ਦੁੱਖਭੰਜਨ ਰੰਧਾਵਾ
0351920036369
ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
ਸੁੱਕੀ ਹੋਈ ਆਸ |
ਨੀ ਮੈਂ ਪੁੱਛਣਾਂ ਏ ਤੈਨੂੰ ਕਿਉਂ ਮੈਂ,
ਰਹਿੰਦਾ ਹਾਂ ਉਦਾਸ |
ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
ਸੁੱਕੀ ਹੋਈ ਆਸ |
ਪੁੱਠ ਚੜੀ ਪੀੜ ਦੀ,
ਸਾਹਾਂ ਮੇਰਿਆਂ ਨੂੰ |
ਕੰਡਿਓ-ਕੰਡੀ ਹੋਣਾ ਪੈਣਾਂ,
ਰਾਹਾਂ ਮੇਰਿਆਂ ਨੂੰ |
ਅੰਦਰ ਖਾਈ ਜਾਵੇ ਮੇਰਾ,
ਤੇਰੀ ਦਿੱਤੀ ਪੀੜ ਖਾਸ |
ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
ਸੁੱਕੀ ਹੋਈ ਆਸ |
ਤੇਰੀ ਦੀਦ ਦੀ ਤੇਹ,
ਤੇਰੇ ਬੋਲਾਂ ਦੀ ਭੁੱਖ |
ਤੂੰ ਟਹਿਕੇਂ ਤੇ ਮੈਂ ਟਹਿਕਾਂ,
ਤੇਰਾ ਦੁੱਖ ਮੇਰਾ ਦੁੱਖ |
ਤੈਨੂੰ ਵੇਖਾਂ,ਤੈਨੂੰ ਸੁਣਾਂ,
ਮੇਰੀ ਮੁੱਕਦੀ ਨਹੀਂ ਪਿਆਸ |
ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
ਸੁੱਕੀ ਹੋਈ ਆਸ |
ਨੀ ਮੈਂ ਸਹਿਣ ਜੋਗਾ ਹੋਇਆ,
ਦਰਦ ਦਰਦਾਂ ਦਾ ਹਾਣੀਂ |
ਨੀ ਮੈਂ ਰੋਵਾਂ ਜ਼ਾਰੋ-ਜ਼ਾਰ,
ਕਦੇ ਹੋਵਾਂ ਪਾਣੋਂ-ਪਾਣੀਂ |
ਸਾਹੋਂ ਨਿਕਲੇ ਜੋ ਟੀਸ ਮੈਨੂੰ,
ਆਈ ਬੜੀ ਰਾਸ |
ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
ਸੁੱਕੀ ਹੋਈ ਆਸ |
ਜਿੱਦਾਂ ਅੰਨੀ-ਬੋਲੀ ਰਾਤ,
ਓਦਾਂ ਹੋ ਗਈ ਉਦਾਸੀ |
ਮੈਨੂੰ ਚੁਭਦੀ ਏ ਟੀਸ,
ਮੇਰੀ ਕਰੇ ਨਾ ਖਲਾਸੀ |
ਮੇਰਾ ਟੁੱਕ-ਟੁੱਕ ਯਾਦਾਂ ,
ਨਿੱਤ ਖਾਂਦੀਆਂ ਨੇਂ ਮਾਸ |
ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
ਸੁੱਕੀ ਹੋਈ ਆਸ |
ਮੈਂ ਮਿੱਟੀ ਤੋਂ ਵੀ ਦੂਰ,
ਮੈਂ ਰੂਹ ਤੋਂ ਵੀ ਦੂਰ |
ਆਪਣੇਂ ਇਸ਼ਕ ਤੋਂ ਵੀ ਦੂਰ,
ਆਪਣੀ ਜੂਹ ਤੋਂ ਵੀ ਦੂਰ |
ਚਾਹਿਆ ਨਹੀ ਸੀ ਮੈਂ ਕਿ,
ਮੈਨੂੰ ਮਿਲੇ ਬਨਵਾਸ |
ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
ਸੁੱਕੀ ਹੋਈ ਆਸ |
ਨੀ ਜਿੱਦਾਂ ਰਹਿ ਨਾ ਤੇਥੋਂ,
ਹੋਵੇ ਏ ਪਿਆਰ ਦੀ ਨਿਸ਼ਾਨੀ |
ਨੀ ਮੈਂ ਤੇਰਾ ਹਾਂ ਦੀਵਾਨਾ,
ਤੇ ਤੂੰ ਮੇਰੀ ਏਂ ਦੀਵਾਨੀ |
ਮੇਰੀ ਰੂਹ ਦਾ ਤੇਰੀ ਰੂਹ,
ਦੇ ਵਿੱਚ ਹੋਇਆ ਵਾਸ |
ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
ਸੁੱਕੀ ਹੋਈ ਆਸ |
ਦੁੱਖਭੰਜਨ ਨੇ ਤੇਰੇ ਪਿੱਛੇ,
ਕੀ-ਕੀ ਨਹੀ ਗਵਾਇਆ |
ਦੁੱਖਭੰਜਨ ਨੇ ਤੇਰੇ ਪਿੱਛੇ,
ਜ਼ਲਜ਼ਲਾ ਹੰਢਾਇਆ |
ਤੂੰ ਮੇਰਾ ਅੱਲਾ-ਮੌਲਾ ,
ਤੇ ਨੀ ਮੈਂ ਤੇਰਾ ਹਾਂ ਦਾਸ |
ਨੀ ਮੈਂ ਸੁੱਕੇ ਹੋਏ ਪੱਤਿਆਂ ਦੀ,
ਸੁੱਕੀ ਹੋਈ ਆਸ |