪੈਰੀਂ ………………….!
ਇੱਕੋ ਗੱਲ ਸੁੱਖੀ ਸ਼ਾਂਤ ਸੱਮਝਾਂ ਚ੍ਹ ਆਏ ਨਾ
ਕਾਮਿਆਂ ਤੇ ਕਿਸੇ ਕਾਹਤੋਂ ਫੁੱਲ ਵਰਸਾਏ ਨਾ
ਕੀੜਿਆਂ ਦੇ ਜਿਵੇਂ ਕਿਤੇ ਭੌਣ ਤੁਰੇ ਜਾਂਦੇ ਨੇ
ਨੰਗੇ ਪੈਰੀਂ ………………….!